Saturday, June 11, 2011

ਨੰਗੇ ਪੈਰਾਂ ਦਾ ਸਫ਼ਰ : ਮਕਬੂਲ ਫਿਦਾ ਹੁਸੈਨ

ਇਕ ਬੱਚਾ 
ਸੁੱਟਦਾ ਹੈ
ਮੇਰੇ ਵੱਲ
ਰੰਗ ਬਰੰਗੀ ਗੇਂਦ

ਤਿੰਨ ਟੱਪੇ ਖਾ
ਔਹ ਗਈ
ਔਹ ਗਈ

ਮੈਂ ਆਪਣੇ 'ਤੇ ਹਸਦਾ ਹਾਂ
ਗੇਂਦ ਨੂੰ ਬੁੱਚਣ ਲਈ
ਬੱਚਾ ਹੋਣਾ ਪਵੇਗਾ ।।
0

ਨੰਗੇ ਪੈਰਾਂ ਦਾ ਸਫ਼ਰ
ਮੁਕਣਾ ਨਹੀਂ
ਇਹ ਰਹਿਣਾ ਹੈ
ਸਦਾ ਜਵਾਨ

ਲੰਬੇ ਬੁਰਸ਼ ਦਾ ਇਕ ਸਿਰਾ
ਆਕਾਸ਼ 'ਤੇ ਚਿਮਨੀਆਂ ਟੰਗਦਾ ਹੈ
ਦੂਜਾ ਸਿਰਾ ਧਰਤੀ ਨੂੰ ਰੰਗਦਾ ਹੈ 

ਉਹ ਜਦੋਂ ਵੀ ਅੱਖਾਂ ਮੀਚੇ
ਦੇਖਦਾ ਹੈ
ਅਧਿਆਪਕ ਦੇ ਬਲੈਕ ਬੋਰਡ ਤੋਂ ਪਹਿਲਾਂ
ਆ ਬਹਿੰਦਾ
ਉਹਦੀ ਪੈਨਸਲ 'ਤੇ ਤੋਤਾ ।।
0

