Thursday, November 5, 2009

ਫੁੱਲ

ਜੌਨ ਬਰੈਂਡੀ ਦੀ ਫੋਟੋ ਵਾਲਾ ਇਹ ਹਾਇਕੂ ਉਸ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਹੈ 


Wednesday, November 4, 2009

ਮੂਰਖ ਬੰਦਾ

ਮੂਰਖ ਬੰਦਾ

ਕੀ ਸੋਚੇ
ਸੋਚ ਕੇ ਹੱਸੇ
ਬੰਦਾ ਮੂਰਖ ਹੈ

ਮੱਝ ਗਾਂ
ਬਾਂਦਰ ਬਿੱਲੀ
ਮੋਰ ਤੋਤੇ
ਮੂਰਖ ਕਿਉਂ ?

ਬੰਦਾ ਮੂਰਖ
ਜੋ ਵੀ ਸੋਚੇ
ਸੋਚ ਕੇ ਹੱਸੇ
ਨੱਚੇ ਟੱਪੇ

ਗਾਂ ਮੱਝ
ਬਾਂਦਰ ਬਿੱਲੀ
ਮੋਰ ਤੋਤੇ ਦੀ
ਨਕਲ ਉਤਾਰੇ ।।

Sunday, November 1, 2009

ਸਾਰੇ ਸੋਹਣੇ

ਕਵਿਤਾ ਲਿਖਦਾ


ਚਾਅ ਦੇ ਖੰਭ ਲੱਗ ਜਾਂਦੇ

ਤਿੱਤਰ ਖੰਭੀ ਬੱਦਲਾਂ ਨੂੰ ਛੇੜਦਾ

ਕਿਸੇ ਪੰਛੀ ਨਾਲ ਖਹਿੰਦਾ



ਸੁਣਾਉਣ ਦੀ ਕਾਹਲ ਹੋ ਜਾਂਦੀ

ਰਸੋਈ ਚ ਤਵੇ ਫੁਲ਼ਦੀ ਰੋਟੀ

ਮੈਂਨੂੰ ਹਾਕ ਮਾਰਦੀ



ਕ੍ਰਿਕਟ ਖੇਡ ਕੇ ਮੁੜੇ ਬੇਟੂ ਲਈ

ਕਵਿਤਾ ਦਾ ਬੱਲਾ ਘੰਮਾਉਂਦਾ

ਲੰਮੀ ਡਾਈ ਮਾਰ ਕੈਚ ਕਰ ਲੈਂਦਾ ਉਹ



ਬੇਟੀ ਕੰਪਿਉਟਰ ਤੇ ਰੰਗ ਭਰਦੀ

ਸੁਣਦੀ ਕਵਿਤਾ ਮੇਰੀ

ਹਰ ਵਾਰ ਦੀ ਤਰ੍ਹਾਂ

ਕਰਦੀ ਸ਼ਰਾਰਤ

ਵਾਹ ! ਵਾਹ !!



ਫਿਰ ਗੱਲ੍ਹ ਤੇ ਉਂਗਲ ਰੱਖਦੀ

ਕੁਝ ਸੋਚਣ ਲਗਦੀ

ਕੈਮਰਾ ਚੱਕਦੀ ਤੇ ਆਖਦੀ



ਖੜ੍ਹੇ ਰਹੋ ਇਸੇ ਤਰ੍ਹਾਂ

ਫੋਟੋ ਖਿਚਦੀ ਹਾਂ ਥੋਡੀ

ਕਵਿਤਾ ਲਿਖਣ ਵੇਲੇ

ਕਿੰਨੇ ਸੋਹਣੇ ਹੋ ਜਾਂਦੇ ਹੋਂ



ਮੈਂ ਉਹਦਾ ਮੱਥਾ ਚੁੰਮਦਾ

ਮਹਿਸੂਸ ਕਰਦਾ

ਸਾਰੇ ਸੋਹਣੇ ।।

Saturday, October 31, 2009

ਅੱਜ


Thursday, October 29, 2009

ਹਾਇਗਾ

ਦੋਸਤੋ ਮੇਰਾ ਇਕ ਹੋਰ ਹਾਇਗਾ ਵਰ'ਡ ਹਾਇਕੂ ਦੀ ਸਾਈਟ ਤੇ
ਇਸ ਵਾਰ ਫਿਰ ਪੋਸਟ ਕੀਤਾ ਹੈ ਜਿਸ ਨੂੰ ਤੁਸੀਂ ਇਸ ਲਿੰਕ
http://www.worldhaiku.net/haiga_contest/71st/haiga71.htm  ਤੇ ਦੇਖ ਸਕਦੇ ਹੋਂ

