Wednesday, November 27, 2013

ਉਤਲੇ ਮਨੋਂ ਕੌਣ ਹੱਸ ਖੇਡ ਸਕਦਾ ਹੈ





                             ਦੇਵਨੀਤ ਨਾਲ ਮੇਰਾ ਵਾਹ ਵੀਹ ਬਾਈ ਵਰ੍ਹਿਆਂ ਦਾ ਹੈ , ਉਦੋਂ ਉਹ ਬਿਆਲੀਆਂ ਦਾ ਸੀ ਤੇ ਮੈਂ ਚੌਵੀਆਂ ਦਾ । ਸਬੱਬ ਨਾਲ ਮੈਂ ਬਦਲ ਕੇ ਇਹਦੇ ਸਕੂਲ ਚ ਆ ਗਿਆ । ਇਹ ਅਪਣੇ ਅਸਲੀ ਨਾਂ ਬਲਦੇਵ ਸਿੰਘ ਸਿੱਧੂ ਦੇ ਨਾਮ ਨਾਲ ਮਿੰਨੀ ਕਹਾਣੀਆਂ ਤੇ ਸਿੱਖਿਆ ਨਾਲ ਜੁੜ੍ਹੇ ਲੇਖ ਲਿਖਦਾ, ਪਹਿਲੇ ਦੂਜੇ ਨੰਬਰ ਤੇ ਆਉਂਦਾ । ਦੋਸਤਾਂ ਨੂੰ ਖਤ , ਡਾਇਰੀ ਅਤੇ ਖੁਸ਼ੀ ਗਮੀ ਦੇ ਸਾਹਿਤਕ ਸੱਦਾ-ਪੱਤਰ ਲਿਖਣਾ ਇਹਦਾ ਸ਼ੌਕ ਸੀ । ਜਿੱਡਾ ਵੱਡਾ ਕਵੀ ਇਹ ਹੁਣ ਹੈ ,ਇਹਨੇ ਕਦੇ ਸੋਚਿਆ ਨਹੀਂ ਸੀ । ਅਸੀਂ ਮਿਲੇ ਤਾਂ ਇਹ ਵੀ ਕਵਿਤਾ ਦੇ ਰਾਹ ਪੈ ਗਿਆ । ਕਮਾਲ ਇਹ ਹੋਈ ਕਿ ਪਹਿਲੀ ਹੀ ਕਵਿਤਾ ਨਾਗਮਣੀ ਦੇ ਪੱਤ੍ਰਿਆਂ ਤੇ ਜਾ ਸਜੀ । ਅੰਮ੍ਰਿਤਾ ਪ੍ਰੀਤਮ ਦਾ ਚਹੇਤਾ ਕਵੀ ਬਣ ਗਿਆ ਦੇਵਨੀਤ । ਮੈਨੂੰ ਯਾਦ ਹੈ ਜਦੋਂ ਅਸੀਂ ਬੀਮਾਰ , ਮੰਜੇ ਨਾਲ ਮੰਜਾ ਹੋਈ ਅੰਮ੍ਰਿਤਾ ਨੂੰ ਮਿਲਨ ਗਏ ਤਾਂ ਉਹ ਵਾਰ ਵਾਰ ਦੇਵਨੀਤ ਨੂੰ ਇਹਦੀ ਕਵਿਤਾ ਦੇ ਹਵਾਲੇ ਨਾਲ ਪੁੱਛੇ , ਦੇਵਨੀਤ ! ਮੈਂ ਸਮੁੰਦਰ ਕਦੋਂ ਹੋਵਾਂਗੀ । ਦੇਵਨੀਤ ਛੇਤੀ ਹੀ ਪੰਜਾਬੀ ਸਾਹਿਤ ਸੰਸਾਰ ਚ ਜਾਣਿਆ ਜਾਣ ਲੱਗਿਆ । ਇਸ ਲੰਮੇ ਸਫਰ ਚ ਅਸੀਂ ਲੜੇ-ਭਿੜੇ , ਘੁਲੇ-ਮਿਲੇ । ਪਿਆਰ ਈਰਖਾ , ਪੱਖ ਵਿਰੋਧ ਨਾਲੋ ਨਾਲ ਤੁਰਦੇ ਰਹੇ ।  
                      ਦੋ ਢਾਈ ਵਰ੍ਹੇ ਪਹਿਲਾਂ ਜਦੋਂ ਇਹਨੂੰ ਭੈੜੀ ਖੰਘ ਨੇ ਘੇਰਿਆ ਤਾਂ ਇਹਦੀਆਂ ਮਹਿਫਲਾਂ ਦੇ ਘੇਰੇ ਚ ਮੈਂ ਨਹੀਂ ਸੀ । ਕਦੇ ਕਦਾਈਂ ਅਸੀਂ ਓਪਰਿਆਂ ਵਾਂਗ ਮਿਲਦੇ ਤੇ ਬਸ । ਇਕ ਦਿਨ ਆਥਣੇ ਸਾਡੇ ਸਾਂਝੇ ਮਿਤਰ ਅਮਨ ਨੇ ਮੈਨੂੰ ਦੇਵਨੀਤ ਦੇ ਘਰ ਬੁਲਾਇਆ । ਬਿਨ ਕੁਝ ਦੱਸਿਆਂ-ਪੁੱਛਿਆਂ ਮੈਂ ਪੌੜੀਆਂ ਚੜ੍ਹ ਗਿਆ । ਹੁਣ ਛੱਤ ਤੇ ਝੂਲਾ ਬਣੇ ਵਾਣ ਦੇ ਮੰਜੇ ਦੀ ਥਾਂ ਸੀਮਿੰਟੀ ਥੜ੍ਹਾ ਸੀ । ਦੇਵਨੀਤ ਖੰਘਦਾ ਚਾਕੂ ਵਾਂਗ ਦੂਹਰਾ ਹੋ ਰਿਹਾ ਸੀ । ਅਮਨ ਨੂੰ ਕੱਲ੍ਹ  ਹੀ ਟੈਸਟ ਕਰਵਾਉਣ ਲਈ ਕਹਿੰਦਿਆਂ ਮੈਂ ਹਰ ਪੰਜਾਬੀ ਵਾਂਗ ਡਾਇਗਨੋਜ ਕੀਤਾ , ਤੈਨੂੰ ਟੀ ਬੀ ਹੋ ਗਈ , ਦਵਾਈ ਲੈ ਲਗਾਤਾਰ,ਖਤਰਨਾਕ ਨਹੀਂ ਹੁੰਦੀ , ਠੀਕ ਹੋ ਜਾਵੇਂਗਾ ਦਵਾਈ ਸ਼ੁਰੂ ਕਰਦਿਆਂ ਹੀ....। ਦੇਵਨੀਤ ਨੇ ਖੰਘਦਿਆਂ ਕਿਹਾ, ਟੀ ਬੀ ਹੋਊ ਤੈਨੂੰ....। ਮੈਂ ਉਹਦੀ ਆਦਤ ਤੋਂ ਜਾਣੂ ਸੀ ,ਚੁੱਪ ਰਿਹਾ । ਜਦੋਂ ਮਹੀਨੇ ਬਾਅਦ ਲੁਧਿਆਣੇ ਕੈਂਸਰ ਹੋਣ ਦਾ ਪਤਾ ਲੱਗਿਆ ਤਾਂ ਦੇਵਨੀਤ ਬੋਲਿਆ , ਟੀ ਬੀਆਂ ਭਾਵੇਂ ਦੋ ਹੋ ਜਾਂਦੀਆਂ...। ਖੈਰ ਉਹਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਅਪਣੀ ਇਛਾ ਸ਼ਕਤੀ ਤੇ ਮਹਿੰਗੀਆਂ ਦਵਾਈਆਂ ਕਰਕੇ ਬੀਮਾਰੀ ਨੂੰ ਢਾਹੀ ਬੈਠਾ ਹੈ ਤੇ ਮੁੜ ਤੋਂ ਪੜ੍ਹਨ-ਲਿਖਣ ਲੱਗਿਆ ਹੈ । ਮੈਂ ਕਈ ਵਾਰ ਸੋਚਦਾਂ ਜਿਵੇਂ ਇਹਨੂੰ ਕਿਸੇ ਨੇ ਨਜ਼ਰ ਲਾ ਦਿੱਤੀ ਹੋਵੇ । ਸੇਵਾ-ਮੁਕਤ ਹੁੰਦਿਆਂ ਹੀ ਇਹਦੇ ਅੰਦਰ ਲੋਹੜੇ ਦੀ ਊਰਜਾ ਆ ਗਈ ਸੀ । ਹਰ ਰਸਾਲੇ ਅਖਬਾਰ ਚ ਇਹਦਾ ਕੁਝ ਨਾ ਕੁਝ ਛਪਦਾ ਤੇ ਕਿਸੇ ਸਮਾਗਮ ਚ ਇਹਦੀ ਕਵਿਤਾ ਦੀ ਗੱਲ ਹੋ ਰਹੀ ਹੁੰਦੀ ਤੇ ਕਿਸੇ ਚ ਇਹ ਕਿਸੇ ਹੋਰ ਕਵੀ ਬਾਰੇ ਗੱਲ ਕਰ ਰਿਹਾ ਹੁੰਦਾ । ਆਥਣ ਵੇਲੇ ਸ਼ੁਰੂ ਹੁੰਦੀ ਮਹਿਫਲ, ਗਈ ਰਾਤ ਖਤਮ ਹੁੰਦੀ ਤੇ ਫਲਸਫੀ ਦੀਆਂ ਗਲਾਸੀਆਂ ਡੁਲ੍ਹਦੀਆਂ ਭਰਦੀਆਂ ਰਹਿੰਦੀਆਂ । ਦੇਵਨੀਤ ਲਈ ਸਭ ਤੋਂ ਹੁਸੀਨ ਵਰ੍ਹੇ ਇਹੋ ਹੋਣੇ ।
           ਭੈੜੀ ਬਿਮਾਰੀ ਸੁਣਦਿਆਂ ਹੀ ਇਹਦਾ ਬੇਟਾ ਰੂਬੀ ਰਾਤੋ-ਰਾਤ ਲੰਡਨੋਂ, ਮਾਨਸਾ ਆ ਗਿਆ । ਫੈਸਲਾ ਇਹ ਹੋਇਆ ਕਿ ਇਹਦਾ ਇਲਾਜ ਮੁੰਬਈ ਤੋਂ ਕਰਵਾਇਆ ਜਾਵੇ । ਰੂਬੀ ਪੜ੍ਹਿਆ ਵੀ ਉੱਥੋਂ ਤੇ ਕਈ ਵਰ੍ਹੇ ਨੌਕਰੀ ਵੀ ਕਰਦਾ ਰਿਹਾ ਹੈ । ਉਹਨੇ ਅਪਣੇ ਦੋਸਤਾਂ ਨੂੰ ਫੋਨ ਘੁੰਮਾਏ ਤੇ ਕਈ ਡਾਕਟਰਾਂ ਨਾਲ ਸਮਾਂ ਲੈ ਲਿਆ । ਮੈਂ ਉਹਨਾ ਦੇ ਨਾਲ ਜਾਣ ਲਈ ਹਾਂ ਕਰ ਦਿੱਤੀ, ਤੇ ਅਪਣੇ ਦੁਖਦੇ ਪੈਰ ਲਈ ਦਰਦ-ਨਿਵਾਰਕ ਗੋਲੀਆਂ ਜੇਬ ਚ ਪਾ ਲਈਆਂ । ਅਗਲੀ ਸਵੇਰ ਅਸੀਂ ਦਿੱਲੀ ਤੋਂ ਜਹਾਜ਼ ਫੜ੍ਹਿਆ ਤੇ ਦੋ ਘੰਟਿਆਂ ਚ ਬੰਬੇ ਪਹੁੰਚ ਗਏ । ਜਹਾਜ਼ ਜਿਵੇਂ ਹਵਾ ਚ ਨਹੀਂ ਇਹਦੀ ਖੰਘ ਚ ਉਡਿਆ ਹੋਵੇ । ਚਿੱਟਾ ਪਰਨਾ ਇਹਦੇ ਮੂੰਹ ਚੋਂ ਨਿਕਲਦੇ ਪਾਣੀ ਨਾਲ ਗੜੁੱਚ ਹੋ ਗਿਆ ਸੀ । ਦਿੱਲੀ ਤੋਂ ਚੱਲਣ ਵੇਲੇ ਦੇਵਨੀਤ ਨੇ ਕਿਹਾ ਸੀ , ਇਹਨੂੰ ਵੀ ਅਪਣੇ ਦੂਜੇ ਟੂਰਾਂ ਵਾਂਗ ਟੂਰ ਹੀ ਸਮਝ , ਨਜ਼ਾਰੇ ਨਾਲ ਝੂਟਾ ਲੈਨੇ ਆਂ ਜਹਾਜ਼ ਦਾ...। ਪਰ ਬੰਬੇ ਪਹੁੰਚਦਿਆਂ ਹੀ ਉਹਨੂੰ ਘਬਰਾਹਟ ਹੋਣ ਲੱਗੀ । ਉਹ ਖਿਝਿਆ ਹੋਇਆ ਸੀ , ਬੀਮਾਰੀ ਦਾ ਭੰਨਿਆਂ ਬੰਦਾ ਕਿੰਨਾ ਕੁ ਚਿਰ ਸਹਿਜ ਰਹਿ ਸਕਦਾ ਹੈ । ਅਮਨ ਨੇ ਫੋਨ ਤੇ ਕੋਈ ਸਲਾਹ ਦਿੱਤੀ ਤਾਂ ਉਸ ਤੇ ਵੀ ਖਿਝ ਗਿਆ । ਰੂਬੀ ਅਤੇ ਮੈਨੂੰ ਭੱਜ ਭੱਜ ਪਵੇ । ਮੈਂ ਕਿਹਾ, ਮੈਂਨੂੰ ਦੇ ਲੈ ਜਿਹੜੀਆਂ ਗਾਲਾਂ ਦੇਣੀਆਂ , ਤੇਰਾ ਦੋਸਤ ਆਂ ...ਹੋਰ ਨਾ ਕਿਸੇ ਨੂੰ ਕੁਝ ਕਹਿ , ਰੂਬੀ ਤਾਂ ਦੁਖੀ ਹੋਣ ਦੇ ਨਾਲ ਤਨਾਅ ਚ ਵੀ ਹੈ...। ਪੂਰੇ ਦਸ ਦਿਨ ਅਸੀਂ ਬੰਬੇ ਰਹੇ । ਦਸ ਦਿਨਾਂ ਦੀ ਕਥਾ ਦਸ ਹਜ਼ਾਰ ਸਫਿਆਂ ਤੇ ਫੈਲ੍ਹ ਸਕਦੀ ਹੈ , ਪਰ ਮੇਰੀ ਇਹ ਸਮਰੱਥਾ ਨਹੀਂ ।
                 ਇਹ ਪਿਛਲੇ ਕਈ ਦਿਨਾਂ ਤੋਂ ਸੁੱਤਾ ਨਹੀਂ ਸੀ ਤੇ ਨਾ ਹੀ ਸੌਣਾ ਚਾਹੁੰਦਾ ਸੀ । ਇਹਦੇ ਮਨ ਚ ਇਹ ਗੱਲ ਬੈਠ ਗਈ ਸੀ ਕਿ ਜੇ ਸੌਂ ਗਿਆ ਤਾਂ ਮਰ ਗਿਆ । ਇਕ ਰਾਤ ਇਹਦੀ ਅੱਖ ਲੱਗ ਗਈ ਤਾਂ ਤ੍ਰਭਕ ਕੇ ਉੱਠਦਿਆਂ ਹੀ ਮੇਰੇ ਤੇ ਵਰ੍ਹ ਪਿਆ , ਜੇ ਤੂੰ ਮੇਰਾ ਖਿਆਲ ਹੀ ਨਹੀਂ ਰੱਖਣਾ ਤਾਂ ਨਾਲ ਕਿਉਂ ਆਇਆ ? ਮੈਨੂੰ ਨੀਂਦ ਆ ਗਈ ਸੀ , ਤੂੰ ਸੌਣ ਕਿਉਂ ਦਿੱਤਾ ਮੈਨੂੰ !? ਤੈਨੂੰ ਪਤੈ  ! ਜੇ ਮੈਂ ਸੌਂ ਗਿਆ ਤਾਂ ਮਰ ਜੂੰ ? ਉਹਦਾ ਸਾਹ ਚੜ੍ਹ ਗਿਆ । ਮੈਂ ਉਹਨੂੰ ਸਮਝਾਉਣ ਲੱਗਿਆ , ਸੌਂ ਕੇ, ਬੀਮਾਰ ਬੰਦਾ ਠੀਕ ਹੁੰਦਾ ਹੈ ਮਰਦਾ ਨਹੀਂ ... ਰੂਬੀ ਕਿਸੇ ਕੈਫੇ ਚ ਇੰਟਰਨੈਟ ਤੇ ਡਾਕਟਰਾਂ ਦੀ ਭਾਲ ਲਈ ਗਿਆ ਹੋਇਆ ਸੀ । ਬੰਬੇ ਚ ਕਦੇ ਰਾਤ ਨਹੀਂ ਪੈਂਦੀ । ਮੈਂ ਦੇਵਨੀਤ ਨੂੰ ਕਿਹਾ , ਜੇ ਸੁੱਤਾ ਪਿਆ ਮਰ ਵੀ ਜਾਵੇਂ ਤਾਂ ਵੀ ਚੰਗਾ ਈ ਐ , ਸੁੱਤਾ ਪਿਆ ਬੰਦਾ ਤੁਰ ਜਾਵੇ , ਇਸ ਤੋਂ ਚੰਗੀ ਕਿਸਮਤ ਕੀਹਦੀ ਹੋਊ...।
ਮੇਰੀ ਡੈੱਡ-ਬੌਡੀ ਕਿਵੇਂ ਲੈ ਕੇ ਜਾਵੋਂਗੇ ਮਾਨਸਾ , ਰੂਬੀ ਤਾਂ ਹੈ ਹੀ ਨਿਆਣਾ ਤੇ ਤੂੰ ਵੀ ਉਹੋ ਜਿਹਾ ਹੀ ਹੈਂ...।
ਤੂੰ ਫਿਕਰ ਨਾ ਕਰ , ਇੱਥੇ ਸਮੁੰਦਰ ਚ ਸਿੱਟ ਜਾਂਗੇ ਤੇਰੀ ਲੋਥ , ਸਾਗਰੀ ਜੀਵ-ਜੰਤੂੰਆਂ ਨੂੰ ਕਵੀ ਮਿਲੂ ਭੋਜਨ ਲਈ...। ੳਤਲੇ ਮਨੋਂ ਕੌਣ ਹੱਸ ਖੇਡ ਸਕਦਾ ਹੈ !
