Wednesday, October 5, 2011

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ


ਮੇਰੇ ਕੋਲ ਪੜ੍ਹਨ ਆਉਂਦੇ
ਬੱਚਿਆਂ ਦੇ ਕੁੜਤੇ
ਅਕਸਰ ਪਾਟੇ ਹੁੰਦੇ
ਕਾਜਾਂ ਕਾਲਰਾਂ ਜੇਬਾਂ ਕੋਲੋਂ

ਇਕ-ਅਧ ਬਟਨ
ਜੇ ਲੱਗਿਆ ਹੋਵੇ
ਲਾਲ ਪੀਲੇ ਕਾਲੇ ਧਾਗੇ ਨਾਲ
ਉਹ ਵੀ ਖੁਲ੍ਹਿਆ ਹੁੰਦਾ ਹੈ

ਇਹਨਾ ਦੇ ਪੈਰਾਂ ਕੋਲ
ਕਿਸੇ ਕਲੱਬ ਵੱਲੋਂ ਮਿਲੇ
ਬੂਟਾਂ ਦਾ ਮਿਹਣਾ ਹੈ
ਐਸ ਸੀ , ਬੀ ਸੀ ਨੂੰ ਮਿਲਦੇ
ਵਜੀਫੇ ਦੀ ਉਡੀਕ

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਕਿਉਂ ਰਹਿ ਜਾਂਦੇ ਉਹੋ ਜਿਹੇ
ਜਿਹੋ ਜਿਹੇ ਉਹ ਆਉਂਦੇ ਘਰੋਂ
ਬਲਕਿ ਘਰੋਂ ਆਏ ਮਾਸੂਮ
ਪੜ੍ਹ ਪੜ੍ਹ ਹੋਰ ਵੀ ਢੀਠ ਹੋ ਜਾਂਦੇ
ਪਹਿਲਾਂ ਨਾਲੋਂ ਵੱਧ ਵਿਗੜ ਜਾਂਦੇ

ਨਹੀਂ ਭਾਉਂਦੇ ਰਤਾ ਵੀ
ਮੁਖ ਅਧਿਆਪਕ ਨੂੰ
ਚੰਗੇ ਨਹੀਂ ਲਗਦੇ
ਸਭ ਭੈਣ ਜੀਆਂ ਨੂੰ
ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਬਹੁਤ ਸਹਿਜ ਲੈਂਦੇ ਨੇ
ਗਧੇ ਸੂਰ ਉਲੂ ਜਿਹੇ ਵਿਸ਼ੇਸ਼ਣ
ਮਿਡ ਡੇ ਮੀਲ ਨਾਲ ਪਾਣੀ ਵਾਂਙ ਪੀ ਜਾਂਦੇ ਨੇ

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਜਾਣਨ ਕਿੰਨਾ ਕੁਝ ਮੇਰੇ ਨਾਲੋਂ ਵੱਧ
ਫਿਰ ਵੀ ਸੁਣਦੇ ਰਹਿਣ
ਚੁੱਪ-ਚਾਪ ਮੈਨੂੰ

ਜਿਵੇਂ ਕਿਤੇ ਬੈਠਾ ਹੋਵਾਂ
ਮੈਂ ਵੀ
ਵਿਚਕਾਰ ਇਹਨਾ ਦੇ
ਪੜਾਉਂਦਿਆਂ  ਅਕਸਰ ਲਗਦਾ ਮੈਨੂੰ


ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਕਿੰਨੇ ਭੋਲੇ ਸਿੱਧੇ ਸਾਦੇ
ਆਪਣੇ ਵਰਗੇ ਆਪ

ਨਹੀਂ ਇਹਨਾ ਕੋਲ
ਕੋਈ ਸਲੀਕਾ ਸਲੂਟ
ਮਾਫ਼ ਕਰਨਾ      ਧੰਨਵਾਦ

ਉਹ ਮੂੰਹ ਫੱਟ ਨੇ
ਜਿਵੇਂ ਜੀਅ ਆਵੇ
ਬੋਲਦੇ ਨੇ     ਗਾਲਾਂ ਕਢਦੇ
ਤੁਰਦੇ ਨੇ     ਪੱਥਰਾਂ ਨੂੰ ਠੁਡੇ ਮਾਰਦੇ
ਖੇਡਦੇ ਨੇ     ਨਸੀਬਾਂ ਦੀ ਗੇਂਦ ਦਾ ਕੈਚ ਛਡਦੇ
ਲੜਦੇ ਨੇ     ਗਲਮੇ ਚ ਹੱਥ ਪਾ ਲੈਂਦੇ

ਪਿਆਰ ਕਰਨ ਦਾ ਇਹੋ ਢੰਗ

ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦਾ
ਰਹਿ ਰਹਿ ਕੇ ਮੋਹ ਕਿਉਂ ਆ ਰਿਹਾ ਹੈ ਮੈਨੂੰ ਅੱਜ


ਚਾਹਾਂ
ਦੋਸਤਾਂ ਵਾਂਙ ਤੁਰਾਂ
ਮੋਢਿਆਂ ਦੁਆਲੇ ਹੱਥ ਪਾ
ਆਪਣੇ ਵਿਦਿਆਰਥੀਆਂ ਨਾਲ

ਪਰ ਮੈਂ ਖਿਝ ਜਾਂਦਾ ਅਕਸਰ ਇਹਨਾ ਤੇ

ਮੇਰੀ ਇਹ ਖਿਝ ਕਿਸ ਵਾਸਤੇ ਹੈ ?

