Saturday, December 26, 2009

ਮੈਂ

ਮੈਂ ਕਿਹੋ ਜਿਹਾ ਹੋਵਾਂ

ਮਾਂ ਦੇ ਕਾਲਜੇ ਠੰਢ ਪਵੇ

ਪਤਨੀ ਨੂੰ ਮੇਰੇ ਤੇ ਨਾਜ਼

ਬਾਪੂ ਦੀ ਛਾਤੀ ਚੌੜੀ

ਪੁੱਤ ਦਾ ਲਲਕਰਾ ਮਾਰਨ ਦਾ ਹੌਸਲਾ ਵਧੇ

ਮੈਂ ਕਿਹੋ ਜਿਹਾ ਹੋਵਾਂ

ਦੋਸਤ ਮੇਰੀ ਸੌਂਹ ਖਾਣ

ਦੁਸ਼ਮਣ ਮੇਰੇ ਤੇ ਵਿਸ਼ਵਾਸ਼ ਕਰਨ

ਮੈਂ ਕਿਹੋ ਜਿਹਾ ਹੋਵਾਂ

Tuesday, December 22, 2009

ਬੰਦਾ

ਘੂੰ-ਘੂੰ ਕਰਦੀ ਐਂਬੂਲੈਂਸ ਲੰਘੀ ਕੋਲ ਦੀ
ਸੋਚਿਆ
ਬੰਦਾ ਤੰਦਰੁਸਤ ਹੋਵੇ
ਪੈਸੇ ਦਾ ਕੀ ਆ

ਲਿਸ਼ਕਦੀ ਕਾਰ ਇੱਕ
ਹਵਾ ਵਾਂਗ ਕੋਲ ਦੀ ਲੰਘੀ
ਸੋਚਿਆ
ਬੰਦਾ ਤੰਦਰੁਸਤ ਹੋਵੇ
ਤੇ ਕੋਲ ਪੈਸਾ ਵੀ....

Tuesday, December 15, 2009

ਰਬਾਬ



ਇੱਕ ਰਾਤ
ਗਈ ਰਾਤ
ਪੁਛਦਾ ਹਾਂ ਰਾਤ ਨੂੰ

ਕਦੋਂ ਮਿਲੇਂਗੀ
ਇਕੱਲੀ
ਤੇ ਪਿਆਰ ਭਰੀ

ਰਾਤ ਨੇ ਚੁੰਮਿਆਂ
ਮੱਥਾ ਮੇਰਾ ਤੇ ਬੋਲੀ

ਜਿਸ ਰਾਤ
ਤੂੰ ਹੋਵੇਂਗਾ
ਇਕੱਲਾ ਤੇ ਪਿਆਰ ਭਰਿਆ ।।

Thursday, December 10, 2009

ਅਣਲਿਖੀ ਕਵਿਤਾ

ਬਿਨ ਸ਼ਬਦਾਂ ਤੋਂ
ਨਹੀਂ ਲਿਖੀ ਜਾਂਦੀ ਕਵਿਤਾ
ਜਿਵੇਂ ਬਿਨ ਅਹਿਸਾਸਾਂ ਤੋਂ

Sunday, December 6, 2009

ਬਿੰਬ ਬਣਦਾ ਮਿਟਦਾ

ਮੈਂ ਤੁਰਿਆ ਜਾ ਰਿਹਾ ਸਾਂ ਭੀੜ੍ਹ ਭਰੇ ਬਾਜ਼ਾਰ ਵਿੱਚ


ਸ਼ਾਇਦ ਕੁਝ ਖਰੀਦਣ

ਹੋ ਸਕਦਾ ਹੈ ਕੁਝ ਵੇਚਣ



ਅਚਾਨਕ ਹੱਥ ਇੱਕ ਮੇਰੇ ਮੋਢੇ 'ਤੇ ਟਿਕਦਾ ਹੈ ਪਿਛੋਂ

ਜਿਵੇਂ ਕੋਈ ਬੱਚਾ ਫੁੱਲ ਨੂੰ ਛੋਹ ਕੇ ਵੇਖਦਾ ਹੈ



ਮੈਂ ਰੁਕਦਾ ਹਾਂ

ਮੁੜ ਕੇ ਵੇਖਦਾ ਹਾਂ



ਰੁੱਖ ਇਕ ਹਰਿਆ-ਭਰਿਆ

ਹੱਥ ਮਿਲਾਉਣ ਲਈ

ਆਪਣਾ ਹੱਥ ਕੱਢਦਾ ਹੈ



ਮੈਂ ਪਹਿਲੀ ਵਾਰ ਮਹਿਸੂਸ ਕਰ ਰਿਹਾ ਸਾਂ

ਹੱਥ ਮਿਲਾਉਣ ਦਾ ਨਿਘ



ਕਿਥੇ ਹੋਵੇਗਾ ਇਹਦਾ ਘਰ

ਕਿਸੇ ਨਦੀ ਕਿਨਾਰੇ

ਖੇਤਾਂ ਦੇ ਵਿਚਕਾਰ

ਸੰਗਣੇ ਜੰਗਲ ਵਿੱਚ



ਸਬਜ਼ੀ ਵਾਲਾ ਝੋਲਾ ਮੋਢੇ ਲਟਕਾਈ

ਘਰ ਮੁੜਦਿਆਂ ਮੈਂ ਸੋਚਦਾ ਹਾਂ

ਥੋੜਾ ਚਿਰ ਹੋਰ ਬੈਠੇ ਰਹਿਣਾ ਚਾਹੀਂਦਾ ਸੀ ਮੈਂਨੂੰ

ਸਟੇਸ਼ਨ ਤੇ ਬਣੀ ਲੱਕੜ ਦੀ ਬੈਂਚ ਉਪਰ ।।

Thursday, November 26, 2009

ਚੁੱਪ ਦੀ ਕੁਟੀਆ

ਰੁੱਖ ਦੀਆਂ ਜੜ੍ਹਾਂ ਕੋਲ ਹੈ ਗਹਿਰੀ ਚੁੱਪ



ਇਸੇ ਲਈ

ਫੁੱਲਾਂ ਕੋਲ ਨੇ ਅਨੇਕ ਰੰਗ

ਫਲਾਂ ਕੋਲ ਨੇ ਅਣਗਿਣ ਰਸ


ਇਸੇ ਲਈ ਪੰਛੀਆਂ ਨੇ ਚੁਣਿਆਂ ਇਹਨੂੰ

ਆਪਣੇ ਆਲ੍ਹਣਿਆਂ ਖਾਤਰ


ਮੈਂ ਲੰਬੇ ਤੇ ਥਕਾਵਟ ਭਰੇ ਸਫ਼ਰ 'ਚ

ਰੁਕਦਾਂ

ਘੜੀ-ਪਲ਼

ਇਹਦੀ ਛਾਂ ਹੇਠ


ਜੇ ਰੁੱਖ ਨਾ ਹੁੰਦਾ

ਬਿਖਰੇ ਪੈਂਡਿਆਂ 'ਤੇ

ਮੈਂ ਕਿਵੇਂ ਤੁਰਦਾ

ਚੁੱਪ ਕਿਥੇ ਵਾਸ ਕਰਦੀ ...।।

Wednesday, November 25, 2009

ਅਨਾਦ-ਕਾਵਿ ਪੁਰਸਕਾਰ ਵੇਲੇ


ਆਪਣੀ ' ਪੈਂਤੀ ' ਨੂੰ ਮੱਥੇ ਲਾਉਂਦੇ ਹੋਏ ਕਵੀ ਚੰਦਨ ਹੋਰਾਂ ਦਾ ਅੰਦਾਜ਼......

ਆਉ ਹਾਇਕੂ ਲਿਖੀਏ ....


Thursday, November 5, 2009

ਫੁੱਲ

ਜੌਨ ਬਰੈਂਡੀ ਦੀ ਫੋਟੋ ਵਾਲਾ ਇਹ ਹਾਇਕੂ ਉਸ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਹੈ 


Wednesday, November 4, 2009

ਮੂਰਖ ਬੰਦਾ

ਮੂਰਖ ਬੰਦਾ

ਕੀ ਸੋਚੇ
ਸੋਚ ਕੇ ਹੱਸੇ
ਬੰਦਾ ਮੂਰਖ ਹੈ

ਮੱਝ ਗਾਂ
ਬਾਂਦਰ ਬਿੱਲੀ
ਮੋਰ ਤੋਤੇ
ਮੂਰਖ ਕਿਉਂ ?

ਬੰਦਾ ਮੂਰਖ
ਜੋ ਵੀ ਸੋਚੇ
ਸੋਚ ਕੇ ਹੱਸੇ
ਨੱਚੇ ਟੱਪੇ

ਗਾਂ ਮੱਝ
ਬਾਂਦਰ ਬਿੱਲੀ
ਮੋਰ ਤੋਤੇ ਦੀ
ਨਕਲ ਉਤਾਰੇ ।।

Sunday, November 1, 2009

ਸਾਰੇ ਸੋਹਣੇ

ਕਵਿਤਾ ਲਿਖਦਾ


ਚਾਅ ਦੇ ਖੰਭ ਲੱਗ ਜਾਂਦੇ

ਤਿੱਤਰ ਖੰਭੀ ਬੱਦਲਾਂ ਨੂੰ ਛੇੜਦਾ

ਕਿਸੇ ਪੰਛੀ ਨਾਲ ਖਹਿੰਦਾ



ਸੁਣਾਉਣ ਦੀ ਕਾਹਲ ਹੋ ਜਾਂਦੀ

ਰਸੋਈ ਚ ਤਵੇ ਫੁਲ਼ਦੀ ਰੋਟੀ

ਮੈਂਨੂੰ ਹਾਕ ਮਾਰਦੀ



ਕ੍ਰਿਕਟ ਖੇਡ ਕੇ ਮੁੜੇ ਬੇਟੂ ਲਈ

ਕਵਿਤਾ ਦਾ ਬੱਲਾ ਘੰਮਾਉਂਦਾ

ਲੰਮੀ ਡਾਈ ਮਾਰ ਕੈਚ ਕਰ ਲੈਂਦਾ ਉਹ



ਬੇਟੀ ਕੰਪਿਉਟਰ ਤੇ ਰੰਗ ਭਰਦੀ

ਸੁਣਦੀ ਕਵਿਤਾ ਮੇਰੀ

ਹਰ ਵਾਰ ਦੀ ਤਰ੍ਹਾਂ

ਕਰਦੀ ਸ਼ਰਾਰਤ

ਵਾਹ ! ਵਾਹ !!



ਫਿਰ ਗੱਲ੍ਹ ਤੇ ਉਂਗਲ ਰੱਖਦੀ

ਕੁਝ ਸੋਚਣ ਲਗਦੀ

ਕੈਮਰਾ ਚੱਕਦੀ ਤੇ ਆਖਦੀ



ਖੜ੍ਹੇ ਰਹੋ ਇਸੇ ਤਰ੍ਹਾਂ

ਫੋਟੋ ਖਿਚਦੀ ਹਾਂ ਥੋਡੀ

ਕਵਿਤਾ ਲਿਖਣ ਵੇਲੇ

ਕਿੰਨੇ ਸੋਹਣੇ ਹੋ ਜਾਂਦੇ ਹੋਂ



ਮੈਂ ਉਹਦਾ ਮੱਥਾ ਚੁੰਮਦਾ

ਮਹਿਸੂਸ ਕਰਦਾ

ਸਾਰੇ ਸੋਹਣੇ ।।

Thursday, October 29, 2009

ਹਾਇਗਾ

ਦੋਸਤੋ ਮੇਰਾ ਇਕ ਹੋਰ ਹਾਇਗਾ ਵਰ'ਡ ਹਾਇਕੂ ਦੀ ਸਾਈਟ ਤੇ
ਇਸ ਵਾਰ ਫਿਰ ਪੋਸਟ ਕੀਤਾ ਹੈ ਜਿਸ ਨੂੰ ਤੁਸੀਂ ਇਸ ਲਿੰਕ
http://www.worldhaiku.net/haiga_contest/71st/haiga71.htm  ਤੇ ਦੇਖ ਸਕਦੇ ਹੋਂ

Wednesday, October 28, 2009

ਅਨਾਦ ਕਾਵਿ ਸਨਮਾਨ ਅਮਰਜੀਤ ਚੰਦਨ ਨੂੰ


ਇਸ ਵਾਰ ਦਾ ਅਨਾਦ ਕਾਵਿ ਸਨਮਾਨ ਪੰਜਾਬੀ ਕਵੀ ਸ੍ਰੀ ਅਮਰਜੀਤ ਚੰਦਨ ਨੂੰ ਦਿੱਤਾ ਜਾ ਰਿਹਾ ਹੈ ।ਨਵੀਂ ਕਵਿਤਾ ਲਈ ਇਹ ਸ਼ੁਭ ਖਬਰ ਹੈ....