            ਟੈਸਟਾਂ ਲਈ ਅਸੀਂ ਨਾ ਦਿਨ ਦੇਖਿਆ ਨਾ ਰਾਤ , ਤੁਰੇ ਰਹਿੰਦੇ । ਤੀਜੇ ਦਿਨ ਜਾ ਕੇ ਜਦੋਂ ਟਾਟਾ ਦੇ ਡਾਕਟਰਾਂ ਨੇ ਇਹਦੇ ਫੇਫੜ੍ਹਿਆਂ ਚੋਂ ਪਾਣੀ ਕੱਢਿਆ ਤਾਂ  ਕੇਰਾਂ ਤਾਂ ਇਹਦੀ ਖੰਘ ਟਿਕ ਗਈ , ਇਕ ਰਾਤ ਇਹ ਘੂਕ ਸੁੱਤਾ । ਮੈਂ ਤੇ ਰੂਬੀ ਇਹਨੂੰ ਸੁੱਤੇ ਪਏ ਨੂੰ ਦੇਖਦੇ ਰਹੇ, ਨਾਲੇ ਇਲਾਜ ਲਈ ਸਲਾਹ ਮਸ਼ਵਰਾ ਕਰਦੇ ਰਹੇ । ਸਾਨੂੰ ਲੱਗਣ ਲੱਗਿਆ ਕਿ ਰਿਪੋਰਟਾਂ ਠੀਕ ਆਉਣਗੀਆਂ ।
            ਅਸੀਂ ਕਦੇ ਡਾਕਟਰ ਅਡਵਾਨੀ ਨੂੰ ਮਿਲਦੇ ਕਦੇ ਅੰਬਾਨੀ ਦੇ ਹਸਪਤਾਲ ਵਾਲੇ ਮਹਿਤੇ ਨੂੰ । ਕਦੇ ਰਿਪੋਟਾਂ ਡਾਕਟਰ ਗੋਸਵਾਮੀ ਨੂੰ ਦਿਖਾਉਂਦੇ ਕਦੇ ਕੁਲਕਰਣੀ ਨੂੰ । ਸਾਰੇ ਡਾਕਟਰ ਤੀਜੀ ਸਟੇਜ ਦੱਸਦੇ ਪਰ ਡਾਕਟਰ ਅਡਵਾਨੀ ਨੇ ਹੌਸਲਾ ਦਿੱਤਾ । ਰੂਬੀ ਨੂੰ ਚਾਅ ਚੜ੍ਹ ਗਿਆ , ਸਾਨੂੰ ਕਈ ਦਿਨਾਂ ਬਾਅਦ ਬੰਬੇ ਦੀਆਂ ਉੱਚੀਆਂ ਇਮਾਰਤਾਂ ਦਿਸੀਆਂ । ਪਰਸੋਂ ਨੂੰ ਪਹਿਲੀ ਕੀਮੋ ਹੋਣੀ ਸੀ । ਖੰਘ ਫਿਰ ਵਧ ਗਈ , ਅਸੀਂ ਸਮਝ ਗਏ ਫੇਫੜ੍ਹਿਆਂ ਦਾ ਪਾਣੀ ਮੁੜ ਵਧ ਗਿਆ । ਦੇਵਨੀਤ ਡਿਪਰੈਸ਼ਨ ਚ ਸੀ । ਉਹ ਰੂਬੀ ਦੀ ਗੈਰ ਹਾਜ਼ਰੀ ਚ ਬੇਟੀ ਨੈਨਸੀ ਨੂੰ ਯਾਦ ਕਰਦਾ ਤੇ ਮੈਨੂੰ ਆਖਦਾ , ਮੈਂ ਹੁਣ ਮਾਨਸਾ ਕਦੇ ਨਹੀਂ ਜਾਣਾ , ਇੱਥੇ ਹੀ ਰਹਿਣਾ ਹੈ ਬੰਬੇ , ਰੂਬੀ ਇੱਥੇ ਜਾਬ ਕਰ ਲਊ .... ਮੈਨੂੰ ਮਾਨਸਾ ਨਾਲ ਨਫਰਤ ਹੋ ਗਈ .... ਇੱਥੇ ਇਕ ਛੋਟਾ ਜਿਹਾ ਫਲੈਟ ਲੈ ਲਵਾਂਗੇ , ਅੱਠ ਕਿੱਲੇ ਨੇ .... ਵੇਚ ਦੇਵਾਂਗੇ ....ਜਦੋਂ ਖੇਤੀ ਕਰਨੀ ਹੀ ਨ੍ਹੀਂ.....।  ਉਹਦੇ ਬੀਮਾਰ ਮਨ ਦੀਆਂ ਖੇਡਾਂ । ਅੱਠਾਂ ਕਿੱਲਿਆਂ ਚੋਂ ਇਕ ਇਹਦੀਆਂ ਦਵਾਈਆਂ ਲਈ ਵਿਕ ਗਿਆ । ਦੇਵਨੀਤ ਨੇ ਖਾਣਾ ਪੀਣਾ ਕਦੇ ਬੰਦ ਨਹੀਂ ਸੀ ਕੀਤਾ । ਰਸੋਈ ਤੋਂ ਉਹਦੇ ਬੈੱਡ ਤਕ ਆਉਂਦਾ ਆਂਡਾ ਠੰਢਾ ਹੋ ਜਾਂਦਾ ਤੇ ਮੈਂ ਉਹਨੂੰ ਮੁੜ ਗਰਮ ਕਰਦਾ ਮਨ ਹੀ ਮਨ ਉਹਨੂੰ ਬੁਰਾ ਭਲਾ ਕਹਿੰਦਾ । ਫਿਰ ਜਦੋਂ ਉਹਦਾ ਖਾਦਾ ਪੀਤਾ ਹਾਜ਼ਮ ਨਾ ਆਉਂਦਾ ਤਾਂ ਉਹ ਲੱਤਾਂ ਬਾਹਾਂ ਘੁੱਟਣ ਲਈ ਮੈਨੂੰ ਅਪਣੀ ਮੱਛਰਦਾਨੀ ਚ ਬੁਲਾ ਲੈਂਦਾ । ਲੱਤਾਂ ਘੁੱਟਦਿਆਂ ਮੈਂ ਸੋਚਦਾ, ਇਸ ਬੰਦੇ ਦਾ ਕਿਹੜਾ ਕਿਹੜਾ ਕਰਜ਼ਾ ਦੇਣੈ...।