ਉਹ ਜੇ ਲੱਤ ਮੁਕੀ ਹੁੰਦੇ
ਇਕ ਦੂਜੇ ਦੀ ਮਾਂ ਭੈਣ ਇਕ ਕਰਦੇ
ਬੈਂਚਾਂ ਉਪਰ ਨੱਚਦੇ
ਉਚੜੀਆਂ ਕੂਹਣੀਆਂ
ਗਿੱਟੇ ਗੋਡਿਆਂ ਦੇ ਜ਼ਖਮਾਂ ਨੂੰ
ਪੱਟੀ ਨਾ ਬੰਨ੍ਹਦੇ

ਇਹਦੇ ਚ ਇਹਨਾ ਦਾ ਕੀ ਕਸੂਰ ?
ਮੈਂ ਕਿਸ ਤੋਂ ਡਰਦਾ ਹਾਂ ?

ਭਾਸ਼ਣ ਦਿੰਦਾ ਹਾਂ

ਚੁੱਪ ਹੋ ਜਾਂਦੇ
ਜਿਵੇਂ ਕਦੇ ਬੋਲੇ ਹੀ ਨਾ ਹੋਣ
ਸੁਣਦੇ ਮੈਨੂੰ

ਮੈਂ ਦਸਦਾ
ਆਪਣੇ ਜਮਾਤੀ ਬਲਵੰਤ ਭਾਟੀਏ ਬਾਰੇ
ਪਿਉ ਜੁਤੀਆਂ ਸਿਉਂਦਾ ਇਹਦਾ
ਛੁੱਟੀ ਵਾਲੇ ਦਿਨ ਦਿਹਾੜੀ ਕਰਦਾ
ਬਲਵੰਤ ਫੀਸ ਭਰਦਾ
ਅੱਜ ਬੈਂਕ ਮੈਨੇਜਰ

ਤੁਸੀਂ ਵੀ ਪੜ੍ਹੋ

ਮੈਂ ਦਸਦਾ
ਆਪਣੇ ਦੋਸਤ ਰਾਣੇ ਬਾਰੇ
ਅਰਥ-ਸ਼ਾਸ਼ਤਰ ਦਾ ਪ੍ਰੋਫੈਸਰ ਵੀ
ਇਹਦੇ ਪੁੱਛੇ ਪ੍ਰਸ਼ਨਾਂ ਤੋਂ ਤ੍ਰਹਿੰਦਾ
ਛੁੱਟੀ ਇਹਦੀ ਲੰਘਦੀ
ਬੱਠਲ ਚੱਕਦਿਆਂ  ਇੱਟਾਂ ਢੋਂਹਦਿਆਂ
ਅੱਜ ਕੱਲ ਹਾਈਕੋਰਟ
ਇਹਤੋਂ ਪੁੱਛ ਪੁੱਛ ਕੰਮ ਕਰਦੀ
ਚੰਡੀਗੜ੍ਹ ਚ ਨਿਵੇਲੀ ਕੋਠੀ

ਤੁਸੀਂ ਵੀ ਪੜ੍ਹੋ

ਮੈਂ ਆਪਣਾ ਜ਼ਿਕਰ ਛੋਂਹਦਾ
ਚੁੱਪ ਕਰ ਜਾਂਦਾ
ਆਖਦਾ ਮੁੜ ਮੁੜ

ਤੁਸੀਂ ਵੀ ਪੜ੍ਹੋ

ਮੇਰੇ ਕੋਲ
ਪੜ੍ਹਨ ਆਉਂਦੇ
ਬੱਚਿਆਂ ਦੇ ਸੁਪਨੇ

ਕਿੰਨੇ ਸਾਫ ਦਿਸਦੇ
ਮੱਥਿਆਂ ਚ ਵਜਦੇ
ਸਿਰ ਪਾੜ ਦਿੰਦੇ

ਅਸਲ

ਅਜੇ ਤਕ ਨਹੀਂ ਬਣੀ
ਕੋਈ ਖੁਰਦਬੀਨ
ਜੋ ਦੇਖ ਸਕੇ
ਮੇਰੇ ਕੋਲ ਪੜ੍ਹਨ ਆਉਂਦੇ
ਬੱਚਿਆਂ ਦੇ ਸੁਪਨੇ


ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਸ਼ਰਾਰਤੀ ਨੇ
ਸਿਰੇ ਦੇ ਸ਼ਰਾਰਤੀ

ਆਖਦੇ ਅਧਿਆਪਕ
ਸਿਰ ਫੜ੍ਹ ਲੈਂਦੇ

ਮਨ ਹੀ ਮਨ ਸੋਚਦਾ ਕਵੀ-ਮਨ
ਸ਼ੁਕਰ ਹੈ
ਇਹਨਾ ਕੋਲ ਕੁਝ ਤਾਂ ਹੈ ।।

( ਨਵੀਂ ਕਾਵਿ-ਕਿਤਾਬ ' ਸਿਆਹੀ ਘੁਲ਼ੀ ਹੈ ' ਵਿਚੋਂ )