ਬਿਨ ਕੰਧਾਂ ਦਾ ਲਾਲ ਕਿਲ਼ਾ

ਕੀ ਪਰਵਾਹ ਉਸਨੂੰ ਕਿਸੇ ਦੀ

ਨੱਚਦਾ ਗਾਉਂਦਾ
ਟਿਕਟ ਲਾਲ ਕਿਲੇ ਨੂੰ ਦੇਖਣ ਦੀ
ਹੱਥਾਂ 'ਚ ਲਹਿਰਾਉਂਦਾ
ਇਸ ਤਰਾਂ ਲੱਗੇ
ਜਿਉਂ ਜਿੱਤ ਦਾ ਝੰਡਾ ਲਹਿਰਾਉਂਦਾ

ਚਾਂਭਲਿਆ ਉਹ
ਜੀਭ ਕਢਦਾ ਮੇਰੇ ਵੱਲ
ਨਾਲ ਦੀ ਨੂੰ ਅੱਖ ਮਾਰਦਾ....

ਗੇਟ ਕੀਪਰ ਨੇ ਨਹੀਂ ਜਾਣ ਦਿੱਤਾ ਅੰਦਰ ਉਹਨੂੰ
ਟਿਕਟ ਹੋਣ ਦੇ ਬਾਵਜੂਦ

ਉਹ ਰੁਕਿਆ ਇਕ ਪਲ
ਹੱਸਿਆ ਖੁਲ੍ਹ ਕੇ
ਨੱਚਦਾ ਗਾਉਂਦਾ
ਟਿਕਟ ਨੂੰ ਹੱਥਾਂ ‘ਚ ਲਹਿਰਾਉਂਦਾ
ਵਾਪਸ ਮੁੜਿਆ

ਜਿਵੇਂ ਜਿੱਤ ਦਾ ਝੰਡਾ ਗੱਡ
ਮੁੜ ਰਿਹਾ ਹੋਵੇ....

ਕੀ ਪਰਵਾਹ ਉਸ ਨੂੰ ਕਿਸੇ ਦੀ ।।

Friday, October 23, 2009

ਸਤਰ

ਸੌ ਸੂਲੀ ਚੜ੍ਹ

ਦਿਨ ਲੰਘਦਾ ਹੈ
ਰਾਤ ਮੁਕਦੀ ਹੈ

ਕੋਈ ਸਤਰ ਹਨੇਰੇ 'ਚ ਚਾਨਣ ਵਾਂਗ ਚਮਕਦੀ ਹੈ

ਮੈਨੂੰ ਖੂਹ 'ਚ ਡਿੱਗੇ ਨੂੰ
ਬਾਹਰ ਕੱਢ ਲੈਂਦੀ ਹੈ
ਮੇਰੇ ਰਾਹਾਂ 'ਚ ਵਿਛ ਜਾਂਦੀ ਹੈ


ਮੈਂ ਅਹਿਸਾਸਾਂ ਭਾਵਾਂ ਰੰਗਾਂ ਨਾਲ ਭਰਿਆ
ਬੁੱਤ ਧੜਕਦਾ
ਤੇਰੇ ਹੱਥਾਂ 'ਚ ਪਲ ਪਲ ਘੜਦਾਂ ਆਪਣੇ ਆਪ ਨੂੰ ॥

Wednesday, September 30, 2009

ਡੱਬੀਆਂ ਵਾਲਾ ਖੇਸ

ਦੁਪਹਿਰ ਦੀ ਰੋਟੀ
ਸੁਆਦ ਐਨੀ
ਮੈਂ ਥੋੜ੍ਹੀ ਭੁੱਖ ਰੱਖ ਖਾਧੀ

ਤੇ ਉਹਨੂੰ ਆਖਣ ਲੱਗਿਆ

ਸਾਰੇ ਸੁੱਖ ਖੁਸ਼ੀਆਂ ਪਿਆਰ
ਤੇਰੇ ਤੋਂ ਵਾਰਦਾ ਹਾਂ

ਉਹ ਚੁੱਪ ਰਹੀ ਘੜੀ ਪਲ
ਫਿਰ ਥੋੜ੍ਹਾ ਮੁਸਕਰਾਈ
ਫਿਰ ਝੱਲੀ ਹੋ ਉੱਠੀ
ਤੇ ਆਖਣ ਲੱਗੀ

ਥੋੜ੍ਹਾ ਚਿਰ ਪਹਿਲਾਂ ਖਾਧਾ ਖਾਣਾ
ਭੁੱਲ ਵੀ ਗਿਆ
ਸ਼ਾਮ ਹੋਣ ਚ ਅਜੇ ਦੇਰ ਹੈ

ਤੈਨੂੰ ਤਾਂ ਭੋਰਾ ਭਰ ਵੀ ਸਮਝ ਨਹੀਂ
ਜਦੋਂ ਮਿਰਚ ਖਾਧੀ ਤਾਂ ਗੁੜ੍ਹ ਮੰਗਿਆ
ਖੀਰ ਖਾਧੀ ਤਾਂ ਸਬਜ਼ੀ ਦਾ ਚਮਚਾ ਲਾਇਆ

ਨਹੀਂ ਚਾਹੀਂਦਾ ਮੈਨੂੰ
ਪਿਆਰ ਇਕੱਲਾ
ਖੁਸ਼ੀਆਂ ਤੇ ਸੁੱਖ

ਮੈਂਨੂੰ ਤੂੰ ਸੁੱਖ ਨਾਲ ਦੁੱਖ ਵੀ ਦੇ
ਖੁਸ਼ੀਆਂ ਨਾਲ ਗਮ ਵੀ

ਮੈਂਨੂੰ ਨਹੀਂ ਚਾਹੀਂਦਾ
ਖਰਾ ਬੰਦਾ
ਤੂੰ ਥੋੜ੍ਹਾ ਜਿਹਾ ਖੋਟਾ ਵੀ ਹੋ ਜਾ

ਮੈਂ ਖੀਵਾ
ਅੰਦਰੇ ਅੰਦਰ ਨਚਦਾ
ਆਖਦਾ ਉਹਨੂੰ
ਮੈਂ ਜੋ ਵੀ ਲਿਖਦਾ ਹਾਂ
ਪਿਆਰ ਉਸ ਚ ਤੂੰ ਭਰਦੀ ਹੈਂ
।।

Monday, September 14, 2009

ਪਿਆਰ

ਇਹ ਕੀ ਹੈ
ਜੋ ਤੂੰ ਹੁਣੇ ਮੈਨੂੰ ਦਿੱਤਾ
ਨਹੀਂ ਖਾਧਾ ਇਸ ਤੋਂ ਪਹਿਲਾਂ
ਮੈਂ ਇਹ ਫਲ਼


ਫਲ਼ ਜੋ ਇਕ ਪਲ ਕਿੰਨਾ ਮਿੱਠਾ
ਮੁੜ ਨਾ ਡਿੱਠਾ

ਇਹ ਕੀ ਹੈ
ਜੋ ਤੂੰ ਹੁਣੇ ਮੇਰੇ ਤੋਂ ਖੋਹਿਆ

ਦੇਹ ਮੇਰੀ ਦੀ ਕਿਹੜੀ ਨੁਕਰੋਂ
ਬਿਰਖ ਇਹ ਭਾਲਿਆ
ਟਹਿਣੀ ਕਿਹੜੀਉਂ ਤੋੜਿਆ

ਇਹ ਫਲ਼ ਮੈਂ ਨਾ
ਇਸ ਤੋਂ ਪਹਿਲਾਂ ਜਾਣਿਆਂ ।।

Saturday, September 12, 2009

ਮੂਲ-ਮੰਤਰ

ਜਸਵੰਤ ਜ਼ਫਰ ਦੀ ਕਾਵਿ-ਪੁਸਤਕ "ਅਸੀਂ ਨਾਨਕ ਦੇ ਕੀ ਲਗਦੇ ਹਾਂ " ਪੰਜਾਬੀ ਦੀ ਚਰਚਿਤ
ਕਿਤਾਬ ਹੈ , ਜਿਸ ਦੇ
ਕਈ ਐਡੀਸ਼ਨ ਪ੍ਰਕਾਸ਼ਿਤ ਹੋ ਚੁਕੇ ਹਨ ।
ਇਸ ਦੀਆਂ ਫੋਟੋਆਂ ਦਾ ਕਮਾਲ ਇਸ ਵਾਰ ਦੇ 'ਹੁਣ' ਵਿਚ ਦੇਖਿਆ ਜਾ
ਸਕਦਾ ਹੈ । ਅੱਜ-ਕਲ੍ਹ ਜ਼ਫਰ ਮੂਲ- ਮੰਤਰ ਨੂੰ ਪੇਂਟ ਕਰ ਰਿਹਾ ਹੈ ।
ਉਪਰਲੀ ਪੇਂਟਿੰਗ ਇਸੇ ਸੀਰੀਜ਼ ਚੋਂ ਹੈ ,ਜਿਸ
ਨੂੰ ਦੇਖਦਿਆਂ ਲਗਦਾ ਹੈ ਕਿ ਇਹ ਚਿਤਰ ਰੰਗਾਂ ਨਾਲ ਨਹੀਂ ਭਾਵਨਾਵਾਂ ਨਾਲ ਹੀ ਬਣਾਇਆ ਗਿਆ ਹੈ ।
ਇਹਨੂੰ ਦੇਖ
ਪੰਜਾਬ ਦੇ ਪੁਰਾਣੇ ਪਿੰਡਾਂ ਦੇ ਘਰਾਂ ਚ ਕੰਧੋਲੀਆਂ ਤੇ ਪਾਏ ਤੋਤੇ ਮੋਰ ਵੀ ਯਾਦ ਆਉਂਦੇ ਹਨ ।
।। ਤੁਸੀਂ ਜਸਵੰਤ ਦੀਆਂ ਹੋਰ ਪੇਂਟਿੰਗਾਂ ਸੱਜੇ ਹੱਥ 'ਜ਼ਫਰ' ਤੇ ਕਲਿਕ ਕਰਕੇ ਦੇਖ ਸਕਦੇ ਹੋਂ ।।

Wednesday, September 9, 2009

ਖਜੁਰਾਹੋ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਤੈਨੂੰ ਜੇ ਯਾਦ ਹੈ
ਨਾਲ ਸੀ ਤੂੰ ਵੀ

ਉਦੋਂ ਅਜੇ ਨਹੀਂ ਸੀ ਇੱਥੇ
ਬੰਦੇ ਦੀ ਇਹ ਕਲਾ
ਨਹੀਂ ਸੀ ਰੂਪ ਗੁਲਾਬੀ
ਪੱਥਰਾਂ ਦਾ ਇਹ

ਉਦੋਂ ਇੱਥੇ ਕੁਦਰਤ ਦੀ ਕਲਾ ਸੀ
ਰੁੱਖ ਤਲਾਅ
ਸ਼ੇਰ ਚੀਤੇ
ਮਸਤ ਹਾਥੀ

ਉਦੋਂ ਪਸ਼ੂਆਂ ਪੰਛੀਆਂ ਜਿਹੇ
ਨੰਗ ਮੁਨੰਗੇ ਸੀ ਆਪਾਂ

ਮੂਰਤੀਆਂ ਨੂੰ ਛੁੰਹਦਿਆਂ
ਮੰਦਰਾਂ ਨੂੰ ਤਕਦਿਆਂ
ਯਾਦ ਆਇਆ ਵਾਰ ਵਾਰ
ਮੈਂ ਇੱਥੇ ਪਹਿਲਾਂ ਵੀ ਆਇਆ ਹਾਂ

ਯਾਦ ਨਹੀ ਤੈਨੂੰ ?

ਹਾਂ
ਇਹ ਉਹੀ ਰਾਜਾ ਸੀ
ਜਿਸ ਦਾ ਨਾਂ
ਮੈਂ ਅੱਜ ਥਾਂ ਥਾਂ
ਖਜੁਰਾਹੋ ਦੇ ਇਤਿਹਾਸ 'ਚ ਪੜਿਆ ਹੈ

ਜੇ ਨਾ ਹੁੰਦਾ ਇਹ ਰਾਜਾ
ਤਾਂ ਕਲਾ ਮੇਰੀ ਇਹ
ਕਾਰੀਗਰੀ ਸ਼ਿਲਪ
ਮਰ ਜਾਣਾ ਸੀ ਨਾਲ ਮੇਰੇ

ਜੋ ਛੱਡ ਗਿਆਂ ਹਾਂ ਹੁਣ ਇਥੇ

ਇਹਨਾਂ ਮੰਦਰਾਂ ਦੇ
ਅੰਦਰ
ਬਾਹਰ

ਕੀ ਹੋਇਆ ਨਾਂ ਨਹੀਂ ਮੇਰਾ ਕਿਤੇ

ਦੇਖਦਾਂ ਮੁੜ
ਮੈਂ ਆਪਣੀ ਹੀ ਕਲਾ

ਯਾਦ ਆ ਰਿਹਾ ਹੈ ਸਭ ਕੁਝ

ਛੈਣੀ ਦਾ ਚਲਨਾ
ਅੰਗ ਅੰਗ ਦਾ ਘੜ੍ਹੇ ਜਾਣਾ

ਘੜ੍ਹੇ ਅੰਗਾਂ ਤੇ
ਆਪ ਹੀ ਮੋਹਿਤ ਹੋ ਜਾਣਾ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਉਦੋਂ ਭਰ ਗਿਆ ਸੀ
ਮੂੰਹ ਮੇਰਾ
ਦੁੱਧ ਦੇ ਸਵਾਦ ਨਾਲ

