Thursday, February 26, 2009

ਰੇਖਾਵਾਂ


ਗੋਲ ਗੋਲ ਕੀ ਨੇ


ਅੱਖਾਂ ਉਤੇ
ਅੱਖਾਂ ਵਿਚ


ਮਰਜ਼ੀ ਨਾਲ ਦੇਖੇ
ਸਭ ਨੂੰ
ਜਾਂ ਅਣਦੇਖਿਆ ਕਰ ਛੱਡੇ


ਲਤੀਫਾ ਨੰਬਰ 4ਨਹੀਂ
੧੦੦੦ ਨਹੀਂ
ਬਸ ਇਕ ਇਕ ਜੋੜਦੇ ਜਾਵੋ
ਉਹੀ ਸੰਖਿਆ
ਨੰਬਰ ਲਤੀਫਾ ਇਹਦਾ


ਹੱਸੇ ਤਾਂ ਸ਼ੁਕਰ ਕਰੋ


ਗੱਲਾਂ ਕਰਨ ਜਾਣਦਾ ਬਹੁਤੀਆਂ
ਚੁੱਪ ਚੁੱਪ ਜਿਹਾ ਲੱਲਾ ਪੁਠਾ


ਲਭਦਾ ਜੜ੍ਹਾਂ
ਕੁਝ ਬੀਜਣ ਲਗਦਾ
ਛੰਨਾ ਭਰ ਪਾਣੀ ਪੀਂਦਾ
ਪੂਰਨ ਕਵੀ ਨੂੰ ਯਾਦ ਕਰਦਾ
ਲਹੌਰ ਦੇ ਚਿੱਟੇ ਮੋਰ ਰੰਗ ਭਰਦਾ