ਬੱਚਿਆਂ ਦੇ ਕੁਮੈਂਟ ਤੇ ਕਿਤਾਬ ਰਿਲੀਜ਼

ਮੇਰੀ ਨਵੀਂ ਕਾਵਿ-ਕਿਤਾਬ ਛਪ ਗਈ ਹੈ ਇਸ ਵਿਚ ਇਕ ਕਵਿਤਾ ਹੈ ' ਮੇਰੇ ਕੋਲ ਪੜ੍ਹਨ ਆਉਂਦੇ ਬੱਚੇ ' , ਇਹ ਕਵਿਤਾ ਮੈਂ ਕੱਲ੍ਹ ਆਪਣੇ ਸੱਤਵੀਂ ਅਤੇ ਅੱਠਵੀਂ 'ਚ ਪੜ੍ਹਦੇ ਬੱਚਿਆਂ ਨੂੰ ਸੁਣਾਈ ਚੁੱਪ ਚੁੱਪ ਬੱਚਿਆਂ ਨੇ ਕੁਝ ਕੁਮੈਂਟ ਮੈਨੂੰ ਲਿਖ ਕੇ ਦਿੱਤੇ :
ਲਖਵਿੰਦਰ ਖਾਨ , ਜਮਾਤ ਸੱਤਵੀਂ : ਕਵਿਤਾ ਸੁਣਦਿਆਂ ਲੱਗਿਆ ਇਹ ਕਦੇ ਮੁੱਕੇ ਨਾ , ਮੈਂਨੂੰ ਹੁਣ ਇੰਝ ਲਗਦਾ ਹੈ ਕਿ ਮੈਂ ਵੀ ਵੱਡਾ ਹੋ ਕੇ ਕਵੀ ਬਣਾ ।।
ਪ੍ਰਦੀਪ ਕੁਮਾਰ , ਜਮਾਤ ਅੱਠਵੀਂ : ਮੈਨੂੰ ਲੱਗਿਆ ਜਿਵੇਂ ਅਸੀਂ ਹੀ ਇਸ ਕਵਿਤਾ ਦੇ ਕਰੈਕਟਰ ਹੋਈਏ ਜ਼ਿੰਦਗੀ ਜਿਉਣ ਨੂੰ ਜੀਅ ਕਰ ਆਇਆ ।।
ਗੋਬਿੰਦ ਰਾਮ ਅਤੇ ਲਖਵਿੰਦਰ , ਜਮਾਤ ਅੱਠਵੀਂ : ਸਾਨੂੰ ਇਹ ਕਵਿਤਾ ਸੁਣ ਕੇ ਇਸ ਤਰਾਂ ਲੱਗਿਆ ਜਿਵੇਂ ਸਰ ਨੇ ਸਾਡੀ ਕੋਈ ਵੀਡੀਓ ਬਣਾਈ ਹੋਵੇ ਅਤੇ ਕੁਝ ਦਿਨਾਂ ਬਾਅਦ ਸਾਡੇ ਅੱਗੇ ਪੇਸ਼ ਕਰ ਦਿੱਤੀ ਹੋਵੇ ।।
ਨਿੰਦਰਪਾਲ ਕੌਰ , ਜਮਾਤ ਅੱਠਵੀਂ :ਕਵਿਤਾ ਪੜ੍ਹ ਕੇ ਪਤਾ ਲੱਗਿਆ ਕਿ ਅਧਿਆਪਕ ਬੱਚਿਆਂ ਨੂੰਕਿੰਨਾ ਪਿਆਰ ਕਰਦੇ ਹਨ ।।
ਰਮਨਦੀਪ ਕੌਰ , ਜਮਾਤ ਅੱਠਵੀਂ : ਇਹ ਕਵਿਤਾ ਜਮਾਂ ਈ ਸਾਡੀ ਕਲਾਸ ਦੇ ਮੁੰਡਿਆਂ ਵਰਗੀ ਹੈ ।।
***** ਸਿਆਹੀ ਘੁਲ਼ੀ ਹੈ ... ਰਿਲੀਜ਼ ਹੋ ਗਈ ******

