Wednesday, November 27, 2013

ਉਤਲੇ ਮਨੋਂ ਕੌਣ ਹੱਸ ਖੇਡ ਸਕਦਾ ਹੈ





                             ਦੇਵਨੀਤ ਨਾਲ ਮੇਰਾ ਵਾਹ ਵੀਹ ਬਾਈ ਵਰ੍ਹਿਆਂ ਦਾ ਹੈ , ਉਦੋਂ ਉਹ ਬਿਆਲੀਆਂ ਦਾ ਸੀ ਤੇ ਮੈਂ ਚੌਵੀਆਂ ਦਾ । ਸਬੱਬ ਨਾਲ ਮੈਂ ਬਦਲ ਕੇ ਇਹਦੇ ਸਕੂਲ ਚ ਆ ਗਿਆ । ਇਹ ਅਪਣੇ ਅਸਲੀ ਨਾਂ ਬਲਦੇਵ ਸਿੰਘ ਸਿੱਧੂ ਦੇ ਨਾਮ ਨਾਲ ਮਿੰਨੀ ਕਹਾਣੀਆਂ ਤੇ ਸਿੱਖਿਆ ਨਾਲ ਜੁੜ੍ਹੇ ਲੇਖ ਲਿਖਦਾ, ਪਹਿਲੇ ਦੂਜੇ ਨੰਬਰ ਤੇ ਆਉਂਦਾ । ਦੋਸਤਾਂ ਨੂੰ ਖਤ , ਡਾਇਰੀ ਅਤੇ ਖੁਸ਼ੀ ਗਮੀ ਦੇ ਸਾਹਿਤਕ ਸੱਦਾ-ਪੱਤਰ ਲਿਖਣਾ ਇਹਦਾ ਸ਼ੌਕ ਸੀ । ਜਿੱਡਾ ਵੱਡਾ ਕਵੀ ਇਹ ਹੁਣ ਹੈ ,ਇਹਨੇ ਕਦੇ ਸੋਚਿਆ ਨਹੀਂ ਸੀ । ਅਸੀਂ ਮਿਲੇ ਤਾਂ ਇਹ ਵੀ ਕਵਿਤਾ ਦੇ ਰਾਹ ਪੈ ਗਿਆ । ਕਮਾਲ ਇਹ ਹੋਈ ਕਿ ਪਹਿਲੀ ਹੀ ਕਵਿਤਾ ਨਾਗਮਣੀ ਦੇ ਪੱਤ੍ਰਿਆਂ ਤੇ ਜਾ ਸਜੀ । ਅੰਮ੍ਰਿਤਾ ਪ੍ਰੀਤਮ ਦਾ ਚਹੇਤਾ ਕਵੀ ਬਣ ਗਿਆ ਦੇਵਨੀਤ । ਮੈਨੂੰ ਯਾਦ ਹੈ ਜਦੋਂ ਅਸੀਂ ਬੀਮਾਰ , ਮੰਜੇ ਨਾਲ ਮੰਜਾ ਹੋਈ ਅੰਮ੍ਰਿਤਾ ਨੂੰ ਮਿਲਨ ਗਏ ਤਾਂ ਉਹ ਵਾਰ ਵਾਰ ਦੇਵਨੀਤ ਨੂੰ ਇਹਦੀ ਕਵਿਤਾ ਦੇ ਹਵਾਲੇ ਨਾਲ ਪੁੱਛੇ , ਦੇਵਨੀਤ ! ਮੈਂ ਸਮੁੰਦਰ ਕਦੋਂ ਹੋਵਾਂਗੀ । ਦੇਵਨੀਤ ਛੇਤੀ ਹੀ ਪੰਜਾਬੀ ਸਾਹਿਤ ਸੰਸਾਰ ਚ ਜਾਣਿਆ ਜਾਣ ਲੱਗਿਆ । ਇਸ ਲੰਮੇ ਸਫਰ ਚ ਅਸੀਂ ਲੜੇ-ਭਿੜੇ , ਘੁਲੇ-ਮਿਲੇ । ਪਿਆਰ ਈਰਖਾ , ਪੱਖ ਵਿਰੋਧ ਨਾਲੋ ਨਾਲ ਤੁਰਦੇ ਰਹੇ ।  
                      ਦੋ ਢਾਈ ਵਰ੍ਹੇ ਪਹਿਲਾਂ ਜਦੋਂ ਇਹਨੂੰ ਭੈੜੀ ਖੰਘ ਨੇ ਘੇਰਿਆ ਤਾਂ ਇਹਦੀਆਂ ਮਹਿਫਲਾਂ ਦੇ ਘੇਰੇ ਚ ਮੈਂ ਨਹੀਂ ਸੀ । ਕਦੇ ਕਦਾਈਂ ਅਸੀਂ ਓਪਰਿਆਂ ਵਾਂਗ ਮਿਲਦੇ ਤੇ ਬਸ । ਇਕ ਦਿਨ ਆਥਣੇ ਸਾਡੇ ਸਾਂਝੇ ਮਿਤਰ ਅਮਨ ਨੇ ਮੈਨੂੰ ਦੇਵਨੀਤ ਦੇ ਘਰ ਬੁਲਾਇਆ । ਬਿਨ ਕੁਝ ਦੱਸਿਆਂ-ਪੁੱਛਿਆਂ ਮੈਂ ਪੌੜੀਆਂ ਚੜ੍ਹ ਗਿਆ । ਹੁਣ ਛੱਤ ਤੇ ਝੂਲਾ ਬਣੇ ਵਾਣ ਦੇ ਮੰਜੇ ਦੀ ਥਾਂ ਸੀਮਿੰਟੀ ਥੜ੍ਹਾ ਸੀ । ਦੇਵਨੀਤ ਖੰਘਦਾ ਚਾਕੂ ਵਾਂਗ ਦੂਹਰਾ ਹੋ ਰਿਹਾ ਸੀ । ਅਮਨ ਨੂੰ ਕੱਲ੍ਹ  ਹੀ ਟੈਸਟ ਕਰਵਾਉਣ ਲਈ ਕਹਿੰਦਿਆਂ ਮੈਂ ਹਰ ਪੰਜਾਬੀ ਵਾਂਗ ਡਾਇਗਨੋਜ ਕੀਤਾ , ਤੈਨੂੰ ਟੀ ਬੀ ਹੋ ਗਈ , ਦਵਾਈ ਲੈ ਲਗਾਤਾਰ,ਖਤਰਨਾਕ ਨਹੀਂ ਹੁੰਦੀ , ਠੀਕ ਹੋ ਜਾਵੇਂਗਾ ਦਵਾਈ ਸ਼ੁਰੂ ਕਰਦਿਆਂ ਹੀ....। ਦੇਵਨੀਤ ਨੇ ਖੰਘਦਿਆਂ ਕਿਹਾ, ਟੀ ਬੀ ਹੋਊ ਤੈਨੂੰ....। ਮੈਂ ਉਹਦੀ ਆਦਤ ਤੋਂ ਜਾਣੂ ਸੀ ,ਚੁੱਪ ਰਿਹਾ । ਜਦੋਂ ਮਹੀਨੇ ਬਾਅਦ ਲੁਧਿਆਣੇ ਕੈਂਸਰ ਹੋਣ ਦਾ ਪਤਾ ਲੱਗਿਆ ਤਾਂ ਦੇਵਨੀਤ ਬੋਲਿਆ , ਟੀ ਬੀਆਂ ਭਾਵੇਂ ਦੋ ਹੋ ਜਾਂਦੀਆਂ...। ਖੈਰ ਉਹਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਅਪਣੀ ਇਛਾ ਸ਼ਕਤੀ ਤੇ ਮਹਿੰਗੀਆਂ ਦਵਾਈਆਂ ਕਰਕੇ ਬੀਮਾਰੀ ਨੂੰ ਢਾਹੀ ਬੈਠਾ ਹੈ ਤੇ ਮੁੜ ਤੋਂ ਪੜ੍ਹਨ-ਲਿਖਣ ਲੱਗਿਆ ਹੈ । ਮੈਂ ਕਈ ਵਾਰ ਸੋਚਦਾਂ ਜਿਵੇਂ ਇਹਨੂੰ ਕਿਸੇ ਨੇ ਨਜ਼ਰ ਲਾ ਦਿੱਤੀ ਹੋਵੇ । ਸੇਵਾ-ਮੁਕਤ ਹੁੰਦਿਆਂ ਹੀ ਇਹਦੇ ਅੰਦਰ ਲੋਹੜੇ ਦੀ ਊਰਜਾ ਆ ਗਈ ਸੀ । ਹਰ ਰਸਾਲੇ ਅਖਬਾਰ ਚ ਇਹਦਾ ਕੁਝ ਨਾ ਕੁਝ ਛਪਦਾ ਤੇ ਕਿਸੇ ਸਮਾਗਮ ਚ ਇਹਦੀ ਕਵਿਤਾ ਦੀ ਗੱਲ ਹੋ ਰਹੀ ਹੁੰਦੀ ਤੇ ਕਿਸੇ ਚ ਇਹ ਕਿਸੇ ਹੋਰ ਕਵੀ ਬਾਰੇ ਗੱਲ ਕਰ ਰਿਹਾ ਹੁੰਦਾ । ਆਥਣ ਵੇਲੇ ਸ਼ੁਰੂ ਹੁੰਦੀ ਮਹਿਫਲ, ਗਈ ਰਾਤ ਖਤਮ ਹੁੰਦੀ ਤੇ ਫਲਸਫੀ ਦੀਆਂ ਗਲਾਸੀਆਂ ਡੁਲ੍ਹਦੀਆਂ ਭਰਦੀਆਂ ਰਹਿੰਦੀਆਂ । ਦੇਵਨੀਤ ਲਈ ਸਭ ਤੋਂ ਹੁਸੀਨ ਵਰ੍ਹੇ ਇਹੋ ਹੋਣੇ ।