ਹੁਣ ਜਦ ਦੇਖ ਰਿਹਾਂ
ਤਾਂ ਭਰ ਗਿਆਂ
ਇਕ ਅਨੋਖੀ ਤਾਂਘ ਨਾਲ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਨਾਲ ਸੀ ਤੂੰ ਵੀ
ਯਾਦ ਹੈ ਤੈਨੂੰ ॥

ਦੋਸਤ

ਜ਼ਿੰਦਗੀ ਕਿੰਨੀ ਸਰਲ
ਦੋਸਤ ਇਕ
ਫੋਨ 'ਤੇ ਆਖਦਾ ਹੈ
ਹੱਸਦਾ ਹੈ
ਹੱਸੀ ਜਾਂਦਾ ਹੈ

ਕਿਹੜੀ ਖੇਡ ਖੇਡਦੈਂ
ਇਸ ਵੇਲੇ
ਪੁਛਦਾ ਹੈ ਦੋਸਤ
ਹੱਸਦਾ ਹੈ
ਹੱਸੀ ਜਾਂਦਾ ਹੈ

ਕੌਣ ਹੁੰਦਾ ਹੈ ਦੋਸਤ
ਸਵਾਲ ਕਰਦਾ ਹੈ ਦੋਸਤ
ਹੱਸਦਾ ਹੈ
ਹੱਸੀ ਜਾਂਦਾ ਹੈ

ਮੈਂ ਉਸਦੇ ਹਾਸੇ 'ਚ ਸ਼ਾਮਲ ਹੋ ਜਾਂਦਾ ਹਾਂ ॥

Thursday, July 2, 2009

ਮੇਕਅਪ ਉਤਾਰ ਰਹੇ ਕਲਾਕਾਰ

ਬੱਚੇ ਸੋਚਣ
ਨਾਟਕ ਖਤਮ ਹੋਣ 'ਤੇ
ਕਿਉਂ ਵਜਾਉਂਦੇ ਹਾਂ ਆਪਾਂ ਤਾੜੀਆਂ

Monday, June 29, 2009

The 68th. WHA Haiga Contest ( 06/2009)

ਮੈਂ ਆਪਣਾ ਇਕ ਹਾਇਗਾ world Haiku Association ਵੱਲੋਂ ਕਰਵਾਏ ਜਾਂਦੇ ਹਾਇਗਾ ਮੁਕਾਬਲੇ ਚ ਭੇਜਿਆ ਸੀ , ਜਿਸ ਨੂੰ ਹੇਠ ਲਿਖੇ ਲਿੰਕ ਤੇ ਦੇਖਿਆ ਜਾ ਸਕਦਾ ਹੈ http://www.worldhaiku.net/haiga_contest/68th/gurpreet_mansa.html

ਹੋਰ ਹਾਇਗਾ ਦੇਖਣ ਲਈhttp://www.worldhaiku.net/haiga_contest/68th/haiga68.htm ਕਲਿਕ ਕਰੋ

Friday, June 12, 2009

ੳ ਅ

Thank you for visiting my blog Lunch Break;i do not read or speak your language; after
my appreciation of your image; this haiku --
orbiting circles
in today's sunshine no sight
of a day moon
much love
gillena

Sunday, June 7, 2009

ਪੈੱਨ

ਡਿੱਗ ਪਿਆ
ਪੈੱਨ ਜਿਹੜਾ
ਅੱਜ ਜੇਬ ਚੋਂ
ਖਰੀਦਿਆ ਸੀ ਕੱਲ੍ਹ ਅਜੇ
.... ... ...
ਕਿਸਨੂੰ ਲੱਭਿਆ ਹੋਵੇਗਾ ਉਹ
.... .... ...
ਰੁਲ ਗਿਆ ਰੇਤ ਚ ਕਿਧਰੇ
.... ..... ....
ਦੱਬ ਗਿਆ ਮਿੱਟੀ ਹੇਠਾਂ
... .... .....
ਤਰ ਗਿਆ ਹੋਣੈ ਨਦੀਆਂ ਦਰਿਆ
... ... ...
ਹੋ ਸਕਦੈ
ਪਿਆ ਰਹੇ
ਇਥੇ ਹੀ ਕਿਤੇ
ਸਦੀ ਇਹ
ਹੋਰ ਇੱਕ
ਤੇ ਲੰਘ ਜਾਵਣ ਕਈ ਸਦੀਆਂ
.... ... ....
ਚਾਣਕ
ਦਿਸੇ ਫਿਰ

ਕਿਸੇ ਬਾਲ ਅਨਭੋਲ ਨੂੰ
ਸੁਨੱਖੀ ਸੁਆਣੀ ਨੂੰ
ਕਿਸੇ ਭਲੇ ਪ੍ਰਾਣੀ ਨੂੰ
.... .... ....
ਮਿੱਟੀ ਚ ਚਮਕੇ
ਜਿਉਂ ਅਕਾਸ਼ 'ਚ
ਬਿਜਲੀ ਲਿਸ਼ਕੇ
... ... ...
ਕਿਹੜੀ ਹੈਰਤ ਭਰੀ ਦੁਨੀਆਂ 'ਚ
... ..... ...
ਚਲਿਆ ਜਾਵੇਗਾ ਉਹ
... .... ..
ਜਿਸਨੂੰ ਲੱਭੇਗਾ
ਗੁੰਮ ਹੋਇਆ
ਪੈੱਨ ਮੇਰਾ..।।

Monday, June 1, 2009

ਪਿਆਰ ਦੇ ਪਿਆਰ 'ਚ

ਕਮਲਾ ਦਾਸ ..{ 31 ਮਾਰਚ 1934, 31 ਮਈ 2009 }

ਇਕ ਦਿਨ ਘਰ ਬਦਲਦਿਆਂ ਮੈਂ ਸੈਂਕੜੇ ਪੁਰਾਣੇ ਖ਼ਤਾਂ ਨੂੰ ਟੋਟੇ- ਟੋਟੇ ਕਰ ਦਿੱਤਾ ।
ਇਹ ਮੇਰੇ ਦੋਸਤਾਂ ਦੇ ਖ਼ਤ ਸਨ -ਮਰਦਾਂ ਦੇ ਵੀ ਔਰਤਾਂ ਦੇ ਵੀ , ਸਾਰੇ ਪ੍ਰੇਮ-ਪੱਤਰ।
ਕਿਸੇ ਨਾ ਕਿਸੇ ਸਮੇਂ ਹਰ ਕੋਈ ਪਿਆਰ 'ਚ ਸੀ। ਮੇਰੇ ਪਿਆਰ 'ਚ ਨਹੀਂ,
ਪਿਆਰ ਦੇ ਪਿਆਰ 'ਚ ।।
...... ...... .....
ਹਰ ਔਰਤ ਦੇ ਅੰਦਰ
ਰਹਿੰਦਾ ਹੈ ਇਕ ਬ੍ਰਿੰਦਾਵਣ
ਪਤੀ ਤੇ ਘਰ ਤੋਂ ਦੂਰ ਬਹੁਤ ਦੂਰ
ਇਕ ਬੰਸਰੀ ਦੀ ਆਵਾਜ਼
ਉਸਨੂੰ ਬਲਾਉਂਦੀ ਹੈ ਤੇ ਪੁਛਦੀ ਹੈ
ਉਸਦੀ ਚਮੜੀ ਤੇ ਪਈਆਂ ਝਰੀਟਾਂ ਬਾਰੇ
ਤੇ ਉਹ ਸ਼ਰਮਾਉਂਦੀ ਹੋਈ
ਦਿੰਦੀ ਹੈ ਜਵਾਬ
ਬਾਹਰ ਹਨੇਰਾ ਸੀ ਬਹੁਤ
ਕੰਡੇਦਾਰ ਝਾੜੀਆਂ 'ਚ
ਫਿਸਲ ਗਈ ਸੀ ।।
...... ...... .....
ਅੱਜ-ਕੱਲ੍ਹ ਕੋਈ ਪੱਤਰ ਨਹੀਂ ਲਿਖਦਾ । ਮਹਿਨੇ ਚ ਇਕ ਅੱਧ ਵਾਰ ਬੇਟੇ ਦਾ
ਫੋਨ ਆਉਂਦਾ ਹੈ । ਬਿਨ੍ਹਾਂ ਨਾਗਾ ਹਰ ਵਾਰ ਉਸਦਾ ਇਕ ਹੀ ਸਵਾਲ ਹੁਂਦਾ ਹੈ,
" ਤੁਹਾਡੀ ਤਬੀਅਤ ਕੈਸੀ ਹੈ ?" ਉਸ ਤੋਂ ਬਾਅਦ ਉਹ ਕੁਝ ਮਿੱਠੀਆਂ ਗੱਲਾਂ
ਕਰ ਮੈਨੂੰ ਪੰਦਰਾਂ ਦਿਨਾਂ ਚ ਮਿਲਨ ਦਾ ਵਾਅਦਾ ਕਰਦਾ ਹੈ । ਉਹ ਅਜਨਬੀ
ਲਗਦਾ ਹੈ । ਉਹ ਉਹਨਾਂ ਲੋਕਾਂ ਦੇ ਨਾਮ ਨਹੀਂ ਜਾਣਨਾ ਚਾਹੁੰਦਾ,ਜਿਨ੍ਹਾਂ ਨੂੰ ਮੈਂ
ਮਿਲਦੀ ਹਾਂ । ਫੋਨ 'ਤੇ ਤਿੰਨ ਮਿੰਟ ਦੀ ਬਾਤਚੀਤ ਉਸਦੀ ਆਤਮਾ ਲਈ ਕਾਫੀ
ਹੁੰਦੀ ਹੈ । ਉਹ ਮੇਰੇ ਤੋਂ ਬਹੁਤ ਦੂਰ ਹੈ । ਮੈਂ ਨਹੀਂ ਜਾਣਦੀ ਕਿ ਉਹ ਨਾਸ਼ਤੇ ਚ
ਕੀ ਖਾਂਦਾ ਹੈ ਤੇ ਐਤਵਾਰ ਦੀ ਛੁੱਟੀ ਕਿਵੇਂ ਬਿਤਾਉਂਦਾ ਹੈ। ਉਹਦੇ ਨਾਲੋਂ ਵੱਧ
ਮੈਂਨੂੰ ਬਿਲ ਕਲਿੰਟਨ ਦੇ ਦਿਨ ਦਾ ਪਤਾ ਹੁੰਦਾ ਹੈ ।।

Sunday, May 17, 2009



ਖੋਲ੍ਹਾਂ ਅੱਖਾਂ

ਦਿਲ ਦੀ ਕਹਿੰਦੇ

ਉਡਣ ਪੰਛੀ

Friday, May 15, 2009

ਖੁਸ਼ੀ ਦੀ ਖੋਜ

ਘੋੜੇ ਤੇ ਚੜਿਆ ਜਾਂਦਾ
ਕੌਣ
ਤੂੰ ਮਿਲੀ
ਤਾਂ ਸਮਝ ਆਇਆ
ਮੈਂ ਇਥੇ ਵੀ ਹਾਂ


ਬਿਰਖਾਂ ਦੀਆਂ ਜੜ੍ਹਾਂ ਦਾ ਫੈਲਾਅ
ਕੀੜੇ-ਮਕੌੜਿਆਂ ਦਾ ਭੋਜਨ
ਥੋੜ੍ਹਾ ਚਿਰ ਪਹਿਲਾਂ
ਮਹਿਮਾਨ ਲਈ ਛਿੱਲੇ
ਸੰਤਰੇ ਦੀਆਂ ਫਾੜ੍ਹੀਆਂ ਦਾ ਰਸ


ਕਬਜ਼ਾ ਨਹੀਂ ਕਰਨਾ ਮੈਂ
ਤੇਰੇ ਤੇ
ਤੂੰ ਮਿਲ
ਮੇਰੇ ਰੁੱਸੇ ਗੁਆਂਢੀ ਨੂੰ
ਹਸਪਤਾਲ ਕਿਸੇ ਮਰੀਜ਼ ਨੂੰ
ਮਸਤੀ ਚ ਨਚਦੇ ਫਕੀਰ ਨੂੰ


ਤੂੰ ਚਲੀ ਜਾ ਇਸ ਵੇਲੇ
ਕਿਸੇ ਹੋਰ ਲੋੜਵੰਦ ਕੋਲ


ਮਿਲੀ ਮੈਨੂੰ ਫਿਰ
ਇਸੇ ਤਰ੍ਹਾਂ ਸਬੱਬੀਂ
ਘੁੰਮਦਿਆਂ ਘੁੰਮਾਉਂਦਿਆਂ
ਪਹਾੜੀ ਮੈਦਾਨੀ ਸਫ਼ਰ 'ਚ


ਘੋੜੇ ਤੇ ਚੜਿਆ ਜਾਂਦਾ ਕੌਣ
ਜੋ ਰੁਕਿਆ ਨਹੀਂ।।

Tuesday, May 12, 2009

ਇਹ ਵੀ ਚੰਗਾ

ਅੱਜ ਕੱਲ੍ਹ
ਗੱਲਾਂ ਬਹੁਤੀਆਂ
ਸਮਝ ਨਾ ਆਵਣ


ਘੁੱਗੂ ਵੱਟਾ ਬਣਿਆਂ
ਦੇਖੀ ਜਾਵਾਂ
ਠੋਕਰ ਖਾਦੇ ਪੱਥਰ ਤੋਂ
ਮੁੜ ਮੁੜ ਠੋਕਰ ਖਾਵਾਂ
ਕੀ ਚਾਹਾਂ


ਕੀ ਸਾਂ
ਕੀ ਹੁਣ
ਕੀ ਹੋਵਾਂਗਾ
ਅਗਲੇ ਪਲ


ਇਹ ਹੰਝੂ ਹਾਸੇ
ਪੱਥਰ ਫੁੱਲ
ਕੀਹਦੇ ਤੁੱਲ


ਦੇਖੀ ਜਾਵਾਂ
ਘੁੱਗੂ ਵੱਟਾ ਬਣਿਆਂ


ਅੱਜ ਕੱਲ੍ਹ ਗੱਲਾਂ ਬਹੁਤੀਆਂ
ਸਮਝ ਨਾ ਆਵਣ
ਇਹ ਵੀ ਚੰਗਾ ।।

Saturday, May 9, 2009

ਮਾਂ ਨੂੰ



ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ ਨਹੀਂ
ਕਿ ਉਸਨੇ ਜਨਮ ਦਿੱਤਾ ਹੈ ਮੈਨੂੰ
ਇਸ ਕਰਕੇ ਵੀ ਨਹੀਂ
ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ


ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ
ਕਿ ਉਸਨੂੰ
ਆਪਣੇ ਦਿਲ ਦੀ ਗੱਲ ਕਹਿਣ ਲਈ
ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ।।

Monday, May 4, 2009

ਨਲਕਾ


ਤੇਹ ਨੇ ਮੇਰੇ ਪੈਰਾਂ ਨੂੰ ਰੋਕ ਲਿਆ
.........
ਸੋਚਦਾਂ ਪਾਣੀ ਪੀਂਦਿਆਂ ਹੱਥ ਮੂੰਹ ਧੋਂਦਿਆਂ
ਕਿਸ ਨੇ ਲਗਵਾਇਆ ਇਹ ਨਲਕਾ
ਕੌਣ ਹੈ ਉਹ
ਜਿਸ ਕੋਲ ਅਜੇ ਵੀ ਹੈ ਦੂਜਿਆਂ ਲਈ ਫਿਕਰ
..........
ਰੁੱਖ ਹੇਠ ਬੈਠਦਾਂ ਨਲਕੇ ਤੋਂ ਥੋੜ੍ਹੀ ਦੂਰ
ਆਉਂਦੇ ਜਾਂਦੇ ਰੁਕਦੇ ਸਭ ਜਣੇ
ਪਾਣੀ ਪੀਂਦੇ ਆਪਣੇ ਰਾਹ ਪੈਂਦੇ
.......
ਸ਼ਾਇਦ ਮੇਰੇ ਵਾਂਗ
ਰੁਕਣਾ ਚਾਹੁੰਦੇ ਹੋਣ ਉਹ ਵੀ
ਉਹਨਾਂ ਨੇ ਵੀ ਸੋਚਿਆ ਹੋਵੇਗਾ
ਪਾਣੀ ਪੀਂਦਿਆਂ ਕੁਝ ਨਾ ਕੁਝ
.......
ਕਾਲੇ ਪਿੰਡੇ ਵਾਲਾ ਭਈਆ
ਨਹਾ ਰਿਹਾ ਹੈ ਮਲ ਮਲ ਸਾਬਣ
ਨੇੜੇ ਦੀ ਕਿਸੇ ਫੈਕਟਰੀ ਦਾ ਮਜ਼ਦੂਰ ਉਹ
ਨਹਾਉਂਦਾ ਨਹਾਉਂਦਾ ਕਰ ਰਿਹਾ ਨਲਕੇ ਨਾਲ ਗੱਲਾਂ
........
ਗੱਲਾਂ ਕਰਨ ਲਈ
ਹੋਰ ਕੌਣ ਹੈ ਉਹਦੇ ਕੋਲ
ਨਾ ਬੀਵੀ ਨਾ ਭੈਣ ਨਾ ਮਾਂ ਨਾ ਬੱਚੇ
..........
ਨਲਕੇ ਨਾਲ ਕਿਹੋ ਜਿਹਾ ਰਿਸ਼ਤਾ ਉਹਦਾ
.........
ਉਹ ਆਪਣੇ ਪਿੰਡ ਦੇ
ਕਿੰਨੇ ਹੀ ਮੁੰਡਿਆਂ ਨੂੰ ਮਿਲਦਾ ਹੈ
ਨਲਕੇ ਦੇ ਪਾਣੀ ਰਾਹੀਂ
ਆਪਣੇ ਪਿੰਡੇ ਨੂੰ ਛੁੰਹਦਾ
........
ਨਲਕਾ ਪਤਾ ਨਹੀਂ
ਕਿਸ ਨੇ ਲਗਵਾਇਆ ਹੈ
ਨਾ ਨਲਕਾ ਜਾਣਦਾ ਹੈ
ਨਾ ਉਹ ਭਈਆ
ਨਾ ਮੈਂ
ਨਾ ਲੰਘਦਾ ਕੋਈ ਹੋਰ ਰਾਹੀ
......
ਮੈਂ ਉਠਦਾ ਹਾਂ
ਫਿਰ ਧੋਂਦਾ ਹਾਂ
ਇਕ ਵਾਰ ਹੱਥ ਮੂੰਹ
ਪੀਂਦਾ ਹਾਂ ਪਾਣੀ
........
ਨਲਕੇ ਰਾਹੀਂ
ਮੈਂ ਧਰਤੀ ਦੀ ਗਹਿਰਾਈ ਨਾਲ
ਜੁੜਦਾ ਹਾਂ ।।

Thursday, April 30, 2009

ਸਲਾਮ


ਅੱਜ ਮਜ਼ਦੂਰ ਦਿਵਸ ਹੈ ।
ਮੇਰੇ ਪਿਤਾ ਜੀ , ਜੋ ਰਾਜ-ਮਿਸਤਰੀ ਦਾ ਕੰਮ 50 ਸਾਲਾਂ ਤੋਂ ਕਰ ਰਹੇ ਨੇ
ਅੱਜ ਵੀ ਕਿਸੇ ਦਾ
ਘਰ ਬਣਾ ਰਹੇ ਨੇ ।
ਉਹਨਾਂ ਲਈ ਕੰਮ ਕਰਨਾ ਹੀ ਮਜ਼ਦੂਰ ਦਿਵਸ ਮਨਾਉਣਾ ਹੈ ।

ਮੈਨੂੰ ਛੁੱਟੀ ਹੈ । ਘਰੇ ਬੈਠਾ ਕੰਪਿਊਟਰ ਤੇ ਖੇਡ ਰਿਹਾ ਹਾਂ .....
ਨਾਲ ਵਾਲੀ ਤਸਵੀਰ ਮੇਰੇ ਪਿਤਾ ਜੀ ਦੀ ਹੈ
ਜੋ
ਮੇਰੀ 6 ਸਾਲਾਂ ਦੀ ਧੀ ਨੇ ਸਾਲ ਪਹਿਲਾਂ ਮੋਬਾਇਲ ਨਾਲ ਖਿਚੀ ਹੈ । ਹੱਥਾਂ ਤੇ ਲੱਗਿਆ ਸੀਮਿੰਟ ਤੇ ਗਹਿਰੀ ਸੋਚ ਸ਼ਾਇਦ
ਆਪਣੇ ਘਰ ਨੂੰ ਲੱਭ ਰਹੀ ਹੈ ....

Sunday, April 26, 2009

ਅਸਲੀ ਰਾਹ

ਮੈਂ ਤੇ ਮਿਤਰ
ਕਰਦੇ ਰਹੇ ਢੇਰ ਗੱਲਾਂ
ਕੱਲ੍ਹ ਸ਼ਾਮ ਫੋਨ 'ਤੇ

ਸਾਹਿਤ ਮੌਸਮ
ਕਾਇਨਾਤ ਬਜ਼ਾਰ

ਦਸਦੇ ਰਹੇ ਇਕ ਦੂਜੇ ਨੂੰ
ਆਪੋ ਆਪਣੀਆਂ ਯੋਜਨਾਵਾਂ
ਬਾਹਰਲੀਆਂ ਅੰਦਰਲੀਆਂ ਭਾਵਨਾਵਾਂ

ਤੇ ਫਿਰ ਅਚਾਨਕ
ਪੁਛਦੇ ਹਾਂ ਦੋਹੇਂ
ਇਕੋ ਵੇਲੇ
ਇਕ ਦੂਜੇ ਨੂੰ

ਕੀ ਹਾਲ ਹੈ ਬੱਚਿਆਂ ਦਾ

ਤਾੳ ਚੁੰਮਦਾ ਮੱਥਾ ਸਾਡਾ
ਤੇ ਆਖਦਾ
ਇਹੋ ਹੈ ਅਸਲੀ ਰਾਹ

ਦੋਸਤਾਂ ਨੂੰ ਕਵਿਤਾ ਸੁਣਾਉ
ਤੇ ਵਾਈਨ ਪਿਲਾਉ ।

Friday, April 17, 2009

ਹਾਇਬਨ # ਉਡਦੀ ਸਵੇਰ

"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦੂਜੇ ਬੱਚਿਆਂ ਨਾਲ ਰਲ ਕੇ ਗੁੱਡ ਮਾਰਨਿੰਗ ਕਹਿਣਾ ਸਿੱਖ ਗਿਆ ,ਪਰ ਉਹ ਗੁੱਡ ਨੂੰ ਉੱਡ ਆਖਦਾ ਹੈ । ਉਹਦਾ ਉੱਡ , ੳਡਕੇ ਹਾਇਕੂ ਚ ਆ ਬੈਠਾ :


ਉੱਡ ਮਾਰਨਿੰਗ
ਆਖਿਆ ਬੱਚੇ ਨੇ
ਉੱਡਣ ਲੱਗੀ ਸਵੇਰ

Saturday, April 11, 2009

ਸ਼ਿੰਗਾਰੀ ਹੋਈ ਗਊ

ਪੇਂਟਰ ਸਿਧਾਰਥ ਦੇ ਕਲਾ ਸੰਸਾਰ ਚ ਇਕ ਸ਼ਾਮ ਬਿਤਾਉਣ ਲਈ ਮੈਂ ਗੱਡੀ ਰਾਹੀਂ
ਦਿੱਲੀ ਗਿਆ। ਸਫ਼ਰ ਚ ਕੁਝ ਹਾਇਕੂ ਲਿਖੇ ਜੋ ਇਥੇ ਪੇਸ਼ ਹਨ ।।
ਪੇਂਟਰ ਸਿਧਾਰਥ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਪਿੰਡ ਬੱਸੀਆਂ ਦਾ ਜੰਮਪਲ ਹੈ।
ਉਂਗਲਾਂ ਤੇ ਗਿਣੇ ਜਾਣ ਵਾਲੇ ਪੰਜਾਬੀ ਪੇਂਟਰਾਂ ਚ ਸਿਧਾਰਥ ਅਨੋਖਾ ਤੇ ਬਹੁ-ਵਿਧਾਵੀ
ਹੈ। ਇਹਨੇ ਬੁੱਤ ਵੀ ਘੜ੍ਹੇ ਹਨ,ਦਸਤਾਵੇਜੀ ਫਿਲਮਾਂ ਵੀ ਬਣਾਈਆਂ ਹਨ। ਸਿਧਾਰਥ
ਅੱਜ ਕੱਲ੍ਹ ਗਾ ਵੀ ਰਿਹਾ ਹੈ।
ਸਿਧਾਰਥ ਰੰਗ ਆਪ ਬਣਾਉਂਦਾ ਹੈ – ਫਲਾਂ ਸਬਜੀਆਂ ਰੁੱਖਾਂ ਤੋਂ । ਕਾਗਜ਼-ਸ਼ੀਟ ਵੀ
ਆਪ ਬਣਾਉਂਦਾ ਹੈ ਆਪਣੇ ਹੱਥੀਂ । ਇਸ ਸ਼ਾਮ ਸਿਧਾਰਥ ਦੀ ੪ਮਿੰਟਾਂ ਦੀ ਫਿਲਮ
“The decorated cow “ ਦਿਖਾਈ ਗਈ , ਜੋ ਚਾਰ ਯੁਗਾਂ ਚ ਫੈਲ੍ਹੀ ਹੋਈ ਹੈ। ਅਵਸਰ
ਮਿਲਣ ਤੇ ਇਹ ਫਿਲਮ ਸਭ ਨੂੰ ਦੇਖਣੀ ਚਾਹੀਦੀ ਹੈ । ਮੇਰੇ ਇਹ ਹਾਇਕੂ ਉਸ ਗਾਂ ਲਈ
ਹਨ ,ਜੋ ਸਾਡੇ ਵਿਚਾਰਾਂ ਦੀ ਭਾਰੀ ਟ੍ਰੈਫਿਕ ਚ ਹਫੀ ਬੈਠੀ ਹੈ । ਪਹਿਲੇ ਹਾਇਕੂ ਚ ਬੱਚਾ
ਸਾਇਕਲ ਭਜਾਉਂਦਾ ਹੈ ਪਰ ਜਦੋਂ ਮੈਂ ਸਿਧਾਰਥ ਦੇ ਸਟੂਡਿਉ ਚ ਇਕ ਚਿਤਰ ਵਿਚ
ਗੱਡੀ ਨਾਲ ਕੁੱਤਾ ਦੌੜਦਾ ਦੇਖਦਾ ਹਾਂ ।