Wednesday, October 28, 2009

ਅਨਾਦ ਕਾਵਿ ਸਨਮਾਨ ਅਮਰਜੀਤ ਚੰਦਨ ਨੂੰ


ਇਸ ਵਾਰ ਦਾ ਅਨਾਦ ਕਾਵਿ ਸਨਮਾਨ ਪੰਜਾਬੀ ਕਵੀ ਸ੍ਰੀ ਅਮਰਜੀਤ ਚੰਦਨ ਨੂੰ ਦਿੱਤਾ ਜਾ ਰਿਹਾ ਹੈ ।ਨਵੀਂ ਕਵਿਤਾ ਲਈ ਇਹ ਸ਼ੁਭ ਖਬਰ ਹੈ....

ਬਿਨ ਕੰਧਾਂ ਦਾ ਲਾਲ ਕਿਲ਼ਾ

ਕੀ ਪਰਵਾਹ ਉਸਨੂੰ ਕਿਸੇ ਦੀ

ਨੱਚਦਾ ਗਾਉਂਦਾ
ਟਿਕਟ ਲਾਲ ਕਿਲੇ ਨੂੰ ਦੇਖਣ ਦੀ
ਹੱਥਾਂ 'ਚ ਲਹਿਰਾਉਂਦਾ
ਇਸ ਤਰਾਂ ਲੱਗੇ
ਜਿਉਂ ਜਿੱਤ ਦਾ ਝੰਡਾ ਲਹਿਰਾਉਂਦਾ

ਚਾਂਭਲਿਆ ਉਹ
ਜੀਭ ਕਢਦਾ ਮੇਰੇ ਵੱਲ
ਨਾਲ ਦੀ ਨੂੰ ਅੱਖ ਮਾਰਦਾ....

ਗੇਟ ਕੀਪਰ ਨੇ ਨਹੀਂ ਜਾਣ ਦਿੱਤਾ ਅੰਦਰ ਉਹਨੂੰ
ਟਿਕਟ ਹੋਣ ਦੇ ਬਾਵਜੂਦ

ਉਹ ਰੁਕਿਆ ਇਕ ਪਲ
ਹੱਸਿਆ ਖੁਲ੍ਹ ਕੇ
ਨੱਚਦਾ ਗਾਉਂਦਾ
ਟਿਕਟ ਨੂੰ ਹੱਥਾਂ ‘ਚ ਲਹਿਰਾਉਂਦਾ
ਵਾਪਸ ਮੁੜਿਆ

ਜਿਵੇਂ ਜਿੱਤ ਦਾ ਝੰਡਾ ਗੱਡ
ਮੁੜ ਰਿਹਾ ਹੋਵੇ....

ਕੀ ਪਰਵਾਹ ਉਸ ਨੂੰ ਕਿਸੇ ਦੀ ।।

Friday, October 23, 2009

ਸਤਰ

ਸੌ ਸੂਲੀ ਚੜ੍ਹ

ਦਿਨ ਲੰਘਦਾ ਹੈ
ਰਾਤ ਮੁਕਦੀ ਹੈ

ਕੋਈ ਸਤਰ ਹਨੇਰੇ 'ਚ ਚਾਨਣ ਵਾਂਗ ਚਮਕਦੀ ਹੈ

ਮੈਨੂੰ ਖੂਹ 'ਚ ਡਿੱਗੇ ਨੂੰ
ਬਾਹਰ ਕੱਢ ਲੈਂਦੀ ਹੈ
ਮੇਰੇ ਰਾਹਾਂ 'ਚ ਵਿਛ ਜਾਂਦੀ ਹੈ


ਮੈਂ ਅਹਿਸਾਸਾਂ ਭਾਵਾਂ ਰੰਗਾਂ ਨਾਲ ਭਰਿਆ
ਬੁੱਤ ਧੜਕਦਾ
ਤੇਰੇ ਹੱਥਾਂ 'ਚ ਪਲ ਪਲ ਘੜਦਾਂ ਆਪਣੇ ਆਪ ਨੂੰ ॥