ਨੰਗੇ ਪੈਰਾਂ ਦੇ ਸਫ਼ਰ 'ਚ
ਰਲੀ ਹੁੰਦੀ ਹੈ ਧੂੜ੍ਹ ਮਿੱਟੀ ਦੀ ਮਹਿਕ

ਮਚਦੇ ਪੈਰਾਂ ਹੇਠ
ਵਿਛ ਜਾਂਦੀ ਹਰੇ ਰੰਗ ਦੀ ਛਾਂ

ਸਿਆਲੀ ਦਿਨਾਂ 'ਚ ਵਿਛ ਜਾਂਦੀ ਧੁੱਪ 
ਰਾਹਾਂ 'ਚ

ਨੰਗੇ ਪੈਰ ਨਹੀਂ ਪਾਏ ਜਾ ਸਕਦੇ ਪਿੰਜਰੇ 'ਚ

ਨੰਗੇ ਪੈਰਾਂ ਦਾ ਹਰ ਕਦਮ
ਸੁਤੰਤਰ ਲਿਪੀ ਦਾ ਸੁਤੰਤਰ ਵਰਣ

ਪੜ੍ਹਨ ਲਈ ਨੰਗਾ ਹੋਣਾ ਪਵੇਗਾ
ਮੈਂ ਡਰ ਜਾਂਦਾ ।।
0

ਇਕ ਵਾਰ ਉਹਦੀ ਦੋਸਤ ਨੇ
ਤੋਹਫੇ ਵਜੋਂ ਦਿੱਤੀਆਂ ਦੋ ਜੋੜੀਆਂ ਬੂਟਾਂ ਦੀਆਂ
ਨਰਮ ਰੂੰ ਜਿਹਾ ਲੈਦਰ

ਕਿਹਾ ਉਹਨੇ
ਪਾ ਇਹਨਾ ਨੂੰ 
ਬਾਜਾਰ ਚੱਲੀਏ

ਪਾ ਲਿਆ ਉਹਨੇ
ਇਕ ਪੈਰ 'ਚ ਕਾਲਾ
ਦੂਜੇ ਪੈਰ 'ਚ ਭੁਰੇ ਰੰਗ ਦਾ ਬੂਟ

ਇਹ ਕਲਾਕਾਰ ਦੀ ਯਾਤਰਾ ਹੈ ।।
0

ਸ਼ੁਰੂਆਤ ਰੰਗਾਂ ਦੀ ਸੀ
ਤੇ ਆਖਰ
ਉਹ ਰਲ ਗਿਆ
ਰੰਗਾਂ 'ਚ

ਰੰਗਾਂ 'ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ

ਦੁਨੀਆਂ ਦੇ ਕਿਸੇ ਕੋਨੇ
ਆਹ ਹੁਣੇ ਵਾਹ ਰਿਹਾ ਹੋਵੇਗਾ
ਕੋਈ ਬੱਚਾ
ਆਪਣੇ ਸਿਆਹੀ ਲਿਬੜੇ ਹੱਥਾਂ ਨਾਲ
ਨੀਲੇ ਕਾਲੇ
ਘੁੱਗੂ ਘੋੜੇ 

ਰੰਗਾਂ ਦੀ ਕੋਈ ਕਬਰ ਨਹੀਂ ਹੁੰਦੀ ।।

Monday, June 6, 2011

ਤਾਇਆ ਨਾਥੀ ਰਾਮ

।। ਦੋਸਤ ਪਰਾਗ ਰਾਜ ਲਈ ਜਿਹਦਾ ਤਾਇਆ ਮੇਰੀ ਕਵਿਤਾ ਚ ਆ ਕੇ ਮੇਰਾ ਵੀ ਤਾਇਆ ਬਣ ਗਿਆ ।।

ਮੈਨੂੰ ਭੱਜੇ ਜਾਂਦੇ ਨੂੰ ਰੋਕ ਲੈਂਦਾ ਹਾਕ ਮਾਰ
ਬਾਂਹ ਫੜ੍ਹ ਭੀੜ ਚੋਂ ਬਾਹਰ ਲੈ ਜਾਂਦਾ

ਤਾਇਆ ਮਾਂ ਦੀ ਗਾਲ੍ਹ ਕੱਢ ਪੁਛਦਾ
ਕਿੰਨਾ ਚਿਰ ਹੋ ਗਿਆ ਪਿੰਡ ਆਏ ਨੂੰ
ਕੱਢ ਪੰਜ ਸੌ ਦਾ ਨੋਟ
ਉਹ ਨੋਟ ਤੇ ਛਪੇ ਗਾਂਧੀ ਦੀ ਐਨਕ ਲਾਹ
ਝੱਗੇ ਦੀ ਕੰਨੀਂ ਨਾਲ ਸਾਫ਼ ਕਰਦਾ
 ਬੱਕਰੀਆਂ ਚਾਰਦੇ ਭੰਤੇ ਨੂੰ ਚਾਹ ਧਰਨ ਲਈ ਆਖਦਾ

ਉਹਦੇ ਦੁਆਲੇ ਹੋ ਜਾਂਦੇ
ਢਿੱਡੋਂ ਭੁੱਖੇ
ਪੈਰੋਂ ਤੇੜੋਂ ਨੰਗੇ ਬੱਚੇ

ਦੇਖਦਿਆਂ ਦੇਖਦਿਆਂ
ਨੋਟ ਪੰਜ ਸੌ ਦਾ
ਬਦਲ ਜਾਂਦਾ
ਚੱਪਲਾਂ ਨੀਕਰਾਂ ਖਿੱਲਾਂ ਪਤਾਸਿਆਂ

ਤਾਇਆ ਦੱਸਦਾ
ਨਿਆਣਿਆਂ ਤੇ ਬੇਜ਼ੁਬਾਨੇ ਜਾਨਵਰਾ ਤੋਂ ਭਲਾ
ਕੋਈ ਨ੍ਹੀਂ ਹੁੰਦਾ
ਲੈ ਦੇਖ ਜਦੋਂ ਭੰਤਾ ਆਖੂ ਹੇਮਾ ਮਾਲਨੀ
ਲੂੰਗ ਖਾਂਦੀ ਉਹ ਡੱਬੀ ਬੱਕਰੀ
ਭੱਜੀ ਆਊ ਇਹਦੇ ਵੱਲ