           ਭੈੜੀ ਬਿਮਾਰੀ ਸੁਣਦਿਆਂ ਹੀ ਇਹਦਾ ਬੇਟਾ ਰੂਬੀ ਰਾਤੋ-ਰਾਤ ਲੰਡਨੋਂ, ਮਾਨਸਾ ਆ ਗਿਆ । ਫੈਸਲਾ ਇਹ ਹੋਇਆ ਕਿ ਇਹਦਾ ਇਲਾਜ ਮੁੰਬਈ ਤੋਂ ਕਰਵਾਇਆ ਜਾਵੇ । ਰੂਬੀ ਪੜ੍ਹਿਆ ਵੀ ਉੱਥੋਂ ਤੇ ਕਈ ਵਰ੍ਹੇ ਨੌਕਰੀ ਵੀ ਕਰਦਾ ਰਿਹਾ ਹੈ । ਉਹਨੇ ਅਪਣੇ ਦੋਸਤਾਂ ਨੂੰ ਫੋਨ ਘੁੰਮਾਏ ਤੇ ਕਈ ਡਾਕਟਰਾਂ ਨਾਲ ਸਮਾਂ ਲੈ ਲਿਆ । ਮੈਂ ਉਹਨਾ ਦੇ ਨਾਲ ਜਾਣ ਲਈ ਹਾਂ ਕਰ ਦਿੱਤੀ, ਤੇ ਅਪਣੇ ਦੁਖਦੇ ਪੈਰ ਲਈ ਦਰਦ-ਨਿਵਾਰਕ ਗੋਲੀਆਂ ਜੇਬ ਚ ਪਾ ਲਈਆਂ । ਅਗਲੀ ਸਵੇਰ ਅਸੀਂ ਦਿੱਲੀ ਤੋਂ ਜਹਾਜ਼ ਫੜ੍ਹਿਆ ਤੇ ਦੋ ਘੰਟਿਆਂ ਚ ਬੰਬੇ ਪਹੁੰਚ ਗਏ । ਜਹਾਜ਼ ਜਿਵੇਂ ਹਵਾ ਚ ਨਹੀਂ ਇਹਦੀ ਖੰਘ ਚ ਉਡਿਆ ਹੋਵੇ । ਚਿੱਟਾ ਪਰਨਾ ਇਹਦੇ ਮੂੰਹ ਚੋਂ ਨਿਕਲਦੇ ਪਾਣੀ ਨਾਲ ਗੜੁੱਚ ਹੋ ਗਿਆ ਸੀ । ਦਿੱਲੀ ਤੋਂ ਚੱਲਣ ਵੇਲੇ ਦੇਵਨੀਤ ਨੇ ਕਿਹਾ ਸੀ , ਇਹਨੂੰ ਵੀ ਅਪਣੇ ਦੂਜੇ ਟੂਰਾਂ ਵਾਂਗ ਟੂਰ ਹੀ ਸਮਝ , ਨਜ਼ਾਰੇ ਨਾਲ ਝੂਟਾ ਲੈਨੇ ਆਂ ਜਹਾਜ਼ ਦਾ...। ਪਰ ਬੰਬੇ ਪਹੁੰਚਦਿਆਂ ਹੀ ਉਹਨੂੰ ਘਬਰਾਹਟ ਹੋਣ ਲੱਗੀ । ਉਹ ਖਿਝਿਆ ਹੋਇਆ ਸੀ , ਬੀਮਾਰੀ ਦਾ ਭੰਨਿਆਂ ਬੰਦਾ ਕਿੰਨਾ ਕੁ ਚਿਰ ਸਹਿਜ ਰਹਿ ਸਕਦਾ ਹੈ । ਅਮਨ ਨੇ ਫੋਨ ਤੇ ਕੋਈ ਸਲਾਹ ਦਿੱਤੀ ਤਾਂ ਉਸ ਤੇ ਵੀ ਖਿਝ ਗਿਆ । ਰੂਬੀ ਅਤੇ ਮੈਨੂੰ ਭੱਜ ਭੱਜ ਪਵੇ । ਮੈਂ ਕਿਹਾ, ਮੈਂਨੂੰ ਦੇ ਲੈ ਜਿਹੜੀਆਂ ਗਾਲਾਂ ਦੇਣੀਆਂ , ਤੇਰਾ ਦੋਸਤ ਆਂ ...ਹੋਰ ਨਾ ਕਿਸੇ ਨੂੰ ਕੁਝ ਕਹਿ , ਰੂਬੀ ਤਾਂ ਦੁਖੀ ਹੋਣ ਦੇ ਨਾਲ ਤਨਾਅ ਚ ਵੀ ਹੈ...। ਪੂਰੇ ਦਸ ਦਿਨ ਅਸੀਂ ਬੰਬੇ ਰਹੇ । ਦਸ ਦਿਨਾਂ ਦੀ ਕਥਾ ਦਸ ਹਜ਼ਾਰ ਸਫਿਆਂ ਤੇ ਫੈਲ੍ਹ ਸਕਦੀ ਹੈ , ਪਰ ਮੇਰੀ ਇਹ ਸਮਰੱਥਾ ਨਹੀਂ ।
                 ਇਹ ਪਿਛਲੇ ਕਈ ਦਿਨਾਂ ਤੋਂ ਸੁੱਤਾ ਨਹੀਂ ਸੀ ਤੇ ਨਾ ਹੀ ਸੌਣਾ ਚਾਹੁੰਦਾ ਸੀ । ਇਹਦੇ ਮਨ ਚ ਇਹ ਗੱਲ ਬੈਠ ਗਈ ਸੀ ਕਿ ਜੇ ਸੌਂ ਗਿਆ ਤਾਂ ਮਰ ਗਿਆ । ਇਕ ਰਾਤ ਇਹਦੀ ਅੱਖ ਲੱਗ ਗਈ ਤਾਂ ਤ੍ਰਭਕ ਕੇ ਉੱਠਦਿਆਂ ਹੀ ਮੇਰੇ ਤੇ ਵਰ੍ਹ ਪਿਆ , ਜੇ ਤੂੰ ਮੇਰਾ ਖਿਆਲ ਹੀ ਨਹੀਂ ਰੱਖਣਾ ਤਾਂ ਨਾਲ ਕਿਉਂ ਆਇਆ ? ਮੈਨੂੰ ਨੀਂਦ ਆ ਗਈ ਸੀ , ਤੂੰ ਸੌਣ ਕਿਉਂ ਦਿੱਤਾ ਮੈਨੂੰ !? ਤੈਨੂੰ ਪਤੈ  ! ਜੇ ਮੈਂ ਸੌਂ ਗਿਆ ਤਾਂ ਮਰ ਜੂੰ ? ਉਹਦਾ ਸਾਹ ਚੜ੍ਹ ਗਿਆ । ਮੈਂ ਉਹਨੂੰ ਸਮਝਾਉਣ ਲੱਗਿਆ , ਸੌਂ ਕੇ, ਬੀਮਾਰ ਬੰਦਾ ਠੀਕ ਹੁੰਦਾ ਹੈ ਮਰਦਾ ਨਹੀਂ ... ਰੂਬੀ ਕਿਸੇ ਕੈਫੇ ਚ ਇੰਟਰਨੈਟ ਤੇ ਡਾਕਟਰਾਂ ਦੀ ਭਾਲ ਲਈ ਗਿਆ ਹੋਇਆ ਸੀ । ਬੰਬੇ ਚ ਕਦੇ ਰਾਤ ਨਹੀਂ ਪੈਂਦੀ । ਮੈਂ ਦੇਵਨੀਤ ਨੂੰ ਕਿਹਾ , ਜੇ ਸੁੱਤਾ ਪਿਆ ਮਰ ਵੀ ਜਾਵੇਂ ਤਾਂ ਵੀ ਚੰਗਾ ਈ ਐ , ਸੁੱਤਾ ਪਿਆ ਬੰਦਾ ਤੁਰ ਜਾਵੇ , ਇਸ ਤੋਂ ਚੰਗੀ ਕਿਸਮਤ ਕੀਹਦੀ ਹੋਊ...।
ਮੇਰੀ ਡੈੱਡ-ਬੌਡੀ ਕਿਵੇਂ ਲੈ ਕੇ ਜਾਵੋਂਗੇ ਮਾਨਸਾ , ਰੂਬੀ ਤਾਂ ਹੈ ਹੀ ਨਿਆਣਾ ਤੇ ਤੂੰ ਵੀ ਉਹੋ ਜਿਹਾ ਹੀ ਹੈਂ...।
ਤੂੰ ਫਿਕਰ ਨਾ ਕਰ , ਇੱਥੇ ਸਮੁੰਦਰ ਚ ਸਿੱਟ ਜਾਂਗੇ ਤੇਰੀ ਲੋਥ , ਸਾਗਰੀ ਜੀਵ-ਜੰਤੂੰਆਂ ਨੂੰ ਕਵੀ ਮਿਲੂ ਭੋਜਨ ਲਈ...। ੳਤਲੇ ਮਨੋਂ ਕੌਣ ਹੱਸ ਖੇਡ ਸਕਦਾ ਹੈ !
            ਟੈਸਟਾਂ ਲਈ ਅਸੀਂ ਨਾ ਦਿਨ ਦੇਖਿਆ ਨਾ ਰਾਤ , ਤੁਰੇ ਰਹਿੰਦੇ । ਤੀਜੇ ਦਿਨ ਜਾ ਕੇ ਜਦੋਂ ਟਾਟਾ ਦੇ ਡਾਕਟਰਾਂ ਨੇ ਇਹਦੇ ਫੇਫੜ੍ਹਿਆਂ ਚੋਂ ਪਾਣੀ ਕੱਢਿਆ ਤਾਂ  ਕੇਰਾਂ ਤਾਂ ਇਹਦੀ ਖੰਘ ਟਿਕ ਗਈ , ਇਕ ਰਾਤ ਇਹ ਘੂਕ ਸੁੱਤਾ । ਮੈਂ ਤੇ ਰੂਬੀ ਇਹਨੂੰ ਸੁੱਤੇ ਪਏ ਨੂੰ ਦੇਖਦੇ ਰਹੇ, ਨਾਲੇ ਇਲਾਜ ਲਈ ਸਲਾਹ ਮਸ਼ਵਰਾ ਕਰਦੇ ਰਹੇ । ਸਾਨੂੰ ਲੱਗਣ ਲੱਗਿਆ ਕਿ ਰਿਪੋਰਟਾਂ ਠੀਕ ਆਉਣਗੀਆਂ ।
            ਅਸੀਂ ਕਦੇ ਡਾਕਟਰ ਅਡਵਾਨੀ ਨੂੰ ਮਿਲਦੇ ਕਦੇ ਅੰਬਾਨੀ ਦੇ ਹਸਪਤਾਲ ਵਾਲੇ ਮਹਿਤੇ ਨੂੰ । ਕਦੇ ਰਿਪੋਟਾਂ ਡਾਕਟਰ ਗੋਸਵਾਮੀ ਨੂੰ ਦਿਖਾਉਂਦੇ ਕਦੇ ਕੁਲਕਰਣੀ ਨੂੰ । ਸਾਰੇ ਡਾਕਟਰ ਤੀਜੀ ਸਟੇਜ ਦੱਸਦੇ ਪਰ ਡਾਕਟਰ ਅਡਵਾਨੀ ਨੇ ਹੌਸਲਾ ਦਿੱਤਾ । ਰੂਬੀ ਨੂੰ ਚਾਅ ਚੜ੍ਹ ਗਿਆ , ਸਾਨੂੰ ਕਈ ਦਿਨਾਂ ਬਾਅਦ ਬੰਬੇ ਦੀਆਂ ਉੱਚੀਆਂ ਇਮਾਰਤਾਂ ਦਿਸੀਆਂ । ਪਰਸੋਂ ਨੂੰ ਪਹਿਲੀ ਕੀਮੋ ਹੋਣੀ ਸੀ । ਖੰਘ ਫਿਰ ਵਧ ਗਈ , ਅਸੀਂ ਸਮਝ ਗਏ ਫੇਫੜ੍ਹਿਆਂ ਦਾ ਪਾਣੀ ਮੁੜ ਵਧ ਗਿਆ । ਦੇਵਨੀਤ ਡਿਪਰੈਸ਼ਨ ਚ ਸੀ । ਉਹ ਰੂਬੀ ਦੀ ਗੈਰ ਹਾਜ਼ਰੀ ਚ ਬੇਟੀ ਨੈਨਸੀ ਨੂੰ ਯਾਦ ਕਰਦਾ ਤੇ ਮੈਨੂੰ ਆਖਦਾ , ਮੈਂ ਹੁਣ ਮਾਨਸਾ ਕਦੇ ਨਹੀਂ ਜਾਣਾ , ਇੱਥੇ ਹੀ ਰਹਿਣਾ ਹੈ ਬੰਬੇ , ਰੂਬੀ ਇੱਥੇ ਜਾਬ ਕਰ ਲਊ .... ਮੈਨੂੰ ਮਾਨਸਾ ਨਾਲ ਨਫਰਤ ਹੋ ਗਈ .... ਇੱਥੇ ਇਕ ਛੋਟਾ ਜਿਹਾ ਫਲੈਟ ਲੈ ਲਵਾਂਗੇ , ਅੱਠ ਕਿੱਲੇ ਨੇ .... ਵੇਚ ਦੇਵਾਂਗੇ ....