Thursday, October 22, 2009

ਇਕ ਪਲੇਟ 'ਚ ਕਿੰਨੇ ਹਾਸੇ


Wednesday, September 30, 2009

ਡੱਬੀਆਂ ਵਾਲਾ ਖੇਸ

ਦੁਪਹਿਰ ਦੀ ਰੋਟੀ
ਸੁਆਦ ਐਨੀ
ਮੈਂ ਥੋੜ੍ਹੀ ਭੁੱਖ ਰੱਖ ਖਾਧੀ

ਤੇ ਉਹਨੂੰ ਆਖਣ ਲੱਗਿਆ

ਸਾਰੇ ਸੁੱਖ ਖੁਸ਼ੀਆਂ ਪਿਆਰ
ਤੇਰੇ ਤੋਂ ਵਾਰਦਾ ਹਾਂ

ਉਹ ਚੁੱਪ ਰਹੀ ਘੜੀ ਪਲ
ਫਿਰ ਥੋੜ੍ਹਾ ਮੁਸਕਰਾਈ
ਫਿਰ ਝੱਲੀ ਹੋ ਉੱਠੀ
ਤੇ ਆਖਣ ਲੱਗੀ

ਥੋੜ੍ਹਾ ਚਿਰ ਪਹਿਲਾਂ ਖਾਧਾ ਖਾਣਾ
ਭੁੱਲ ਵੀ ਗਿਆ
ਸ਼ਾਮ ਹੋਣ ਚ ਅਜੇ ਦੇਰ ਹੈ

ਤੈਨੂੰ ਤਾਂ ਭੋਰਾ ਭਰ ਵੀ ਸਮਝ ਨਹੀਂ
ਜਦੋਂ ਮਿਰਚ ਖਾਧੀ ਤਾਂ ਗੁੜ੍ਹ ਮੰਗਿਆ
ਖੀਰ ਖਾਧੀ ਤਾਂ ਸਬਜ਼ੀ ਦਾ ਚਮਚਾ ਲਾਇਆ

ਨਹੀਂ ਚਾਹੀਂਦਾ ਮੈਨੂੰ
ਪਿਆਰ ਇਕੱਲਾ
ਖੁਸ਼ੀਆਂ ਤੇ ਸੁੱਖ

ਮੈਂਨੂੰ ਤੂੰ ਸੁੱਖ ਨਾਲ ਦੁੱਖ ਵੀ ਦੇ
ਖੁਸ਼ੀਆਂ ਨਾਲ ਗਮ ਵੀ

ਮੈਂਨੂੰ ਨਹੀਂ ਚਾਹੀਂਦਾ
ਖਰਾ ਬੰਦਾ
ਤੂੰ ਥੋੜ੍ਹਾ ਜਿਹਾ ਖੋਟਾ ਵੀ ਹੋ ਜਾ

ਮੈਂ ਖੀਵਾ
ਅੰਦਰੇ ਅੰਦਰ ਨਚਦਾ
ਆਖਦਾ ਉਹਨੂੰ
ਮੈਂ ਜੋ ਵੀ ਲਿਖਦਾ ਹਾਂ
ਪਿਆਰ ਉਸ ਚ ਤੂੰ ਭਰਦੀ ਹੈਂ
।।