ਪੁਛਿਆ ਇਕ ਦਿਨ
ਕਦੋਂ ਆਉਣਾ ਘਰ ਆਪਣੇ
ਤੂੰ ਇੰਡੀਆ
ਦਿਲ ਨੀ ਕਰਦਾ
ਜਦੋਂ ਅੰਨਜਲ ਹੋਇਆ


ਗੋਲ ਗੋਲ ਕੀ ਨੇ
ਸੁਕਾਂਤ ਨੇ ਜੋ ਜਾਣਿਆ
ਨਾਲ ਰੇਖਾਵਾਂ


ਉਸ ਜਿਹਾ ਮੁੜ ਨਾ ਜਾਣਿਆ
ਹੋਰ ਕਿਸੇ


ਤੂੰ ਵੀ ਆਪਣੇ ਆਪ ਨੂੰ ਨਾ ਹੀ
ਕਵੀ ਕੌਣ ਵਿਚਾਰਾ ।।

Wednesday, February 25, 2009

ਖੱਦੋ

ਇਸ ਕਵਿਤਾ ਮੈਂ
ਖੱਦੋ ਨਾਲ ਖੇਡ ਰਿਹਾ
ਜਿਸ ਬਾਰੇ ਨਾ ਜਾਣਨ ਮੇਰੇ ਬੱਚੇ
ਨਾ ਮਿਤਰ ਬੱਲੇ ਦੇ

ਇਹ ਉਹੀ ਖੱਦੋ
ਜਿਸਨੂੰ ਅਸੀਂ
ਪਾਟੀਆਂ ਲੀਰਾਂ ਪੁਰਾਣੀਆਂ
ਕਰ ਕੱਠੀਆਂ ਮੜ੍ਹਦੇ
ਨਾਲ ਦਰੀਆਂ ਦੇ ਧਾਗੇ

ਇਹ ਉਹੀ ਖੱਦੋ
ਜੋ ਖੂੰਢਿਆਂ ਅੱਗੇ ਦੌੜਦੀ
ਸਭ ਨੂੰ ਆਪਣੇ ਪਿਛੇ ਲਾਈ ਰਖਦੀ

ਖੇਡ ਕਿਸੇ ਹੋਰ
ਢੂੰਹੀਆਂ ਵਜਦੀ
ਵੱਖਰੀ ਛੋਹ ਨਾ' ਭਰਦੀ
ਮੂਹਰੇ ਭਜਾਈ ਫਿਰਦੀ

ਖੱਦੋ ਇਹ ਉਹੀ
ਜਿਸ ਨੂੰ ਫੋਲਿਆਂ
ਲੀਰਾਂ ਹੀ ਨਿਕਲਣ

ਇਸ ਵੇਲੇ ਮੈਂ
ਕੰਪਿਊਟਰ ਮੂਹਰੇ
ਸ਼ਬਦਾਂ ਨੂੰ ਖੱਦੋ ਵਾਂਙ ਬੁੜਕਾਅ ਰਿਹਾਂ ।

Monday, February 23, 2009

ਪਿਤਾ

ਤੁਸੀਂ ਕਦੇ
ਗਾਰਾ ਬਣਾਉਂਦੇ
ਮਜ਼ਦੂਰ ਦੇ ਪੈਰਾਂ ਨੂੰ
ਦੇਖਿਆ ਹੈ

ਉਹ ਫੈਲੇ ਹੁੰਦੇ ਨੇ
ਚਾਰੋਂ ਤਰਫ਼
ਰੁੱਖ ਦੀਆਂ ਜੜ੍ਹਾਂ ਵਾਂਗ

ਉਸ ਤੋਂ ਵੱਡਾ ਨਹੀਂ ਕੋਈ ਨ੍ਰਿਤਕ

ਤੁਸੀਂ ਕਦੇ
ਸੱਤਵੀਂ ਸਤਾਰਵੀਂ ਅਸੰਖਵੀਂ ਮੰਜ਼ਲ 'ਤੇ
ਕੰਮ ਕਰਦੇ
ਮਿਸਤਰੀ ਨੂੰ ਦੇਖਿਆ ਹੈ

ਉਹ ਸੁਨੀਤਾ ਵਿਲੀਅਮ ਦੇ
ਮੋਢੇ ਨਾਲ ਮੋਢਾ ਜੋੜ
ਕਰ ਰਿਹਾ ਹੈ ਅਨੰਤ ਖੋਜਾਂ
ਪੁਲਾੜ ਯਾਤਰੀ ਹੈ ਪਿਤਾ ਮੇਰਾ ।।

