Tuesday, January 28, 2014

ਪੁਸਤਕ ਮੇਲਾ ਮਾਨਸਾ ----ਕਿਤਾਬਾਂ ਜ਼ਿੰਦਗੀ ਦਾ ਸਾਜ਼ ਨੇ …

ਮਾਨਸਾ ਸ਼ਹਿਰ ਕਲਮਾਂ ਦਾ ਸ਼ਹਿਰ ਹੈ, ਰੰਗਾਂ ਤੇ ਰੰਗਕਰਮੀਆਂ ਦਾ ਸ਼ਹਿਰ ।ਕਿੰਨੀਆਂ ਹੀ ਸਾਹਿਤਕ ਸਭਿਆਚਾਰਕ ਸੰਸਥਾਵਾਂ ਆਏ ਦਿਨ ਰੂਬਰੂ , ਨਾਟਕ , ਬੈਠਕਾਂ ਤੇ ਸਾਹਿਤਕ ਸਭਿਆਚਾਰਕ ਸਮਾਗਮ ਕਰਵਾਉਂਦੀਆਂ ਰਹਿੰਦੀਆਂ ਹਨ ।ਇਸੇ ਹੀ ਲੜੀ ਵਿਚ ਮਾਨਸਾ ਦੇ ਲੇਖਕ-ਲੋਕਾਂ ਨੇ ਰਲ਼ ਕੇ ਮਹਰੂਮ ਲੇਖਕ ਰਾਮ ਸਿੰਘ ਚਾਹਲ, ਦਰਸ਼ਨ ਮਿਤਵਾ ਤੇ ਦੇਵਨੀਤ ਦੀ ਯਾਦ ਨੂੰ ਸਮਰਪਤਿ ਸਥਾਨਿਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੇ ਵਿਹੜੇ ਵਿਚ ਦੋ ਰੋਜ਼ਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ । ਡਾ.ਕੁਲਦੀਪ ਦੀਪ ਦਾ ਇਹ ਸੁਪਨਾ ਉੱਘੇ ਨਾਟਕਕਾਰ  ਅਜਮੇਰ ਔਲਖ ਦੀ ਸਰਪ੍ਰਸਤੀ ਵਿਚ 'ਪੁਸਤਕ ਮੇਲਾ ਕਮੇਟੀ' ਦੀ ਹਿੰਮਤ ਅਤੇ ਸਹਿਯੋਗ ਸਦਕਾ ਸਾਕਾਰ ਹੋਇਆ ।