Monday, September 14, 2009

ਪਿਆਰ

ਇਹ ਕੀ ਹੈ
ਜੋ ਤੂੰ ਹੁਣੇ ਮੈਨੂੰ ਦਿੱਤਾ
ਨਹੀਂ ਖਾਧਾ ਇਸ ਤੋਂ ਪਹਿਲਾਂ
ਮੈਂ ਇਹ ਫਲ਼


ਫਲ਼ ਜੋ ਇਕ ਪਲ ਕਿੰਨਾ ਮਿੱਠਾ
ਮੁੜ ਨਾ ਡਿੱਠਾ

ਇਹ ਕੀ ਹੈ
ਜੋ ਤੂੰ ਹੁਣੇ ਮੇਰੇ ਤੋਂ ਖੋਹਿਆ

ਦੇਹ ਮੇਰੀ ਦੀ ਕਿਹੜੀ ਨੁਕਰੋਂ
ਬਿਰਖ ਇਹ ਭਾਲਿਆ
ਟਹਿਣੀ ਕਿਹੜੀਉਂ ਤੋੜਿਆ

ਇਹ ਫਲ਼ ਮੈਂ ਨਾ
ਇਸ ਤੋਂ ਪਹਿਲਾਂ ਜਾਣਿਆਂ ।।

Saturday, September 12, 2009

ਮੂਲ-ਮੰਤਰ

ਜਸਵੰਤ ਜ਼ਫਰ ਦੀ ਕਾਵਿ-ਪੁਸਤਕ "ਅਸੀਂ ਨਾਨਕ ਦੇ ਕੀ ਲਗਦੇ ਹਾਂ " ਪੰਜਾਬੀ ਦੀ ਚਰਚਿਤ
ਕਿਤਾਬ ਹੈ , ਜਿਸ ਦੇ
ਕਈ ਐਡੀਸ਼ਨ ਪ੍ਰਕਾਸ਼ਿਤ ਹੋ ਚੁਕੇ ਹਨ ।
ਇਸ ਦੀਆਂ ਫੋਟੋਆਂ ਦਾ ਕਮਾਲ ਇਸ ਵਾਰ ਦੇ 'ਹੁਣ' ਵਿਚ ਦੇਖਿਆ ਜਾ
ਸਕਦਾ ਹੈ । ਅੱਜ-ਕਲ੍ਹ ਜ਼ਫਰ ਮੂਲ- ਮੰਤਰ ਨੂੰ ਪੇਂਟ ਕਰ ਰਿਹਾ ਹੈ ।
ਉਪਰਲੀ ਪੇਂਟਿੰਗ ਇਸੇ ਸੀਰੀਜ਼ ਚੋਂ ਹੈ ,ਜਿਸ
ਨੂੰ ਦੇਖਦਿਆਂ ਲਗਦਾ ਹੈ ਕਿ ਇਹ ਚਿਤਰ ਰੰਗਾਂ ਨਾਲ ਨਹੀਂ ਭਾਵਨਾਵਾਂ ਨਾਲ ਹੀ ਬਣਾਇਆ ਗਿਆ ਹੈ ।
ਇਹਨੂੰ ਦੇਖ
ਪੰਜਾਬ ਦੇ ਪੁਰਾਣੇ ਪਿੰਡਾਂ ਦੇ ਘਰਾਂ ਚ ਕੰਧੋਲੀਆਂ ਤੇ ਪਾਏ ਤੋਤੇ ਮੋਰ ਵੀ ਯਾਦ ਆਉਂਦੇ ਹਨ ।
।। ਤੁਸੀਂ ਜਸਵੰਤ ਦੀਆਂ ਹੋਰ ਪੇਂਟਿੰਗਾਂ ਸੱਜੇ ਹੱਥ 'ਜ਼ਫਰ' ਤੇ ਕਲਿਕ ਕਰਕੇ ਦੇਖ ਸਕਦੇ ਹੋਂ ।।

Wednesday, September 9, 2009

ਖਜੁਰਾਹੋ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਤੈਨੂੰ ਜੇ ਯਾਦ ਹੈ
ਨਾਲ ਸੀ ਤੂੰ ਵੀ

ਉਦੋਂ ਅਜੇ ਨਹੀਂ ਸੀ ਇੱਥੇ
ਬੰਦੇ ਦੀ ਇਹ ਕਲਾ
ਨਹੀਂ ਸੀ ਰੂਪ ਗੁਲਾਬੀ
ਪੱਥਰਾਂ ਦਾ ਇਹ

ਉਦੋਂ ਇੱਥੇ ਕੁਦਰਤ ਦੀ ਕਲਾ ਸੀ
ਰੁੱਖ ਤਲਾਅ
ਸ਼ੇਰ ਚੀਤੇ
ਮਸਤ ਹਾਥੀ

ਉਦੋਂ ਪਸ਼ੂਆਂ ਪੰਛੀਆਂ ਜਿਹੇ
ਨੰਗ ਮੁਨੰਗੇ ਸੀ ਆਪਾਂ

ਮੂਰਤੀਆਂ ਨੂੰ ਛੁੰਹਦਿਆਂ
ਮੰਦਰਾਂ ਨੂੰ ਤਕਦਿਆਂ
ਯਾਦ ਆਇਆ ਵਾਰ ਵਾਰ
ਮੈਂ ਇੱਥੇ ਪਹਿਲਾਂ ਵੀ ਆਇਆ ਹਾਂ

ਯਾਦ ਨਹੀ ਤੈਨੂੰ ?