ਆਨੰਦ

ਮੈਂ ਤੇ ਉਹ
ਖੂਬ ਲੜੇ ਅੱਜ

ਗੁੱਭ ਗੁਬਾਰ ਕੱਢ ਦਿੱਤਾ ਬਾਹਰ

ਰੱਦੀ ਵਾਲੇ ਮੁੰਡੇ ਨੂੰ
ਦੇ ਦਿੱਤਾ
ਘਰ ਦਾ ਕਬਾੜ ।।

Sunday, February 22, 2009

ਪੱਥਰ

ਇਕ ਦਿਨ
ਮੈਂ ਨਦੀ ਕਿਨਾਰੇ ਪਏ ਪੱਥਰ ਨੂੰ
ਪੱਥਰ ਦੀ ਭਾਸ਼ਾ 'ਚ ਪੁਛਦਾ ਹਾਂ

ਤੂੰ ਬਣਨਾ ਚਾਹੇਂਗਾ
ਕਿਸੇ ਕਲਾਕਾਰ ਹੱਥੋਂ
ਇਕ ਕਲਾਕ੍ਰਿਤ

ਤੈਨੂੰ ਫਿਰ ਰੱਖਿਆ ਜਾਵੇਗਾ
ਕਿਸੇ ਆਰਟ ਗੈਲਰੀ ਵਿੱਚ

ਦੂਰੋਂ ਦੂਰੋਂ ਆਵੇਗੀ ਦੁਨੀਆਂ ਦੇਖਣ

ਤੇਰੇ ਰੰਗ ਰੂਪ ਆਕਾਰ ਉਪਰ
ਲਿਖੇ ਜਾਣਗੇ ਲੱਖਾਂ ਲੇਖ

ਪੱਥਰ ਹਿਲਦਾ ਹੈ
ਨਾਂਹ ਨਾਂਹ
ਮੈਨੂੰ ਪੱਥਰ ਹੀ ਰਹਿਣ ਦਿਉ

ਹਿ ਲ ਦਾ ਪੱਥਰ
ਐਨਾ ਕੋਮਲ
ਐਨਾ ਕੋਮਲ ਤਾਂ
ਮੈਂ ਕਦੇ ਫੁੱਲ ਵੀ ਨਹੀਂ ਤੱਕਿਆ ।।

Saturday, February 21, 2009

ਚੌਗੁਣੀ ਖੁਸ਼ੀ


ਹੁਣੇ ਮੈਂ ਆਪਣੀ
ਦਾੜ੍ਹੀ ਡਾਈ ਕਰਕੇ ਹਟਿਆ ਹਾਂ

ਹੱਥ ਹੋਰ ਮਜਬੂਤ ਹੋ ਗਏ

ਪੈਰ ਤੁਰਨ ਨੂੰ ਕਾਹਲੇ

ਪਤਨੀ ਦੇਖ ਮੇਰੇ ਵੱਲ ਮੁਸਕਾਵੇ

ਦੂਰ ਦੇਸੋਂ ਕੋਈ ਖ਼ਤ ਲਿਖੇ

ਖੁਸ਼ ਹੈ ਬੱਚੀ ਮੇਰੀ
ਮੇਰੀ ਫੋਟੋ ਖਿਚੇ

ਬੇਟੂ ਬੂਟ ਪਾਲਿਸ਼ ਕਰ
ਮੈਂਨੂੰ ਪਾਉਣ ਲਈ ਦੇਵੇ

ਦਾੜ੍ਹੀ ਡਾਈ ਕਰਨ ਤੋਂ ਬਾਅਦ
ਮੈਂ ਪੂਰੇ ਆਕਾਸ਼ ਦਾ ਚੱਕਰ ਲਾ ਮੁੜਿਆ
ਪੰਛੀ ਕਿਹੜਾ ।।

Friday, February 20, 2009

ਮਾਂ ਬੋਲੀ


ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ

ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ

ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਛਟੀਆਂ ਦੀ ਅੱਗ
ਫੁਲਦੀ ਰੋਟੀ
ਛੰਨੇ 'ਚ ਘਿਉ ਸ਼ੱਕਰ ?

ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ

ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ

ਕਵਿਤਾ ਸੁਣਦਿਆਂ
ਮਾਂ ਬੋਲੀ 'ਚ
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ

ਮਾਂ ਬੋਲੀ 'ਚ
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ

ਮਾਂ ਬੋਲੀ ਤੋਂ ਬਾਹਰ
ਮੈਂ ਕੁਝ ਵੀ ਨਹੀਂ
ਮਾਂ ਬੋਲੀ 'ਚ ਸਭ ਕੁਝ ।।

Thursday, February 19, 2009

ਨਾਂਅ

ਨਹੀਂ ਹੋਣੀ ਨਾਂਅ ਬਿਨਾਂ
ਦੁਨੀਆਂ ਵਿੱਚ ਕੋਈ ਸ਼ੈਅ

ਜਾਣਿਆਂ ਕੱਲ
ਫਲ ਖਰੀਦ ਦਿਆਂ

ਬੇਟੀ ਪੁਛੇ
ਗੋਲ ਜਿਹਾ
ਕੀ ਹੈ ਔਹ

ਨਹੀਂ ਦੇਖਿਆ ਸੁਣਿਆਂ ਚੱਖਿਆ ਹੋਣਾ
ਇਸ ਤੋਂ ਪਹਿਲਾਂ ਉਸ ਨੇ ਕਦੇ

ਮੈਂ ਦੱਸਿਆ
ਇਹ ਫਲ ਹੈ ਖਰਬੂਜ਼ਾ

ਉਹ ਹੱਸੇ
ਵਾਰ ਵਾਰ ਦੁਹਰਾਵੇ
ਖ ਬੂਜ਼ਾ
ਖ ਬੂਜ਼ਾ

ਨਹੀਂ ਹੋਣੀ ਨਾਂਅ ਬਿਨਾਂ
ਕੋਈ ਸ਼ੈਅ ।।

Wednesday, February 18, 2009

ਖੇਡ ਰੰਗਾਂ ਦੀ



ਦਸਤਾਨੇ ਪਹਿਨਦਿਆਂ
ਕਹਿ ਉਠਿਆ ਮੈਂ
ਹਜ਼ਾਰਾਂ ਰੰਗ ਨੇ
ਮੇਰੇ ਕੱਪੜਿਆਂ ਕੋਲ


ਦੇਖਦਾਂ ਪਤਨੀ ਨੂੰ
ਸਿਰ 'ਤੇ ਸਕਾਰਫ ਬੰਨ੍ਹਦਿਆਂ
ਲੱਖਾਂ ਰੰਗ ਨੇ
ਉਹਦੇ ਕੱਪੜਿਆਂ ਕੋਲ


ਅੰਦਰੋਂ ਆਉਂਦੀ
ਨਚਦੀ ਟਪਦੀ
ਫਰਾਕ ਨਵੀਂ ਪਹਿਨੀ
ਬੱਚੀ ਮੇਰੀ


ਇਕੋ ਰੰਗ ਹੈ ਉਹਦੇ ਕੋਲ ।।

Tuesday, February 17, 2009

ਬੰਸਰੀ

ਇਸ ਨੂੰ ਕਦੇ ਕਦੇ ਰਾਤ ਦਾ ਹਨੇਰਾ ਵਜਾਉਂਦਾ ਹੈ ।।

Monday, February 16, 2009

ਧਰਤੀ ਖੁਸ਼ ਹੈ


ਬੇਟੀ ਨੇ
ਪਹਿਲੀ ਪੁਲਾਂਘ ਭਰੀ

ਇਕ ਰੁੱਖ ਨੇ ਜਿਵੇਂ
ਦੂਜੇ ਨੂੰ ਕਿਹਾ

ਚੱਲ ਆਪਾਂ ਵੀ ਸਿਖੀਏ ਤੁਰਨਾ
ਘੰਮ ਫਿਰ ਕੇ
ਦੇਖੀਏ ਦੁਨੀਆਂ

ਮੁਦਤ ਤੋਂ ਖੜ੍ਹੇ
ਇਕ ਥਾਂਵੇਂ

ਅੱਕ ਥੱਕ ਗਏ ਹਾਂ

ਸੁਨੇਹਾ ਇਹ ਪਹੁੰਚ ਗਿਆ
ਪਲੋ ਪਲੀ

ਸਭ ਰੁੱਖਾਂ ਕੋਲ

ਹਸਦੇ ਡਿਗਦੇ
ਉਠਦੇ ਹਸਦੇ
ਤੁਰਨਾ ਸਿੱਖਣ ਲੱਗੇ ਰੁੱਖ ।।

Sunday, February 15, 2009

ਮਹਾਂਕਵੀ

ਮੈਂ ਆਮ ਆਦਮੀ ਦੇ ਦੁੱਖ ਸੁਣਦਾ ਹਾਂ
ਉਹਨਾਂ ਤੇ ਕਵਿਤਾ ਲਿਖਣੀ ਚਾਹੁੰਦਾ ਹਾਂ

ਉਹ ਲਲਕਾਰੇ ਮਾਰਦਾ ਹੈ
ਬੱਕਰੇ ਬਲਾਉਂਦਾ ਹੈ
ਆਪਣੇ ਦੁੱਖਾਂ ਤੇ
ਹੱਸ ਛਡਦਾ ਹੈ

ਮੈਂ ਉਸ ਮਹਾਂਕਵੀ ਲਈ
ਇੱਕ ਕਵੀ
ਕਿਹੋ ਜਿਹੀ ਕਵਿਤਾ ਲਿਖਾਂ ।।

Friday, February 13, 2009

ਅੰਦਰਲੀ ਪਟੜੀ ਤੇ ਰੇਲ

ਹੁਣੇ ਰਾਤ ਦੀ ਗੱਡੀ ਲੰਘੀ ਹੈ
ਮੈਂ ਗੱਡੀ ਤੇ ਨਹੀਂ
ਉਹਦੀ ਕੂਕ ਤੇ ਚੜ੍ਹਦਾ ਹਾਂ
ਮੇਰੇ ਅੰਦਰ ਨੇ
ਅਸੰਖ ਸਟੇਸ਼ਨ
ਮੈਂ ਕਦੇ
ਕਿਸੇ ਤੇ ਉਤਰਦਾ ਹਾਂ
ਕਦੇ ਕਿਸੇ ਤੇ।।