ਇਸ ਕਮੇਟੀ ਵਿਚ ਜਸਬੀਰ ਢੰਡ, ਹਰਿਭਜਨ ਸਿੱਧੂ, ਦਰਸ਼ਨ ਜੋਗਾ , ਬਲਵੰਤ ਭਾਟੀਆ, ਬਲਜੀਤਪਾਲ ਸਿੰਘ ,ਅਵਤਾਰ ਖਹਿਰਾ ,ਹਰਦੀਪ ਸਿੱਧੂ,ਰਾਜ ਜ਼ੋਸ਼ੀ , ਪ੍ਰੋæ ਸੁਪਨਦੀਪ ਕੌਰ, ਜਸਵੀਰ ਕੌਰ ਨੱਤ ,ਗੁਰਨੈਬ ਮੰਘਾਣੀਆਂ, ਸੁਖਵਿੰਦਰ ਸੁੱਖੀ ਤੇ ਮੈਂ ਸ਼ਾਮਲ ਸਾਂ ।ਪੁਸਤਕ ਮੇਲੇ ਵਿਚ 18 ਪ੍ਰਕਾਸ਼ਕਾਂ ਨੇ ਆਪਣੀਆਂ ਪੁਸਤਕਾਂ ਨੂੰ ਪ੍ਰਦਰਸ਼ਤਿ ਕੀਤਾ ਜਿਸ ਵਿਚ ਉੱਘੇ ਫੋਟੋਗ੍ਰਾਫਰ ਸੰਦੀਪ ਸਿੰਘ ਨੇ ਆਪਣੀ ਇਕੱਲੀ ਪੁਸਤਕ ' ਜ਼ਿੰਦਗੀ ਦੇ ਰੰਗ' ਨੂੰ ਵੀ ਸ਼ਾਮਲ ਕੀਤਾ । ਫੋਟੋਗ੍ਰਾਫੀ , ਕੈਲੀਗ੍ਰਾਫੀ ਤੇ ਵਿਚਾਰ ਦੀ ਇਹ ਪੁਸਤਕ ਪੂਰੇ ਮੇਲੇ 'ਚ ਖਿੱਚ ਦਾ ਕੇਂਦਰ ਬਣੀ ਰਹੀ ।ਮਾਨਸਾ-ਵਾਸੀਆਂ ਲਈ ਐਨੀਆਂ ਕਿਤਾਬਾਂ ਨੂੰ ਇਕੋ ਥਾਂ 'ਤੇ ਦੇਖਣ ਦਾ ਇਹ ਪਹਿਲਾ ਮੌਕਾ ਸੀ । ਪਾਠਕਾਂ ਨੇ ਦਿਲ ਖੋਲ੍ਹ ਕੇ ਇਹਨਾਂ ਕਿਤਾਬਾਂ ਨੂੰ ਦੇਖਿਆ ਤੇ ਬਟੂਏ ਖੋਲ੍ਹ ਕੇ ਖਰੀਦਿਆ ।ਇਸ ਪੁਸਤਕ ਮੇਲੇ ਵਿਚ ਕਰੀਬ ਅੱਠ ਲੱਖ ਦੀਆਂ ਕਿਤਾਬਾਂ ਵਿਕੀਆਂ ।ਇੱਥੇ ਇਹ ਗੱਲ ਮੇਰੇ ਮਨ 'ਚ ਵਾਰ-ਵਾਰ ਆ ਰਹੀ ਸੀ ਕਿ ਜਿਵੇਂ ਲੇਖਕਾਂ ਨੇ ਪ੍ਰਕਾਸ਼ਕਾਂ ਬਾਰੇ ਸੋਚਿਆ ਉਵੇਂ ਉਹਨਾਂ ਨੂੰ ਲੇਖਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ ।