ਜਦੋਂ ਖੇਤੀ ਕਰਨੀ ਹੀ ਨ੍ਹੀਂ.....।  ਉਹਦੇ ਬੀਮਾਰ ਮਨ ਦੀਆਂ ਖੇਡਾਂ । ਅੱਠਾਂ ਕਿੱਲਿਆਂ ਚੋਂ ਇਕ ਇਹਦੀਆਂ ਦਵਾਈਆਂ ਲਈ ਵਿਕ ਗਿਆ । ਦੇਵਨੀਤ ਨੇ ਖਾਣਾ ਪੀਣਾ ਕਦੇ ਬੰਦ ਨਹੀਂ ਸੀ ਕੀਤਾ । ਰਸੋਈ ਤੋਂ ਉਹਦੇ ਬੈੱਡ ਤਕ ਆਉਂਦਾ ਆਂਡਾ ਠੰਢਾ ਹੋ ਜਾਂਦਾ ਤੇ ਮੈਂ ਉਹਨੂੰ ਮੁੜ ਗਰਮ ਕਰਦਾ ਮਨ ਹੀ ਮਨ ਉਹਨੂੰ ਬੁਰਾ ਭਲਾ ਕਹਿੰਦਾ । ਫਿਰ ਜਦੋਂ ਉਹਦਾ ਖਾਦਾ ਪੀਤਾ ਹਾਜ਼ਮ ਨਾ ਆਉਂਦਾ ਤਾਂ ਉਹ ਲੱਤਾਂ ਬਾਹਾਂ ਘੁੱਟਣ ਲਈ ਮੈਨੂੰ ਅਪਣੀ ਮੱਛਰਦਾਨੀ ਚ ਬੁਲਾ ਲੈਂਦਾ । ਲੱਤਾਂ ਘੁੱਟਦਿਆਂ ਮੈਂ ਸੋਚਦਾ, ਇਸ ਬੰਦੇ ਦਾ ਕਿਹੜਾ ਕਿਹੜਾ ਕਰਜ਼ਾ ਦੇਣੈ...।
੦੦
                    ਦੋ ਕੱਪ ਚਾਹ ਤੁਹਾਡੇ ਸਾਹਮਣੇ ਪਰੋਸ ਰਿਹਾ ਹਾਂ , ਇਹਦੀ ਸਕੀਮ ਵੀ ਸਾਲ ਪਹਿਲਾਂ ਬਣੀ । ਕਿਤਾਬ ਦੇ ਇਸ ਨਾਂ ਬਾਰੇ ਦੇਵਨੀਤ ਦਾ ਆਖਣਾ ਹੈ, ਇਹ ਬੜਾ ਕਰੀਏਟਵ ਨਾਂ ਹੈ , ਦੁਨੀਆਂ ਦੀ ਸਮੁੱਚੀ ਕਲਾ ਕਾਫ਼ੀ,ਚਾਹ, ਕੈਫੇ, ਢਾਬਿਆਂ ਤੇ ਤੁਰਦੀ ਰਹੀ ਹੈ ਮੈਨੂੰ ਇਸ ਨਾਂ ਅੰਦਰ ਸਿਰਜਣਾ ਦੀ ਤਪਸ਼ ਨਜ਼ਰ ਰਹੀ ਹੈ ਡਾ, ਸਰਬਜੀਤ ਇਸ ਨਾਂ ਨੂੰ ਵੱਖਰੇ ਅਰਥਾਂ ਵੇਖਦਾ ਹੈ, ਉਹ ਕਹਿੰਦਾ ਹੈ ਕਿ ਪੂੰਜੀਵਾਦ ਨੇ ਬੰਦੇ ਅੰਦਰੋਂ ਸੰਵੇਦਨਾ ਮਾਰੀ ਹੈ ਸੰਵਾਦ ਖਤਮ ਹੋ ਰਿਹਾ ਹੈ ਸ਼ਾਇਰ ਕੱਲਾ ਨਹੀਂ ਹੋਣਾ ਚਾਹੁੰਦਾ ਦੋ ਕੱਪ ਚਾਹ ਆਰਡਰ ਦਿੰਦਾ ਹੈ ਤੇ ਦੂਜੇ ਕੱਪ ਨਾਲ ਡਾਇਲਾਗ ਸਥਾਪਤ ਕਰਨਾ ਚਾਹੁੰਦਾ ਹੈ
                  ਮੇਰੇ ਮਨ ਚ ਆਇਆ ਕਿ ਇਸ ਬੰਦੇ ਨੂੰ ਕਿਵੇਂ ਨਾ ਕਿਵੇਂ ਸਾਂਭਿਆ ਜਾਵੇ । ਮੇਰੀ ਇੱਛਾ ਸੀ ਇਹਦੀ ਜੀਵਨੀ ਲਿਖਾਂ । ਇਹਦੇ ਲਈ ਮੇਰੇ ਸਾਹਮਣੇ ਗੀਤ ਚਤੁਰਵੇਦੀ ਦੁਆਰਾ ਲਿਖੀ ਚਾਰਲੀ ਚੈਪਲਿਨ ਦੀ ਜੀਵਨੀ ਸੀ । ਇਹਦੇ ਲਈ ਖੁਲ੍ਹੇ ਸਮੇਂ ਤੇ ਮਿਹਨਤ ਦੀ ਲੋੜ ਸੀ । ਸਮਾਂ ਮੇਰੇ ਕੋਲ ਬਥੇਰਾ ਹੈ ਪਰ ਮਿਹਨਤ ਨਹੀਂ । ਮੈਂ ਇਹਦਾ ਡਜ਼ਾਇਨ ਬਦਲ ਦਿੱਤਾ । ਇਸ ਵਿਚ ਇਹਦੀਆਂ ਚੋਣਵੀਆਂ ਕਵਿਤਾਵਾਂ ਸ਼ਾਮਲ ਕਰ ਲਈਆਂ ਤੇ ਇਹਦੇ ਨਾਲ ਗੱਲਾਂ ਬਾਤਾਂ । ਕੁਝ ਖਤ ਵੀ ਪਾ ਲਏ । ਕਿਤਾਬ ਤਿਆਰ ਕਰਦਾ ਕਰਦਾ ਰੁਕ ਜਾਂਦਾ । ਮੈਨੂੰ ਇਹਦੀ ਕੋਈ ਸਾਰਥਕਿਤਾ ਨਾ ਲਗਦੀ । ਨੀਰੂ ਅਸੀਮ ਦਾ ਫੋਨ ਆਇਆ, ਗੁਰਪ੍ਰੀਤ ! ਇਹ ਕਿਤਾਬ ਤੂੰ ਜ਼ਰੂਰ ਛਾਪ , ਦੇਵਨੀਤ ਦੇ ਸਾਹ ਨੇ ਇਹ ਕਿਤਾਬ....। ਮੈਂ ਫਿਰ ਤੋਂ ਇਸ ਕਿਤਾਬ ਨੂੰ ਚੁੱਕ ਲਿਆ ਤੇ ਅਪਣੇ ਆਪ ਨੂੰ ਕਿਹਾ, ਜੇ ਮੈਂ ਇਹਦੇ ਜਿਉਂਦੇ ਜੀਅ ਇਹ ਕਿਤਾਬ ਨਹੀਂ ਛਪਵਾ ਸਕਦਾ, ਫਿਰ ਇਹਦੇ ਤੁਰ ਜਾਣ ਬਾਅਦ ਤਾਂ ਮਤਲਬ ਹੀ ਨਹੀਂ । ਮੇਰੇ ਸਾਹਮਣੇ ਕਿੰਨੇ ਹੀ ਵੱਡੇ ਛੋਟੇ ਲੇਖਕ ਘੁੰਮ ਗਏ ,ਜਿਹੜੇ ਤੁਰ ਗਏ ਤੇ ਬਸ ਤੁਰ ਗਏ ।
                          ਮਨ ਕੀਤਾ ਕੁਝ ਹੋਰ ਦੋਸਤਾਂ ਨੂੰ ਇਸ ਸੰਵਾਦ ਚ ਸ਼ਾਮਲ ਕਰ ਲਵਾਂ । ਕਵਿਤਾ ਦੀਆਂ ਗੱਲਾਂ ਮੈਂ ਇਹਨਾ ਦੋਸਤਾਂ ਜਿੰਮੇ ਲਾ ਦਿੱਤੀਆਂ । ਅਜਮੇਰ ਰੋਡੇ ਨੇ ਲਿਖਿਆ , ਦੇਵਨੀਤ ਦੀ ਕਵਿਤਾ ਨਾਲ ਪੰਜਾਬੀ ਕਵਿਤਾ ਇਕ ਉਲਾਂਘ ਹੋਰ ਪੁੱਟਦੀ ਹੈ ਬਹੁਤੀ ਕਵਿਤਾ ਪਾਣੀ ਦੇ ਬੁਲਬਲਿਆਂ ਵਾਂਗ ਹੁੰਦੀ ਹੈ, ਜਨਮਦੀ ਹੈ, ਸਮੇਂ ਅਨੁਸਾਰ ਆਪਣਾ ਕਰਤਵ ਕਰਦੀ ਹੈ ਤੇ ਮਿਟ ਜਾਂਦੀ ਹੈ ਦੇਵਨੀਤ ਦੀ ਕਵਿਤਾ ਬੁਲਬਲਾ ਨਹੀਂ ਇਸ ਵਿਚਲੀ ਨਮੀ ਚਿਰਕਾਲੀ ਹੈ ਜੋ ਪੰਜਾਬੀ ਪਾਠਕਾਂ ਨੂੰ ਦੂਰ ਭਵਿਖ ਵਿਚ ਵੀ ਤ੍ਰਿਪਤ ਕਰਦੀ ਰਹੇਗੀ । ਇਸੇ ਤਰ੍ਹਾਂ ਨਵਤੇਜ ਭਾਰਤੀ ਨੇ ਚਾਹ ਦੀ ਘੁੱਟ ਭਰੀ , ਦੇਵਨੀਤ ਕਵਿਤਾ ਵਿਚ ਹੋਣ ਨਾ ਹੋਣ ਦੀ ਖੇਡ ਖੇਡਦਾ ਹੈ। ਪਰ ਪਾਠਕ ਨੂੰ  ਪਤਾ ਨਹੀਂ ਲਗਣ ਦਿੰਦਾ। ਪਾਠਕ ਪੜ੍ਹਦਾ ਪੜ੍ਹਦਾ ਆਪ ਖੇਡ ਵਿਚ ਰਲ਼ ਜਾਦਾ ਹੈ। ਦੇਵਨੀਤ ਕਹਿੰਦਾ ਹੈ ਇਸ ਖੇਡ ਵਿਚ “ਕਵੀ ਕੁਛ ਨਹੀਂ ਹੁੰਦਾ”। ਉਹ ਉਹੀ ਹੁੰਦਾ ਹੈ ਜੋ ਕਵਿਤਾ ਉਸਨੂੰ ਬਣਾਉਂਦੀ ਹੈ। ਕਿਸੇ ਕਵਿਤਾ ਵਿਚ ਉਹ ਸਾਬ੍ਹੀ ਤੇਲੀ ਹੈ, ਕਿਸੇ ਵਿਚ ਬਲਦੇਵ ਸਿੰਘ ਸਿੱਧੂ, ਕਿਸੇ ਵਿਚ ਜਾਮਨੀ ਸਾੜ੍ਹੀ ਵਾਲੀ ਕੁੜੀ। ਉਹਨੂੰ ਕਵਿਤਾ ਪਰਿਭਾਸ਼ਦੀ ਹੈ। ਪਰਿਭਾਸ਼ਾ ਆਰਜ਼ੀ ਹੁੰਦੀ ਹੈ। ਕਵਿਤਾ ਨਾਲ ਬਦਲ ਜਾਂਦੀ ਹੈ।  ਦੇਵਨੀਤ ਕਵਿਤਾ ਤੋਂ ਕਵਿਤਾ ਤਕ ਜਿਉਂਦਾ ਹੈ  ਕਵੀ ਗੁਰਦੇਵ ਚੌਹਾਨ ਨੇ ਕਿਹਾ ਹੈ ਕਿ ਦੇਵਨੀਤ ਪੰਜਾਬੀ ਦਾ ਅਜਿਹਾ ਕਵੀ ਹੈ ਜਿਹਦੇ ਨਾਲ ਦਾ ਕੋਈ ਹੋਰ ਨਹੀਂ ਹੈ ।