ਹਾਂ
ਇਹ ਉਹੀ ਰਾਜਾ ਸੀ
ਜਿਸ ਦਾ ਨਾਂ
ਮੈਂ ਅੱਜ ਥਾਂ ਥਾਂ
ਖਜੁਰਾਹੋ ਦੇ ਇਤਿਹਾਸ 'ਚ ਪੜਿਆ ਹੈ

ਜੇ ਨਾ ਹੁੰਦਾ ਇਹ ਰਾਜਾ
ਤਾਂ ਕਲਾ ਮੇਰੀ ਇਹ
ਕਾਰੀਗਰੀ ਸ਼ਿਲਪ
ਮਰ ਜਾਣਾ ਸੀ ਨਾਲ ਮੇਰੇ

ਜੋ ਛੱਡ ਗਿਆਂ ਹਾਂ ਹੁਣ ਇਥੇ

ਇਹਨਾਂ ਮੰਦਰਾਂ ਦੇ
ਅੰਦਰ
ਬਾਹਰ

ਕੀ ਹੋਇਆ ਨਾਂ ਨਹੀਂ ਮੇਰਾ ਕਿਤੇ

ਦੇਖਦਾਂ ਮੁੜ
ਮੈਂ ਆਪਣੀ ਹੀ ਕਲਾ

ਯਾਦ ਆ ਰਿਹਾ ਹੈ ਸਭ ਕੁਝ

ਛੈਣੀ ਦਾ ਚਲਨਾ
ਅੰਗ ਅੰਗ ਦਾ ਘੜ੍ਹੇ ਜਾਣਾ

ਘੜ੍ਹੇ ਅੰਗਾਂ ਤੇ
ਆਪ ਹੀ ਮੋਹਿਤ ਹੋ ਜਾਣਾ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਉਦੋਂ ਭਰ ਗਿਆ ਸੀ
ਮੂੰਹ ਮੇਰਾ
ਦੁੱਧ ਦੇ ਸਵਾਦ ਨਾਲ

ਹੁਣ ਜਦ ਦੇਖ ਰਿਹਾਂ
ਤਾਂ ਭਰ ਗਿਆਂ
ਇਕ ਅਨੋਖੀ ਤਾਂਘ ਨਾਲ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਨਾਲ ਸੀ ਤੂੰ ਵੀ
ਯਾਦ ਹੈ ਤੈਨੂੰ ॥

ਦੋਸਤ

ਜ਼ਿੰਦਗੀ ਕਿੰਨੀ ਸਰਲ
ਦੋਸਤ ਇਕ
ਫੋਨ 'ਤੇ ਆਖਦਾ ਹੈ
ਹੱਸਦਾ ਹੈ
ਹੱਸੀ ਜਾਂਦਾ ਹੈ

ਕਿਹੜੀ ਖੇਡ ਖੇਡਦੈਂ
ਇਸ ਵੇਲੇ
ਪੁਛਦਾ ਹੈ ਦੋਸਤ
ਹੱਸਦਾ ਹੈ
ਹੱਸੀ ਜਾਂਦਾ ਹੈ

ਕੌਣ ਹੁੰਦਾ ਹੈ ਦੋਸਤ
ਸਵਾਲ ਕਰਦਾ ਹੈ ਦੋਸਤ
ਹੱਸਦਾ ਹੈ
ਹੱਸੀ ਜਾਂਦਾ ਹੈ

ਮੈਂ ਉਸਦੇ ਹਾਸੇ 'ਚ ਸ਼ਾਮਲ ਹੋ ਜਾਂਦਾ ਹਾਂ ॥

Thursday, July 2, 2009

ਮੇਕਅਪ ਉਤਾਰ ਰਹੇ ਕਲਾਕਾਰ

ਬੱਚੇ ਸੋਚਣ
ਨਾਟਕ ਖਤਮ ਹੋਣ 'ਤੇ
ਕਿਉਂ ਵਜਾਉਂਦੇ ਹਾਂ ਆਪਾਂ ਤਾੜੀਆਂ