Tuesday, February 8, 2011

ਬਾਬਲ


    ਦੁਨੀਆਂ ਦੇ ਸਭ ਤੋਂ ਵੱਧ ਤਾਕਤਵਰ ਵਿਆਕਤੀ ਬਰਾਕ ਉਬਾਮਾ ਨੇ ਪਰਮਾਤਮਾ ਅੱਗੇ ਆਪਣੀ ਧੀ ਮਾਲੀਆ ਦੀ ਸਕੱਰਟ ਲੰਬੀ ਹੋਣ ਦੀ ਪ੍ਰਾਰਥਨਾ ਕੀਤੀ ...ਇਕ ਵਾਰ ਉਹ ਆਪਣੀ ਧੀ ਦਾ ਡਾਂਸ ਦੇਖਣ ਲਈ ਜਾ ਰਹੇ ਸਨ ਤਾਂ ਰੱਬ ਅੱਗੇ ਅਰਦਾਸ ਕਰਦਿਆਂ ਹੌਂਸਲਾ ਮੰਗਿਆ ਕਿਉਂਕਿ ਉਥੇ ਮੁੰਡਿਆਂ ਨੇ ਵੀ ਹੋਣਾ ਸੀ ... ਬਾਬਲ ਦੀ ਪੱਗ ਬਰਾਕ ਨੇ ਵੀ ਬੰਨ ਰੱਖੀ ਹੈ .... ਉਹ ਸਾਡੇ ਪੇਂਡੂਆਂ ਨਾਲੋਂ ਵੀ ਵੱਧ ਕਮਜ਼ੋਰ ਦਿਸਦਾ ਹੈ .... ਧੀਆਂ ਦੇ ਪਿਉ ਹਰ ਥਾਂ ਇਕੋ ਜਿਹੇ ਹੀ ਹੁੰਦੇ ਨੇ ?

Saturday, February 5, 2011


          ਪਿਛਲੇ ਸਾਲ ਮੈਂ ਗੁਰਪ੍ਰੀਤ ਨਹੀਂ ਸੀ , ਕੋਈ ਹੋਰ ਸੀ ... ਮੇਰੀ ਤਾਂ ਸ਼ਕਲ ਹੀ ਬਦਲ ਗਈ...
ਇਹ ਮੈਂਨੂੰ ਹੁਣ ਪਤਾ ਲੱਗਿਆ ਜਦੋਂ ਮੈਂ ਨਵੇਂ ਘਰ ਚ ਨਵੀਂ ਸੈਲਫ ਤੇ ਕਿਤਾਬਾਂ ਨੂੰ ਮੁੜ ਚਿਣਿਆ
ਚਿਣੀਆਂ ਕਿਤਾਬਾਂ ਨੂੰ ਮੁੜ ਪੜਨਾ ਸ਼ੁਰੂ ਕੀਤਾ । ਬੋਰੀਆਂ ਚ ਬੰਦ ਕਿਤਾਬਾਂ ਪਾਠਕ/ਲੇਖਕ ਨੂੰ
ਸਰਾਪ ਦਿੰਦੀਆਂ ਨੇ ...ਪਿਛਲੇ ਵਰ੍ਹੇ ਮੈਂ ਆਪ ਵੀ ਬੋਰੀ ਚ ਬੰਦ ਸੀ .... !
          

Thursday, February 3, 2011

ਜੀ ਬੀ ਰੋਡ

ਬੁੱਢੀ ਔਰਤ
ਪੌੜੀਆਂ ਉਤਰ
ਫੁੱਟਪਾਥ ਲੰਘ
ਸੜਕ ਤੇ ਆ ਜਾਂਦੀ
ਭੁੱਖ ਲਈ ਕੀ ਨਾ ਭਾਲਦੀ

ਖਾਕੀ ਵਰਦੀ
ਕਾਲ-ਕਲੂਟੀ ਸੜਕ ਤੇ ਡੰਡਾ ਖੜਕਾਉਂਦੀ
ਰੋਟੀ ਲਈ ਰੋਟੀ ਨੂੰ ਧਮਕਾਉਂਦੀ

ਬੁੱਢੀ ਔਰਤ
ਜਵਾਲਾ- ਮੁਖੀ ਫਟ ਜਾਂਦਾ

-ਲੈ ਜਾ ਮੈਨੂੰ
ਜਿਥੇ ਲੈ ਕੇ ਜਾਣਾ
ਇਸ ਤੋਂ ਬਦਤਰ ਗੰਦੀ ਹੁੰਮਸ ਭਰੀ
ਹੋਰ ਕਿਹੜੀ ਥਾਂ !