                             ਕਥਾਕਾਰ ਗੁਰਬਚਨ ਸਿੰਘ ਭੁੱਲਰ ਨਾਲ ਦੇਵਨੀਤ ਦੀ ਮੁਲਾਕਾਤ ਉਦੋਂ ਹੋਈ ਜਦੋਂ ਮੁੰਬਈ ਤੋਂ ਬਾਅਦ ਦਿੱਲੀ ਰਾਜੀਵ ਗਾਂਧੀ ਹਸਪਤਾਲ ਤੋਂ ਦਵਾਈ ਸ਼ੁਰੂ ਕੀਤੀ । ਭੁੱਲਰ ਸਾਹਬ ਨੇ ਦੇਵਨੀਤ ਦੀ ਕਵਿਤਾ ਤੇ ਕਹਾਣੀ ਵਰਗਾ ਲੇਖ ਲਿਖਦਿਆਂ ਉਹਨੂੰ ਆਦਿ-ਅਨੰਤੀ ਪ੍ਰਗਤੀਵਾਦੀ ਕਵੀ ਆਖਿਆ ਹੈ । ਇਹਦੇ ਵਿਚ ਮੋਹਨਜੀਤ ਦਾ ਕਾਵਿ-ਚਿਤਰ ਵੱਖਰਾ ਹੈ ਤੇ ਪ੍ਰਮਿੰਦਰਜੀਤ ਦੀ ਗਦ ਕਵਿਤਾ ਦਾ ਰੰਗ ਦੇਵਨੀਤ ਨੂੰ ਸਟਾਲਿਨ ਦੀ ਚੁੱਪ ਦਾ ਰਾਜ਼ਦਾਰ ਆਖਦਾ ਹੈ । ਫੇਸ ਬੁਕ ਤੋਂ ਪਤਾ ਲਗਦਾ ਹੈ ਕਿ ਦੇਵਨੀਤ ਦੇ ਅਨੇਕਾਂ ਪਾਠਕ ਨੇ ਜੋ ਉਸ ਦੀਆਂ ਕਿਤਾਬਾਂ ਭਾਲ ਰਹੇ ਨੇ । ਇਕ ਵਾਰ ਮੈਂ ਉਹਦੀ ਸਿਹਤ ਦੀ ਦੁਆ ਲਈ ਨਿੱਕੀ ਜਿਹੀ ਪੋਸਟ ਪਾਈ , ਦੁਆਵਾਂ ਦੇ ਸੈਂਕੜੇ ਕੁਮੈਂਟ ਆਏ । ਜਪਾਨ ਵਾਸੀ ਸ਼ਾਇਰ ਮਿਤਰ ਪਰਮਿੰਦਰ ਸੋਢੀ ਨੇ ਲਿਖਿਆ , ਇਹ ਇੱਕੀਵੀਂ ਸਦੀ ਦਾ ਦੂਜਾ ਦਹਾਕਾ ਹੈ ,ਕਵਿਤਾ ਦੀ ਕਿਸ ਨੂੰ ਲੋੜ ਹੈ ..!? ਮੈਨੂੰ ਅੰਦਾਜ਼ਾ ਨਹੀਂ ਹੈ ਕਿ ਅੱਜ ਕੱਲ ਪੰਜਾਬੀ ਵਿਚ ਕਵਿਤਾ ਦੇ ਕਿੰਨੇ ਕੁ ਪਾਠਕ ਨੇ ...! ਪਰ ਜਿੰਨੇ ਵੀ ਨੇ ਕੀ ਉਨ੍ਹਾਂ ਨੇ ਦੇਵਨੀਤ ਦਾ ਨਾਂ ਸੁਣਿਆ ਹੈ ..!? ਉਸ ਨੇ ਸਾਡੀ ਕਵਿਤਾ ਦੀ ਕੈਨਵਸ 'ਤੇ ਜਿਹੜੇ ਰੰਗ ਭਰੇ ਉਹ ਵਿਲਖਣ ਹਨ ਮੈਨੂੰ ਪਤਾ ਹੈ ਉਹ ਅੱਜਕੱਲ ਬਹੁਤ ਬੀਮਾਰ ਚੱਲ ਰਿਹਾ ਹੈ ਮੇਰਾ ਜੀਅ ਕਿਸੇ ਧਾਰਮਿਕ ਸਥਾਨ ਜਾਣ ਲਈ ਨਹੀਂ, ਦੇਵਨੀਤ ਦੇ ਦਰਸ਼ਨ ਕਰਨ ਲਈ ਕਾਹਲਾ ਪੈ ਰਿਹਾ ਹੈ...।   ਦੋਸਤ ਅਨੇਮਨ ਨੇ ਇਹਦੇ ਨਾਲ ਆਪਣੇ ਸੰਬੰਧਾਂ ਅਤੇ ਕਵਿਤਾ ਦੀ ਸਾਂਝ ਨੂੰ ਬਹੁਤ ਹੀ ਭਾਵੁਕ ਤਰੀਕੇ ਨਾਲ ਦਰਸਾਇਆ ਹੈ, ਮੇਰੇ ਮਾਨਸਾ ਆਉਣ ਤਕ ਮੈਂ ਕਵਿਤਾ ਨੂੰ ਕੋਈ ਬਹੁਤੀ ਡੂੰਘਾਈ ਨਾਲ ਨਹੀਂ ਲੈਂਦਾ ਸਾਂ । ਇਥੇ ਆ ਕੇ ਮੈਂ ਕਵਿਤਾ ਨੂੰ ਧਿਆਨ ਨਾਲ ਲੈਣ ਸ਼ੁਰੂ ਕੀਤਾ । ਮਾਨਸਾ ਦੀ ਪੋਇਟਰੀ ਨੂੰ ਵਾਚਿਆ । ਦੇਵਨੀਤ ਮੈਨੂੰ ਸਭ ਤੋਂ ਹਟ ਕੇ ਵੱਖਰੀ ਥਾਂ ਤੇ ਖੜ੍ਹਾ ਦਿਸਿਆ । ਇਹਦੀਆਂ ਕਵਿਤਾਵਾਂ ਦੇ ਸਿਰਲੇਖ ਮੈਨੂੰ ਅੰਦਰ ਤਕ ਕੁਰੇਦਦੇ ਰਹਿੰਦੇ । ਇਸ ਦੀਆਂ ਕਈ ਕਵਿਤਾਵਾਂ ਮੇਰੇ ਮਨ ਤੇ ਉਕਰੀਆਂ ਰਹਿੰਦੀਆਂ ਹਨ । ਕਿੰਨੀਆਂ ਕਵਿਤਾਵਾਂ ਨੂੰ ਮੈਂ ਅਕਸਰ ਤੁਰਦਿਆਂ ਫਿਰਦਿਆਂ , ਸਫਰ ਕਰਦਿਆਂ ਜਾਂ ਉਦਾਸ ਵੇਲਿਆਂ ਚ ਗੁਣ ਗੁਣਾਉਂਦਾ ਰਹਿੰਦਾ ਹਾਂ । ਤਸਕੀਨ ਨੇ ਦੇਵਨੀਤ ਦੀ ਕਵਿਤਾ ਨੂੰ ਮਨੁੱਖ ਦੇ ਹੋਣ ਦੀ ਰਾਜਨੀਤੀ ਦਾ ਨਾਂ ਦਿੰਦਿਆਂ ਕਿਹਾ ਹੈ ,  ਦੇਵਨੀਤ ਮੁਕਤੀ ਦੇ ਦਾਹਵੇਦਾਰਾਂ ਵੱਲੋਂ ਉਸਾਰੇ ਵਿਚਾਰ ਦੀ ਬਜਾਏ ਆਪਣੇ ਜੀਵਨ ਅਮਲ 'ਚੋਂ ਉਸ ਦਰਸ਼ਨ ਤੱਕ ਪਹੁੰਚਦਾ ਹੈ ਜੋ ਮਨੁੱਖੀ ਮੁਕਤੀ ਦਾ ਅਮਲ ਹੈਇਹ ਕਵਿਤਾ ਪ੍ਰੰਪਰਿਕ ਮਾਡਲ ਨੂੰ ਤੋੜਨ ਦਾ ਯਤਨ ਕਰਦੀ ਹੈ ਅਤੇ ਆਪਣੇ ਨਵੇਂ ਆਪੇ ਦੀ ਤਲਾਸ਼ ਕਰਨ ਲਗਦੀ ਹੈ  ਤਨਵੀਰ ਨੇ ਦੇਵਨੀਤ ਦੀਆਂ ਉਹਨਾਂ ਕਵਿਤਾਵਾਂ ਨਾਲ ਸੰਵਾਦ ਰਚਾਇਆ ਹੈ ਜਿਹਨਾਂ ਨੂੰ ਪਾਠਕ ਮਿਤਰਾਂ ਨੇ ਅਸਮਝੀਆਂ ਤੇ ਔਖੀਆਂ ਕਵਿਤਾਵਾਂ ਕਿਹਾ ਹੈ ।
              ਇਸ ਕਿਤਾਬ ਚ ਕੇਵਲ ਪੰਜ-ਛੇ ਪੱਤਰਾਂ ਨੂੰ ਸ਼ਾਮਲ ਕੀਤਾ ਹੈ । ਹਰਿੰਦਰ ਸਿੰਘ ਮਹਿਬੂਬ ਦੀਆਂ ਕੁਝ ਪੰਕਤੀਆਂ ਪੜ੍ਹਦੇ ਹਾਂ , ਮੈਂ ਆਪਣੇ ਰਚੇ ਜਾ ਰਹੇ ਮਹਾਂਕਾਵਿ ਦੀ ਪਹਿਲੀ ਜਿਲਦ ਵਿਚ ਗੁਰੂ ਨਾਨਕ ਸਾਹਿਬ ਨੂੰ ਪੇਸ਼ ਕਰ ਰਿਹਾ ਹਾਂ । ਜਿਸ ਦਿਨ ਦੀ ਮੈਨੂੰ ਆਪ ਜੀ ਦੀ ਕਾਗਜ਼ ਕੰਦਰਾਂ ਮਿਲੀ ਹੈ , ਮੈਂ ਇਹਦੇ ਵਿਚਲੀ ਕਵਿਤਾ ਨਾਨਕ ਨੂੰ ਦਿਨ ਵਿਚ ਇਕ ਵਾਰ ਜ਼ਰੂਰ ਪੜ੍ਹਦਾ ਹਾਂ । ਇਹ ਕਵਿਤਾ ਮੈਨੂੰ ਕੋਈ ਅਦੁੱਤੀ ਪ੍ਰੇਰਨਾ ਦਿੰਦੀ ਹੈ । ਮਿਹਰਬਾਨ ਰੱਬ ਸੋਹਣੇ ਨੌਜੁਆਨ ਦੀ ਕਵਿਤਾ ਦਾ ਹੁਸੀਨ ਨਖਰਾ ਕਾਇਮ ਰੱਖੇ ! ਜਸਵੰਤ ਦੀਦ , ਸਰੋਦ ਸੁਦੀਪ , ਗਜ਼ਲਕਾਰ ਜਸਵਿੰਦਰ ਤੇ ਨੀਰੂ ਅਸੀਮ ਦੇ ਪੱਤਰਾਂ ਅੰਦਰ ਦੋਸਤੀ ਦੇ ਸੱਚ ਅਸੱਚ ਦਾ ਆਪਣਾ ਅੰਦਾਜ਼ ਹੈ ।