ਖਿਆਲ

ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਈ ਤੂੰ

ਤੂੰ ਮਿਲੀ
ਤੇ ਆਖਣ ਲੱਗੀ

ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਿਆ ਤੂੰ

ਹਸਦਿਆਂ ਹੱਸਦਿਆਂ
ਆਇਆ ਦੋਹਾਂ ਨੂੰ ਖਿਆਲ

ਜੇ ਨਾ ਹੁੰਦਾਖਿਆਲ

ਤਾਂ ਇਸ ਦੁਨੀਆਂ 'ਚ
ਕੋਈ ਕਿਵੇਂ ਮਿਲਦਾ
ਇਕ ਦੂਜੇ ਨੂੰ ।।

Thursday, February 12, 2009

ਕਵਿਤਾ ਸਨਮੁਖ


ਇਕ ਦਿਨ
ਬੇਟੂ ਮੇਰੇ ਨੇ ਕਵਿਤਾ ਜੋੜੀ
ਉਹ ਮੇਰੇ ਪਿਉ
ਮੈਂ ਖਾਣਾ ਹੈ ਸਿਉ
ਨਰਮ ਲਾਲ ਭਾਹ ਮਾਰਦਾ
ਸੇਬ ਮੈਂ
ਚਾਕੂ ਨਾਲ ਕੱਟਿਆ
ਫਾੜ੍ਹੀ ਫਾੜ੍ਹੀ ਹੋ
ਪਲੇਟ 'ਚ ਟਿਕ ਗਿਆ ।।

Wednesday, February 11, 2009

ਰਾਸ਼ਨ ਦੀ ਸੂਚੀ ਤੇ ਕਵਿਤਾ ਦੀ ਦੋਸਤ

5 ਲੀਟਰ ਰੀਫਾਈਂਡ ਧਾਰਾ
5 ਕਿਲੋ ਖੰਡ
5 ਕਿਲੋ ਸਾਬਣ ਕੱਪੜੇ ਧੋਣ ਵਾਲੀ
ਇਕ ਕਿਲੋ ਮੂੰਗੀ ਮਸਰੀ
ਇਕ ਪੈਕਟ ਸੋਇਆਬੀਨ
ਲੂਣ, ਭੁੰਨੇ ਛੋਲੇ ,ਥੈਲੀ ਆਟਾ ,
ਲੌਂਗ ਲੈਂਚੀਆਂ 50 ਗ੍ਰਾਮ
ਕਵਿਤਾ ਦੀ ਕਿਤਾਬ 'ਚ
ਕਿਥੋਂ ਆ ਗਈ
ਰਸੋਈ ਦੇ ਰਾਸ਼ਨ ਦੀ ਸੂਚੀ !
ਮੈਂ ਇਸ ਨੂੰ
ਕਵਿਤਾ ਤੋਂ ਵੱਖ ਕਰ ਦੇਣਾ
ਚਾਹੁੰਦਾ ਹਾਂ
ਪਰ ਧੁਰ ਅੰਦਰੋਂ
ਆਵਾਜ਼ ਇਕ ਰੋਕ ਦਿੰਦੀ ਮੈਂਨੂੰ
ਤੇ ਆਖਦੀ
ਜੇ ਰਸੋਈ ਦੇ ਰਾਸ਼ਨ ਦੀ ਸੂਚੀ
ਜਾਣਾ ਚਾਹੁੰਦੀ ਹੈ ਕਵਿਤਾ ਨਾਲ
ਫਿਰ ਤੂੰ ਕੌਣ ਹੁੰਨੈ
ਇਹਨੂੰ ਵੱਖ ਕਰਨ ਵਾਲਾ
ਫੈਸਲੇ ਸੁਣਾਉਂਦਾ
ਮੈਂ ਮੁਸਕਰਾਉਂਦਾ
ਰਾਸ਼ਨ ਦੀ ਸੂਚੀ ਨੂੰ
ਕਵਿਤਾ ਦੀ ਦੋਸਤ ਹੀ ਰਹਿਣ ਦਿੰਦਾ
ਦੋਸਤੋ ਕਮੀ ਜੇ ਸੁਹਜ ਦੀ ਰਹਿ 'ਗੀ
ਗੁੱਸਾ ਨਾ ਮੰਨਿਉ
ਇਹ ਮੇਰਾ ਨਹੀਂ
ਮੇਰੇ ਅੰਦਰ ਦਾ ਫੈਸਲਾ ਹੈ
ਅੰਦਰ ਨੂੰ ਕੌਣ ਰੋਕੇ
ਸੂਚੀ ਜੇ ਤੁਸੀਂ
ਮੇਰੀ ਰਸੋਈ ਦੀ ਨਹੀਂ
ਤਾਂ ਆਪਣੀ ਦੀ ਪੜ੍ਹ ਲੈਣਾ
ਕਵਿਤਾ ਜੇ ਤੁਸੀਂ
ਮੇਰੀ ਨਹੀਂ
ਤਾਂ ਆਪਣੇ ਅੰਦਰ ਦੀ ਪੜ੍ਹ ਲੈਣਾ ।।