੦੦
                    ਦੋ ਕੱਪ ਚਾਹ ਤੁਹਾਡੇ ਸਾਹਮਣੇ ਪਰੋਸ ਰਿਹਾ ਹਾਂ , ਇਹਦੀ ਸਕੀਮ ਵੀ ਸਾਲ ਪਹਿਲਾਂ ਬਣੀ । ਕਿਤਾਬ ਦੇ ਇਸ ਨਾਂ ਬਾਰੇ ਦੇਵਨੀਤ ਦਾ ਆਖਣਾ ਹੈ, ਇਹ ਬੜਾ ਕਰੀਏਟਵ ਨਾਂ ਹੈ , ਦੁਨੀਆਂ ਦੀ ਸਮੁੱਚੀ ਕਲਾ ਕਾਫ਼ੀ,ਚਾਹ, ਕੈਫੇ, ਢਾਬਿਆਂ ਤੇ ਤੁਰਦੀ ਰਹੀ ਹੈ ਮੈਨੂੰ ਇਸ ਨਾਂ ਅੰਦਰ ਸਿਰਜਣਾ ਦੀ ਤਪਸ਼ ਨਜ਼ਰ ਰਹੀ ਹੈ ਡਾ, ਸਰਬਜੀਤ ਇਸ ਨਾਂ ਨੂੰ ਵੱਖਰੇ ਅਰਥਾਂ ਵੇਖਦਾ ਹੈ, ਉਹ ਕਹਿੰਦਾ ਹੈ ਕਿ ਪੂੰਜੀਵਾਦ ਨੇ ਬੰਦੇ ਅੰਦਰੋਂ ਸੰਵੇਦਨਾ ਮਾਰੀ ਹੈ ਸੰਵਾਦ ਖਤਮ ਹੋ ਰਿਹਾ ਹੈ ਸ਼ਾਇਰ ਕੱਲਾ ਨਹੀਂ ਹੋਣਾ ਚਾਹੁੰਦਾ ਦੋ ਕੱਪ ਚਾਹ ਆਰਡਰ ਦਿੰਦਾ ਹੈ ਤੇ ਦੂਜੇ ਕੱਪ ਨਾਲ ਡਾਇਲਾਗ ਸਥਾਪਤ ਕਰਨਾ ਚਾਹੁੰਦਾ ਹੈ
                  ਮੇਰੇ ਮਨ ਚ ਆਇਆ ਕਿ ਇਸ ਬੰਦੇ ਨੂੰ ਕਿਵੇਂ ਨਾ ਕਿਵੇਂ ਸਾਂਭਿਆ ਜਾਵੇ । ਮੇਰੀ ਇੱਛਾ ਸੀ ਇਹਦੀ ਜੀਵਨੀ ਲਿਖਾਂ । ਇਹਦੇ ਲਈ ਮੇਰੇ ਸਾਹਮਣੇ ਗੀਤ ਚਤੁਰਵੇਦੀ ਦੁਆਰਾ ਲਿਖੀ ਚਾਰਲੀ ਚੈਪਲਿਨ ਦੀ ਜੀਵਨੀ ਸੀ । ਇਹਦੇ ਲਈ ਖੁਲ੍ਹੇ ਸਮੇਂ ਤੇ ਮਿਹਨਤ ਦੀ ਲੋੜ ਸੀ । ਸਮਾਂ ਮੇਰੇ ਕੋਲ ਬਥੇਰਾ ਹੈ ਪਰ ਮਿਹਨਤ ਨਹੀਂ । ਮੈਂ ਇਹਦਾ ਡਜ਼ਾਇਨ ਬਦਲ ਦਿੱਤਾ । ਇਸ ਵਿਚ ਇਹਦੀਆਂ ਚੋਣਵੀਆਂ ਕਵਿਤਾਵਾਂ ਸ਼ਾਮਲ ਕਰ ਲਈਆਂ ਤੇ ਇਹਦੇ ਨਾਲ ਗੱਲਾਂ ਬਾਤਾਂ । ਕੁਝ ਖਤ ਵੀ ਪਾ ਲਏ । ਕਿਤਾਬ ਤਿਆਰ ਕਰਦਾ ਕਰਦਾ ਰੁਕ ਜਾਂਦਾ । ਮੈਨੂੰ ਇਹਦੀ ਕੋਈ ਸਾਰਥਕਿਤਾ ਨਾ ਲਗਦੀ । ਨੀਰੂ ਅਸੀਮ ਦਾ ਫੋਨ ਆਇਆ, ਗੁਰਪ੍ਰੀਤ ! ਇਹ ਕਿਤਾਬ ਤੂੰ ਜ਼ਰੂਰ ਛਾਪ , ਦੇਵਨੀਤ ਦੇ ਸਾਹ ਨੇ ਇਹ ਕਿਤਾਬ....। ਮੈਂ ਫਿਰ ਤੋਂ ਇਸ ਕਿਤਾਬ ਨੂੰ ਚੁੱਕ ਲਿਆ ਤੇ ਅਪਣੇ ਆਪ ਨੂੰ ਕਿਹਾ, ਜੇ ਮੈਂ ਇਹਦੇ ਜਿਉਂਦੇ ਜੀਅ ਇਹ ਕਿਤਾਬ ਨਹੀਂ ਛਪਵਾ ਸਕਦਾ, ਫਿਰ ਇਹਦੇ ਤੁਰ ਜਾਣ ਬਾਅਦ ਤਾਂ ਮਤਲਬ ਹੀ ਨਹੀਂ । ਮੇਰੇ ਸਾਹਮਣੇ ਕਿੰਨੇ ਹੀ ਵੱਡੇ ਛੋਟੇ ਲੇਖਕ ਘੁੰਮ ਗਏ ,ਜਿਹੜੇ ਤੁਰ ਗਏ ਤੇ ਬਸ ਤੁਰ ਗਏ ।