            ਦੋ ਕੱਪ ਚਾਹ ਹਜ਼ਾਰਾਂ ਕੱਪਾਂ ਚ ਪੈ ਚੁੱਕੀ ਹੈ । ਇਹਦੇ ਹਜ਼ਾਰਾਂ ਸਵਾਦ ਤੇ ਹਜ਼ਾਰਾਂ ਰੰਗ ਨੇ । ਇਹ ਸਭ ਦੋਸਤ-ਮਿਤਰਾਂ ਦੀ ਸੰਗਤ ਨਾਲ ਹੀ ਸੰਭਵ ਹੋਏ ਨੇ । ਇਸ ਚਾਹ ਤੇ ਆਪ ਸਭ ਨੂੰ ਸੱਦਾ ਹੈ ।

Tuesday, July 16, 2013

ਸਮੁੰਦਰ ਦਾ ਗੁਆਂਢੀ ਸੀ ਸੁਖਬੀਰ ।। ਗੁਰਪ੍ਰੀਤ

       
          ਇਹ ਗੱਲ ਪੰਦਰਾਂ ਵਰ੍ਹੇ ਪਹਿਲਾਂ ਦੀ ਹੈ । ਜੂਨ ਦਾ ਮਹੀਨਾ । ਸਮੁੰਦਰ ਅਪਣੀ ਲੋਰ 'ਚ ਸੀ । ਦੇਵਨੀਤ 'ਤੇ ਮੈਂ ਉਹਦੇ ਬੇਟੇ 'ਰੂਬੀ' ਦੇ ਦਾਖਲੇ ਲਈ ਬੰਬੇ ਗਏ ਹੋਏ ਸਾਂ । ਕੰਮ ਨਿਬੇੜ ਕੇ ਅਸੀਂ ਸੁਖਬੀਰ ਹੁਰਾਂ ਨੂੰ ਫੋਨ ਮਿਲਾਇਆ , " ਅੱਜ ਦੇਖਦੇ ਹਾਂ ਥੋਡੇ ਘਰ ਦਾ ਬੂਹਾ ਖੁੱਲ੍ਹਾ ਮਿਲਦੈ ਕਿ ਬੰਦ ?" ਅੱਗੋਂ ਉਹ ਬੜੇ ਮੋਹ ਨਾਲ ਬੋਲੇ , " ਜੀ ਆਇਆਂ ਨੂੰ , ਬੂਹੇ ਦੇ ਨਾਲ ਨਾਲ ਮੇਰਾ ਦਿਲ ਵੀ ਖੁੱਲ੍ਹਾ ਮਿਲੇਗਾ।"
                ਸੁਖਬੀਰ ਭਾਵੇਂ ਮਸ਼ਹੂਰ ਨਹੀਂ, ਪਰ ਵੱਖਰੀ ਸ਼ੈਲੀ ਦੇ ਲੇਖਕਾਂ ਦੀ ਢਾਣੀ ਦਾ ਮੋਢੀ ਤੇ ਬਹੁ-ਵਿਧਾਵੀ ਲੇਖਕ ਰਹੇ ਹਨ । ਮੌਲਿਕ ਬਾਈ ਕਿਤਾਬਾਂ ਤੋਂ ਇਲਾਵਾ ਇਹਨਾ ਨੇ ਲਿਓ ਟਾਲਸਟਾਏ ਦਾ ਸੰਸਾਰ-ਪ੍ਰਸਿੱਧ ਵੱਡ-ਆਕਾਰੀ ਨਾਵਲ 'ਜੰਗ ਤੇ ਅਮਨ' ਦਾ ਅਨੁਵਾਦ ਕੀਤਾ ।  ਮੈਕਸਿਮ ਗੋਰਕੀ , ਸ਼ੋਲੋਖੋਵ , ਪਸਤੋਵਸਕੀ ਤੇ ਹੋਰ ਅਨੇਕਾਂ ਲੇਖਕਾਂ ਨੂੰ ਪੰਜਾਬੀਆਂ ਲਈ ਉਲਥਾਇਆ ਹੈ । ਸੁਖਬੀਰ ਨੂੰ ਪੜ੍ਹਦਿਆਂ ਅਸੀਂ ਜਾਣ ਸਕਦੇ ਹਾਂ ਕਿ ਲਿਖਣਾ ਇਕ ਲੰਮੀ ਘਾਲਣਾ ਹੈ । ਇਹ ਤਾਂ ਜਦੋਂ ਦੋਸਤ ਨੂੰ ਖਤ ਵੀ ਲਿਖਦੇ ਸਨ ਤਾਂ ਪਹਿਲਾਂ ਰਫ ਲਿਖ ਕੇ, ਉਹਦੇ ਇਕ ਇਕ ਸ਼ਬਦ ਨੂੰ ਘੋਖਦੇ ਪਰਖਦੇ ਸਨ । ਅਸੀਂ ਖੁਦ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਹਿਤ ਰਚਦਿਆਂ ਉਹ ਇਕ ਇਕ ਰਚਨਾ ਲਿਖਣ ਲਈ ਕਿੰਨੀ-ਕਿੰਨੀ ਵਾਰ ਲਿਖਦੇ ਮਿਟਾਉਂਦੇ ਹੋਣਗੇ ।
                  ਅੱਧੇ ਘੰਟੇ ਦੇ ਸਫਰ ਤੋਂ ਬਾਅਦ ਅਸੀਂ 'ਸਨ ਐਂਡ ਸੀ' ਪਹੁੰਚ ਗਏ । ਲੇਖਕ-ਪਾਠਕ ਸੁਖਬੀਰ ਦੇ ਨਾਵਲਾਂ, ਕਹਾਣੀਆਂ ਤੇ ਕਵਤਾਵਾਂ ਦੇ ਨਾਵਾਂ ਵਾਂਗ ਇਸ ਇਮਾਰਤ ਨੂੰ ਵੀ ਜਾਣਦੇ ਹਨ । ਮੁੰਬਈ ਗਿਆ ਹਰ ਲੇਖਕ ਤਾਂ ਸੁਖਬੀਰ  ਨੂੰ  ਮਿਲ ਕੇ ਆਉਂਦਾ ਹੀ, ਸਗੋਂ ਬਹੁਤੇ ਪਾਠਕ ਵੀ ਇਹਨਾ ਨੂੰ ਮਿਲਨ ਜਾਂਦੇ । ਘੰਟੀ ਦਾ ਬਟਨ ਦਬਾਉਣ ਹੀ ਲੱਗੇ ਸਾਂ ਕਿ ਉਹਨਾ ਸਾਨੂੰ ਗਲਵਕੜੀ 'ਚ ਲੈ ਲਿਆ । ਘਰ 'ਚ ਵੜਦਿਆਂ ਹੀ ਡਿਉਢੀ ਦੀਆਂ ਦੋਵੇਂ ਕੰਧਾਂ  ਕਿਤਾਬਾਂ ਦੇ ਭਰੇ ਖਾਨਿਆਂ ਨਾਲ ਸਜੀਆਂ ਹੋਈਆਂ ਦਿਸੀਆਂ । ਇਹ ਵੀਹੀ ਸਿੱਧੀ ਬੈਠਕ ਨੂੰ ਜਾਂਦੀ ਸੀ । ਬੈਠਕ ਦੀ ਸਾਹਮਣੀ ਕੰਧ ਕੱਚ ਦੀ ਸੀ ,ਜਿਸ 'ਚੋਂ ਛੱਲੋ-ਛੱਲ ਹੋਇਆ ਵਿਸ਼ਾਲ ਸਮੁੰਦਰ ਨਜ਼ਰ ਆਇਆ । ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ , " ਵੱਡੇ ਤੇ ਗਹਿਰੇ ਸਮੁੰਦਰ ਦਾ ਗੁਆਂਢੀ ਹੋਣ ਕਰਕੇ ਹੀ ਸੁਖਬੀਰ ਵੱਡੀ ਕੈਨਵਸ ਦਾ ਡੂੰਘਾ ਲੇਖਕ ਹੈ ।"
                    ਸੱਤਵੀਂ 'ਚ ਪੜ੍ਹਦਿਆਂ ਹੀ ਲਿਖਣਾ ਸ਼ੁਰੂ ਕਰਨ ਵਾਲੇ ਸੁਖਬੀਰ ਨੂੰ ਚਿੱਤਰਕਲਾ ਦਾ ਵੀ ਸ਼ੌਕ ਸੀ । ਪਰ ਅਸਲ ਸ਼ੌਕ ਇੰਜੀਨੀਅਰੀ ਦਾ ਸੀ ਜੋ ਇੰਜੀਨੀਅਰ ਪਿਤਾ ਤੋਂ ਵਿਰਸੇ 'ਚ ਮਿਲਿਆ । ਪਰ ਆਪ ਕਾਲਜ ਪ੍ਰੋਫੈਸਰ ਬਣੇ ਤੇ ਦੋ ਸਾਲਾਂ ਬਾਅਦ ਹੀ  ਨੌਕਰੀ ਛੱਡ ਕੇ ਸੁਤੰਤਰ ਲੇਖਕ ਬਣ ਗਏ । ਮੈਂ ਆਪਣੀ ਹੈਰਾਨੀ ਸਾਂਝੀ ਕੀਤੀ , " ਪੰਜਾਬੀ ਹਿੰਦੀ 'ਚ ਲਿਖ ਕੇ ਹੀ ਢਿੱਡ ਕਿਵੇਂ ਭਰਦੇ ਰਹੇ ?" ਉਹ ਮੁਸਕਰਾਉਂਦਿਆਂ ਦੱਸਣ ਲੱਗੇ , "ਢਿੱਡ ਭਰਨ ਦਾ ਹੀ ਤਾਂ ਸਵਾਲ ਸੀ । ਅਸਲ 'ਚ ਮੈਂ ਲੋੜ ਅਨੁਸਾਰ ਕਮਾਈ ਕੀਤੀ , ਲੋਭ ਅਨੁਸਾਰ ਨਹੀਂ । ਲੋੜ ਤਾਂ ਪੂਰੀ ਹੋ ਜਾਂਦੀ ਹੈ ਪਰ ਲੋਭ ਦਾ ਢਿੱਡ ਕਦੇ ਨਹੀਂ ਭਰਦਾ । ਜੇ ਮੈਂ ਲੋਭ ਦਾ ਸ਼ਿਕਾਰ ਹੋ ਜਾਂਦਾ ਤਾਂ ਲਿਖਣਾ ਠੱਪ ਹੋ ਜਾਂਦਾ ਅਤੇ ਪੜ੍ਹਨ ਤੇ ਅਧਿਐਨ ਦੀ ਤਾਂ ਲੋੜ ਹੀ ਨਹੀਂ ਸੀ ਪੈਣੀ ।"          