ਹਾਇਬਨ ।। ਛਾਲ


ਮੇਰੇ ਇਕ ਮਿਤਰ ਦਾ ਫੁੱਫੜ ਪੁਰਾਣਾ ਕਾਮਰੇਡ, ਵਿਦਿਆਰਥੀ ਜੀਵਨ ' ਚ ਸਿਰ ਕੱਢ ਆਗੂ।
ਨੌਕਰੀ ਅਜਿਹੇ ਮਹਿਕਮੇ 'ਚ ਮਿਲ ਗਈ ਜਿਸ 'ਚ ਪੈਸੇ ਦਾ ਮੀਂਹ ਹਰ ਵੇਲੇ ਪੈਂਦਾ ਰਹਿੰਦੈ।
ਪਿਛਲੇ ਦਿਨੀਂ ਮਿਤਰ ਤੇ ਉਹਦਾ ਫੁੱਫੜ ਛੱਤ 'ਤੇ ਬੈਠੇ ਦਾਰੂ ਪੀ ਰਹੇ ਸਨ। ਗੱਲ ਕਾਮਰੇਡਾਂ
ਦੀ ਛਿੜ ਪਈ। ਮਿਤਰ ਨੇ ਸ਼ਰਾਰਤ ਕੀਤੀ," ਜੇ ਅਜੇ ਵੀ ਕਾਮਰੇਡ ਹੋਂ,ਤਾਂ ਕੋਠੇ ਤੋਂ ਛਾਲ
ਮਾਰ ਕੇ ਦਿਖਾਉ ।"
ਫੁੱਫੜ ਨੇ ਅੱਗਾ ਦੇਖਿਆ ਨਾ ਪਿਛਾ,ਕੋਠੇ ਤੋਂ ਛਾਲ ਮਾਰ 'ਤੀ। ਮਾਰਕਸ ਨੇ ਹੱਥ ਦੇ ਕੇ ਬਚਾ
ਲਿਆ। ਸਵੇਰੇ ਫੁੱਫੜ ਹੈਰਾਨ ਕਿ ਕੋਠੇ ਤੋਂ ਡਿਗ ਕਿਵੇਂ ਪਿਆ !ਮਿਤਰ ਨੂੰ ਯਾਦ ਨਾ ਕਿ
ਉਹਨੇ ਹੀ ਤਾਂ ਛਾਲ ਮਾਰਨ ਨੂੰ ਕਿਹਾ ਸੀ
ਸ਼ਾਮ ਗਲਾਸੀ ਰੰਗ ਗੁਲਾਬੀ
ਅੰਦਰ ਜੋ ਦੱਬ ਗਿਆ ਸੀ
ਸਾਹਮਣੇ ਖੜ੍ਹ ਗਿਆ

