Wednesday, February 11, 2009

ਰਾਸ਼ਨ ਦੀ ਸੂਚੀ ਤੇ ਕਵਿਤਾ ਦੀ ਦੋਸਤ

5 ਲੀਟਰ ਰੀਫਾਈਂਡ ਧਾਰਾ
5 ਕਿਲੋ ਖੰਡ
5 ਕਿਲੋ ਸਾਬਣ ਕੱਪੜੇ ਧੋਣ ਵਾਲੀ
ਇਕ ਕਿਲੋ ਮੂੰਗੀ ਮਸਰੀ
ਇਕ ਪੈਕਟ ਸੋਇਆਬੀਨ
ਲੂਣ, ਭੁੰਨੇ ਛੋਲੇ ,ਥੈਲੀ ਆਟਾ ,
ਲੌਂਗ ਲੈਂਚੀਆਂ 50 ਗ੍ਰਾਮ
ਕਵਿਤਾ ਦੀ ਕਿਤਾਬ 'ਚ
ਕਿਥੋਂ ਆ ਗਈ
ਰਸੋਈ ਦੇ ਰਾਸ਼ਨ ਦੀ ਸੂਚੀ !
ਮੈਂ ਇਸ ਨੂੰ
ਕਵਿਤਾ ਤੋਂ ਵੱਖ ਕਰ ਦੇਣਾ
ਚਾਹੁੰਦਾ ਹਾਂ
ਪਰ ਧੁਰ ਅੰਦਰੋਂ
ਆਵਾਜ਼ ਇਕ ਰੋਕ ਦਿੰਦੀ ਮੈਂਨੂੰ
ਤੇ ਆਖਦੀ
ਜੇ ਰਸੋਈ ਦੇ ਰਾਸ਼ਨ ਦੀ ਸੂਚੀ
ਜਾਣਾ ਚਾਹੁੰਦੀ ਹੈ ਕਵਿਤਾ ਨਾਲ
ਫਿਰ ਤੂੰ ਕੌਣ ਹੁੰਨੈ
ਇਹਨੂੰ ਵੱਖ ਕਰਨ ਵਾਲਾ
ਫੈਸਲੇ ਸੁਣਾਉਂਦਾ
ਮੈਂ ਮੁਸਕਰਾਉਂਦਾ
ਰਾਸ਼ਨ ਦੀ ਸੂਚੀ ਨੂੰ
ਕਵਿਤਾ ਦੀ ਦੋਸਤ ਹੀ ਰਹਿਣ ਦਿੰਦਾ
ਦੋਸਤੋ ਕਮੀ ਜੇ ਸੁਹਜ ਦੀ ਰਹਿ 'ਗੀ
ਗੁੱਸਾ ਨਾ ਮੰਨਿਉ
ਇਹ ਮੇਰਾ ਨਹੀਂ
ਮੇਰੇ ਅੰਦਰ ਦਾ ਫੈਸਲਾ ਹੈ
ਅੰਦਰ ਨੂੰ ਕੌਣ ਰੋਕੇ
ਸੂਚੀ ਜੇ ਤੁਸੀਂ
ਮੇਰੀ ਰਸੋਈ ਦੀ ਨਹੀਂ
ਤਾਂ ਆਪਣੀ ਦੀ ਪੜ੍ਹ ਲੈਣਾ
ਕਵਿਤਾ ਜੇ ਤੁਸੀਂ
ਮੇਰੀ ਨਹੀਂ
ਤਾਂ ਆਪਣੇ ਅੰਦਰ ਦੀ ਪੜ੍ਹ ਲੈਣਾ ।।

1 comment:

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