                    ਸੁਖਬੀਰ ਹੁਰਾਂ ਦੀ ਪਤਨੀ ਜਸਬੀਰ ਕੌਰ ਇਕ ਟਰੇਅ 'ਚ ਤਿੰਨ ਕੱਪ ਚਾਹ ਤੇ ਖੁਦ ਬਣਾਏ ਪਤੌੜ ਮੇਜ਼ 'ਤੇ ਰੱਖ ਗਏ । ਦੇਵਨੀਤ ਨੇ ਚਾਹ ਦੀ ਘੁੱਟ ਭਰਦਿਆਂ ਪੁੱਛਿਆ , " ਤੁਹਾਡੀ ਲੇਖਣੀ 'ਚ ਤੁਹਾਡੀ ਬੀਵੀ ਤੇ ਬੱਚਿਆਂ ਦਾ ਕੀ ਯੋਗਦਾਨ ਹੈ ?" ਸੁਖਬੀਰ ਨੇ ਪਤੌੜਾਂ ਵਾਲੀ ਪਲੇਟ ਸਾਡੇ ਵੱਲ ਕੀਤੀ । ਮੈਂ ਸੋਚਿਆ ਦੇਵਨੀਤ ਦੀ ਇਸ ਗੱਲ ਦਾ ਅੱਧਾ ਉਤਰ ਤਾਂ ਇਸ ਪਲੇਟ 'ਚ ਹੀ ਪਿਆ ਹੈ । ਉਹਨਾ ਸਹਿਜ ਭਾ ਕਿਹਾ , " ਮੇਰੀ ਪਤਨੀ ਮੇਰੀਆਂ ਰਚਨਾਵਾਂ ਸ਼ੌਕ ਨਾਲ ਪੜ੍ਹਦੀ ਹੈ । ਇਸ ਦੀ ਸਾਹਿਤਕ ਸੂਝ-ਬੂਝ ਇਕ ਚੰਗੇ ਪਾਠਕ ਵਰਗੀ ਹੈ । ਮੇਰੇ ਤਿੰਨੇ ਬੱਚੇ ਵੀ ਮੈਨੂੰ ਸ਼ੌਕ ਨਾਲ ਪੜ੍ਹਦੇ ਹਨ ।ਸ਼ੁਰੂ ਦੇ ਔਖੇ ਵਰ੍ਹਿਆਂ ਵਿਚ ਪਰਵਾਰ ਵੱਲੋਂ ਮੈਨੂੰ ਬਹੁਤ ਸਹਿਯੋਗ ਮਿਲਿਆ । ਉਦੋਂ ਪਰਵਾਰ ਦੇ ਜੀਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਲੇਖਕ ਵਜੋਂ ਮੇਰਾ ਕਿੰਨਾ ਕੁ ਨਾਂ ਤੇ ਕਮਾਈ ਹੋਣੀ ਹੈ ।ਸਾਡੇ ਸਮਾਜ ਵਿਚ ਨਾਮ ਤੇ ਕਮਾਈ ਤੋਂ ਬਿਨਾਂ ਕਿਸੇ ਵੀ ਕੰਮ ਦੀ ਅਹਿਮੀਅਤ ਬਹੁਤ ਘੱਟ ਹੁੰਦੀ ਹੈ । ਉਦੋਂ ਤਾਂ ਮੈਨੂੰ ਵੀ ਆਪਣੇ ਲਿਖਣ ਅਤੇ ਲੇਖਕ ਬਣਨ ਦੀ ਅਹਿਮੀਅਤ ਦਾ ਓਨਾ ਅਹਿਸਾਸ ਨਹੀਂ ਸੀ । ਫੇਰ ਵੀ ਸ਼ੁਰੂ ਤੋਂ ਹੀ ਪਰਵਾਰ ਵਿਚ ਮੇਰੀ ਕਦਰ ਰਹੀ ਹੈ , ਜੋ ਸਮੇਂ ਦੇ ਨਾਲ ਵਧਦੀ ਗਈ ।"
                "ਇਕ ਲੇਖਕ ਮਨੁੱਖ ਵਜੋਂ ਕਿਹੋ ਜਿਹਾ ਹੋਣਾ ਚਾਹੀਦਾ ਹੈ ?" ਅਸੀਂ ਗੱਲ ਨੂੰ ਅੱਗੇ ਤੋਰਿਆ । ਉਹ ਮੁਸਕਰਾਏ , " ਕਈ ਲੇਖਕ ਖੁਦ ਨੂੰ ਜਿੱਥੇ ਆਦਰਸ਼ਵਾਦੀ ਅਤੇ ਸਮਾਜ ਤੇ ਸਾਹਿਤ ਦੇ ਸੇਵਕ ਕਹਿ ਕੇ ਵਡਿਆਉਂਦੇ ਨੇ, ਉਥੇ ਪਰਵਾਰਕ ਤੇ ਸਮਾਜਕ ਜ਼ਿੰਦਗੀ ਵਿਚ ਮਨੁੱਖ ਵਜੋਂ ਉਹਨਾਂ ਦਾ ਬਿੰਬ ਚੰਗਾ ਨਹੀਂ ਹੁੰਦਾ । ਆਮ ਤੌਰ 'ਤੇ ਲੋਕਾਂ ਵਿਚ ਵੀ ਲੇਖਕ ਦਾ ਬਿੰਬ ਏਨਾ ਚੰਗਾ ਨਹੀਂ ਹੈ । ਕੁਝ ਲੇਖਕ ਤਾਂ ਖੁਦ ਉਸ ਮਾੜੇ ਬਿੰਬ ਨੂੰ ਉਛਾਲਦੇ ਨੇ ਤੇ ਮੰਨਦੇ ਨੇ ਕਿ ਲੇਖਕ ਲਈ ਮੰਦਾ ਚੰਗਾ ਸਭ ਜਾਇਜ਼ ਹੈ ਤੇ ਉਹ ਆਮ ਲੋਕਾਂ ਤੋਂ ਉਪਰ ਹੈ । ਲੇਖਕ ਤੇ ਮਨੁੱਖ 'ਚ ਇਹ ਦੁਫਾੜ ਮੈਂ ਠੀਕ ਨਹੀਂ ਸਮਝਦਾ ।"
            ਮੇਰੇ ਯਾਦ ਆਇਆ ਕਿਸੇ ਵਿਦਿਆਰਥੀ ਨੇ ਮੈਥੋਂ ਸੁਖਬੀਰ ਦਾ ਅਸਲ ਨਾਂ ਪੁੱਛਿਆ ਸੀ । ਨਾਂ ਬਦਲਨ ਦੀ ਗੱਲ ਜਦੋਂ ਮੈਂ ਕੀਤੀ ਤਾਂ ਉਹ ਦੱਸਣ ਲੱਗੇ , " ਮੇਰਾ ਨਾਂ  ਬਲਬੀਰ ਸਿੰਘ ਹੈ , ਸ਼ੁਰੂ 'ਚ ਮੈਂ ਇਸੇ ਨਾਂ ਨਾਲ ਛਪਦਾ ਰਿਹਾ ਹਾਂ । ਉਦੋਂ ਇਕ ਹੋਰ ਲੇਖਕ ਦਾ ਵੀ ਇਹੋ ਨਾਂ ਸੀ । ਮੈਨੂੰ ਕਿਸੇ ਮਿਤਰ ਨੇ ਦੱਸਿਆ ਕਿ ਉਹ ਮੇਰੀਆਂ ਰਚਨਾਵਾਂ ਨੂੰ ਪਾਠਕਾਂ 'ਚ ਆਪਣੀਆਂ ਹੀ ਦਸਦਾ ਰਹਿੰਦਾ ਹੈ । ਫਿਰ ਪ੍ਰੀਤਲੜੀ ਦੇ ਸੰਪਾਦਕ ਨਵਤੇਜ ਸਿੰਘ ਨੇ ਮੇਰਾ ਨਾਂ ਸੁਖਬੀਰ ਧਰ ਦਿੱਤਾ ।"                      
                      ਸੁਖਬੀਰ ਨੇ ਇੰਜੀਨੀਅਰ ਤੇ ਚਿੱਤਰਕਾਰ ਨਾ ਬਣ ਸਕਣ ਦੀ ਭੁੱਖ ਦੀ ਤ੍ਰਿਪਤੀ ਕਰਨ ਲਈ ਕਿਸੇ ਹੱਦ ਤਕ ਆਰਕੀਟੈਕਚਰ ਤੇ ਖਾਸ ਕਰ ਚਿਤਰਕਲਾ ਬਾਰੇ ਬਹੁਤ ਪੜ੍ਹਿਆ । ਇਸੇ ਕਰਕੇ ਇਹਨਾ ਨੇ ਚਿਤਰਕਲਾ ਦੀ ਤਕਨੀਕ 'ਚ ਅਨੇਕਾਂ ਕਵਿਤਾਵਾਂ ਲਿਖੀਆਂ । ਕਾਵਿ-ਕਿਤਾਬ 'ਨੈਣ ਨਕਸ਼' ਵਿਚਲੀਆਂ ਕਵਿਤਾਵਾਂ -ਪੋਰਟ੍ਰੇਟ, ਲੈਂਡ-ਸਕੇਪ,ਸਟਿਲ ਲਾਈਫ਼,ਕੋਲਾਜ਼ ਤੇ ਸੈਲਫ਼ ਪੋਰਟ੍ਰੇਟ ਆਦਿ  ਅਸਲ ਵਿਚ ਚਿਤਰ ਹੀ ਹਨ । ਆਪਣੀ ਇਸ ਨਜ਼ਰ ਬਾਰੇ ਉਹਨਾ ਨੇ ਵਿਸਥਾਰ 'ਚ ਦੱਸਿਆ , " ਸ਼ਬਦਾਂ ਦੇ ਰੰਗਾਂ, ਰੂਪਾਂ, ਧੁਨੀਆਂ, ਬਿੰਬਾਂ ਨੂੰ ਸਮਝਣ 'ਚ ਚਿਤਰਕਲਾ ਦੇ ਸ਼ੌਕ ਨੇ ਮੇਰੀ ਬੜੀ ਮਦਦ ਕੀਤੀ ।ਸ਼ਬਦ ਮੈਨੂੰ ਚਿਤਰਾਂ ਦੇ ਰੂਪ ਵਿਚ ਦਿਸਦੇ ਨੇ ।ਕਵਿਤਾਵਾਂ ਵਿਚ ਹੀ ਨਹੀਂ , ਕਹਾਣੀਆਂ ਤੇ ਨਾਵਲਾਂ 'ਚ ਵੀ ਮੇਰੀ ਚਿੱਤਰਕਲਾ ਦੀ ਨਜ਼ਰ ਵੇਖੀ ਜਾ ਸਕਦੀ ਹੈ- ਚੀਜ਼ਾਂ ਨੂੰ ਵੇਖਣ ਤੇ ਮਹਿਸੂਸਣ ਵਿਚ ਹੀ ਨਹੀਂ, ਉਹਨਾਂ ਦੀਆਂ ਸ਼ਕਲਾਂ ਤੇ ਡਿਜ਼ਾਇਨਾਂ ਨੂੰ ਰੂਪਮਾਨ ਕਰਨ ਵਿਚ ਵੀ । ਮੇਰੀਆਂ ਰਚਨਾਵਾਂ ਵਿਚ ਕਿਸੇ ਹਦ ਤਕ ਆਰਕੀਟੈਕਚਰ ਦਾ ਵੀ ਅਸਰ ਵੇਖਿਆ ਜਾ ਸਕਦਾ ਹੈ ।"