ਪਹਿਲੇ ਦਿਨ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਅਧਿਆਪਕ ਡਾ. ਚਮਨ ਲਾਲ ਨੇ ਮੁੱਖ ਵਕਤਾ ਵਜੋਂ ਭਾਗ ਲੈਂਦਿਆਂ 'ਕਿਤਾਬ ਦੀ ਜ਼ਿੰਦਗੀ ਵਿਚ ਸਾਰਥਿਕਤਾ' ਨੂੰ ਦਰਸਾਉਂਦਿਆਂ ਨਿੱਗਰ ਸਭਿਆਚਾਰ ਸਿਰਜਣ ਦਾ ਸੱਦਾ ਦਿੱਤਾ । ਉਹਨਾਂ ਨੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਗਿਆਨ ਸਹਾਰੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੁੱਖ ਮਹਿਮਾਨ ਸੁਪ੍ਰਸਿੱਧ ਨਾਟਕਕਾਰ ਤੇ ਆਲੋਚਕ ਡਾæ ਸਤੀਸ਼ ਕੁਮਾਰ ਵਰਮਾ ਨੇ ਆਪਣੇ ਵਿਦਿਆਰਥੀ ਜੀਵਨ ਵਿਚੋਂ ਉਦਾਹਰਣਾਂ ਦੇ ਕੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੁੜਨ ਤੇ ਇਹਨਾਂ ਰਾਹੀਂ ਬਿਹਤਰ ਰਾਹ ਤਲਾਸ਼ਣ ਦੀ ਸੇਧ ਦਿੱਤੀ ।ਮੇਲੇ ਦਾ ਉਦਘਾਟਨ ਡਾæ ਗੁਰਮੀਤ ਸਿੰਘ ਧਾਲੀਵਾਲ ਨੇ ਕੀਤਾ । ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਉਲ ਅਤੇ ਡਾæ ਬਲਵਿੰਦਰ ਸਿੰਘ ਬਰਾੜ ਨੇ ਕਿਤਾਬਾਂ ਦੇ ਮਹੱਤਵ ਨੂੰ ਦਰਸਾਉਂਦਿਆਂ ਕਿਹਾ ਕਿ ਕਿਤਾਬਾਂ ਬੰਦੇ ਨੂੰ ਜਿਉਣ-ਜੋਗਾ ਬਣਾਉਂਦੀਆਂ ਹਨ । ਕਿਤਾਬਾਂ ਮਨੁੱਖ ਦੀਆਂ ਸਭ ਤੋਂ ਨੇੜੇ ਦੀਆਂ ਦੋਸਤ ਹਨ ਜੋ ਉਸ ਦੇ ਦੁੱਖ-ਸੁੱਖ ਵਿਚ ਸਾਥ ਦਿੰਦੀਆਂ ਹਨ ।ਇਸ ਤੋਂ ਬਾਅਦ ਪੰਜਾਬ ਕਲਾ ਮੰਚ ਵੱਲੋਂ ਦਰਸ਼ਨ ਮਿਤਵਾ ਦਾ ਲਿਖਿਆ ਤੇ ਸੁਰਜੀਤ ਗਾਮੀ ਦਾ ਨਿਰਦੇਸ਼ਤਿ ਕੀਤਾ ਨੁਕੜ-ਨਾਟਕ 'ਕੁਰਸੀ ਨਾਚ ਨਚਾਏ' ਖੇਡਿਆ ਗਿਆ ਜਿਸ ਵਿਚ ਤਰਸੇਮ ਪਸਰੀਚਾ , ਤਰਸੇਮ ਰਾਹੀ ਅਤੇ ਜਗਦੀਸ਼ ਮਿਸਤਰੀ ਨੇ ਆਪੋ-ਆਪਣੀ ਖੂਬਸੂਰਤ ਭੂਮਿਕਾ ਨਿਭਾਈ ।