Saturday, June 11, 2011

ਨੰਗੇ ਪੈਰਾਂ ਦਾ ਸਫ਼ਰ : ਮਕਬੂਲ ਫਿਦਾ ਹੁਸੈਨ

ਇਕ ਬੱਚਾ 
ਸੁੱਟਦਾ ਹੈ
ਮੇਰੇ ਵੱਲ
ਰੰਗ ਬਰੰਗੀ ਗੇਂਦ

ਤਿੰਨ ਟੱਪੇ ਖਾ
ਔਹ ਗਈ
ਔਹ ਗਈ

ਮੈਂ ਆਪਣੇ 'ਤੇ ਹਸਦਾ ਹਾਂ
ਗੇਂਦ ਨੂੰ ਬੁੱਚਣ ਲਈ
ਬੱਚਾ ਹੋਣਾ ਪਵੇਗਾ ।।
0

ਨੰਗੇ ਪੈਰਾਂ ਦਾ ਸਫ਼ਰ
ਮੁਕਣਾ ਨਹੀਂ
ਇਹ ਰਹਿਣਾ ਹੈ
ਸਦਾ ਜਵਾਨ

ਲੰਬੇ ਬੁਰਸ਼ ਦਾ ਇਕ ਸਿਰਾ
ਆਕਾਸ਼ 'ਤੇ ਚਿਮਨੀਆਂ ਟੰਗਦਾ ਹੈ
ਦੂਜਾ ਸਿਰਾ ਧਰਤੀ ਨੂੰ ਰੰਗਦਾ ਹੈ 

ਉਹ ਜਦੋਂ ਵੀ ਅੱਖਾਂ ਮੀਚੇ
ਦੇਖਦਾ ਹੈ
ਅਧਿਆਪਕ ਦੇ ਬਲੈਕ ਬੋਰਡ ਤੋਂ ਪਹਿਲਾਂ
ਆ ਬਹਿੰਦਾ
ਉਹਦੀ ਪੈਨਸਲ 'ਤੇ ਤੋਤਾ ।।
0

ਨੰਗੇ ਪੈਰਾਂ ਦੇ ਸਫ਼ਰ 'ਚ
ਰਲੀ ਹੁੰਦੀ ਹੈ ਧੂੜ੍ਹ ਮਿੱਟੀ ਦੀ ਮਹਿਕ

ਮਚਦੇ ਪੈਰਾਂ ਹੇਠ
ਵਿਛ ਜਾਂਦੀ ਹਰੇ ਰੰਗ ਦੀ ਛਾਂ

ਸਿਆਲੀ ਦਿਨਾਂ 'ਚ ਵਿਛ ਜਾਂਦੀ ਧੁੱਪ 
ਰਾਹਾਂ 'ਚ

ਨੰਗੇ ਪੈਰ ਨਹੀਂ ਪਾਏ ਜਾ ਸਕਦੇ ਪਿੰਜਰੇ 'ਚ

ਨੰਗੇ ਪੈਰਾਂ ਦਾ ਹਰ ਕਦਮ
ਸੁਤੰਤਰ ਲਿਪੀ ਦਾ ਸੁਤੰਤਰ ਵਰਣ

ਪੜ੍ਹਨ ਲਈ ਨੰਗਾ ਹੋਣਾ ਪਵੇਗਾ
ਮੈਂ ਡਰ ਜਾਂਦਾ ।।
0

ਇਕ ਵਾਰ ਉਹਦੀ ਦੋਸਤ ਨੇ
ਤੋਹਫੇ ਵਜੋਂ ਦਿੱਤੀਆਂ ਦੋ ਜੋੜੀਆਂ ਬੂਟਾਂ ਦੀਆਂ
ਨਰਮ ਰੂੰ ਜਿਹਾ ਲੈਦਰ

ਕਿਹਾ ਉਹਨੇ
ਪਾ ਇਹਨਾ ਨੂੰ 
ਬਾਜਾਰ ਚੱਲੀਏ

ਪਾ ਲਿਆ ਉਹਨੇ
ਇਕ ਪੈਰ 'ਚ ਕਾਲਾ
ਦੂਜੇ ਪੈਰ 'ਚ ਭੁਰੇ ਰੰਗ ਦਾ ਬੂਟ

ਇਹ ਕਲਾਕਾਰ ਦੀ ਯਾਤਰਾ ਹੈ ।।
0

ਸ਼ੁਰੂਆਤ ਰੰਗਾਂ ਦੀ ਸੀ
ਤੇ ਆਖਰ
ਉਹ ਰਲ ਗਿਆ
ਰੰਗਾਂ 'ਚ

ਰੰਗਾਂ 'ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ

ਦੁਨੀਆਂ ਦੇ ਕਿਸੇ ਕੋਨੇ
ਆਹ ਹੁਣੇ ਵਾਹ ਰਿਹਾ ਹੋਵੇਗਾ
ਕੋਈ ਬੱਚਾ
ਆਪਣੇ ਸਿਆਹੀ ਲਿਬੜੇ ਹੱਥਾਂ ਨਾਲ
ਨੀਲੇ ਕਾਲੇ
ਘੁੱਗੂ ਘੋੜੇ 