                              ਕੱਚ ਦੀ ਬਾਰੀ ਨਾਲ ਖਹਿੰਦੀਆਂ ਸਮੁੰਦਰੀ ਛੱਲਾਂ  ਸਾਡੀ ਗੱਲ-ਬਾਤ 'ਚ ਰਲਣਾ ਚਾਹੁੰਦੀਆਂ ਸਨ , ਜਿਵੇਂ ਉਹਨਾ ਨੇ ਸਾਡੇ ਮਨ ਦਾ ਸਵਾਲ ਆਪ ਕਰਨਾ ਹੋਵੇ , " ਤੁਹਾਨੂੰ ਕਿਸ ਵਿਧਾ 'ਚ ਲਿਖ ਕੇ ਸਭ ਤੋਂ ਵੱਧ ਰੱਜ ਆਇਆ ?" ਸੁਖਬੀਰ ਨੇ ਆਪਣੇ ਅੰਦਰਲੇ ਸਮੁੰਦਰ ਦੀ ਛੱਲ ਉਸ ਕੱਚ ਦੀ ਬਾਰੀ ਵੱਲ ਵਗਾਹੀ, " ਮੈਂ ਖੁਦ ਨੂੰ ਬੁਨਿਆਦੀ ਤੌਰ 'ਤੇ ਕਵੀ ਸਮਝਦਾਂ ਤੇ ਕਵਿਤਾ ਲਿਖ ਕੇ ਮੈਨੂੰ ਕਲਾਤਮਿਕ ਨੁਕਤੇ ਤੋਂ ਵਧੇਰੇ ਸੰਤੁਸ਼ਟੀ ਹੋਈ ਹੈ , ਭਾਵੇਂ ਕਿ ਮੇਰੀ ਕਵਿਤਾ ਬਹੁਤ ਥੋੜ੍ਹੇ ਪਾਠਕਾਂ ਤਕ ਪਹੁੰਚੀ ਤੇ ਹੋਰ ਵੀ ਥੋੜ੍ਹੇ ਪਾਠਕਾਂ ਨੇ ਪਸੰਦ ਕੀਤੀ । ਮੇਰੀਆਂ ਕਹਾਣੀਆਂ ਤੇ ਨਾਵਲਾਂ ਦੀਆਂ ਕਈ ਖੂਬੀਆਂ ਮੇਰੇ ਕਵੀ ਹੋਣ ਕਰਕੇ ਹੀ ਨੇ ,ਜਾਂ ਕਹਾਂ ਕਿ ਮੈਂ ਕਵੀ ਨਾ ਹੁੰਦਾ ਤਾਂ ਮੇਰੀਆਂ ਕਹਾਣੀਆਂ ਤੇ ਨਾਵਲ ਕਲਾਤਮਿਕ ਨੁਕਤੇ ਤੋਂ ਘੱਟ ਚੰਗੇ ਹੋਣੇ ਸਨ । ਇਹਨਾ ਵਿਚ ਮੈਂ ਪਾਤਰਾਂ, ਜਜ਼ਬਿਆਂ, ਚੀਜ਼ਾਂ, ਜਿਨਸਾਂ ਆਦਿ ਨੂੰ ਕਾਫ਼ੀ ਹੱਦ ਤਕ ਇਕ ਕਵੀ ਦੀ ਨਜ਼ਰ ਤੇ ਸੰਵੇਦਨਾ ਨਾਲ ਵੇਖਿਆ ਹੈ ਤੇ ਚਿਤਰਿਆ ਹੈ, ਜਿਵੇਂ ਕਿ ਕਵਿਤਾ ਵਿਚ ਮੈਂ ਕਹਿਣ ਦੀ ਥਾਂ ਵਧੇਰੇ ਕਰਕੇ ਚਿਤਰਦਾ ਹਾਂ ।" ਮੈਨੂੰ ਪ੍ਰਸਿੱਧ ਨਾਵਲ 'ਸੜਕਾਂ ਤੇ ਕਮਰੇ' ਯਾਦ ਆਇਆ ਜੋ ਕਾਲਜਾਂ ਯੂਨੀਵਰਸਿਟੀਆਂ 'ਚ ਬਹੁਤ ਪੜ੍ਹਾਇਆ ਗਿਆ ਤੇ ਪੜ੍ਹਾਇਆ ਜਾਂਦਾ ਰਹੇਗਾ । ਇਸ ਨਾਵਲ ਦਾ ਨਾਂ ਹੀ ਸਾਡੇ ਸਾਹਵੇਂ ਮੁੰਬਈ ਵਰਗੇ ਵੱਡੇ ਮਹਾਂਨਗਰਾਂ ਦੀ ਜ਼ਿੰਦਗੀ ਦਾ ਚਿਤਰ ਖਿੱਚ ਦਿੰਦਾ ਹੈ । ਕਵੀ ਦੀ ਨਜ਼ਰ ਹਰ ਵਿਧਾ ਲਈ ਉਹਦੀ ਰੂਹ ਵਜੋਂ ਕੰਮ ਕਰਦੀ ਹੈ ।
                        " ਪੰਜਾਬੀ ਸਾਹਿਤ ਆਲੋਚਨਾ ਬਾਰੇ ਤੁਹਾਡੀ ਕੀ ਰਾਇ ਹੈ , ਕੀ ਇਹ ਸਾਹਿਤ ਦਾ ਕੁਝ ਸੰਵਾਰਦੀ ਵੀ ਹੈ ?" ਦੇਵਨੀਤ ਨੇ ਚਾਰੇ ਪਾਸੇ ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਵੱਲ ਨਿਗ੍ਹਾ ਮਾਰਦਿਆਂ ਪੁੱਛਿਆ । ਸੁਖਬੀਰ ਹੁਰਾਂ ਨੇ ਸਿਰ ਤੋਂ ਪੱਗ ਉਤਾਰ ਕੇ ਨਾਲ ਪਏ ਛੋਟੇ ਜਿਹੇ ਮੇਜ਼ 'ਤੇ ਰੱਖ ਦਿੱਤੀ । ਉਹਨਾ ਦੇ ਸਿਰ 'ਤੇ ਛੋਟਾ ਜਿਹਾ ਜੂੜਾ ਚਮਕਿਆ । ਉਹ ਪਹਿਲਾਂ ਵਾਂਗ ਮਿੰਨ੍ਹਾ ਜਿਹਾ ਮੁਸਕਰਾਏ , " ਪੰਜਾਬੀ ਸਾਹਿਤ ਆਲੋਚਨਾ ਮੈਂ ਘੱਟ ਹੀ ਪੜ੍ਹਦਾ ਹਾਂ , ਜਦ ਲਿਖਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਪੜ੍ਹੀ ਸੀ । ਫੇਰ ਐਮæਏ ਪੰਜਾਬੀ ਦੇ ਦਿਨਾਂ 'ਚ ਇਮਤਿਹਾਨ ਦੇ ਨੁਕਤੇ ਤੋਂ ਪੜ੍ਹਨੀ ਪਈ । ਉਂਝ ਪਿਛਲੇ ਕੁਝ ਵਰ੍ਹਿਆਂ ਤੋਂ ਉਹ ਜਿਹੋ ਹੀ ਜਿਹੀ ਭਾਸ਼ਾ 'ਚ ਲਿਖੀ ਜਾ ਰਹੀ ਹੈ , ਜ਼ਿਆਦਾਤਰ ਪੱਲੇ ਨਹੀਂ ਪੈਂਦੀ । ਹਾਂ ਬਦੇਸ਼ੀ ਸਾਹਿਤਕਾਰਾਂ ਦੀ ਆਲੋਚਨਾ ,ਅਸਲ 'ਚ ਮੁਲਾਂਕਣ ਮੈਂ ਬਹੁਤ ਪੜ੍ਹਦਾ ਹਾਂ । ਕਈ ਵੱਡੇ ਲੇਖਕਾਂ ਨੂੰ ਮੈਂ ਉਹਨਾਂ ਦੇ ਮੁਲਾਂਕਣ ਸਦਕਾ ਹੀ ਸਹੀ ਅਰਥਾਂ ਵਿਚ ਸਮਝ ਪਾਇਆ ਹਾਂ ਅਤੇ ਸਾਹਿਤ ਲਿਖਣ-ਕਲਾ ਸੰਬੰਧੀ ਬਹੁਤ ਕੁਝ ਸਿਖਿਆ-ਸਮਝਿਆ । ਉਸ ਨੇ ਮੇਰਾ ਸਾਹਿਤਕ ਸੁਹਜ ਸਵਾਦ ਵੀ ਵਿਕਸਿਤ ਕੀਤਾ ਤੇ ਇਸ ਸਮੁੱਚੇ ਵਿਕਾਸ ਸਦਕਾ ਮੈਂ ਸਾਹਿਤ ਦੇ ਖੇਤਰ ਵਿਚ ਵਾਦਾਂ ਦੀਆਂ ਸੌੜੀਆਂ ਵਲਗਣਾਂ 'ਚੋਂ ਕਾਫ਼ੀ ਹੱਦ ਤਕ ਨਿਕਲ ਸਕਿਆ ।"