ਜੇ ਇਹ ਆਖੇ ਧਰਮਿੰਦਰ
ਸੂੰ ਸੂੰ ਕਰਦਾ ਓਹ ਬੋਕ ਕਾਲਾ
ਇਹਦੇ ਪੈਰਾ ਚ ਬਹਿ ਜੂ

ਤਾਇਆ ਦਿਖਾਉਦਾ
ਸ਼ਹਿਰੀ ਭਤੀਜੇ ਨੂੰ
ਆਜੜੀ ਦੀ ਪਿੱਤਲ ਪਤੀਲੀ
ਸੋਨੇ ਤੋਂ ਵੱਧ ਚਮਕਦੀ
ਤੇ ਸੁਣਾਉਦਾ
ਕਿਸੇ ਵੇਦ ਦਾ ਸ਼ਲੋਕ
ਕਿਸੇ ਪੋਥੀ ਦੀ ਕਥਾ

ਇਹਨੀਂ ਦਿਨੀਂ
ਲਹੌਰ ਦਾ ਪੜ੍ਹਿਆ ਤਾਇਆ
ਦੁਪਹਿਰ ਆਪਣੀ ਜੰਡ ਹੇਠਾਂ ਗੁਜ਼ਾਰੇ
ਧਰਤੀ ਦੇ ਕਾਗਦੁ ਤੇ
ਕੋਈ ਚਿੱਠੀ ਲਿਖੇ
ਲਿਖੇ ਹੋਏ ਨੂੰ ਮਿਟਾਵੇ

ਪਹਿਰ ਤੀਜੇ ਫੇਰ
ਟੋਭੇ ਆਈਆਂ ਮੱਝਾਂ ਮਲ ਮਲ ਨਹਾਵੇ
ਬੁੱਲਾ ਗਾਵੇ

ਜੁੱਤੀਆਂ ਸਿਉਂਦੇ
ਚੰਦੂ ਚਮਾਰ ਨੂੰ ਦੇਖੀ ਜਾਵੇ
ਜਾਂ ਫਿਰ ਤੋਗੇ ਤਖਾਣ ਦੇ ਘਰ
ਗੜਬੀ ਚ ਆਈ ਚਾਹ ਦੀ
ਬਾਟੀ ਭਰ ਪੀ ਜਾਵੇ

ਤਾਇਆ ਇਹਨੀਂ ਦਿਨੀਂ
ਕੋਈ ਫਕੀਰ ਲਗਦਾ
ਪੈਰੀਂ ਘੂੰਗਰੂੰ ਬੰਨ੍ਹਦਾ
ਨੱਚਣ ਲਗਦਾ

ਬੁੜ੍ਹੀਆਂ ਉਹਦੇ ਪੈਰੀਂ ਹੱਥ ਲਾਉਂਦੀਆਂ
ਉਹ ਚੁਪ ਰਹਿੰਦਾ
ਕਹਿੰਦਾ  ਸ਼ਬਦਾਂ `ਚ   ਆਖੀ  ਗੱਲ ਝੂਠੀ ਪੈ ਜਾਂਦੀ ਐ

ਮੈਂ ਉਹਦੇ ਗਿੱਟੇ ਬੰਨ੍ਹੀਂ ਪੱਟੀ ਦੇਖਦਾ
ਡਾਕਟਰ ਨੇ ਕਿਹਾ ਸੀ
ਇਹਨੇ ਮਿੱਠਾਂ ਖਾਣੋਂ ਹਟਣਾ ਨਹੀ
ਤੇ ਸ਼ੂਗਰ ਦਾ ਜਖ਼ਮ ਰਾਜੀ ਹੋਣਾ ਨਹੀ
ਪੱਟੀ ਤਾਂ ਮਿੱਟੀ ਘੱਟਾ ਈ ਰੋਕੂ ਗੀ


ਪੁੱਛਿਆ ਮੈਂ
ਕੀ ਹਾਲ ਐ ਜ਼ਖਮ ਦਾ ?