ਰੰਗਾਂ ਦੀ ਕੋਈ ਕਬਰ ਨਹੀਂ ਹੁੰਦੀ ।।

Monday, June 6, 2011

ਤਾਇਆ ਨਾਥੀ ਰਾਮ

।। ਦੋਸਤ ਪਰਾਗ ਰਾਜ ਲਈ ਜਿਹਦਾ ਤਾਇਆ ਮੇਰੀ ਕਵਿਤਾ ਚ ਆ ਕੇ ਮੇਰਾ ਵੀ ਤਾਇਆ ਬਣ ਗਿਆ ।।

ਮੈਨੂੰ ਭੱਜੇ ਜਾਂਦੇ ਨੂੰ ਰੋਕ ਲੈਂਦਾ ਹਾਕ ਮਾਰ
ਬਾਂਹ ਫੜ੍ਹ ਭੀੜ ਚੋਂ ਬਾਹਰ ਲੈ ਜਾਂਦਾ

ਤਾਇਆ ਮਾਂ ਦੀ ਗਾਲ੍ਹ ਕੱਢ ਪੁਛਦਾ
ਕਿੰਨਾ ਚਿਰ ਹੋ ਗਿਆ ਪਿੰਡ ਆਏ ਨੂੰ
ਕੱਢ ਪੰਜ ਸੌ ਦਾ ਨੋਟ
ਉਹ ਨੋਟ ਤੇ ਛਪੇ ਗਾਂਧੀ ਦੀ ਐਨਕ ਲਾਹ
ਝੱਗੇ ਦੀ ਕੰਨੀਂ ਨਾਲ ਸਾਫ਼ ਕਰਦਾ
 ਬੱਕਰੀਆਂ ਚਾਰਦੇ ਭੰਤੇ ਨੂੰ ਚਾਹ ਧਰਨ ਲਈ ਆਖਦਾ

ਉਹਦੇ ਦੁਆਲੇ ਹੋ ਜਾਂਦੇ
ਢਿੱਡੋਂ ਭੁੱਖੇ
ਪੈਰੋਂ ਤੇੜੋਂ ਨੰਗੇ ਬੱਚੇ

ਦੇਖਦਿਆਂ ਦੇਖਦਿਆਂ
ਨੋਟ ਪੰਜ ਸੌ ਦਾ
ਬਦਲ ਜਾਂਦਾ
ਚੱਪਲਾਂ ਨੀਕਰਾਂ ਖਿੱਲਾਂ ਪਤਾਸਿਆਂ

ਤਾਇਆ ਦੱਸਦਾ
ਨਿਆਣਿਆਂ ਤੇ ਬੇਜ਼ੁਬਾਨੇ ਜਾਨਵਰਾ ਤੋਂ ਭਲਾ
ਕੋਈ ਨ੍ਹੀਂ ਹੁੰਦਾ
ਲੈ ਦੇਖ ਜਦੋਂ ਭੰਤਾ ਆਖੂ ਹੇਮਾ ਮਾਲਨੀ
ਲੂੰਗ ਖਾਂਦੀ ਉਹ ਡੱਬੀ ਬੱਕਰੀ
ਭੱਜੀ ਆਊ ਇਹਦੇ ਵੱਲ

ਜੇ ਇਹ ਆਖੇ ਧਰਮਿੰਦਰ
ਸੂੰ ਸੂੰ ਕਰਦਾ ਓਹ ਬੋਕ ਕਾਲਾ
ਇਹਦੇ ਪੈਰਾ ਚ ਬਹਿ ਜੂ

ਤਾਇਆ ਦਿਖਾਉਦਾ
ਸ਼ਹਿਰੀ ਭਤੀਜੇ ਨੂੰ
ਆਜੜੀ ਦੀ ਪਿੱਤਲ ਪਤੀਲੀ
ਸੋਨੇ ਤੋਂ ਵੱਧ ਚਮਕਦੀ
ਤੇ ਸੁਣਾਉਦਾ
ਕਿਸੇ ਵੇਦ ਦਾ ਸ਼ਲੋਕ
ਕਿਸੇ ਪੋਥੀ ਦੀ ਕਥਾ

ਇਹਨੀਂ ਦਿਨੀਂ
ਲਹੌਰ ਦਾ ਪੜ੍ਹਿਆ ਤਾਇਆ
ਦੁਪਹਿਰ ਆਪਣੀ ਜੰਡ ਹੇਠਾਂ ਗੁਜ਼ਾਰੇ
ਧਰਤੀ ਦੇ ਕਾਗਦੁ ਤੇ
ਕੋਈ ਚਿੱਠੀ ਲਿਖੇ
ਲਿਖੇ ਹੋਏ ਨੂੰ ਮਿਟਾਵੇ