                          ਮਨ ਕੀਤਾ ਕੁਝ ਹੋਰ ਦੋਸਤਾਂ ਨੂੰ ਇਸ ਸੰਵਾਦ ਚ ਸ਼ਾਮਲ ਕਰ ਲਵਾਂ । ਕਵਿਤਾ ਦੀਆਂ ਗੱਲਾਂ ਮੈਂ ਇਹਨਾ ਦੋਸਤਾਂ ਜਿੰਮੇ ਲਾ ਦਿੱਤੀਆਂ । ਅਜਮੇਰ ਰੋਡੇ ਨੇ ਲਿਖਿਆ , ਦੇਵਨੀਤ ਦੀ ਕਵਿਤਾ ਨਾਲ ਪੰਜਾਬੀ ਕਵਿਤਾ ਇਕ ਉਲਾਂਘ ਹੋਰ ਪੁੱਟਦੀ ਹੈ ਬਹੁਤੀ ਕਵਿਤਾ ਪਾਣੀ ਦੇ ਬੁਲਬਲਿਆਂ ਵਾਂਗ ਹੁੰਦੀ ਹੈ, ਜਨਮਦੀ ਹੈ, ਸਮੇਂ ਅਨੁਸਾਰ ਆਪਣਾ ਕਰਤਵ ਕਰਦੀ ਹੈ ਤੇ ਮਿਟ ਜਾਂਦੀ ਹੈ ਦੇਵਨੀਤ ਦੀ ਕਵਿਤਾ ਬੁਲਬਲਾ ਨਹੀਂ ਇਸ ਵਿਚਲੀ ਨਮੀ ਚਿਰਕਾਲੀ ਹੈ ਜੋ ਪੰਜਾਬੀ ਪਾਠਕਾਂ ਨੂੰ ਦੂਰ ਭਵਿਖ ਵਿਚ ਵੀ ਤ੍ਰਿਪਤ ਕਰਦੀ ਰਹੇਗੀ । ਇਸੇ ਤਰ੍ਹਾਂ ਨਵਤੇਜ ਭਾਰਤੀ ਨੇ ਚਾਹ ਦੀ ਘੁੱਟ ਭਰੀ , ਦੇਵਨੀਤ ਕਵਿਤਾ ਵਿਚ ਹੋਣ ਨਾ ਹੋਣ ਦੀ ਖੇਡ ਖੇਡਦਾ ਹੈ। ਪਰ ਪਾਠਕ ਨੂੰ  ਪਤਾ ਨਹੀਂ ਲਗਣ ਦਿੰਦਾ। ਪਾਠਕ ਪੜ੍ਹਦਾ ਪੜ੍ਹਦਾ ਆਪ ਖੇਡ ਵਿਚ ਰਲ਼ ਜਾਦਾ ਹੈ। ਦੇਵਨੀਤ ਕਹਿੰਦਾ ਹੈ ਇਸ ਖੇਡ ਵਿਚ “ਕਵੀ ਕੁਛ ਨਹੀਂ ਹੁੰਦਾ”। ਉਹ ਉਹੀ ਹੁੰਦਾ ਹੈ ਜੋ ਕਵਿਤਾ ਉਸਨੂੰ ਬਣਾਉਂਦੀ ਹੈ। ਕਿਸੇ ਕਵਿਤਾ ਵਿਚ ਉਹ ਸਾਬ੍ਹੀ ਤੇਲੀ ਹੈ, ਕਿਸੇ ਵਿਚ ਬਲਦੇਵ ਸਿੰਘ ਸਿੱਧੂ, ਕਿਸੇ ਵਿਚ ਜਾਮਨੀ ਸਾੜ੍ਹੀ ਵਾਲੀ ਕੁੜੀ। ਉਹਨੂੰ ਕਵਿਤਾ ਪਰਿਭਾਸ਼ਦੀ ਹੈ। ਪਰਿਭਾਸ਼ਾ ਆਰਜ਼ੀ ਹੁੰਦੀ ਹੈ। ਕਵਿਤਾ ਨਾਲ ਬਦਲ ਜਾਂਦੀ ਹੈ।  ਦੇਵਨੀਤ ਕਵਿਤਾ ਤੋਂ ਕਵਿਤਾ ਤਕ ਜਿਉਂਦਾ ਹੈ  ਕਵੀ ਗੁਰਦੇਵ ਚੌਹਾਨ ਨੇ ਕਿਹਾ ਹੈ ਕਿ ਦੇਵਨੀਤ ਪੰਜਾਬੀ ਦਾ ਅਜਿਹਾ ਕਵੀ ਹੈ ਜਿਹਦੇ ਨਾਲ ਦਾ ਕੋਈ ਹੋਰ ਨਹੀਂ ਹੈ ।