ਤਾਇਆ ਤਾਅ ਨਾਲ ਬੋਲਿਆ
ਠੀਕ ਐ ਸ਼ੇਰਾ
ਜਮਾਂ ਟੱਲੀ ਅਰਗਾ
ਪਾਣੀ ਪਾ ਪਾ ਠੀਕ ਕਰ ਲਿਆ
ਆਹ ਪੱਟੀ ਦਾ ਤਾਂ ਸੁਭਾਅ ਬਣ ਗਿਆ
ਹੁਣ ਤੁਰਿਆ ਨਹੀਂ ਜਾਂਦਾ ਇਹਦੇ ਬਿਨਾਂ

ਮੈਂ ਪਿਛਾਂਹ ਮੁੜ ਜਾਂਦਾ ਕਈ ਵਰ੍ਹੇ ਪਹਿਲਾਂ
ਜਦੋਂ ਗੁਜ਼ਰ ਗਈ ਸੀ ਤਾਈ
ਕੋਈ ਰੋਂਦਾ , ਕੋਈ ਰੋਂਦੇ ਨੂੰ ਚੁੱਪ ਕਰਾਉਂਦਾ
ਕੋਈ ਸਮਸ਼ਾਨ ਚ ਲੱਕੜਾਂ ਲਈ ਰੁਝਿਆ
ਤਾਏ ਨੇ ਬਸ ਏਨਾ ਹੀ ਕਿਹਾ ਸੀ 
ਉਹਨੇ ਜਾਣਾ ਵੀ ਹੈ ਜਿਹੜਾ ਆਇਆ
ਚੁੱਕ ਕੇ ਸਾਫਾ
ਤੁਰ ਪਿਆ ਤਾਇਆ
ਨਾਲ ਦੇ ਪਿੰਡ ਕਾਮਰੇਡਾਂ ਦਾ ਜਲਸਾ


ਤਾਇਆ ਅੱਜ-ਕੱਲ੍ਹ ਖੇਤਾਂ ਚ ਰਹਿੰਦਾ ਹੈ
ਜੇ ਕੋਈ ਰੋਟੀ ਪਾਣੀ ਦੇ ਆਇਆ ਤਾਂ ਦੇ ਆਇਆ
ਨਹੀਂ ਪਤਾ ਨ੍ਹੀਂ ਉਹ ਕੀ ਖਾਂਦਾ ਜਾਂ ਨਾ ਖਾਂਦਾ
ਦੁਪਹਿਰ ਵੇਲੇ ਸਿਰ ਦੀ ਛਾਂ ਲਈ
ਕੱਖ ਕਾਨਿਆਂ ਦੀ  ਝੁੱਗੀ ਪਾਉਂਦਾ
ਆਥਣ ਹੋਣ ਤੇ ਅੱਗ ਲਾ ਦਿੰਦਾ
ਬਾਹਾਂ ਉਲਾਰ ਉਤਾਂਹ ਨੂੰ
ਕਿਸੇ ਨੂੰ ਕੁਝ ਕਹਿੰਦਾ ਕਹਿੰਦਾ
ਪਤਾ ਨੀਂ ਕਿਹੜੇ ਵੇਲੇ  ਸੌਂ ਜਾਂਦਾ ।।


Thursday, June 2, 2011

ਬੰਤ ਸਿੰਘ ਝੱਬਰ ਨੂੰ ਮਿਲਦਿਆਂ


ਹਵਾ ਜਾਣਦੀ ਹੈ
ਇਹ ਬੰਤ ਸਿੰਘ ਝੱਬਰ ਦਾ ਘਰ ਹੈ
ਉਹ ਘਰ ਦੀ ਹਰ ਸ਼ੈਅ ਨੂੰ
ਛੁਹ ਛੁਹ ਕੇ ਲੰਘਦੀ ਹੈ
ਚੰਡੀਗੜੋਂ ਨਿਰੁਪਮਾ ਦੱਤ ਜੋ ਆਈ ਹੈ