ਗੱਡੀ ਨਾਲ ਦੌੜ ਲਾਵੇ
ਬੱਚਾ ਸਾਇਕਲ ਭਜਾਵੇ
ਮੋਢੇ ਭਾਰਾ ਬਸਤਾ



ਹਰ ਯਾਤਰੀ ਨੂੰ ਵੰਡੇ
ਬਾਇਬਲ ਇਕ ਸੱਜਣ
ਇਕ ਨੇ ਮੋੜ ਦਿੱਤੀ


ਬਾਇਬਲ ਖੋਲ੍ਹਦਾਂ
ਤਸਵੀਰਾਂ ਚ
ਤਿਤਲੀਆਂ ਫੁੱਲ ਪਹਾੜ


ਗੁਲਾਬੀ ਫੁੱਲ
ਉਹਦੀ ਸਲਵਾਰ ਕਮੀਜ਼
ਗੱਲ੍ਹਾਂ ਤੇ ਵੀ


ਅੱਜ ਵੀ ਉਹੋ ਜਿਹਾ
ਮੂੰਗਫਲੀ ਛੋਲੇ ਵੇਚਦਾ
ਟੋਹਣੀ ਵਾਲਾ ਬਾਬਾ


ਇਥੇ ਖੜ੍ਹ
ਦਿਸੇ
ਗੱਡੀ ਦਾ ਤੀਜਾ ਡੱਬਾ


ਬੱਚੇ ਨੇ ਹੋਰੂੰ
ਮੈਂ ਹੋਰੂੰ ਸੁਣਿਆਂ ਹੋਕਾ
ਠੰਡੀ ਮਿੱਠੀ ਕੁਲਫੀ


ਹਿੱਲੇ ਨੰਨ੍ਹਾ ਯਾਤਰੀ
ਇਧਰ ਉਧਰ
ਨਾਲ ਨਾਲ ਗੱਡੀ


ਕਾਲਸ ਦੀਆਂ ਮੁੱਛਾਂ ਨੂੰ ਵਟ ਦੇਵੇ
ਗੁੱਛਾ ਮੁੱਛਾ ਹੋ ਨਿਕਲ ਗਿਆ
ਨਿਕੇ ਜਿਹੇ ਚੱਕਰ ਚੋਂ ਬੱਚਾ ਇਕ ਸਿੱਕੇ ਨਾਲ

੧੦
ਰੁਕ ਜਾ ਸੂਰਜ ਸੰਤਰੀ
ਦੋ ਘੜੀਆਂ ਹੋਰ
ਘਰ ਜਾ ਰਿਹਾਂ ਮੈਂ ਵੀ


Thursday, April 9, 2009

ਸਾਰੇ ਸੋਹਣੇ

ਕਵਿਤਾ ਲਿਖਦਾ
ਚਾਅ ਦੇ ਖੰਭ ਲੱਗ ਜਾਂਦੇ
ਤਿੱਤਰ ਖੰਭੀ ਬੱਦਲਾਂ ਨੂੰ ਛੇੜਦਾ
ਕਿਸੇ ਪੰਛੀ ਨਾਲ ਖਹਿੰਦਾ

ਸੁਣਾਉਣ ਦੀ ਕਾਹਲ ਹੋ ਜਾਂਦੀ
ਰਸੋਈ ਚ ਤਵੇ ਫੁਲ਼ਦੀ ਰੋਟੀ
ਮੈਂਨੂੰ ਹਾਕ ਮਾਰਦੀ

ਕ੍ਰਿਕਟ ਖੇਡ ਕੇ ਮੁੜੇ ਬੇਟੂ ਲਈ
ਕਵਿਤਾ ਦਾ ਬੱਲਾ ਘੰਮਾਉਂਦਾ
ਲੰਮੀ ਡਾਈ ਮਾਰ ਕੈਚ ਕਰ ਲੈਂਦਾ ਉਹ

ਬੇਟੀ ਕੰਪਿਉਟਰ ਤੇ ਰੰਗ ਭਰਦੀ
ਸੁਣਦੀ ਕਵਿਤਾ ਮੇਰੀ
ਹਰ ਵਾਰ ਦੀ ਤਰ੍ਹਾਂ
ਕਰਦੀ ਸ਼ਰਾਰਤ
ਵਾਹ ! ਵਾਹ !!

ਫਿਰ ਗੱਲ੍ਹ ਤੇ ਉਂਗਲ ਰੱਖਦੀ
ਕੁਝ ਸੋਚਣ ਲਗਦੀ
ਕੈਮਰਾ ਚੱਕਦੀ ਤੇ ਆਖਦੀ

ਖੜ੍ਹੇ ਰਹੋ ਇਸੇ ਤਰ੍ਹਾਂ
ਫੋਟੋ ਖਿਚਦੀ ਹਾਂ ਥੋਡੀ
ਕਵਿਤਾ ਲਿਖਣ ਵੇਲੇ
ਕਿੰਨੇ ਸੋਹਣੇ ਹੋ ਜਾਂਦੇ ਹੋਂ

ਮੈਂ ਉਹਦਾ ਮੱਥਾ ਚੁੰਮਦਾ
ਮਹਿਸੂਸ ਕਰਦਾ
ਸਾਰੇ ਸੋਹਣੇ ।।

Sunday, March 29, 2009

ਪਿਤਾ ਹੋਣ ਦੀ ਕਲਾ

ਦੁੱਖ
ਪੰਡ ਡੱਡੂਆਂ ਦੀ


ਗੰਢ ਖੋਲਾਂ
ਬੁੜਕਦੇ ਖਿਲਰ ਜਾਣ
ਘਰ ਦੇ ਚਾਰ ਚੁਫੇਰ


ਹਰ ਰੋਜ਼
ਗੰਢ ਇਕ ਹੋਰ ਮਾਰਾਂ
ਇਸ ਗੰਢੜੀ ਉਪਰ


ਕਲਾ ਇਹੋ ਮੇਰੀ

ਦਿਸਣ ਨਾ ਦੇਵਾਂ
ਸਿਰ ਚੱਕੀ ਗੰਢੜੀ ਇਹ
ਬੱਚਿਆਂ ਨੂੰ ।।

Friday, March 27, 2009

ਇਕ ਅਨੋਖੀ ਧੂਨੀ

ਇਨਕਲਾਬ ਦੂਰ ਨਹੀਂ
ਬਹੁਤ ਨੇੜੈ ਹੈ
ਆਉਂਦੇ ਜਾਂਦੇ ਹਰ ਸਾਹ ਨਾਲ
ਜਿੰਦਾਬਾਦ ਹੁੰਦਾ ਹੈ

ਮੈਂ ਸੋਚ ਰਿਹਾ ਸਾਂ
ਬਾਹਰੋਂ ਦਹਿਲੀਜ਼ ਤੋਂ
ਠੁਰ ਠੁਰ ਕਰਦੇ ਬੱਚੇ ਦੀ
ਕੰਬਦੀ ਆਵਾਜ਼ ਆਉਂਦੀ ਹੈ

ਹਵਾ ਨਾਲ ਉਡਦੀ
ਉਹ ਆਪਣੀ ਫ਼ਟੀ ਕਮੀਜ਼ ਨੂੰ
ਫੜ੍ਹ ਫੜ੍ਹ ਰੋਕਦਾ ਹੈ

ਮੈਂ ਆਪਣੇ ਬੇਟੂ ਦੀਆਂ ਚੱਪਲਾਂ
ਉਹਦੇ ਪੈਰਾਂ ਨੂੰ ਦਿੰਦਾ ਹਾਂ
ਇਕ ਉੱਚੀ ਹੋਈ ਪੁਰਾਣੀ ਸਵੈਟਰ
ਉਹਦੇ ਗਲ 'ਚ ਪਾਉਂਦਾ ਹਾਂ

ਖਾਣ ਲਈ
ਹੁਣੇ ਹੁਣੇ ਤਵੇ ਤੋਂ ਲਹਿਆ
ਪਰੌਂਠਾ ਦਿੰਦਾ ਹਾਂ

ਮੈਂ ਇਨਕਲਾਬ ਜਿੰਦਾਬਾਦ ਦੇ
ਨਾਅਰੇ ਲਾਉਂਦਾ
ਰਸੋਈ 'ਚ ਬੈਠੇ
ਆਪਣੇ ਬੇਟੂ ਦੀ ਬਾਂਹ ਫੜ੍ਹ
ਹਵਾ 'ਚ ਲਹਿਰਉਂਦਾ ਹਾਂ

ਕਮਰੇ 'ਚ ਫੈਲ੍ਹ ਜਾਂਦੀ ਹੈ
ਇਕ ਅਨੋਖੀ ਧੁਨੀ

ਭਮੰਤਰਿਆ ਬੇਟੂ
ਮਾਂ ਵੱਲ ਵਿੰਹਦਾ
ਕੀ ਹੋ ਗਿਆ ਪਾਪਾ ਨੂੰ
ਪੁਛਦਾ ਹੈ

ਪਤਨੀ ਪਾਣੀ ਦਾ ਗਲਾਸ ਦਿੰਦੀ
ਮੇਰੇ ਤਪਦੇ ਮੱਥੇ 'ਤੇ ਹੱਥ ਰਖਦੀ
ਸੋਚਦੀ ਹੈ

ਜਦੋਂ ਤੋਂ ਸੰਭਲੀ ਹੈ ਸੁਰਤ ਬੇਟੇ ਦੀ
ਪਹਿਲੀ ਵਾਰ ਪਿਆ ਹੈ
ਅਜਿਹਾ ਦੌਰਾ...

ਦੌਰਾ! ਮੈਂ ਚੌਂਕਦਾ ਹਾਂ

ਬੇਟੂ ਦਾ ਮੱਥਾ ਚੁੰਮਦਾ
ਸਹਿਜ ਹੋਣ ਦੀ ਕੋਸ਼ਿਸ਼ ਕਰਦਾ ਹਾਂ

ਟੁੱਟ ਜਾਂਦਾ ਹੈ ਸੁਪਨਾ
ਖੁੱਲ੍ਹ ਜਾਂਦੀ ਹੈ ਅੱਖ

ਕਿਉਂ ਆਇਆ ਇਹ ਸੁਪਨਾ ਮੈਂਨੂੰ ॥

Monday, March 23, 2009

ਸਮੇਂ ਸਿਰ

ਤੂੰ ਭਾਂਡੇ ਮਾਂਜ਼ਦੀ ਰਸੋਈ ਚ
ਮੈਂ ਤੇਰੇ ਹੱਥਾਂ ਚ ਹੁੰਦਾ
ਥਾਲ ਗਲਾਸ
ਛੰਨਾ ਕੌਲ਼
ਗੜਬੀ ਬਾਟੀ

ਥੋੜੇ ਦਿਨ ਪਹਿਲਾਂ ਕਰਵਾਈ ਕਲੀ
ਚਮਕ ਉਠਦੀ
ਰਾਤੇ ਰਾਤ
ਮੈਂ ਹਰਿਦੁਆਰ ਜਾ ਆਉਂਦਾ

ਸੁਬ੍ਹਾ ਤੂੰ ਕੁਟਦੀ ਚੂਰੀ
ਥਿੰਦੀਆਂ ਉਂਗਲਾਂ
ਮੇਰਾ ਪਿੰਡਾ ਲੇਸਦੀਆਂ
ਜੁਆਕਾਂ ਦੇ ਮੂੰਹਾਂ ਨੂੰ ਲੱਗਿਆ
ਦੁੱਧ ਦਾ ਭਰਿਆ ਛੰਨਾ
ਮੈਂ ਗਾਉਂਦਾ