ਦੂਜਾ ਦਿਨ ਪਹਿਲੇ ਨਾਲੋਂ ਵੱਧ ਗਹਿਮਾ-ਗਹਿਮੀ ਵਾਲਾ ਸੀ ।ਜਿੱਥੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਅਧਿਆਪਕ , ਵਿਦਿਆਰਥੀ ਅਤੇ ਪਿੰਡਾਂ ਸ਼ਹਿਰਾਂ 'ਚੋਂ ਆਏ ਪਾਠਕ ਕਿਤਾਬਾਂ ਦੇਖਣ ਤੇ ਖਰੀਦਣ 'ਚ ਰੁੱਝੇ ਹੋਏ ਸਨ ਉੱਥੇ ਉਹ ਆਪਣੇ ਮਹਿਬੂਬ ਕਵੀਆਂ ਦੀ ਉਡੀਕ ਵਿਚ ਵੀ ਅੱਖਾਂ ਵਿਛਾਈ ਬੈਠੇ ਸਨ ।ਸਰੋਤਿਆਂ ਦੀ ਭੀੜ ਸਾਹਮਣੇ ਸੈਮੀਨਾਰ ਰੂਮ ਛੋਟਾ ਪੈ ਗਿਆ ਤੇ ਮੌਕੇ 'ਤੇ ਹੀ ਕਵੀ-ਦਰਬਾਰ ਅਤੇ ਰੂ ਬ ਰੂ ਸਮਾਗਮ ਨੂੰ ਖੁੱਲ੍ਹੇ ਆਕਾਸ਼ ਹੇਠ ਤਬਦੀਲ ਕਰਨਾ ਪਿਆ ।ਚਰਚਿਤ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਪ੍ਰਧਾਨਗੀ ਹੇਠ ਹੋਏ ਕਵੀ-ਦਰਬਾਰ ਵਿਚ ਜਸਵੰਤ ਜ਼ਫਰ , ਗੁਰਤੇਜ ਕੋਹਾਰਵਾਲਾ , ਵਿਜੇ ਵਿਵੇਕ , ਧਰਮ ਕੰਮੇਆਣਾ, ਤਰਸੇਮ, ਸੁਰਿੰਦਰਪ੍ਰੀਤ ਘਣੀਆਂ ,ਸਤੀਸ਼ ਗੁਲਾਟੀ , ਨੀਤੂ ਅਰੋੜਾ ,ਤਰਸਪਾਲ ਕੌਰ, ਜਸਵਿੰਦਰ ਕੌਰ ਸੱਗੂ ਤੇ ਪ੍ਰੀਤੀ ਸ਼ੈਲੀ ਦੀਆਂ ਕਵਿਤਾਵਾਂ ਨੂੰ ਪੰਜ ਸੌ ਤੋਂ ਵੱਧ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ ।ਸੁਖਵਿੰਦਰ ਅੰਮ੍ਰਿਤ ਨੇ ਪ੍ਰਧਾਨਗੀ ਭਾਸ਼ਣ ਦੀ ਥਾਂ ਆਪਣੀਆਂ ਦੋ ਗਜ਼ਲਾਂ ਤੇ ਮਾਂ-ਬੋਲੀ ਨੂੰ ਸਮਰਪਤਿ ਆਪਣੀ ਇਕ ਮਸ਼ਹੂਰ ਬੋਲੀ ਸਾਂਝੀ ਕੀਤੀ :