Monday, February 9, 2009

ਮਾਂ ਨੂੰ

ਮੈਂ ਮਾਂ ਨੂੰ ਪਿਆਰ ਕਰਦਾ ਹਾਂ

ਇਸ ਕਰਕੇ ਨਹੀਂ

ਕਿ ਉਸ ਨੇ ਜਨਮ ਦਿੱਤਾ ਹੈ ਮੇਨੂੰ

ਇਸ ਕਰਕੇ ਵੀ ਨਹੀਂ

ਕਿ ਉਸ ਨੇ ਪਾਲਿਆ ਪੋਸਿਆ ਹੈ ਮੈਨੂੰ



ਮੈਂ ਮਾਂ ਨੂੰ ਪਿਆਰ ਕਰਦਾ ਹਾਂ

ਇਸ ਕਰਕੇ

ਕਿ ਉਸਨੂੰ

ਆਪਣੇ ਦਿਲ ਦੀ ਗੱਲ ਕਹਿਣ ਲਈ

ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ।।

Sunday, February 8, 2009

ਦੁੱਖ ਸੁਖ ਵਿਚ


ਮੈਂ ਘਾਹ 'ਤੇ ਬੈਠਾ
ਦੇਖ ਰਿਹਾਂ
ਅਕਾਸ਼ ਵੰਨੀਂ

ਪੰਛੀ ਇਕ ਸਹਿਜ
ਉਚੀ ਉਡਾਣ 'ਤੇ ਹੈ

ਥੋੜ੍ਹਾ ਚਿਰ ਪਹਿਲਾਂ
ਘਾਹ ਮੇਰਾ ਗੁਰੂ

ਹੁਣ ਮੈਂ
ਪੰਛੀ ਦਾ ਸ਼ਿਸ਼ ਹਾਂ।।

ਹਿਲਦਾ ਹੱਥ

ਇਕ ਅਣਜਾਣ ਆਦਮੀ ਦੌੜਦਾ
ਲੰਘ ਜਾਂਦਾ ਕੋਲ ਦੀ ਮੇਰੇ
ਬਿਨ ਰੁਕਿਆਂ ਹੱਥ ਹਿਲਾਉਂਦਾ

ਹਿਲਦਾ ਹੱਥ ਉਹੀ ਧੜਕਦਾ
ਦਿਲ ਅੰਦਰ ਮੇਰੇ ।।

ਮੁਸਾਫਰ

ਗੱਡੀ 'ਚ ਸਫਰ ਕਰਦਿਆਂ
ਕੋਈ ਸੌਂਦਾ ਹੈ
ਕੋਈ ਪੜ੍ਹਦਾ ਹੈ
ਕੋਈ ਨਾਲ ਦੀ ਸਵਾਰੀ ਨਾਲ
ਗੱਲਾਂ 'ਚ ਮਗਨ ਹੈ
ਕੋਈ ਬਾਹਰ ਖੇਤਾਂ 'ਚ
ਖੜ੍ਹੇ ਰੁੱਖਾਂ ਨੂੰ
ਪਿਛਾਂਹ ਦੌੜਦੇ ਤਕਦਾ ਹੈ
ਕਰਦਿਆਂ ਇਸ ਤਰ੍ਹਾਂ
ਕਈ ਵਾਰ
ਜਾਣਾ ਹੁੰਦਾ ਹੈ ਗੱਡੀ ਨੇ
ਦਿਲੀ
ਪਰ ਮੁਸਾਫਰ ਕੋਈ
ਪਹੁੰਚ ਜਾਂਦਾ ਹੈ
ਲਾਹੌਰ ।।

Saturday, February 7, 2009

ਰੰਗ ਤਮਾਸ਼ਾ




ਇਹ ਫੋਟੋ ਮੇਰੀ 6 ਸਾਲਾਂ ਦੀ ਧੀ ਸਨੋਅ ਨੇ ਉਦੋਂ ਖਿਚੀ ਸੀ , ਜਦੋਂ ਉਹ 5 ਸਾਲਾਂ ਦੀ ਸੀ।। ਉਹਦੇ ਲਈ ਇਹ ਝੀਲ ' ਚ ਤੈਰਦੀ ਕਿਸ਼ਤੀ ਹੈ ।।