ਪਹਿਰ ਤੀਜੇ ਫੇਰ
ਟੋਭੇ ਆਈਆਂ ਮੱਝਾਂ ਮਲ ਮਲ ਨਹਾਵੇ
ਬੁੱਲਾ ਗਾਵੇ

ਜੁੱਤੀਆਂ ਸਿਉਂਦੇ
ਚੰਦੂ ਚਮਾਰ ਨੂੰ ਦੇਖੀ ਜਾਵੇ
ਜਾਂ ਫਿਰ ਤੋਗੇ ਤਖਾਣ ਦੇ ਘਰ
ਗੜਬੀ ਚ ਆਈ ਚਾਹ ਦੀ
ਬਾਟੀ ਭਰ ਪੀ ਜਾਵੇ

ਤਾਇਆ ਇਹਨੀਂ ਦਿਨੀਂ
ਕੋਈ ਫਕੀਰ ਲਗਦਾ
ਪੈਰੀਂ ਘੂੰਗਰੂੰ ਬੰਨ੍ਹਦਾ
ਨੱਚਣ ਲਗਦਾ

ਬੁੜ੍ਹੀਆਂ ਉਹਦੇ ਪੈਰੀਂ ਹੱਥ ਲਾਉਂਦੀਆਂ
ਉਹ ਚੁਪ ਰਹਿੰਦਾ
ਕਹਿੰਦਾ  ਸ਼ਬਦਾਂ `ਚ   ਆਖੀ  ਗੱਲ ਝੂਠੀ ਪੈ ਜਾਂਦੀ ਐ

ਮੈਂ ਉਹਦੇ ਗਿੱਟੇ ਬੰਨ੍ਹੀਂ ਪੱਟੀ ਦੇਖਦਾ
ਡਾਕਟਰ ਨੇ ਕਿਹਾ ਸੀ
ਇਹਨੇ ਮਿੱਠਾਂ ਖਾਣੋਂ ਹਟਣਾ ਨਹੀ
ਤੇ ਸ਼ੂਗਰ ਦਾ ਜਖ਼ਮ ਰਾਜੀ ਹੋਣਾ ਨਹੀ
ਪੱਟੀ ਤਾਂ ਮਿੱਟੀ ਘੱਟਾ ਈ ਰੋਕੂ ਗੀ


ਪੁੱਛਿਆ ਮੈਂ
ਕੀ ਹਾਲ ਐ ਜ਼ਖਮ ਦਾ ?

ਤਾਇਆ ਤਾਅ ਨਾਲ ਬੋਲਿਆ
ਠੀਕ ਐ ਸ਼ੇਰਾ
ਜਮਾਂ ਟੱਲੀ ਅਰਗਾ
ਪਾਣੀ ਪਾ ਪਾ ਠੀਕ ਕਰ ਲਿਆ
ਆਹ ਪੱਟੀ ਦਾ ਤਾਂ ਸੁਭਾਅ ਬਣ ਗਿਆ
ਹੁਣ ਤੁਰਿਆ ਨਹੀਂ ਜਾਂਦਾ ਇਹਦੇ ਬਿਨਾਂ

ਮੈਂ ਪਿਛਾਂਹ ਮੁੜ ਜਾਂਦਾ ਕਈ ਵਰ੍ਹੇ ਪਹਿਲਾਂ
ਜਦੋਂ ਗੁਜ਼ਰ ਗਈ ਸੀ ਤਾਈ
ਕੋਈ ਰੋਂਦਾ , ਕੋਈ ਰੋਂਦੇ ਨੂੰ ਚੁੱਪ ਕਰਾਉਂਦਾ
ਕੋਈ ਸਮਸ਼ਾਨ ਚ ਲੱਕੜਾਂ ਲਈ ਰੁਝਿਆ
ਤਾਏ ਨੇ ਬਸ ਏਨਾ ਹੀ ਕਿਹਾ ਸੀ 
ਉਹਨੇ ਜਾਣਾ ਵੀ ਹੈ ਜਿਹੜਾ ਆਇਆ
ਚੁੱਕ ਕੇ ਸਾਫਾ
ਤੁਰ ਪਿਆ ਤਾਇਆ
ਨਾਲ ਦੇ ਪਿੰਡ ਕਾਮਰੇਡਾਂ ਦਾ ਜਲਸਾ


ਤਾਇਆ ਅੱਜ-ਕੱਲ੍ਹ ਖੇਤਾਂ ਚ ਰਹਿੰਦਾ ਹੈ
ਜੇ ਕੋਈ ਰੋਟੀ ਪਾਣੀ ਦੇ ਆਇਆ ਤਾਂ ਦੇ ਆਇਆ
ਨਹੀਂ ਪਤਾ ਨ੍ਹੀਂ ਉਹ ਕੀ ਖਾਂਦਾ ਜਾਂ ਨਾ ਖਾਂਦਾ
ਦੁਪਹਿਰ ਵੇਲੇ ਸਿਰ ਦੀ ਛਾਂ ਲਈ
ਕੱਖ ਕਾਨਿਆਂ ਦੀ  ਝੁੱਗੀ ਪਾਉਂਦਾ
ਆਥਣ ਹੋਣ ਤੇ ਅੱਗ ਲਾ ਦਿੰਦਾ
ਬਾਹਾਂ ਉਲਾਰ ਉਤਾਂਹ ਨੂੰ
ਕਿਸੇ ਨੂੰ ਕੁਝ ਕਹਿੰਦਾ ਕਹਿੰਦਾ
ਪਤਾ ਨੀਂ ਕਿਹੜੇ ਵੇਲੇ  ਸੌਂ ਜਾਂਦਾ ।।