                             ਕਥਾਕਾਰ ਗੁਰਬਚਨ ਸਿੰਘ ਭੁੱਲਰ ਨਾਲ ਦੇਵਨੀਤ ਦੀ ਮੁਲਾਕਾਤ ਉਦੋਂ ਹੋਈ ਜਦੋਂ ਮੁੰਬਈ ਤੋਂ ਬਾਅਦ ਦਿੱਲੀ ਰਾਜੀਵ ਗਾਂਧੀ ਹਸਪਤਾਲ ਤੋਂ ਦਵਾਈ ਸ਼ੁਰੂ ਕੀਤੀ । ਭੁੱਲਰ ਸਾਹਬ ਨੇ ਦੇਵਨੀਤ ਦੀ ਕਵਿਤਾ ਤੇ ਕਹਾਣੀ ਵਰਗਾ ਲੇਖ ਲਿਖਦਿਆਂ ਉਹਨੂੰ ਆਦਿ-ਅਨੰਤੀ ਪ੍ਰਗਤੀਵਾਦੀ ਕਵੀ ਆਖਿਆ ਹੈ । ਇਹਦੇ ਵਿਚ ਮੋਹਨਜੀਤ ਦਾ ਕਾਵਿ-ਚਿਤਰ ਵੱਖਰਾ ਹੈ ਤੇ ਪ੍ਰਮਿੰਦਰਜੀਤ ਦੀ ਗਦ ਕਵਿਤਾ ਦਾ ਰੰਗ ਦੇਵਨੀਤ ਨੂੰ ਸਟਾਲਿਨ ਦੀ ਚੁੱਪ ਦਾ ਰਾਜ਼ਦਾਰ ਆਖਦਾ ਹੈ । ਫੇਸ ਬੁਕ ਤੋਂ ਪਤਾ ਲਗਦਾ ਹੈ ਕਿ ਦੇਵਨੀਤ ਦੇ ਅਨੇਕਾਂ ਪਾਠਕ ਨੇ ਜੋ ਉਸ ਦੀਆਂ ਕਿਤਾਬਾਂ ਭਾਲ ਰਹੇ ਨੇ । ਇਕ ਵਾਰ ਮੈਂ ਉਹਦੀ ਸਿਹਤ ਦੀ ਦੁਆ ਲਈ ਨਿੱਕੀ ਜਿਹੀ ਪੋਸਟ ਪਾਈ , ਦੁਆਵਾਂ ਦੇ ਸੈਂਕੜੇ ਕੁਮੈਂਟ ਆਏ । ਜਪਾਨ ਵਾਸੀ ਸ਼ਾਇਰ ਮਿਤਰ ਪਰਮਿੰਦਰ ਸੋਢੀ ਨੇ ਲਿਖਿਆ , ਇਹ ਇੱਕੀਵੀਂ ਸਦੀ ਦਾ ਦੂਜਾ ਦਹਾਕਾ ਹੈ ,ਕਵਿਤਾ ਦੀ ਕਿਸ ਨੂੰ ਲੋੜ ਹੈ ..!? ਮੈਨੂੰ ਅੰਦਾਜ਼ਾ ਨਹੀਂ ਹੈ ਕਿ ਅੱਜ ਕੱਲ ਪੰਜਾਬੀ ਵਿਚ ਕਵਿਤਾ ਦੇ ਕਿੰਨੇ ਕੁ ਪਾਠਕ ਨੇ ...! ਪਰ ਜਿੰਨੇ ਵੀ ਨੇ ਕੀ ਉਨ੍ਹਾਂ ਨੇ ਦੇਵਨੀਤ ਦਾ ਨਾਂ ਸੁਣਿਆ ਹੈ ..!? ਉਸ ਨੇ ਸਾਡੀ ਕਵਿਤਾ ਦੀ ਕੈਨਵਸ 'ਤੇ ਜਿਹੜੇ ਰੰਗ ਭਰੇ ਉਹ ਵਿਲਖਣ ਹਨ ਮੈਨੂੰ ਪਤਾ ਹੈ ਉਹ ਅੱਜਕੱਲ ਬਹੁਤ ਬੀਮਾਰ ਚੱਲ ਰਿਹਾ ਹੈ ਮੇਰਾ ਜੀਅ ਕਿਸੇ ਧਾਰਮਿਕ ਸਥਾਨ ਜਾਣ ਲਈ ਨਹੀਂ, ਦੇਵਨੀਤ ਦੇ ਦਰਸ਼ਨ ਕਰਨ ਲਈ ਕਾਹਲਾ ਪੈ ਰਿਹਾ ਹੈ...।   ਦੋਸਤ ਅਨੇਮਨ ਨੇ ਇਹਦੇ ਨਾਲ ਆਪਣੇ ਸੰਬੰਧਾਂ ਅਤੇ ਕਵਿਤਾ ਦੀ ਸਾਂਝ ਨੂੰ ਬਹੁਤ ਹੀ ਭਾਵੁਕ ਤਰੀਕੇ ਨਾਲ ਦਰਸਾਇਆ ਹੈ, ਮੇਰੇ ਮਾਨਸਾ ਆਉਣ ਤਕ ਮੈਂ ਕਵਿਤਾ ਨੂੰ ਕੋਈ ਬਹੁਤੀ ਡੂੰਘਾਈ ਨਾਲ ਨਹੀਂ ਲੈਂਦਾ ਸਾਂ । ਇਥੇ ਆ ਕੇ ਮੈਂ ਕਵਿਤਾ ਨੂੰ ਧਿਆਨ ਨਾਲ ਲੈਣ ਸ਼ੁਰੂ ਕੀਤਾ । ਮਾਨਸਾ ਦੀ ਪੋਇਟਰੀ ਨੂੰ ਵਾਚਿਆ । ਦੇਵਨੀਤ ਮੈਨੂੰ ਸਭ ਤੋਂ ਹਟ ਕੇ ਵੱਖਰੀ ਥਾਂ ਤੇ ਖੜ੍ਹਾ ਦਿਸਿਆ । ਇਹਦੀਆਂ ਕਵਿਤਾਵਾਂ ਦੇ ਸਿਰਲੇਖ ਮੈਨੂੰ ਅੰਦਰ ਤਕ ਕੁਰੇਦਦੇ ਰਹਿੰਦੇ । ਇਸ ਦੀਆਂ ਕਈ ਕਵਿਤਾਵਾਂ ਮੇਰੇ ਮਨ ਤੇ ਉਕਰੀਆਂ ਰਹਿੰਦੀਆਂ ਹਨ । ਕਿੰਨੀਆਂ ਕਵਿਤਾਵਾਂ ਨੂੰ ਮੈਂ ਅਕਸਰ ਤੁਰਦਿਆਂ ਫਿਰਦਿਆਂ , ਸਫਰ ਕਰਦਿਆਂ ਜਾਂ ਉਦਾਸ ਵੇਲਿਆਂ ਚ ਗੁਣ ਗੁਣਾਉਂਦਾ ਰਹਿੰਦਾ ਹਾਂ । ਤਸਕੀਨ ਨੇ ਦੇਵਨੀਤ ਦੀ ਕਵਿਤਾ ਨੂੰ ਮਨੁੱਖ ਦੇ ਹੋਣ ਦੀ ਰਾਜਨੀਤੀ ਦਾ ਨਾਂ ਦਿੰਦਿਆਂ ਕਿਹਾ ਹੈ ,  ਦੇਵਨੀਤ ਮੁਕਤੀ ਦੇ ਦਾਹਵੇਦਾਰਾਂ ਵੱਲੋਂ ਉਸਾਰੇ ਵਿਚਾਰ ਦੀ ਬਜਾਏ ਆਪਣੇ ਜੀਵਨ ਅਮਲ 'ਚੋਂ ਉਸ ਦਰਸ਼ਨ ਤੱਕ ਪਹੁੰਚਦਾ ਹੈ ਜੋ ਮਨੁੱਖੀ ਮੁਕਤੀ ਦਾ ਅਮਲ ਹੈਇਹ ਕਵਿਤਾ ਪ੍ਰੰਪਰਿਕ ਮਾਡਲ ਨੂੰ ਤੋੜਨ ਦਾ ਯਤਨ ਕਰਦੀ ਹੈ ਅਤੇ ਆਪਣੇ ਨਵੇਂ ਆਪੇ ਦੀ ਤਲਾਸ਼ ਕਰਨ ਲਗਦੀ ਹੈ  ਤਨਵੀਰ ਨੇ ਦੇਵਨੀਤ ਦੀਆਂ ਉਹਨਾਂ ਕਵਿਤਾਵਾਂ ਨਾਲ ਸੰਵਾਦ ਰਚਾਇਆ ਹੈ ਜਿਹਨਾਂ ਨੂੰ ਪਾਠਕ ਮਿਤਰਾਂ ਨੇ ਅਸਮਝੀਆਂ ਤੇ ਔਖੀਆਂ ਕਵਿਤਾਵਾਂ ਕਿਹਾ ਹੈ ।
              ਇਸ ਕਿਤਾਬ ਚ ਕੇਵਲ ਪੰਜ-ਛੇ ਪੱਤਰਾਂ ਨੂੰ ਸ਼ਾਮਲ ਕੀਤਾ ਹੈ । ਹਰਿੰਦਰ ਸਿੰਘ ਮਹਿਬੂਬ ਦੀਆਂ ਕੁਝ ਪੰਕਤੀਆਂ ਪੜ੍ਹਦੇ ਹਾਂ , ਮੈਂ ਆਪਣੇ ਰਚੇ ਜਾ ਰਹੇ ਮਹਾਂਕਾਵਿ ਦੀ ਪਹਿਲੀ ਜਿਲਦ ਵਿਚ ਗੁਰੂ ਨਾਨਕ ਸਾਹਿਬ ਨੂੰ ਪੇਸ਼ ਕਰ ਰਿਹਾ ਹਾਂ । ਜਿਸ ਦਿਨ ਦੀ ਮੈਨੂੰ ਆਪ ਜੀ ਦੀ ਕਾਗਜ਼ ਕੰਦਰਾਂ ਮਿਲੀ ਹੈ , ਮੈਂ ਇਹਦੇ ਵਿਚਲੀ ਕਵਿਤਾ ਨਾਨਕ ਨੂੰ ਦਿਨ ਵਿਚ ਇਕ ਵਾਰ ਜ਼ਰੂਰ ਪੜ੍ਹਦਾ ਹਾਂ । ਇਹ ਕਵਿਤਾ ਮੈਨੂੰ ਕੋਈ ਅਦੁੱਤੀ ਪ੍ਰੇਰਨਾ ਦਿੰਦੀ ਹੈ । ਮਿਹਰਬਾਨ ਰੱਬ ਸੋਹਣੇ ਨੌਜੁਆਨ ਦੀ ਕਵਿਤਾ ਦਾ ਹੁਸੀਨ ਨਖਰਾ ਕਾਇਮ ਰੱਖੇ ! ਜਸਵੰਤ ਦੀਦ , ਸਰੋਦ ਸੁਦੀਪ , ਗਜ਼ਲਕਾਰ ਜਸਵਿੰਦਰ ਤੇ ਨੀਰੂ ਅਸੀਮ ਦੇ ਪੱਤਰਾਂ ਅੰਦਰ ਦੋਸਤੀ ਦੇ ਸੱਚ ਅਸੱਚ ਦਾ ਆਪਣਾ ਅੰਦਾਜ਼ ਹੈ ।
            ਦੋ ਕੱਪ ਚਾਹ ਹਜ਼ਾਰਾਂ ਕੱਪਾਂ ਚ ਪੈ ਚੁੱਕੀ ਹੈ । ਇਹਦੇ ਹਜ਼ਾਰਾਂ ਸਵਾਦ ਤੇ ਹਜ਼ਾਰਾਂ ਰੰਗ ਨੇ । ਇਹ ਸਭ ਦੋਸਤ-ਮਿਤਰਾਂ ਦੀ ਸੰਗਤ ਨਾਲ ਹੀ ਸੰਭਵ ਹੋਏ ਨੇ । ਇਸ ਚਾਹ ਤੇ ਆਪ ਸਭ ਨੂੰ ਸੱਦਾ ਹੈ ।

No comments:

Post a Comment

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