ਖਾਣ ਨੂੰ ਤੈਨੂੰ ਖੀਰ ਦੇਊਂਗੀ

ਨਾਲ ਪਕਾ ਦੂੰ ਪੂੜਾ

ਬੈਠਣ ਨੂੰ ਤੈਨੂੰ ਕੁਰਸੀ ਦੇਊਂਗੀ

ਸੌਣ ਨੂੰ ਲਾਲ ਪੰਘੂੜਾ

ਲਾ ਕੇ ਤੇਲ ਤੇਰੇ ਵਾਹ ਦਿਊਂ ਬੋਦੇ

ਸਿਰ 'ਤੇ ਕਰ ਦਿਊਂ ਜੂੜਾ

ਜੇ ਮੇਰਾ ਪੁੱਤ ਬਨਣਾ

ਲਿਖ ਕੇ ਦਿਖਾ ਦੇ ਊੜਾ

ਇਸ ਤੋਂ ਬਾਅਦ ਪਦਮਸ਼੍ਰੀ ਡਾæ ਸੁਰਜੀਤ ਪਾਤਰ ਪਾਠਕਾਂ ਦੇ ਰੂ ਬ ਰੂ ਹੋਏ । ਇਹਨਾਂ ਦੀ ਜਾਣ-ਪਛਾਣ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਆਪਣੇ ਕਾਵਿਕ-ਅੰਦਾਜ ਵਿਚ ਕਰਵਾਈ । ਪਾਤਰ ਹੁਰਾਂ ਨੇ ਆਪਣੀ ਸਿਰਜਣ-ਪ੍ਰਕਿਰਿਆ ਅਤੇ ਜ਼ਿੰਦਗੀ ਦੇ ਵੱਖੋ-ਵੱਖਰੇ ਪੜਾਵਾਂ ਨੂੰ ਸਾਂਝੇ ਕਰਦਿਆਂ ਆਪਣੀਆਂ ਦੋ ਚਰਚਿਤ ਕਵਿਤਾਵਾਂ 'ਆਇਆ ਨੰਦ ਕਿਸ਼ੋਰ' ਅਤੇ 'ਅਰਦਾਸ' ਤੋਂ ਇਲਾਵਾ ਕੁਝ ਗਜ਼ਲਾਂ ਦੇ ਸ਼ਿਅਰ ਵੀ ਸੁਣਾਏ । ਉਹਨਾਂ ਭਰਵੇਂ ਇਕੱਠ ਨੂੰ ਦੇਖਦਿਆਂ ਕਿਹਾ ਕਿ ਮਾਨਸਾ ਦੇ ਲੋਕਾਂ ਨੂੰ ਕਵਿਤਾ ਸੁਨਣੀ ਵੀ ਆਉਂਦੀ ਹੈ । ਪਾਤਰ ਹੁਰਾਂ ਨੂੰ ਵਿਦਿਆਰਥੀਆਂ ਤੋਂ ਇਲਾਵਾ ਬਹੁਤ ਸਾਰੇ ਪਾਠਕਾਂ ਨੇ ਵੀ ਸਵਾਲ ਕੀਤੇ ।ਜਿਉਂ ਹੀ ਰੂ ਬ ਰੂ ਸਮਾਗਮ ਸਮਾਪਤ ਹੋਇਆ ਪਾਠਕਾਂ ਪ੍ਰਸੰਸਕਾਂ ਨੇ ਪਾਤਰ ਹੁਰਾਂ ਨਾਲ ਫੋਟੋਆਂ ਖਿੱਚਵਾਉਣ ਲਈ ਧਾਵਾ ਬੋਲ ਦਿੱਤਾ ।ਕਵੀ ਵੀ ਐਕਟਰਾਂ ਤੇ ਖਿਡਾਰੀਆਂ ਵਾਂਙ ਹੀ ਮਸ਼ਹੂਰ ਹੁੰਦੇ ਨੇ ,ਪਹਿਲੀ ਵਾਰ ਦੇਖਿਆ ।ਸੁਖਨਸਾਰ, ਤੇਜਿੰਦਰ, ਸੰਤੋਖ ਸਾਗਰ ਤੇ ਸੁਰੇਸ਼ ਤੋਂ ਇਲਾਵਾ ਬਹੁਤ ਸਾਰੇ ਕੈਮਰਾਮੈਨ ਇਸ ਮੌਕੇ ਮੌਜੂਦ ਸਨ ਜਿਹਨਾਂ ਨੇ ਇਹਨਾਂ ਖੂਬਸੂਰਤ ਪਲਾਂ ਨੂੰ ਆਪੋ ਆਪਣੇ ਕੈਮਰਿਆਂ ਵਿਚ ਸਾਂਭਿਆ ।ਇਸੇ ਦਿਨ ਆਥਣ ਵੇਲੇ ਪਰਮਜੀਤ ਕੱਟੂ ਦੀ ਲਿਖੀ ਤੇ ਨਿਰਦੇਸ਼ਤਿ ਕੀਤੀ ਲਘੂ-ਫਿਲਮ 'ਅੱਡਾ-ਖੱਡਾ' ਵੀ ਦਿਖਾਈ ਗਈ ।ਜਿਸ ਨੂੰ ਦੇਖਦਿਆਂ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ ।