ਪਤੀਲੀ
ਰਿੱਝ ਰਹੀ ਹੈ ਚਾਹ
ਛਟੀਆਂ ਦੀ ਅੱਗ ਦੀਆਂ ਲਾਟਾਂ
ਬਾਹਾਂ ਉਲਾਰ ਉਲਾਰ
ਨਾਅਰੇ ਲਾ ਰਹੀਆਂ ਨੇ

ਕੁੜੀਓ ! ਚੁੱਪ ਕਰੋ
ਮੈਂ ਗਾਉਂਦਾ ਹਾਂ
ਬੋਲਿਓ ਨਾ

ਆਵਾਜ਼ ਨੂੰ ਪਤਾ ਹੈ
ਉਹਦੇ ਧੁਰ ਅੰਦਰ
ਕੀ ਰਿੱਝ ਰਿਹਾ ਹੈ

ਬੰਤ ਸਿੰਘ ਗਾਉਂਦਾ ਹੈ
ਬੁਲੰਦ ਆਵਾਜ਼ ਨਾਲ
ਸੰਗਤ ਕਰ ਰਹੀਆਂ ਨੇ
ਹਵਾ ਮਿੱਟੀ ਤੇ ਅਗਨ ।।
ਮਸ਼ੀਨੀ ਹੱਥ
ਕਰਦਾ ਹੈ ਪੂਰਾ ਕੰਮ
ਪੁਛਦੀ ਹੈ ਨਿਰੁਪਮਾ ਦੱਤ

ਹਾਂ ਜੀ ਪੂਰੇ ਤੋਂ
ਵੱਧ ਕੰਮ
ਕਰਦਾ ਹੈ ਹੱਥ ਮੇਰਾ

ਝੰਡਾ ਫੜ੍ਹ ਲੈਂਦਾ ਹੈ
ਉੱਚਾ ਚੱਕਣ ਲਈ
ਲਹਿਰਾਉਣ ਲਈ
ਮਾਈਕ ਫੜ੍ਹ ਲੈਂਦਾ ਹੈ
ਗਾਉਣ ਲਈ
ਡਾਂਗ ਚੱਕ ਲੈਂਦਾ ਹੈ
......
ਮੈਂ ਦੇਖ ਰਿਹਾਂ
ਸਾਹਮਣੇ ਅਪਣੇ
ਹਜ਼ਾਰਾਂ ਹੱਥਾਂ ਵਾਲਾ ਆਦਮੀ

ਕਿਸੇ ਇਤਿਹਾਸ ਮਿਥਿਹਾਸ ਦਾ ਪਾਤਰ ਨਹੀਂ
ਕਿਸੇ ਦੇਵੀ ਦੇਵਤੇ ਦਾ ਚਿਤਰ ਨਹੀਂ

ਜਿਉਂਦਾ ਜਾਗਦਾ
ਹੱਡ ਮਾਸ ਦਾ ਆਦਮੀ ।।
ਦਾਦਾ ਮੇਰਾ ਧੰਨਾ ਸਿੰਘ ਸੀ
ਅੱਠ-ਪੋਰੀ ਦੀ ਡਾਂਗ ਰੱਖਦਾ

ਪਿੰਡ ਨੂੰ ਪਤਾ ਲੱਗ ਜਾਂਦਾ
ਜਦੋਂ ਉਹ ਖੰਘੂਰਾ ਮਾਰਦਾ

ਦਸਦਾ ਬੰਤ ਸਿੰਘ ਆਖਣ ਲੋਕੀਂ
ਮੈਂ ਉਹਦੇ ਤੇ ਗਿਆ ਹਾਂ

ਦੇਸ਼ ਆਜ਼ਾਦ ਹੈ
ਉਹਦੀਆਂ ਅੱਖਾਂ ਦਗਦੀਆਂ
ਪਿੰਡ ਦੀ ਇਕ ਮਾਈ ਨੇ ਮੁਠੀ ਵੱਟ ਹਵਾ ਚ ਲਹਿਰਾਈ
ਤੇ ਆਖਿਆ : ਲਾਲ ਸਲਾਮ ।।
ਵਿਸ਼ਵਰੂਪ ਗਿਆਨ-ਗੁਰੂ
ਬੰਤ ਸਿੰਘ ਨੂੰ
ਵਿਸ਼ਵ-ਗੁਰੂ ਮੰਨਦਾ ਹੈ