Friday, February 6, 2009

ਕੱਲਾ ਮੈਂ ਨਹੀਂ

ਕਵਿਤਾ ਹਰ ਖਿਣ ਹਰ ਸ਼ੈਅ
ਲਿਖ ਰਹੀ ਹੈ

ਲਉ ਚੱਖੋ
ਮਜ਼ਦੂਰ ਨੇ ਦੁਪਹਿਰ ਵੇਲੇ
ਖ੍ਹੋਲਿਆ ਹੈ ਰੋਟੀਆਂ ਵਾਲਾ ਪੋਣਾ
ਅੰਬ ਦੇ ਅਚਾਰ ਦੀਆਂ ਫਾੜ੍ਹੀਆਂ
ਸਭ ਤੋਂ ਲਜ਼ੀਜ਼ ਪਦਾਰਥ ਨੇ
ਇਸ ਵੇਲੇ ਉਹਦੇ ਲਈ
ਲਉ ਦੇਖੋ
ਰਿਕਸ਼ਾ ਚਲਾਉਂਦੇ ਬਿਹਾਰੀ ਨੇ
ਦਮ ਭਰਿਆ ਹੈ
ਇਕ ਮੋਟੇ ਬਾਬੂ ਨੂੰ
ਮੰਜ਼ਲ ਤੇ ਪਹੁੰਚਾ ਕੇ
ਨਮਸਕਾਰ ਕਿਹਾ ਹੈ
ਰੇੜੀ ਖਿਚ ਰਹੇ ਬੁੱਢੇ ਨੇ
ਫਾਟਕ ਦੀ ਚੜਾਈ 'ਤੇ
ਹੱਡਾਂ ਨੂੰ ਪਰਖਿਆ ਹੈ
ਲਉ ਸੁਣੋ
ਬਿਨ ਨਹਾਤੇ ਗੰਦੇ ਲਿਬੜੇ
ਬੱਚਿਆਂ ਦੀਆਂ ਅੱਖਾਂ ਦੀ ਦਰਦ ਭਰੀ
ਹਸਰਤ
ਉਨ੍ਹਾਂ ਨਿੱਕ ਸੁੱਕ
ਭੱਜਿਆ ਟੁੱਟਿਆ
ਸਮਾਨ ਚੁਕਦਿਆਂ
ਸਕੂਲੋਂ ਆਉਂਦੇ
ਥੱਕੇ ਸੋਹਣੇ ਬੱਚਿਆਂ ਨੂੰ
ਦੇਖਿਆ ਹੈ
ਕਵਿਤਾ
'ਕੱਲਾ ਮੈਂ ਨਹੀਂ ਲਿਖਦਾ ।।
*

Tuesday, February 3, 2009

ਖੂਹ

ਖੂਹ ਕਿੰਨਾ ਡੂੰਘਾ
ਪਾਣੀ ਕਿੰਨਾ ਮਿੱਠਾ
ਜਾਣਨ ਉਹੀ
ਜੋ ਹਰ ਦਿਨ ਖੂਹ ਪੁੱਟ ਕੇ
ਪੀਣ ਪਾਣੀ
ਜੇ ਨਾ ਹੁੰਦੇ
ਇਹ ਬੰਦੇ
ਤੇ ਮਿੱਠਾ ਪਾਣੀ
ਤਾਂ ਰਹਿ ਜਾਂਦੇ ਵਿਚਾਰੇ
ਖੂਹ ਸਾਰੇ
ਮਿੱਟੀ ਹੇਠਾਂ ਦੱਬੇ
ਪਾਣੀ ਪੀਂਦਾ ਬੰਦਾ
ਸੋਚ ਦਾ ਖੂਹ ਪੁੱਟੇ
ਹੋਰ ਸ਼ੈਆਂ ਕਿਹੜੀਆਂ
ਡੂੰਘੀਆਂ ਮਿੱਠੀਆਂ
ਜੋ ਰਿਹ ਗਈਆਂ
ਪੁੱਟਣ ਖੁਣੋਂ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