ਆਹ ਹੁਣੇ ਤੂੰ
ਰੋਟੀ- ਡੱਬਾ ਪੈਕ ਕਰੇਂ
ਮੇਰਾ ਆਪਣਾ ਤੇ ਆਖੇਂ
ਸਮੇਂ ਸਿਰ ਖਾ ਲੈਣਾ ।।

Wednesday, March 18, 2009

ਮਿੱਠੀ

ਦਸ ਮਿੰਟ ਪਹਿਲਾਂ ਹੀ
ਜਾਣਨ ਲੱਗਿਆ ਬੱਚਾ ਉਹ
ਕਰਦਾ ਨਿੱਕੀਆਂ ਨਿੱਕੀਆਂ ਗੱਲਾਂ
ਆਖਣ ਲੱਗਿਆ ਮੈਨੂੰ

ਉਰੇ ਕਰੋ ਗੱਲ੍ਹ
ਮਿੱਠੀ ਲੈਣੀ ਐ

ਇਸ ਕਵਿਤਾ ਵਿਚਲਾ ਰਸ
ਉਸ ਬੱਚੇ ਦੀ ਮਿੱਠੀ ਦਾ ਹੈ

ਕਿਹੋ ਜਿਹਾ ਲੱਗਿਆ ।।

ਰਾਤ

ਮੈਂ ਹਾਂ
ਖ਼ਾਮੋਸ਼ੀ ਹੈ
ਤੇ ਤਾਰਿਆਂ ਭਰਿਆ ਥਾਲ
.... .....
ਇਸ ਤਰਾਂ ਹੁੰਦੀ ਹੈ
ਕਦੇ ਕਦੇ ਰਾਤ

Saturday, March 14, 2009

ਬੜਬੋਲੀ ਕਵਿਤਾ

ਮੈਂ ਪਲ ਪਲ
ਜਿਉਂਦਾਂ ਹਾਂ


ਕਦੇ ਮਾਂ ਪਤਨੀ
ਬੱਚਿਆਂ ਪਿਤਾ ਨਾਲ
ਸਮਝੌਤਾ ਕਰਦਾ ਹਾਂ


ਕਿੰਨਾ ਚੰਗਾ ਹੈ
ਰੁਖਾਂ ਪਹਾੜਾਂ ਨਦੀਆਂ ਨਾਲ
ਮੈਨੂੰ
ਕੋਈ ਸਮਝੌਤਾ ਨਹੀਂ ਕਰਨਾ ਪੈਂਦਾ ।।

Friday, March 13, 2009

ਮਨ ਦੀ ਗੁਫ਼ਾ

ਲੋਚਿਆ
ਸ਼ੁਰੂ ਕਰਾਂ
ਫਿਰ ਤੋਂ ਸਭ
.........
ਬਹੁਤ ਖਿਡੌਣੇ ਤੋੜੇ
ਨਿੱਕੇ ਹੁੰਦਿਆਂ
ਯਾਦ ਆਉਂਦਾ
..........
ਮਨ ਦੀ ਗੁਫ਼ਾ ਅੰਦਰ
ਖਜੁਰਾਹੋ ਦੀਆਂ
ਮੂਰਤੀਆਂ
ਘੜਨ ਲਗਦਾ
............
ਮੇਰਾ ਕੋਈ ਇਕ ਸਿਰਾ ਨਹੀਂ ।।

Tuesday, March 10, 2009

ਪੈਰ

ਜੁੱਤੀ ਪਾਉਣ ਤੋਂ ਪਹਿਲਾਂ

ਪਾਵਾਂ ਰੋਜ਼ ਸਵੇਰੇ

ਪੈਰਾਂ ਚ ਪੈਰ ਆਪਣੇ ।।

ਸਵੇਰ

ਚਿੜੀਆਂ
ਆਪਣੇ
ਚਹਿ
ਚਹਾਉਣ
ਚੋਂ
ਪੈਦਾ ਕਰਦੀਆਂ
ਰੋਜ਼
ਇਕ ਨਵਾਂ ਸੂਰਜ

Friday, March 6, 2009

ਸੁਰਾਂ ਦਾ ਜਨਮ ਦਿਨ

ਜਿਹੜਾ ਸਾਹ
ਹੁਣੇ ਆਇਆ ਮੈਂਨੂੰ
ਚਲਾ ਗਿਆ ਹੁਣੇ

ਜੇ ਨਾ ਹੁੰਦੀ ਇਹ ਦੇਹ ਮੇਰੀ
ਤਾਂ ਕਿਸ ਨੂੰ ਆਉਂਦਾ

ਇਹ ਸਾਹ
ਪੰਛੀ
ਫੁੱਲ
ਵਗਦੀ ਨਦੀ
ਪਹਾੜ ਨੂੰ

ਜਿਸ ਦਿਨ
ਨਾ ਆਇਆ
ਸਾਹ ਮੈਂਨੂੰ

ਇਹ ਦੇਹ ਮੇਰੀ
ਪੰਛੀ
ਫੁੱਲ
ਪਹਾੜ
ਹੋਵੇਗੀ ਵਗਦੀ ਨਦੀ

ਆ ਗਿਆ ਹੈ ਇਕ ਹੋਰ ਸਾਹ ਮੈਂਨੂੰ ।।

Monday, March 2, 2009

ਮੂਡ ਸਕੇਪ


ਕਿੰਨਾ ਚੰਗਾ ਹੁੰਦਾ
ਥੈਲਾ ਬੋਰੀ ਹੁੰਦਾ ਬੰਦਾ

ਆਪਣੀ ਮਾਂ
ਪਤਨੀ ਭੈਣ ਨੂੰ ਆਖਦਾ

ਪੁਠਾ ਕਰਕੇ ਝਾੜਦੇ ਮੈਨੂੰ
ਕਿੰਨਾ ਕੁਝ ਖੱਲ੍ਹਾਂ ਖੂੰਝਿਆਂ 'ਚ ਫਸਿਆ
ਤੰਗ ਕਰ ਰਿਹਾ ਹੈ ਮੈਨੂੰ

ਮੈਂ ਥੈਲਾ ਬੋਰੀ ਨਹੀਂ।।

ਹਥੌੜਾ ਤੇਸੀ ਮਾਰ ਕੇ
ਤੋੜ ਦੇਵੋ ਸਿਰ ਮੇਰਾ
ਖੋਪੜੀ 'ਚ ਜੋ ਚੱਲ ਰਿਹਾ ਹੈ
ਇਸ ਵੇਲੇ
ਕਿੰਨਾ ਗਲਤ ਹੈ

ਮੈਂ ਕਿਸੇ ਨੂੰ ਨਹੀਂ ਆਖਦਾ
ਗਲਤ
ਸਭ ਨੂੰ ਠੀਕ ਠੀਕ ਹੀ
ਆਖੀ ਜਾਂਦਾ ਹਾਂ।।

ਅੱਗ ਬਬੂਲਾ ਹੋਣ ਵਾਲੀ
ਗੱਲ 'ਤੇ ਵੀ
ਨਹੀਂ ਕਰਦਾ ਕੋਈ ਪ੍ਰਤੀਕਿਰਿਆ

ਮੈਂ ਅੰਦਰੇ ਅੰਦਰ
ਰਿੱਝੀ ਜਾਂਦਾ ਹਾਂ

ਕੋਈ ਖੋਲ੍ਹ ਕੇ ਦੇਖੇ ਮੈਨੂੰ
ਨਹੀਂ ਤਾਂ ਬਸ ਸੜ
ਜਾਵਾਂਗਾ

ਸਬਜ਼ੀ ਥੱਲ੍ਹੇ ਲਗ ਗਈ ਹੈ
ਔਰਤਾਂ ਨੂੰ ਤਾਂ ਪਹਿਲੇ ਪਲ ਹੀ
ਪਤਾ ਲਗ ਜਾਂਦਾ।।

ਮਾਂ

ਢਲਦੇ ਪਰਛਾਵੇਂ
ਚਰਖਾ ਕਤਦੀ ਮਾਂ
ਲੰਮੀ ਹੇਕ ਦੇ ਗੀਤ ਗਾਵੇ

ਅੱਖਾਂ 'ਚ ਹੰਝੂ
ਬ੍ਹੋਟੀ ਭਰੀ ਗਲੋਟੇ ।।

Sunday, March 1, 2009

ਪਿਆਰ ਕਰਨ ਵੇਲੇ

ਪਿਆਰ ਕਰਨ ਵੇਲੇ
ਯਾਦ ਨਾ ਕਰੋ
ਬੱਚਿਆਂ ਨੂੰ
ਕਦੇ ਵੀ ਗੱਲ ਨਾ ਛੇੜੋ
ਦੋਸਤਾਂ ਦੀ
ਜ਼ਿਕਰ ਨਾ ਕਰੋ
ਰਿਸ਼ਤੇਦਾਰਾਂ ਦਾ

ਪਿਆਰ ਕਰਨ ਵੇਲੇ
ਨਾ ਰਸੋਈ ਵੱਲ ਦੇਖੋ
ਨਾ ਹੀ ਬਾਹਰਲੇ ਬੂਹੇ ਹੁੰਦੀ
ਦਸਤਕ ਸੁਣੋ


ਪਿਆਰ ਕਰਨ ਵੇਲੇ
ਬਾਦਸ਼ਾਹ ਬਣ ਜਾਵੋ
ਖ਼ਾਕ 'ਚ ਰਲ ਜਾਵੋ ।।

Thursday, February 26, 2009

ਰੇਖਾਵਾਂ


ਗੋਲ ਗੋਲ ਕੀ ਨੇ


ਅੱਖਾਂ ਉਤੇ
ਅੱਖਾਂ ਵਿਚ


ਮਰਜ਼ੀ ਨਾਲ ਦੇਖੇ
ਸਭ ਨੂੰ
ਜਾਂ ਅਣਦੇਖਿਆ ਕਰ ਛੱਡੇ


ਲਤੀਫਾ ਨੰਬਰ 4ਨਹੀਂ
੧੦੦੦ ਨਹੀਂ
ਬਸ ਇਕ ਇਕ ਜੋੜਦੇ ਜਾਵੋ
ਉਹੀ ਸੰਖਿਆ
ਨੰਬਰ ਲਤੀਫਾ ਇਹਦਾ


ਹੱਸੇ ਤਾਂ ਸ਼ੁਕਰ ਕਰੋ


ਗੱਲਾਂ ਕਰਨ ਜਾਣਦਾ ਬਹੁਤੀਆਂ
ਚੁੱਪ ਚੁੱਪ ਜਿਹਾ ਲੱਲਾ ਪੁਠਾ


ਲਭਦਾ ਜੜ੍ਹਾਂ
ਕੁਝ ਬੀਜਣ ਲਗਦਾ
ਛੰਨਾ ਭਰ ਪਾਣੀ ਪੀਂਦਾ
ਪੂਰਨ ਕਵੀ ਨੂੰ ਯਾਦ ਕਰਦਾ
ਲਹੌਰ ਦੇ ਚਿੱਟੇ ਮੋਰ ਰੰਗ ਭਰਦਾ


ਪੁਛਿਆ ਇਕ ਦਿਨ
ਕਦੋਂ ਆਉਣਾ ਘਰ ਆਪਣੇ
ਤੂੰ ਇੰਡੀਆ
ਦਿਲ ਨੀ ਕਰਦਾ
ਜਦੋਂ ਅੰਨਜਲ ਹੋਇਆ


ਗੋਲ ਗੋਲ ਕੀ ਨੇ
ਸੁਕਾਂਤ ਨੇ ਜੋ ਜਾਣਿਆ
ਨਾਲ ਰੇਖਾਵਾਂ


ਉਸ ਜਿਹਾ ਮੁੜ ਨਾ ਜਾਣਿਆ
ਹੋਰ ਕਿਸੇ


ਤੂੰ ਵੀ ਆਪਣੇ ਆਪ ਨੂੰ ਨਾ ਹੀ
ਕਵੀ ਕੌਣ ਵਿਚਾਰਾ ।।

Wednesday, February 25, 2009

ਖੱਦੋ

ਇਸ ਕਵਿਤਾ ਮੈਂ
ਖੱਦੋ ਨਾਲ ਖੇਡ ਰਿਹਾ
ਜਿਸ ਬਾਰੇ ਨਾ ਜਾਣਨ ਮੇਰੇ ਬੱਚੇ
ਨਾ ਮਿਤਰ ਬੱਲੇ ਦੇ

ਇਹ ਉਹੀ ਖੱਦੋ
ਜਿਸਨੂੰ ਅਸੀਂ
ਪਾਟੀਆਂ ਲੀਰਾਂ ਪੁਰਾਣੀਆਂ
ਕਰ ਕੱਠੀਆਂ ਮੜ੍ਹਦੇ
ਨਾਲ ਦਰੀਆਂ ਦੇ ਧਾਗੇ

ਇਹ ਉਹੀ ਖੱਦੋ
ਜੋ ਖੂੰਢਿਆਂ ਅੱਗੇ ਦੌੜਦੀ
ਸਭ ਨੂੰ ਆਪਣੇ ਪਿਛੇ ਲਾਈ ਰਖਦੀ

ਖੇਡ ਕਿਸੇ ਹੋਰ
ਢੂੰਹੀਆਂ ਵਜਦੀ
ਵੱਖਰੀ ਛੋਹ ਨਾ' ਭਰਦੀ
ਮੂਹਰੇ ਭਜਾਈ ਫਿਰਦੀ

ਖੱਦੋ ਇਹ ਉਹੀ
ਜਿਸ ਨੂੰ ਫੋਲਿਆਂ
ਲੀਰਾਂ ਹੀ ਨਿਕਲਣ

ਇਸ ਵੇਲੇ ਮੈਂ
ਕੰਪਿਊਟਰ ਮੂਹਰੇ
ਸ਼ਬਦਾਂ ਨੂੰ ਖੱਦੋ ਵਾਂਙ ਬੁੜਕਾਅ ਰਿਹਾਂ ।

Monday, February 23, 2009

ਪਿਤਾ

ਤੁਸੀਂ ਕਦੇ
ਗਾਰਾ ਬਣਾਉਂਦੇ
ਮਜ਼ਦੂਰ ਦੇ ਪੈਰਾਂ ਨੂੰ
ਦੇਖਿਆ ਹੈ

ਉਹ ਫੈਲੇ ਹੁੰਦੇ ਨੇ
ਚਾਰੋਂ ਤਰਫ਼
ਰੁੱਖ ਦੀਆਂ ਜੜ੍ਹਾਂ ਵਾਂਗ

ਉਸ ਤੋਂ ਵੱਡਾ ਨਹੀਂ ਕੋਈ ਨ੍ਰਿਤਕ

ਤੁਸੀਂ ਕਦੇ
ਸੱਤਵੀਂ ਸਤਾਰਵੀਂ ਅਸੰਖਵੀਂ ਮੰਜ਼ਲ 'ਤੇ
ਕੰਮ ਕਰਦੇ
ਮਿਸਤਰੀ ਨੂੰ ਦੇਖਿਆ ਹੈ

ਉਹ ਸੁਨੀਤਾ ਵਿਲੀਅਮ ਦੇ
ਮੋਢੇ ਨਾਲ ਮੋਢਾ ਜੋੜ
ਕਰ ਰਿਹਾ ਹੈ ਅਨੰਤ ਖੋਜਾਂ
ਪੁਲਾੜ ਯਾਤਰੀ ਹੈ ਪਿਤਾ ਮੇਰਾ ।।