Thursday, June 2, 2011

ਬੰਤ ਸਿੰਘ ਝੱਬਰ ਨੂੰ ਮਿਲਦਿਆਂ


ਹਵਾ ਜਾਣਦੀ ਹੈ
ਇਹ ਬੰਤ ਸਿੰਘ ਝੱਬਰ ਦਾ ਘਰ ਹੈ
ਉਹ ਘਰ ਦੀ ਹਰ ਸ਼ੈਅ ਨੂੰ
ਛੁਹ ਛੁਹ ਕੇ ਲੰਘਦੀ ਹੈ
ਚੰਡੀਗੜੋਂ ਨਿਰੁਪਮਾ ਦੱਤ ਜੋ ਆਈ ਹੈ

ਪਤੀਲੀ
ਰਿੱਝ ਰਹੀ ਹੈ ਚਾਹ
ਛਟੀਆਂ ਦੀ ਅੱਗ ਦੀਆਂ ਲਾਟਾਂ
ਬਾਹਾਂ ਉਲਾਰ ਉਲਾਰ
ਨਾਅਰੇ ਲਾ ਰਹੀਆਂ ਨੇ

ਕੁੜੀਓ ! ਚੁੱਪ ਕਰੋ
ਮੈਂ ਗਾਉਂਦਾ ਹਾਂ
ਬੋਲਿਓ ਨਾ

ਆਵਾਜ਼ ਨੂੰ ਪਤਾ ਹੈ
ਉਹਦੇ ਧੁਰ ਅੰਦਰ
ਕੀ ਰਿੱਝ ਰਿਹਾ ਹੈ

ਬੰਤ ਸਿੰਘ ਗਾਉਂਦਾ ਹੈ
ਬੁਲੰਦ ਆਵਾਜ਼ ਨਾਲ
ਸੰਗਤ ਕਰ ਰਹੀਆਂ ਨੇ
ਹਵਾ ਮਿੱਟੀ ਤੇ ਅਗਨ ।।
ਮਸ਼ੀਨੀ ਹੱਥ
ਕਰਦਾ ਹੈ ਪੂਰਾ ਕੰਮ
ਪੁਛਦੀ ਹੈ ਨਿਰੁਪਮਾ ਦੱਤ

ਹਾਂ ਜੀ ਪੂਰੇ ਤੋਂ
ਵੱਧ ਕੰਮ
ਕਰਦਾ ਹੈ ਹੱਥ ਮੇਰਾ

ਝੰਡਾ ਫੜ੍ਹ ਲੈਂਦਾ ਹੈ
ਉੱਚਾ ਚੱਕਣ ਲਈ
ਲਹਿਰਾਉਣ ਲਈ
ਮਾਈਕ ਫੜ੍ਹ ਲੈਂਦਾ ਹੈ
ਗਾਉਣ ਲਈ
ਡਾਂਗ ਚੱਕ ਲੈਂਦਾ ਹੈ
......
ਮੈਂ ਦੇਖ ਰਿਹਾਂ
ਸਾਹਮਣੇ ਅਪਣੇ
ਹਜ਼ਾਰਾਂ ਹੱਥਾਂ ਵਾਲਾ ਆਦਮੀ

ਕਿਸੇ ਇਤਿਹਾਸ ਮਿਥਿਹਾਸ ਦਾ ਪਾਤਰ ਨਹੀਂ
ਕਿਸੇ ਦੇਵੀ ਦੇਵਤੇ ਦਾ ਚਿਤਰ ਨਹੀਂ

ਜਿਉਂਦਾ ਜਾਗਦਾ
ਹੱਡ ਮਾਸ ਦਾ ਆਦਮੀ ।।
ਦਾਦਾ ਮੇਰਾ ਧੰਨਾ ਸਿੰਘ ਸੀ
ਅੱਠ-ਪੋਰੀ ਦੀ ਡਾਂਗ ਰੱਖਦਾ

ਪਿੰਡ ਨੂੰ ਪਤਾ ਲੱਗ ਜਾਂਦਾ
ਜਦੋਂ ਉਹ ਖੰਘੂਰਾ ਮਾਰਦਾ

ਦਸਦਾ ਬੰਤ ਸਿੰਘ ਆਖਣ ਲੋਕੀਂ
ਮੈਂ ਉਹਦੇ ਤੇ ਗਿਆ ਹਾਂ

ਦੇਸ਼ ਆਜ਼ਾਦ ਹੈ
ਉਹਦੀਆਂ ਅੱਖਾਂ ਦਗਦੀਆਂ
ਪਿੰਡ ਦੀ ਇਕ ਮਾਈ ਨੇ ਮੁਠੀ ਵੱਟ ਹਵਾ ਚ ਲਹਿਰਾਈ
ਤੇ ਆਖਿਆ : ਲਾਲ ਸਲਾਮ ।।
ਵਿਸ਼ਵਰੂਪ ਗਿਆਨ-ਗੁਰੂ
ਬੰਤ ਸਿੰਘ ਨੂੰ
ਵਿਸ਼ਵ-ਗੁਰੂ ਮੰਨਦਾ ਹੈ

