Sunday, May 17, 2009



ਖੋਲ੍ਹਾਂ ਅੱਖਾਂ

ਦਿਲ ਦੀ ਕਹਿੰਦੇ

ਉਡਣ ਪੰਛੀ

Friday, May 15, 2009

ਖੁਸ਼ੀ ਦੀ ਖੋਜ

ਘੋੜੇ ਤੇ ਚੜਿਆ ਜਾਂਦਾ
ਕੌਣ
ਤੂੰ ਮਿਲੀ
ਤਾਂ ਸਮਝ ਆਇਆ
ਮੈਂ ਇਥੇ ਵੀ ਹਾਂ


ਬਿਰਖਾਂ ਦੀਆਂ ਜੜ੍ਹਾਂ ਦਾ ਫੈਲਾਅ
ਕੀੜੇ-ਮਕੌੜਿਆਂ ਦਾ ਭੋਜਨ
ਥੋੜ੍ਹਾ ਚਿਰ ਪਹਿਲਾਂ
ਮਹਿਮਾਨ ਲਈ ਛਿੱਲੇ
ਸੰਤਰੇ ਦੀਆਂ ਫਾੜ੍ਹੀਆਂ ਦਾ ਰਸ


ਕਬਜ਼ਾ ਨਹੀਂ ਕਰਨਾ ਮੈਂ
ਤੇਰੇ ਤੇ
ਤੂੰ ਮਿਲ
ਮੇਰੇ ਰੁੱਸੇ ਗੁਆਂਢੀ ਨੂੰ
ਹਸਪਤਾਲ ਕਿਸੇ ਮਰੀਜ਼ ਨੂੰ
ਮਸਤੀ ਚ ਨਚਦੇ ਫਕੀਰ ਨੂੰ


ਤੂੰ ਚਲੀ ਜਾ ਇਸ ਵੇਲੇ
ਕਿਸੇ ਹੋਰ ਲੋੜਵੰਦ ਕੋਲ


ਮਿਲੀ ਮੈਨੂੰ ਫਿਰ
ਇਸੇ ਤਰ੍ਹਾਂ ਸਬੱਬੀਂ
ਘੁੰਮਦਿਆਂ ਘੁੰਮਾਉਂਦਿਆਂ
ਪਹਾੜੀ ਮੈਦਾਨੀ ਸਫ਼ਰ 'ਚ


ਘੋੜੇ ਤੇ ਚੜਿਆ ਜਾਂਦਾ ਕੌਣ
ਜੋ ਰੁਕਿਆ ਨਹੀਂ।।

Tuesday, May 12, 2009

ਇਹ ਵੀ ਚੰਗਾ

ਅੱਜ ਕੱਲ੍ਹ
ਗੱਲਾਂ ਬਹੁਤੀਆਂ
ਸਮਝ ਨਾ ਆਵਣ


ਘੁੱਗੂ ਵੱਟਾ ਬਣਿਆਂ
ਦੇਖੀ ਜਾਵਾਂ
ਠੋਕਰ ਖਾਦੇ ਪੱਥਰ ਤੋਂ
ਮੁੜ ਮੁੜ ਠੋਕਰ ਖਾਵਾਂ
ਕੀ ਚਾਹਾਂ


ਕੀ ਸਾਂ
ਕੀ ਹੁਣ
ਕੀ ਹੋਵਾਂਗਾ
ਅਗਲੇ ਪਲ


ਇਹ ਹੰਝੂ ਹਾਸੇ
ਪੱਥਰ ਫੁੱਲ
ਕੀਹਦੇ ਤੁੱਲ


ਦੇਖੀ ਜਾਵਾਂ
ਘੁੱਗੂ ਵੱਟਾ ਬਣਿਆਂ


ਅੱਜ ਕੱਲ੍ਹ ਗੱਲਾਂ ਬਹੁਤੀਆਂ
ਸਮਝ ਨਾ ਆਵਣ
ਇਹ ਵੀ ਚੰਗਾ ।।

Saturday, May 9, 2009

ਮਾਂ ਨੂੰ



ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ ਨਹੀਂ
ਕਿ ਉਸਨੇ ਜਨਮ ਦਿੱਤਾ ਹੈ ਮੈਨੂੰ
ਇਸ ਕਰਕੇ ਵੀ ਨਹੀਂ
ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ


ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ
ਕਿ ਉਸਨੂੰ
ਆਪਣੇ ਦਿਲ ਦੀ ਗੱਲ ਕਹਿਣ ਲਈ
ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ।।

Monday, May 4, 2009

ਨਲਕਾ


ਤੇਹ ਨੇ ਮੇਰੇ ਪੈਰਾਂ ਨੂੰ ਰੋਕ ਲਿਆ
.........
ਸੋਚਦਾਂ ਪਾਣੀ ਪੀਂਦਿਆਂ ਹੱਥ ਮੂੰਹ ਧੋਂਦਿਆਂ
ਕਿਸ ਨੇ ਲਗਵਾਇਆ ਇਹ ਨਲਕਾ
ਕੌਣ ਹੈ ਉਹ
ਜਿਸ ਕੋਲ ਅਜੇ ਵੀ ਹੈ ਦੂਜਿਆਂ ਲਈ ਫਿਕਰ
..........
ਰੁੱਖ ਹੇਠ ਬੈਠਦਾਂ ਨਲਕੇ ਤੋਂ ਥੋੜ੍ਹੀ ਦੂਰ
ਆਉਂਦੇ ਜਾਂਦੇ ਰੁਕਦੇ ਸਭ ਜਣੇ
ਪਾਣੀ ਪੀਂਦੇ ਆਪਣੇ ਰਾਹ ਪੈਂਦੇ
.......
ਸ਼ਾਇਦ ਮੇਰੇ ਵਾਂਗ
ਰੁਕਣਾ ਚਾਹੁੰਦੇ ਹੋਣ ਉਹ ਵੀ
ਉਹਨਾਂ ਨੇ ਵੀ ਸੋਚਿਆ ਹੋਵੇਗਾ
ਪਾਣੀ ਪੀਂਦਿਆਂ ਕੁਝ ਨਾ ਕੁਝ
.......
ਕਾਲੇ ਪਿੰਡੇ ਵਾਲਾ ਭਈਆ
ਨਹਾ ਰਿਹਾ ਹੈ ਮਲ ਮਲ ਸਾਬਣ
ਨੇੜੇ ਦੀ ਕਿਸੇ ਫੈਕਟਰੀ ਦਾ ਮਜ਼ਦੂਰ ਉਹ
ਨਹਾਉਂਦਾ ਨਹਾਉਂਦਾ ਕਰ ਰਿਹਾ ਨਲਕੇ ਨਾਲ ਗੱਲਾਂ
........
ਗੱਲਾਂ ਕਰਨ ਲਈ
ਹੋਰ ਕੌਣ ਹੈ ਉਹਦੇ ਕੋਲ
ਨਾ ਬੀਵੀ ਨਾ ਭੈਣ ਨਾ ਮਾਂ ਨਾ ਬੱਚੇ
..........
ਨਲਕੇ ਨਾਲ ਕਿਹੋ ਜਿਹਾ ਰਿਸ਼ਤਾ ਉਹਦਾ
.........
ਉਹ ਆਪਣੇ ਪਿੰਡ ਦੇ
ਕਿੰਨੇ ਹੀ ਮੁੰਡਿਆਂ ਨੂੰ ਮਿਲਦਾ ਹੈ
ਨਲਕੇ ਦੇ ਪਾਣੀ ਰਾਹੀਂ
ਆਪਣੇ ਪਿੰਡੇ ਨੂੰ ਛੁੰਹਦਾ
........
ਨਲਕਾ ਪਤਾ ਨਹੀਂ
ਕਿਸ ਨੇ ਲਗਵਾਇਆ ਹੈ
ਨਾ ਨਲਕਾ ਜਾਣਦਾ ਹੈ
ਨਾ ਉਹ ਭਈਆ
ਨਾ ਮੈਂ
ਨਾ ਲੰਘਦਾ ਕੋਈ ਹੋਰ ਰਾਹੀ
......
ਮੈਂ ਉਠਦਾ ਹਾਂ
ਫਿਰ ਧੋਂਦਾ ਹਾਂ
ਇਕ ਵਾਰ ਹੱਥ ਮੂੰਹ
ਪੀਂਦਾ ਹਾਂ ਪਾਣੀ
........
ਨਲਕੇ ਰਾਹੀਂ
ਮੈਂ ਧਰਤੀ ਦੀ ਗਹਿਰਾਈ ਨਾਲ
ਜੁੜਦਾ ਹਾਂ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