Thursday, April 11, 2013

ਪੋਥੀ




ਹਰ ਕਿਤਾਬ ਨੂੰ ਪੋਥੀ ਆਖਣਾ
ਚੰਗਾ ਲਗਦਾ ਹੈ ਮੈਨੂੰ

ਇਹਦੇ ਵਿਚ ਰੁੱਖ ਹੈ
ਜੜ੍ਹਾਂ  ਪੱਤੇ
ਆਲਣੇ  ਪੰਛੀ
ਸਭ ਪੋਥੀ ਦੇ ਪੱਤ੍ਰਿਆਂ
ਚਿੱਟੇ ਰੰਗ ਦੇ ਹੋ ਗਏ ਨੇ ....
ਕੁਝ ਵੀ ਲਿਖਾਂ
ਨਾ ਲਿਖਾਂ

ਉਹ ਰਾਹੀ ਵੀ
ਜਿਹਨਾ ਲਿਆ ਸੁਖ ਦਾ ਸਾਹ
ਰੁਕੇ ਘੜੀ ਦੀ ਘੜੀ
ਰੁੱਖ ਦੀ ਛਾਵੇਂ
ਘੜੇ ਦਾ ਠੰਢਾ ਪਾਣੀ ਪੀ
ਤੁਰ ਪਏ ਜਿਹੜੇ
ਅਗਲੇ ਰਾਹ
ਇਸ ਤਰ੍ਹਾਂ ਸ਼ਾਮਲ ਹੈ
ਕੁੰਭਕਾਰ ਵੀ
ਚੱਕ ਨੂੰ  ਘੜ੍ਹਨ ਵਾਲਾ
ਮੇਰਾ ਬਾਪ ਵੀ
ਪੋਥੀ ਵਿਚ ਸਾਹ ਲੈਂਦਾ ਹੈ

ਜੋ ਕਦੇ ਕਦੇ ਮੈਨੂੰ ਦਸਦਾ ਹੈ
ਆਹ ਜਿਹੜੇ ਸਕੂਲ ਤੂੰ ਪੜ੍ਹਾਉਣੈ ਹੁਣ
ਤੇਰੇ ਦਾਦੇ ਨਾਲ ਮਿਲ ਬਣਾਇਆ ਇਹਨੂੰ

ਜੀਹਦੇ ਚ ਫਿਲਮਾਂ ਦੇਖ
ਤੂੰ ਕਦੇ ਕਦੇ ਬੋਲਦਾ ਹੁੰਦਾ
ਦਲੀਪ ਕੁਮਾਰ ਵਾਂਙ ਡਾਇਲਾਗ  ਨਿੱਕੇ ਹੁੰਦਿਆਂ
ਤੇਰੇ ਦਾਦੇ ਦੇ ਹੱਥਾਂ ਦੀ ਛੋਹ ਹੈ

ਤੇ ਆਹ ਗੁਰੂਘਰ
ਜੋ ਢਾਹ ਦਿੱਤਾ ਹੈ
ਫਿਰ ਬਣਾਉਣ ਲਈ
ਮੇਰੇ ਕੰਮ ਸਿੱਖਣ ਦੇ ਦਿਨਾਂ ਦੀ ਉਸਾਰੀ
ਇਕੋ ਵਾਰ ਖਾਧੀ ਸੀ ਸਿੱਧੀ ਤੇਸੀ ਪੁੱਠੇ ਹੱਥ ਤੇ

ਮੈਂ ਦੇਖ ਰਿਹਾ ਸਾਂ
ਬਾਪੂ ਦਾ ਚਿਹਰਾ
ਪੋਥੀ ਦਾ ਪਹਿਲਾ ਪੰਨਾ ......।।
0