ਇੱਛਾ ਉਹਦੀ ਗਾਵੇ
ਉਹਦੇ ਲਈ ਬੰਤ ਸਿੰਘ
ਦੋ ਸਤਰਾਂ ਹੀ ਗਾਵੇ ਭਾਵੇਂ
ਉਹਦੀ ਭਾਸ਼ਾ

ਪਰ ਗਾ ਨਹੀਂ ਸਕਿਆ
ਸ਼ਬਦ ਵੀ
ਵਾਰ ਵਾਰ ਕੋਸ਼ਿਸ਼ ਕਰਨ ਤੇ
ਆਖਣ  ਲੱਗਿਆ ਆਖਰ

ਅਪਣਾ ਟਰੈਕਟਰ ਤਾਂ
ਕਿਤੇ ਵੀ ਚਲਾ ਲਵਾਂ
ਟੋਇਆਂ ਟਿੱਬਿਆਂ
ਖੇਤਾਂ ਖੇਤਾਨਾਂ

ਪਰ ਤੇਰੀ ਕਾਰ ਤਾਂ ਮੈਥੋਂ
ਸੜਕ ਤੇ ਵੀ ਨਾ ਚੱਲੇ ।।
ਸੋਚਦੇ ਹੋਂ
ਬੰਤ ਸਿੰਘ ਝੱਬਰ
ਝੱਬਰਾਂ ਦਾ ਉਹੀ ਬੰਤ ਸਿੰਘ
ਜਿਸ ਤੇ ਹਮਲਾ ਹੋਇਆ ਕੱਲ੍ਹੇ ਤੇ

ਬਚ ਗਿਆ ਪੀਜੀ ਆਈ ਜਾ ਕੇ
ਦਿੱਲੀ ਹਸਪਤਾਲ ਚ ਪੁਛਦੇ ਰਹੇ
ਡਾਕਟਰ ਉਹਨੂੰ
ਜਿਵੇਂ ਮਨਮੋਹਨ ਸਿੰਘ ਹੋਵੇ

ਪਰ ਕਿੰਨੇ ਹੀ ਬੰਤ ਸਿੰਘ ਨੇ
ਝੱਬਰ ਦੇ ਨਹੀਂ ਕੋਟ ਲੱਲੂ ਦੇ
ਬੱਪੀਆਣੇ ਦੇ
ਜਾਂ ਫਿਰ ਖੁਡਾਲਾਂ ਦੇ ਨਹੀਂ
ਝੰਡਾ ਕਲਾਂ ਦੇ ਨੇ

ਮਰ ਗਏ ਨੇ ਬਿਨਾਂ ਕਿਸੇ ਕੁੱਟ ਤੋਂ
ਨਹੀਂ ਹਨ ਉਹਨਾ ਦੇ ਲੱਤਾਂ ਬਾਹਾਂ
ਲੱਤਾਂ ਬਾਹਾਂ ਹੋਣ ਦੇ ਬਾਵਜੂਦ

ਬੰਤ ਸਿੰਘ ਨਹੀਂ ਜਾਣਦਾ
ਉਹ ਕੀ ਹੈ
ਉਸ ਉਪਰ ਕੋਈ
ਕਿਉਂ ਲਿਖ ਰਿਹਾ ਹੈ ਕਿਤਾਬ
ਕੋਈ ਕਿਉਂ ਬਣਾ ਰਿਹਾ ਹੈ ਫਿਲਮ
ਕੋਈ ਕਿਉਂ ਖਿੱਚ ਰਿਹਾ ਹੈ ਫੋਟੋਆਂ
ਦਿਖਾ ਰਿਹਾ ਹੈ ਕਲਾ ਪਾਰਖੂਆਂ ਨੂੰ

ਬੰਤ ਸਿੰਘ
ਝੱਬਰਾਂ ਦਾ ਬੰਤ ਸਿੰਘ ਹੈ
ਨਹੀਂ ਜਾਣਦਾ
ਕਿਉਂ ਲਿਖੀਆਂ ਮੈਂ
ਬੰਤ ਸਿੰਘ ਤੇ ਕਵਿਤਾਵਾਂ
ਨਹੀਂ ਜਾਣਦਾ
ਇਹ ਕਿਤਾਬਾਂ ਫਿਲਮਾਂ ਫੋਟੋਆਂ
ਬੰਤ ਸਿੰਘ ਝੱਬਰ ਦੀਆਂ ਨੇ
ਜਾਂ ਕਿਸੇ ਹੋਰ ਦੀਆਂ ।।