ਆਨੰਦ

ਮੈਂ ਤੇ ਉਹ
ਖੂਬ ਲੜੇ ਅੱਜ

ਗੁੱਭ ਗੁਬਾਰ ਕੱਢ ਦਿੱਤਾ ਬਾਹਰ

ਰੱਦੀ ਵਾਲੇ ਮੁੰਡੇ ਨੂੰ
ਦੇ ਦਿੱਤਾ
ਘਰ ਦਾ ਕਬਾੜ ।।

Sunday, February 22, 2009

ਪੱਥਰ

ਇਕ ਦਿਨ
ਮੈਂ ਨਦੀ ਕਿਨਾਰੇ ਪਏ ਪੱਥਰ ਨੂੰ
ਪੱਥਰ ਦੀ ਭਾਸ਼ਾ 'ਚ ਪੁਛਦਾ ਹਾਂ

ਤੂੰ ਬਣਨਾ ਚਾਹੇਂਗਾ
ਕਿਸੇ ਕਲਾਕਾਰ ਹੱਥੋਂ
ਇਕ ਕਲਾਕ੍ਰਿਤ

ਤੈਨੂੰ ਫਿਰ ਰੱਖਿਆ ਜਾਵੇਗਾ
ਕਿਸੇ ਆਰਟ ਗੈਲਰੀ ਵਿੱਚ

ਦੂਰੋਂ ਦੂਰੋਂ ਆਵੇਗੀ ਦੁਨੀਆਂ ਦੇਖਣ

ਤੇਰੇ ਰੰਗ ਰੂਪ ਆਕਾਰ ਉਪਰ
ਲਿਖੇ ਜਾਣਗੇ ਲੱਖਾਂ ਲੇਖ

ਪੱਥਰ ਹਿਲਦਾ ਹੈ
ਨਾਂਹ ਨਾਂਹ
ਮੈਨੂੰ ਪੱਥਰ ਹੀ ਰਹਿਣ ਦਿਉ

ਹਿ ਲ ਦਾ ਪੱਥਰ
ਐਨਾ ਕੋਮਲ
ਐਨਾ ਕੋਮਲ ਤਾਂ
ਮੈਂ ਕਦੇ ਫੁੱਲ ਵੀ ਨਹੀਂ ਤੱਕਿਆ ।।

Saturday, February 21, 2009

ਚੌਗੁਣੀ ਖੁਸ਼ੀ


ਹੁਣੇ ਮੈਂ ਆਪਣੀ
ਦਾੜ੍ਹੀ ਡਾਈ ਕਰਕੇ ਹਟਿਆ ਹਾਂ

ਹੱਥ ਹੋਰ ਮਜਬੂਤ ਹੋ ਗਏ

ਪੈਰ ਤੁਰਨ ਨੂੰ ਕਾਹਲੇ

ਪਤਨੀ ਦੇਖ ਮੇਰੇ ਵੱਲ ਮੁਸਕਾਵੇ

ਦੂਰ ਦੇਸੋਂ ਕੋਈ ਖ਼ਤ ਲਿਖੇ

ਖੁਸ਼ ਹੈ ਬੱਚੀ ਮੇਰੀ
ਮੇਰੀ ਫੋਟੋ ਖਿਚੇ

ਬੇਟੂ ਬੂਟ ਪਾਲਿਸ਼ ਕਰ
ਮੈਂਨੂੰ ਪਾਉਣ ਲਈ ਦੇਵੇ

ਦਾੜ੍ਹੀ ਡਾਈ ਕਰਨ ਤੋਂ ਬਾਅਦ
ਮੈਂ ਪੂਰੇ ਆਕਾਸ਼ ਦਾ ਚੱਕਰ ਲਾ ਮੁੜਿਆ
ਪੰਛੀ ਕਿਹੜਾ ।।

Friday, February 20, 2009

ਮਾਂ ਬੋਲੀ


ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ

ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ

ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਛਟੀਆਂ ਦੀ ਅੱਗ
ਫੁਲਦੀ ਰੋਟੀ
ਛੰਨੇ 'ਚ ਘਿਉ ਸ਼ੱਕਰ ?

ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ

ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ

ਕਵਿਤਾ ਸੁਣਦਿਆਂ
ਮਾਂ ਬੋਲੀ 'ਚ
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ

ਮਾਂ ਬੋਲੀ 'ਚ
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ

ਮਾਂ ਬੋਲੀ ਤੋਂ ਬਾਹਰ
ਮੈਂ ਕੁਝ ਵੀ ਨਹੀਂ
ਮਾਂ ਬੋਲੀ 'ਚ ਸਭ ਕੁਝ ।।

Thursday, February 19, 2009

ਨਾਂਅ

ਨਹੀਂ ਹੋਣੀ ਨਾਂਅ ਬਿਨਾਂ
ਦੁਨੀਆਂ ਵਿੱਚ ਕੋਈ ਸ਼ੈਅ

ਜਾਣਿਆਂ ਕੱਲ
ਫਲ ਖਰੀਦ ਦਿਆਂ

ਬੇਟੀ ਪੁਛੇ
ਗੋਲ ਜਿਹਾ
ਕੀ ਹੈ ਔਹ

ਨਹੀਂ ਦੇਖਿਆ ਸੁਣਿਆਂ ਚੱਖਿਆ ਹੋਣਾ
ਇਸ ਤੋਂ ਪਹਿਲਾਂ ਉਸ ਨੇ ਕਦੇ

ਮੈਂ ਦੱਸਿਆ
ਇਹ ਫਲ ਹੈ ਖਰਬੂਜ਼ਾ

ਉਹ ਹੱਸੇ
ਵਾਰ ਵਾਰ ਦੁਹਰਾਵੇ
ਖ ਬੂਜ਼ਾ
ਖ ਬੂਜ਼ਾ

ਨਹੀਂ ਹੋਣੀ ਨਾਂਅ ਬਿਨਾਂ
ਕੋਈ ਸ਼ੈਅ ।।

Wednesday, February 18, 2009

ਖੇਡ ਰੰਗਾਂ ਦੀ



ਦਸਤਾਨੇ ਪਹਿਨਦਿਆਂ
ਕਹਿ ਉਠਿਆ ਮੈਂ
ਹਜ਼ਾਰਾਂ ਰੰਗ ਨੇ
ਮੇਰੇ ਕੱਪੜਿਆਂ ਕੋਲ


ਦੇਖਦਾਂ ਪਤਨੀ ਨੂੰ
ਸਿਰ 'ਤੇ ਸਕਾਰਫ ਬੰਨ੍ਹਦਿਆਂ
ਲੱਖਾਂ ਰੰਗ ਨੇ
ਉਹਦੇ ਕੱਪੜਿਆਂ ਕੋਲ


ਅੰਦਰੋਂ ਆਉਂਦੀ
ਨਚਦੀ ਟਪਦੀ
ਫਰਾਕ ਨਵੀਂ ਪਹਿਨੀ
ਬੱਚੀ ਮੇਰੀ


ਇਕੋ ਰੰਗ ਹੈ ਉਹਦੇ ਕੋਲ ।।

Tuesday, February 17, 2009

ਬੰਸਰੀ

ਇਸ ਨੂੰ ਕਦੇ ਕਦੇ ਰਾਤ ਦਾ ਹਨੇਰਾ ਵਜਾਉਂਦਾ ਹੈ ।।

Monday, February 16, 2009

ਧਰਤੀ ਖੁਸ਼ ਹੈ


ਬੇਟੀ ਨੇ
ਪਹਿਲੀ ਪੁਲਾਂਘ ਭਰੀ

ਇਕ ਰੁੱਖ ਨੇ ਜਿਵੇਂ
ਦੂਜੇ ਨੂੰ ਕਿਹਾ

ਚੱਲ ਆਪਾਂ ਵੀ ਸਿਖੀਏ ਤੁਰਨਾ
ਘੰਮ ਫਿਰ ਕੇ
ਦੇਖੀਏ ਦੁਨੀਆਂ

ਮੁਦਤ ਤੋਂ ਖੜ੍ਹੇ
ਇਕ ਥਾਂਵੇਂ

ਅੱਕ ਥੱਕ ਗਏ ਹਾਂ

ਸੁਨੇਹਾ ਇਹ ਪਹੁੰਚ ਗਿਆ
ਪਲੋ ਪਲੀ

ਸਭ ਰੁੱਖਾਂ ਕੋਲ

ਹਸਦੇ ਡਿਗਦੇ
ਉਠਦੇ ਹਸਦੇ
ਤੁਰਨਾ ਸਿੱਖਣ ਲੱਗੇ ਰੁੱਖ ।।

Sunday, February 15, 2009

ਮਹਾਂਕਵੀ

ਮੈਂ ਆਮ ਆਦਮੀ ਦੇ ਦੁੱਖ ਸੁਣਦਾ ਹਾਂ
ਉਹਨਾਂ ਤੇ ਕਵਿਤਾ ਲਿਖਣੀ ਚਾਹੁੰਦਾ ਹਾਂ

ਉਹ ਲਲਕਾਰੇ ਮਾਰਦਾ ਹੈ
ਬੱਕਰੇ ਬਲਾਉਂਦਾ ਹੈ
ਆਪਣੇ ਦੁੱਖਾਂ ਤੇ
ਹੱਸ ਛਡਦਾ ਹੈ

ਮੈਂ ਉਸ ਮਹਾਂਕਵੀ ਲਈ
ਇੱਕ ਕਵੀ
ਕਿਹੋ ਜਿਹੀ ਕਵਿਤਾ ਲਿਖਾਂ ।।

Friday, February 13, 2009

ਅੰਦਰਲੀ ਪਟੜੀ ਤੇ ਰੇਲ

ਹੁਣੇ ਰਾਤ ਦੀ ਗੱਡੀ ਲੰਘੀ ਹੈ
ਮੈਂ ਗੱਡੀ ਤੇ ਨਹੀਂ
ਉਹਦੀ ਕੂਕ ਤੇ ਚੜ੍ਹਦਾ ਹਾਂ
ਮੇਰੇ ਅੰਦਰ ਨੇ
ਅਸੰਖ ਸਟੇਸ਼ਨ
ਮੈਂ ਕਦੇ
ਕਿਸੇ ਤੇ ਉਤਰਦਾ ਹਾਂ
ਕਦੇ ਕਿਸੇ ਤੇ।।

ਖਿਆਲ

ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਈ ਤੂੰ

ਤੂੰ ਮਿਲੀ
ਤੇ ਆਖਣ ਲੱਗੀ

ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਿਆ ਤੂੰ

ਹਸਦਿਆਂ ਹੱਸਦਿਆਂ
ਆਇਆ ਦੋਹਾਂ ਨੂੰ ਖਿਆਲ

ਜੇ ਨਾ ਹੁੰਦਾਖਿਆਲ

ਤਾਂ ਇਸ ਦੁਨੀਆਂ 'ਚ
ਕੋਈ ਕਿਵੇਂ ਮਿਲਦਾ
ਇਕ ਦੂਜੇ ਨੂੰ ।।

Thursday, February 12, 2009

ਕਵਿਤਾ ਸਨਮੁਖ


ਇਕ ਦਿਨ
ਬੇਟੂ ਮੇਰੇ ਨੇ ਕਵਿਤਾ ਜੋੜੀ
ਉਹ ਮੇਰੇ ਪਿਉ
ਮੈਂ ਖਾਣਾ ਹੈ ਸਿਉ
ਨਰਮ ਲਾਲ ਭਾਹ ਮਾਰਦਾ
ਸੇਬ ਮੈਂ
ਚਾਕੂ ਨਾਲ ਕੱਟਿਆ
ਫਾੜ੍ਹੀ ਫਾੜ੍ਹੀ ਹੋ
ਪਲੇਟ 'ਚ ਟਿਕ ਗਿਆ ।।

Wednesday, February 11, 2009

ਰਾਸ਼ਨ ਦੀ ਸੂਚੀ ਤੇ ਕਵਿਤਾ ਦੀ ਦੋਸਤ

5 ਲੀਟਰ ਰੀਫਾਈਂਡ ਧਾਰਾ
5 ਕਿਲੋ ਖੰਡ
5 ਕਿਲੋ ਸਾਬਣ ਕੱਪੜੇ ਧੋਣ ਵਾਲੀ
ਇਕ ਕਿਲੋ ਮੂੰਗੀ ਮਸਰੀ
ਇਕ ਪੈਕਟ ਸੋਇਆਬੀਨ
ਲੂਣ, ਭੁੰਨੇ ਛੋਲੇ ,ਥੈਲੀ ਆਟਾ ,
ਲੌਂਗ ਲੈਂਚੀਆਂ 50 ਗ੍ਰਾਮ
ਕਵਿਤਾ ਦੀ ਕਿਤਾਬ 'ਚ
ਕਿਥੋਂ ਆ ਗਈ
ਰਸੋਈ ਦੇ ਰਾਸ਼ਨ ਦੀ ਸੂਚੀ !
ਮੈਂ ਇਸ ਨੂੰ
ਕਵਿਤਾ ਤੋਂ ਵੱਖ ਕਰ ਦੇਣਾ
ਚਾਹੁੰਦਾ ਹਾਂ
ਪਰ ਧੁਰ ਅੰਦਰੋਂ
ਆਵਾਜ਼ ਇਕ ਰੋਕ ਦਿੰਦੀ ਮੈਂਨੂੰ
ਤੇ ਆਖਦੀ
ਜੇ ਰਸੋਈ ਦੇ ਰਾਸ਼ਨ ਦੀ ਸੂਚੀ
ਜਾਣਾ ਚਾਹੁੰਦੀ ਹੈ ਕਵਿਤਾ ਨਾਲ
ਫਿਰ ਤੂੰ ਕੌਣ ਹੁੰਨੈ
ਇਹਨੂੰ ਵੱਖ ਕਰਨ ਵਾਲਾ
ਫੈਸਲੇ ਸੁਣਾਉਂਦਾ
ਮੈਂ ਮੁਸਕਰਾਉਂਦਾ
ਰਾਸ਼ਨ ਦੀ ਸੂਚੀ ਨੂੰ
ਕਵਿਤਾ ਦੀ ਦੋਸਤ ਹੀ ਰਹਿਣ ਦਿੰਦਾ
ਦੋਸਤੋ ਕਮੀ ਜੇ ਸੁਹਜ ਦੀ ਰਹਿ 'ਗੀ
ਗੁੱਸਾ ਨਾ ਮੰਨਿਉ
ਇਹ ਮੇਰਾ ਨਹੀਂ
ਮੇਰੇ ਅੰਦਰ ਦਾ ਫੈਸਲਾ ਹੈ
ਅੰਦਰ ਨੂੰ ਕੌਣ ਰੋਕੇ
ਸੂਚੀ ਜੇ ਤੁਸੀਂ
ਮੇਰੀ ਰਸੋਈ ਦੀ ਨਹੀਂ
ਤਾਂ ਆਪਣੀ ਦੀ ਪੜ੍ਹ ਲੈਣਾ
ਕਵਿਤਾ ਜੇ ਤੁਸੀਂ
ਮੇਰੀ ਨਹੀਂ
ਤਾਂ ਆਪਣੇ ਅੰਦਰ ਦੀ ਪੜ੍ਹ ਲੈਣਾ ।।

ਹਾਇਬਨ ।। ਛਾਲ


ਮੇਰੇ ਇਕ ਮਿਤਰ ਦਾ ਫੁੱਫੜ ਪੁਰਾਣਾ ਕਾਮਰੇਡ, ਵਿਦਿਆਰਥੀ ਜੀਵਨ ' ਚ ਸਿਰ ਕੱਢ ਆਗੂ।
ਨੌਕਰੀ ਅਜਿਹੇ ਮਹਿਕਮੇ 'ਚ ਮਿਲ ਗਈ ਜਿਸ 'ਚ ਪੈਸੇ ਦਾ ਮੀਂਹ ਹਰ ਵੇਲੇ ਪੈਂਦਾ ਰਹਿੰਦੈ।
ਪਿਛਲੇ ਦਿਨੀਂ ਮਿਤਰ ਤੇ ਉਹਦਾ ਫੁੱਫੜ ਛੱਤ 'ਤੇ ਬੈਠੇ ਦਾਰੂ ਪੀ ਰਹੇ ਸਨ। ਗੱਲ ਕਾਮਰੇਡਾਂ
ਦੀ ਛਿੜ ਪਈ। ਮਿਤਰ ਨੇ ਸ਼ਰਾਰਤ ਕੀਤੀ," ਜੇ ਅਜੇ ਵੀ ਕਾਮਰੇਡ ਹੋਂ,ਤਾਂ ਕੋਠੇ ਤੋਂ ਛਾਲ
ਮਾਰ ਕੇ ਦਿਖਾਉ ।"
ਫੁੱਫੜ ਨੇ ਅੱਗਾ ਦੇਖਿਆ ਨਾ ਪਿਛਾ,ਕੋਠੇ ਤੋਂ ਛਾਲ ਮਾਰ 'ਤੀ। ਮਾਰਕਸ ਨੇ ਹੱਥ ਦੇ ਕੇ ਬਚਾ
ਲਿਆ। ਸਵੇਰੇ ਫੁੱਫੜ ਹੈਰਾਨ ਕਿ ਕੋਠੇ ਤੋਂ ਡਿਗ ਕਿਵੇਂ ਪਿਆ !ਮਿਤਰ ਨੂੰ ਯਾਦ ਨਾ ਕਿ
ਉਹਨੇ ਹੀ ਤਾਂ ਛਾਲ ਮਾਰਨ ਨੂੰ ਕਿਹਾ ਸੀ
ਸ਼ਾਮ ਗਲਾਸੀ ਰੰਗ ਗੁਲਾਬੀ
ਅੰਦਰ ਜੋ ਦੱਬ ਗਿਆ ਸੀ
ਸਾਹਮਣੇ ਖੜ੍ਹ ਗਿਆ

Monday, February 9, 2009

ਮਾਂ ਨੂੰ

ਮੈਂ ਮਾਂ ਨੂੰ ਪਿਆਰ ਕਰਦਾ ਹਾਂ

ਇਸ ਕਰਕੇ ਨਹੀਂ

ਕਿ ਉਸ ਨੇ ਜਨਮ ਦਿੱਤਾ ਹੈ ਮੇਨੂੰ

ਇਸ ਕਰਕੇ ਵੀ ਨਹੀਂ

ਕਿ ਉਸ ਨੇ ਪਾਲਿਆ ਪੋਸਿਆ ਹੈ ਮੈਨੂੰ



ਮੈਂ ਮਾਂ ਨੂੰ ਪਿਆਰ ਕਰਦਾ ਹਾਂ

ਇਸ ਕਰਕੇ

ਕਿ ਉਸਨੂੰ

ਆਪਣੇ ਦਿਲ ਦੀ ਗੱਲ ਕਹਿਣ ਲਈ

ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ।।

Sunday, February 8, 2009

ਦੁੱਖ ਸੁਖ ਵਿਚ


ਮੈਂ ਘਾਹ 'ਤੇ ਬੈਠਾ
ਦੇਖ ਰਿਹਾਂ
ਅਕਾਸ਼ ਵੰਨੀਂ

ਪੰਛੀ ਇਕ ਸਹਿਜ
ਉਚੀ ਉਡਾਣ 'ਤੇ ਹੈ

ਥੋੜ੍ਹਾ ਚਿਰ ਪਹਿਲਾਂ
ਘਾਹ ਮੇਰਾ ਗੁਰੂ

ਹੁਣ ਮੈਂ
ਪੰਛੀ ਦਾ ਸ਼ਿਸ਼ ਹਾਂ।।

ਹਿਲਦਾ ਹੱਥ

ਇਕ ਅਣਜਾਣ ਆਦਮੀ ਦੌੜਦਾ
ਲੰਘ ਜਾਂਦਾ ਕੋਲ ਦੀ ਮੇਰੇ
ਬਿਨ ਰੁਕਿਆਂ ਹੱਥ ਹਿਲਾਉਂਦਾ

ਹਿਲਦਾ ਹੱਥ ਉਹੀ ਧੜਕਦਾ
ਦਿਲ ਅੰਦਰ ਮੇਰੇ ।।

ਮੁਸਾਫਰ

ਗੱਡੀ 'ਚ ਸਫਰ ਕਰਦਿਆਂ
ਕੋਈ ਸੌਂਦਾ ਹੈ
ਕੋਈ ਪੜ੍ਹਦਾ ਹੈ
ਕੋਈ ਨਾਲ ਦੀ ਸਵਾਰੀ ਨਾਲ
ਗੱਲਾਂ 'ਚ ਮਗਨ ਹੈ
ਕੋਈ ਬਾਹਰ ਖੇਤਾਂ 'ਚ
ਖੜ੍ਹੇ ਰੁੱਖਾਂ ਨੂੰ
ਪਿਛਾਂਹ ਦੌੜਦੇ ਤਕਦਾ ਹੈ
ਕਰਦਿਆਂ ਇਸ ਤਰ੍ਹਾਂ
ਕਈ ਵਾਰ
ਜਾਣਾ ਹੁੰਦਾ ਹੈ ਗੱਡੀ ਨੇ
ਦਿਲੀ
ਪਰ ਮੁਸਾਫਰ ਕੋਈ
ਪਹੁੰਚ ਜਾਂਦਾ ਹੈ
ਲਾਹੌਰ ।।

Saturday, February 7, 2009

ਰੰਗ ਤਮਾਸ਼ਾ




ਇਹ ਫੋਟੋ ਮੇਰੀ 6 ਸਾਲਾਂ ਦੀ ਧੀ ਸਨੋਅ ਨੇ ਉਦੋਂ ਖਿਚੀ ਸੀ , ਜਦੋਂ ਉਹ 5 ਸਾਲਾਂ ਦੀ ਸੀ।। ਉਹਦੇ ਲਈ ਇਹ ਝੀਲ ' ਚ ਤੈਰਦੀ ਕਿਸ਼ਤੀ ਹੈ ।।

Friday, February 6, 2009

ਕੱਲਾ ਮੈਂ ਨਹੀਂ

ਕਵਿਤਾ ਹਰ ਖਿਣ ਹਰ ਸ਼ੈਅ
ਲਿਖ ਰਹੀ ਹੈ

ਲਉ ਚੱਖੋ
ਮਜ਼ਦੂਰ ਨੇ ਦੁਪਹਿਰ ਵੇਲੇ
ਖ੍ਹੋਲਿਆ ਹੈ ਰੋਟੀਆਂ ਵਾਲਾ ਪੋਣਾ
ਅੰਬ ਦੇ ਅਚਾਰ ਦੀਆਂ ਫਾੜ੍ਹੀਆਂ
ਸਭ ਤੋਂ ਲਜ਼ੀਜ਼ ਪਦਾਰਥ ਨੇ
ਇਸ ਵੇਲੇ ਉਹਦੇ ਲਈ
ਲਉ ਦੇਖੋ
ਰਿਕਸ਼ਾ ਚਲਾਉਂਦੇ ਬਿਹਾਰੀ ਨੇ
ਦਮ ਭਰਿਆ ਹੈ
ਇਕ ਮੋਟੇ ਬਾਬੂ ਨੂੰ
ਮੰਜ਼ਲ ਤੇ ਪਹੁੰਚਾ ਕੇ
ਨਮਸਕਾਰ ਕਿਹਾ ਹੈ
ਰੇੜੀ ਖਿਚ ਰਹੇ ਬੁੱਢੇ ਨੇ
ਫਾਟਕ ਦੀ ਚੜਾਈ 'ਤੇ
ਹੱਡਾਂ ਨੂੰ ਪਰਖਿਆ ਹੈ
ਲਉ ਸੁਣੋ
ਬਿਨ ਨਹਾਤੇ ਗੰਦੇ ਲਿਬੜੇ
ਬੱਚਿਆਂ ਦੀਆਂ ਅੱਖਾਂ ਦੀ ਦਰਦ ਭਰੀ
ਹਸਰਤ
ਉਨ੍ਹਾਂ ਨਿੱਕ ਸੁੱਕ
ਭੱਜਿਆ ਟੁੱਟਿਆ
ਸਮਾਨ ਚੁਕਦਿਆਂ
ਸਕੂਲੋਂ ਆਉਂਦੇ
ਥੱਕੇ ਸੋਹਣੇ ਬੱਚਿਆਂ ਨੂੰ
ਦੇਖਿਆ ਹੈ
ਕਵਿਤਾ
'ਕੱਲਾ ਮੈਂ ਨਹੀਂ ਲਿਖਦਾ ।।
*

Tuesday, February 3, 2009

ਖੂਹ

ਖੂਹ ਕਿੰਨਾ ਡੂੰਘਾ
ਪਾਣੀ ਕਿੰਨਾ ਮਿੱਠਾ
ਜਾਣਨ ਉਹੀ
ਜੋ ਹਰ ਦਿਨ ਖੂਹ ਪੁੱਟ ਕੇ
ਪੀਣ ਪਾਣੀ
ਜੇ ਨਾ ਹੁੰਦੇ
ਇਹ ਬੰਦੇ
ਤੇ ਮਿੱਠਾ ਪਾਣੀ
ਤਾਂ ਰਹਿ ਜਾਂਦੇ ਵਿਚਾਰੇ
ਖੂਹ ਸਾਰੇ
ਮਿੱਟੀ ਹੇਠਾਂ ਦੱਬੇ
ਪਾਣੀ ਪੀਂਦਾ ਬੰਦਾ
ਸੋਚ ਦਾ ਖੂਹ ਪੁੱਟੇ
ਹੋਰ ਸ਼ੈਆਂ ਕਿਹੜੀਆਂ
ਡੂੰਘੀਆਂ ਮਿੱਠੀਆਂ
ਜੋ ਰਿਹ ਗਈਆਂ
ਪੁੱਟਣ ਖੁਣੋਂ ।।