Thursday, November 26, 2009

ਚੁੱਪ ਦੀ ਕੁਟੀਆ

ਰੁੱਖ ਦੀਆਂ ਜੜ੍ਹਾਂ ਕੋਲ ਹੈ ਗਹਿਰੀ ਚੁੱਪ



ਇਸੇ ਲਈ

ਫੁੱਲਾਂ ਕੋਲ ਨੇ ਅਨੇਕ ਰੰਗ

ਫਲਾਂ ਕੋਲ ਨੇ ਅਣਗਿਣ ਰਸ


ਇਸੇ ਲਈ ਪੰਛੀਆਂ ਨੇ ਚੁਣਿਆਂ ਇਹਨੂੰ

ਆਪਣੇ ਆਲ੍ਹਣਿਆਂ ਖਾਤਰ


ਮੈਂ ਲੰਬੇ ਤੇ ਥਕਾਵਟ ਭਰੇ ਸਫ਼ਰ 'ਚ

ਰੁਕਦਾਂ

ਘੜੀ-ਪਲ਼

ਇਹਦੀ ਛਾਂ ਹੇਠ


ਜੇ ਰੁੱਖ ਨਾ ਹੁੰਦਾ

ਬਿਖਰੇ ਪੈਂਡਿਆਂ 'ਤੇ

ਮੈਂ ਕਿਵੇਂ ਤੁਰਦਾ

ਚੁੱਪ ਕਿਥੇ ਵਾਸ ਕਰਦੀ ...।।

Thursday, November 5, 2009

ਫੁੱਲ

ਜੌਨ ਬਰੈਂਡੀ ਦੀ ਫੋਟੋ ਵਾਲਾ ਇਹ ਹਾਇਕੂ ਉਸ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਹੈ 


Wednesday, November 4, 2009

ਮੂਰਖ ਬੰਦਾ

ਮੂਰਖ ਬੰਦਾ

ਕੀ ਸੋਚੇ
ਸੋਚ ਕੇ ਹੱਸੇ
ਬੰਦਾ ਮੂਰਖ ਹੈ

ਮੱਝ ਗਾਂ
ਬਾਂਦਰ ਬਿੱਲੀ
ਮੋਰ ਤੋਤੇ
ਮੂਰਖ ਕਿਉਂ ?

ਬੰਦਾ ਮੂਰਖ
ਜੋ ਵੀ ਸੋਚੇ
ਸੋਚ ਕੇ ਹੱਸੇ
ਨੱਚੇ ਟੱਪੇ

ਗਾਂ ਮੱਝ
ਬਾਂਦਰ ਬਿੱਲੀ
ਮੋਰ ਤੋਤੇ ਦੀ
ਨਕਲ ਉਤਾਰੇ ।।

Sunday, November 1, 2009

ਸਾਰੇ ਸੋਹਣੇ

ਕਵਿਤਾ ਲਿਖਦਾ


ਚਾਅ ਦੇ ਖੰਭ ਲੱਗ ਜਾਂਦੇ

ਤਿੱਤਰ ਖੰਭੀ ਬੱਦਲਾਂ ਨੂੰ ਛੇੜਦਾ

ਕਿਸੇ ਪੰਛੀ ਨਾਲ ਖਹਿੰਦਾ



ਸੁਣਾਉਣ ਦੀ ਕਾਹਲ ਹੋ ਜਾਂਦੀ

ਰਸੋਈ ਚ ਤਵੇ ਫੁਲ਼ਦੀ ਰੋਟੀ

ਮੈਂਨੂੰ ਹਾਕ ਮਾਰਦੀ



ਕ੍ਰਿਕਟ ਖੇਡ ਕੇ ਮੁੜੇ ਬੇਟੂ ਲਈ

ਕਵਿਤਾ ਦਾ ਬੱਲਾ ਘੰਮਾਉਂਦਾ

ਲੰਮੀ ਡਾਈ ਮਾਰ ਕੈਚ ਕਰ ਲੈਂਦਾ ਉਹ



ਬੇਟੀ ਕੰਪਿਉਟਰ ਤੇ ਰੰਗ ਭਰਦੀ

ਸੁਣਦੀ ਕਵਿਤਾ ਮੇਰੀ

ਹਰ ਵਾਰ ਦੀ ਤਰ੍ਹਾਂ

ਕਰਦੀ ਸ਼ਰਾਰਤ

ਵਾਹ ! ਵਾਹ !!



ਫਿਰ ਗੱਲ੍ਹ ਤੇ ਉਂਗਲ ਰੱਖਦੀ

ਕੁਝ ਸੋਚਣ ਲਗਦੀ

ਕੈਮਰਾ ਚੱਕਦੀ ਤੇ ਆਖਦੀ



ਖੜ੍ਹੇ ਰਹੋ ਇਸੇ ਤਰ੍ਹਾਂ

ਫੋਟੋ ਖਿਚਦੀ ਹਾਂ ਥੋਡੀ

ਕਵਿਤਾ ਲਿਖਣ ਵੇਲੇ

ਕਿੰਨੇ ਸੋਹਣੇ ਹੋ ਜਾਂਦੇ ਹੋਂ



ਮੈਂ ਉਹਦਾ ਮੱਥਾ ਚੁੰਮਦਾ

ਮਹਿਸੂਸ ਕਰਦਾ

ਸਾਰੇ ਸੋਹਣੇ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