ਪੁਸਤਕ ਮੇਲੇ ਵਿਚ ਚਿਤਰਕਾਰ ਅਮਰਜੀਤ ਬਠਿੰਡਾ , ਇੰਦਰਜੀਤ ਚਿਤਰਕਾਰ , ਬਲਰਾਜ ਬਰਾੜ, ਹਰਜਿੰਦਰ ਤੇ ਤੇਜਿੰਦਰ ਮਾਨ ਦੀਆਂ ਕਿਰਤਾਂ ਵੀ ਪ੍ਰਦਰਸ਼ਤਿ ਕੀਤੀਆਂ ਗਈਆਂ ।ਜਿੱਥੇ ਅਮਰਜੀਤ ਸਿੰਘ ਦੁਆਰਾ ਬਣਾਏ ਲੇਖਕਾਂ ਦੇ ਪੈਨਸਲ ਸਕੈੱਚ ਦਰਸ਼ਕਾਂ ਨੇ ਨੇੜੇ ਹੋ ਦੇਖੇ ਉੱਥੇ ਬਲਰਾਜ ਦੇ ਬਾਲ ਪੈੱਨ ਦੁਆਰਾ ਬਣਾਏ ਸਕੈੱਚ ਫੋਟੋਗ੍ਰਾਫੀ ਦਾ ਭੁਲੇਖਾ ਪਾਉਂਦੇ ਰਹੇ ।ਤੇਜਿੰਦਰ ਮਾਨ ਦੀ ਫੋਟੋਗ੍ਰਾਫੀ ਤੇ ਇੰਦਰਜੀਤ ਸਿੰਘ ਦੇ ਤੇਲ ਚਿਤਰ ਵੀ ਖਿੱਚ ਦਾ ਕੇਂਦਰ ਰਹੇ ।ਪੁਸਤਕ ਮੇਲੇ 'ਚ ਘੁੰਮਦਿਆਂ ਸਫਦਰ ਹਾਸ਼ਮੀ ਦੀਆਂ ਕਾਵਿ-ਸਤਰਾਂ ਬਹੁਤ ਸ਼ਿਦਤ ਨਾਲ ਮਹਿਸੂਸ ਹੋਈਆਂ :

ਕਿਤਾਬਾਂ ਜ਼ਿੰਦਗੀ ਦਾ ਸਾਜ਼ ਨੇ

ਜਿਉਣ ਦਾ ਅੰਦਾਜ਼ ਨੇ ॥

ਪੁਸਤਕ ਮੇਲਾ ਕਮੇਟੀ,ਮਾਨਸਾ ਨੇ ਕਿਤਾਬਾਂ ਅਤੇ ਪਾਠਕਾਂ ਦੇ ਸੰਬੰਧ ਨੂੰ ਜੋੜੀ ਰੱਖਣ ਲਈ ਇਹ ਫੈਸਲਾ ਲਿਆ ਕਿ ਹੁਣ ਇਹ ਮੇਲਾ ਹਰ ਸਾਲ ਭਰਿਆ ਕਰੇਗਾ ।ਪੁਸਤਕ-ਪ੍ਰੇਮੀ ਹਰ ਵਰ੍ਹੇ ਕਿਤਾਬਾਂ ਨੂੰ ਮਿਲਿਆ ਕਰਨਗੇ , ਪੜ੍ਹਿਆ ਕਰਨਗੇ ਤੇ ਗੁੜਿਆ ਕਰਨਗੇ । ਆਮੀਨ ।

1 comment:

  1. ਪੁਸਤਕ ਮੇਲੇ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ। ਕਿਤਾਬ ਸ਼ਬਦ ਹੀ ਖੁਸ਼ੀ ਦਿੰਦਾ ਹੈ। ਫਿਰ ਇਸ ਨੂੰ ਲਿਖਣਾ, ਖਰੀਦਣਾ, ਪੜ੍ਹਣਾ, ਸੁਨਣਾ,ਮਾਨਣਾ, ਵਿਚਾਰਨਾ,ਇਸ ਬਾਰੇ ਸੰਵਾਦ ਰਚਾਉਣਾ ਅਤੇ ਿਜੰਦਗੀ ਵਿਚ ਇਸ ਦੀ ਸ਼ਮੂਲੀਅੱਤ ਦਾ ਤਾਂ ਕਹਿਣਾ ਹੀ ਕੀ। ਗੁਰਪ੍ਰੀਤ ਤੂੰ ਹਮੇਸ਼ਾ ਵਧਿਆ ਕੰਮਾਂ ਵਿਚ ਪਹਿਲ ਲੈ ਜਾਂਦਾ ਏਂ। ਮੇਲੇ ਦਾ ਰਾਮ ਸਿੰਘ ਚਾਹਲ ਅਤੇ ਦੇਵਨੀਤ ਨਾਲ ਜੋੜਨਾ ਵੀ ਵਧੀਆ ਖਿਆਲ ਸੀ।ਸਾਰੇ ਮਾਲਵੇ ਨੂੰ ਵਧਾਈ।

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