                       ਉਹਨਾ ਅਜੇ ਸਾਹ ਲਿਆ ਹੀ ਸੀ ਕਿ ਮੈਂ ਗੱਲ ਹੋਰ ਅੱਗੇ ਵਧਾਈ , " ਲੇਖਕ ਦੇ ਸਵੈ-ਆਲੋਚਕ ਹੋਣ ਬਾਰੇ ਕਿਵੇਂ ਸੋਚਦੇ ਹੋਂ , ਸ਼ਾਇਦ ਇਹ ਗੱਲ ਉਸਨੂੰ ਥੋੜ੍ਹਾ , ਪਰ ਬਹੁਤ ਵਧੀਆ ਲਿਖਣ ਲਾ ਦਿੰਦੀ ਹੈ ?" ਸੁਖਬੀਰ ਹੁਰੀਂ ਇਕਦਮ ਬੋਲੇ , " ਬਿਲਕੁਲ ! ਲੇਖਕ ਨੂੰ ਆਪਣਾ ਬਹੁਤ ਸਖ਼ਤ ਆਲੋਚਕ ਹੋਣਾ ਚਾਹੀਦਾ ਹੈ । ਅਸਲ ਵਿਚ ਮਨੁੱਖ ਨੂੰ ਹੀ ਆਪਣਾ ਸਖ਼ਤ ਆਲੋਚਕ ਹੋਣਾ ਚਾਹੀਦਾ ਹੈ , ਪਰ ਇਹ ਸਭ ਤੋਂ ਔਖਾ ਕੰਮ ਹੈ । ਮੈਂ ਆਪਣੀਆਂ ਰਚਨਾਵਾਂ ਦਾ ਬਹੁਤ ਸਖ਼ਤ ਆਲੋਚਕ ਹਾਂ । ਹਰ ਰਚਨਾ ਦੂਜੀ , ਤੀਜੀ, ਚੌਥੀ ਵਾਰ ਲਿਖਦਾ ਹਾਂ । ਕੁਝ ਸਮਾਂ ਪਾ ਕੇ ਉਸ ਨੂੰ ਫੇਰ ਪੜ੍ਹਦਾ ਹਾਂ ਤੇ ਕਾਂਟ-ਤਰਾਸ਼ ਕਰਦਾ ਹਾਂ । ਕਾਹਲ ਵਿਚ ਛਪਣ ਦੀ ਭੁੱਖ 'ਤੇ ਮੇਰਾ ਸ਼ੁਰੂ ਤੋਂ ਹੀ ਕਾਬੂ ਰਿਹਾ ਹੈ । ਰਚਨਾ ਲਿਖਣ ਤੋਂ ਬਾਅਦ ਕਾਫ਼ੀ ਚਿਰ ਪਿੱਛੋਂ ਛਪਵਾਉਂਦਾ ਹਾਂ । ਮੇਰੇ ਵਿਕਾਸ 'ਚ ਸਵੈ-ਆਲੋਚਨਾ ਦਾ ਬਹੁਤ ਵੱਡਾ ਹੱਥ ਹੈ , ਵਰਨਾ ਅੱਜ ਮੈਂ ਉੱਥੇ ਹੀ ਹੁੰਦਾ , ਜਿੱਥੋਂ ਸ਼ੁਰੂ ਹੋਇਆ ਸਾਂ ਤੇ ਖੁਦ ਨੂੰ ਦੁਹਰਾਉਂਦਾ ਰਹਿੰਦਾ ।" ਮੈਂ ਆਪਣੇ ਸਮੇਤ ਕਿੰਨੇ ਹੀ ਪੰਜਾਬੀ ਲੇਖਕਾਂ ਨੂੰ ਯਾਦ ਕੀਤਾ ਜੋ ਲਿਖਦੇ ਪਿੱਛੋਂ ਹਨ ਪਰ ਛਪਦੇ ਪਹਿਲਾਂ ਹਨ । ਮਨ ਹੀ ਮਨ ਮੈਂ ਇਹਨਾ ਦੀ ਸਾਧਨਾ ਨੂੰ ਸਲਾਮ ਕੀਤਾ । ਕਿਤੇ ਪਾਠਕਾਂ ਦੀ ਗਿਣਤੀ ਲੇਖਕਾਂ ਦੇ ਛਪਣ ਦੀ ਕਾਹਲ ਕਰਕੇ ਤਾਂ ਨਹੀਂ ਘਟ ਰਹੀ ? ਇਹ ਸਵਾਲ ਮੈਂ ਆਪਣੇ ਆਪ ਨੂੰ ਵੀ ਕੀਤਾ ਤੇ ਕਿਹਾ ਕਿ ਕਿੰਨਾ ਚੰਗਾ ਹੋਵੇ ਜੇ ਸੁਖਬੀਰ ਜਿਹਾ ਠਰੰਮਾਂ ਸਭ ਲੇਖਕਾਂ ਕਲਾਕਾਰਾਂ 'ਚ ਆ ਜਾਵੇ  ।                                
                          ਉਹਨਾ ਨੂੰ ਆਖਰੀ ਸਵਾਲ ਕੀਤਾ , " ਕੀ ਲਿਖ ਰਹੇ ਹੋਂ ਤੇ ਕੀ ਪੜ੍ਹ ਰਹੇ ਹੋਂ ਅੱਜ-ਕੱਲ੍ਹ ?" ਉਹ ਮੱਠੀ  ਆਵਾਜ਼ 'ਚ ਦੱਸਣ ਲੱਗੇ , " ਅੱਜ-ਕੱਲ੍ਹ ਮੈਂ ਜ਼ਿਆਦਾਤਰ ਕਵਿਤਾਵਾਂ ਲਿਖ ਰਿਹਾ ਹਾਂ ਤੇ ਹਮੇਸ਼ਾਂ ਵਾਂਗ ਪੜ੍ਹ ਰਿਹਾ ਹਾਂ -ਵੱਡੇ ਲੇਖਕਾਂ ਨੂੰ ਵੀ , ਚਿੰਤਕਾਂ ਨੂੰ ਵੀ । ਇਹੋ ਪੜ੍ਹਾਈ ਲਿਖਣ-ਕਲਾ ਅਤੇ ਜਿਉਣ-ਕਲਾ ਵਿਚ ਵੀ ਸਹਾਈ ਹੁੰਦੀ ਹੈ ।"
                ਜੁਲਾਈ 9, 1925 'ਚ ਮੁੰਬਈ ਵਿਖੇ ਸ੍ਰੀ ਮਨਸ਼ਾ ਸਿੰਘ ਰੇਲਵੇ ਇੰਜੀਨੀਅਰ ਦੇ ਘਰ ਮਾਤਾ ਸ੍ਰੀਮਤੀ ਸ਼ਿਵ ਕੌਰ ਦੀ ਕੁੱਖੋਂ ਜਨਮੇ ਸੁਖਬੀਰ ਨੇ 87 ਸਾਲਾਂ ਦੀ ਲੰਮੀ ਉਮਰ  ਬਹੁਤ ਹੀ ਸਾਦਗੀ ਸਹਿਜਤਾ ਨਾਲ ਗੁਜ਼ਾਰੀ । ਉਹ ਸਾਰੀ ਉਮਰ ਪੜ੍ਹਦੇ ਲਿਖਦੇ ਰਹੇ । ਮੈਨੂੰ ਅੱਜ ਵੀ ਯਾਦ ਹੈ ਕਿ ਇਸ ਮਿਲਨੀ 'ਚ ਉਹਨਾ ਨੇ ਪੰਜਾਬੀ ਦੀ ਬਹੁਤੀ ਲੈਅ-ਵਿਹੂਣੀ ਕਵਿਤਾ 'ਤੇ ਚਿੰਤਾ ਪਰਗਟਾਈ । ਲੋੜੋਂ ਵੱਧ ਲੱਫ਼ਾਜ਼ੀ ਵਾਲੀ ਤੇ ਇਕੋ ਟਰੈਕ 'ਤੇ ਘੁੰਮਦੀ ਕਵਿਤਾ ਉਹਨਾਂ ਨੂੰ ਪਸੰਦ ਨਹੀਂ ਸੀ । ਸੁਖਬੀਰ ਭਾਵੇਂ ਆਪਣੇ ਰਹਿਣ-ਸਹਿਣ , ਖਾਣ-ਪੀਣ , ਪਹਿਰਾਵੇ 'ਚ ਏਨੇ ਆਧੁਨਿਕ ਜਾਂ ਵਿਲੱਖਣ ਨਹੀਂ ਸਨ ,ਪਰ ਆਪਣੇ ਵਿਚਾਰਾਂ ਤੇ ਸਾਹਿਤ ਅਤੇ ਜ਼ਿੰਦਗੀ ਦੇ ਸੁਹਜ ਸਵਾਦ ਵਿਚ ਬਣੇ ਬਣਾਏ ਰਾਹਾਂ 'ਤੇ ਨਾ ਤੁਰ ਕੇ ਕਾਫ਼ੀ ਹੱਦ ਤਕ ਨਵੇਂ , ਆਧੁਨਿਕ ਤੇ ਪ੍ਰਯੋਗਸ਼ੀਲ ਰਹੇ ਹਨ ।
                  ਪਿਛਲੇ ਵਰ੍ਹੇ 22 ਫਰਵਰੀ ਨੂੰ ਉਹ ਆਪਣੀ ਦੇਹ ਤੋਂ ਆਪਣੇ ਅੱਖਰਾਂ, ਸ਼ਬਦਾਂ, ਧੁਨੀਆਂ 'ਚ ਸਮਾਅ ਗਏ । ਮੈਂ ਆਪਣੇ ਪੰਜਾਬੀ ਅਧਿਆਪਕ ਦੋਸਤਾਂ ਦੇ ਸੈਮੀਨਾਰ 'ਚ ਸਾਂ । ਫੋਨ ਕੰਬਿਆ । ਸੁਖਬੀਰ ਦੇ ਕਰੀਬੀ ਦੋਸਤ ਸੁਰਿੰਦਰ ਸ਼ਰਮਾ ( ਜੋ ਹਮੇਸ਼ਾਂ ਹੀ ਜ਼ਿੰਦਗੀ ਨੂੰ ਮਘਾਈ ਰੱਖਣ ਲਈ ਸਭ ਨੂੰ ਨਵੇਂ ਨਵੇਂ ਲਤੀਫੇ ਭੇਜਦੇ ਰਹਿੰਦੇ ਹਨ ) ਦਾ ਸੁਨੇਹਾ ਆਇਆ । ਮੈਂ ਉਦਾਸ ਹੋ ਗਿਆ , ਇਹ ਕੋਈ ਲਤੀਫਾ ਜਾਂ ਸ਼ੁਭ ਵਿਚਾਰ ਨਹੀਂ ਸਗੋਂ ਸੁਖਬੀਰ ਦੇ ਤੁਰ ਜਾਣ ਦਾ ਸੁਨੇਹਾ ਸੀ । ਇਹ ਖ਼ਬਰ ਮੈਂ ਸਭ ਨੂੰ ਦਸਦਿਆਂ ਇਕ ਮਿੰਟ ਦਾ ਮੌਨ ਧਾਰਿਆ । ਇਸ ਮੌਨ 'ਚ ਉਹਨਾਂ ਨਾਲ ਹੋਈ ਇਕੋ ਇਕ ਮੁਲਾਕਾਤ ਮੇਰੀਆਂ ਅੱਖਾਂ ਸਾਹਵੇਂ ਸਾਕਾਰ ਹੋ ਗਈ । ਫਿਰ ਅਸੀਂ ਸੁਖਬੀਰ ਬਾਰੇ ਅਨੇਕਾਂ ਗੱਲਾਂ ਕੀਤੀਆਂ । ਮੇਰੇ ਮਨ ਨੂੰ ਸੁਕੂਨ ਹੋਇਆ , ਸੁਖਬੀਰ ਦੇ ਨਾਵਲ-ਕਹਾਣੀਆਂ ਨੂੰ ਪੜ੍ਹਨ ਵਾਲੇ ਕਿੰਨੇ ਹੀ ਅਧਿਆਪਕ ਹਨ ।