ਇੱਛਾ ਉਹਦੀ ਗਾਵੇ
ਉਹਦੇ ਲਈ ਬੰਤ ਸਿੰਘ
ਦੋ ਸਤਰਾਂ ਹੀ ਗਾਵੇ ਭਾਵੇਂ
ਉਹਦੀ ਭਾਸ਼ਾ

ਪਰ ਗਾ ਨਹੀਂ ਸਕਿਆ
ਸ਼ਬਦ ਵੀ
ਵਾਰ ਵਾਰ ਕੋਸ਼ਿਸ਼ ਕਰਨ ਤੇ
ਆਖਣ  ਲੱਗਿਆ ਆਖਰ

ਅਪਣਾ ਟਰੈਕਟਰ ਤਾਂ
ਕਿਤੇ ਵੀ ਚਲਾ ਲਵਾਂ
ਟੋਇਆਂ ਟਿੱਬਿਆਂ
ਖੇਤਾਂ ਖੇਤਾਨਾਂ

ਪਰ ਤੇਰੀ ਕਾਰ ਤਾਂ ਮੈਥੋਂ
ਸੜਕ ਤੇ ਵੀ ਨਾ ਚੱਲੇ ।।
ਸੋਚਦੇ ਹੋਂ
ਬੰਤ ਸਿੰਘ ਝੱਬਰ
ਝੱਬਰਾਂ ਦਾ ਉਹੀ ਬੰਤ ਸਿੰਘ
ਜਿਸ ਤੇ ਹਮਲਾ ਹੋਇਆ ਕੱਲ੍ਹੇ ਤੇ

ਬਚ ਗਿਆ ਪੀਜੀ ਆਈ ਜਾ ਕੇ
ਦਿੱਲੀ ਹਸਪਤਾਲ ਚ ਪੁਛਦੇ ਰਹੇ
ਡਾਕਟਰ ਉਹਨੂੰ
ਜਿਵੇਂ ਮਨਮੋਹਨ ਸਿੰਘ ਹੋਵੇ

ਪਰ ਕਿੰਨੇ ਹੀ ਬੰਤ ਸਿੰਘ ਨੇ
ਝੱਬਰ ਦੇ ਨਹੀਂ ਕੋਟ ਲੱਲੂ ਦੇ
ਬੱਪੀਆਣੇ ਦੇ
ਜਾਂ ਫਿਰ ਖੁਡਾਲਾਂ ਦੇ ਨਹੀਂ
ਝੰਡਾ ਕਲਾਂ ਦੇ ਨੇ

ਮਰ ਗਏ ਨੇ ਬਿਨਾਂ ਕਿਸੇ ਕੁੱਟ ਤੋਂ
ਨਹੀਂ ਹਨ ਉਹਨਾ ਦੇ ਲੱਤਾਂ ਬਾਹਾਂ
ਲੱਤਾਂ ਬਾਹਾਂ ਹੋਣ ਦੇ ਬਾਵਜੂਦ

ਬੰਤ ਸਿੰਘ ਨਹੀਂ ਜਾਣਦਾ
ਉਹ ਕੀ ਹੈ
ਉਸ ਉਪਰ ਕੋਈ
ਕਿਉਂ ਲਿਖ ਰਿਹਾ ਹੈ ਕਿਤਾਬ
ਕੋਈ ਕਿਉਂ ਬਣਾ ਰਿਹਾ ਹੈ ਫਿਲਮ
ਕੋਈ ਕਿਉਂ ਖਿੱਚ ਰਿਹਾ ਹੈ ਫੋਟੋਆਂ
ਦਿਖਾ ਰਿਹਾ ਹੈ ਕਲਾ ਪਾਰਖੂਆਂ ਨੂੰ

ਬੰਤ ਸਿੰਘ
ਝੱਬਰਾਂ ਦਾ ਬੰਤ ਸਿੰਘ ਹੈ
ਨਹੀਂ ਜਾਣਦਾ
ਕਿਉਂ ਲਿਖੀਆਂ ਮੈਂ
ਬੰਤ ਸਿੰਘ ਤੇ ਕਵਿਤਾਵਾਂ
ਨਹੀਂ ਜਾਣਦਾ
ਇਹ ਕਿਤਾਬਾਂ ਫਿਲਮਾਂ ਫੋਟੋਆਂ
ਬੰਤ ਸਿੰਘ ਝੱਬਰ ਦੀਆਂ ਨੇ
ਜਾਂ ਕਿਸੇ ਹੋਰ ਦੀਆਂ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