Wednesday, September 9, 2009

ਖਜੁਰਾਹੋ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਤੈਨੂੰ ਜੇ ਯਾਦ ਹੈ
ਨਾਲ ਸੀ ਤੂੰ ਵੀ

ਉਦੋਂ ਅਜੇ ਨਹੀਂ ਸੀ ਇੱਥੇ
ਬੰਦੇ ਦੀ ਇਹ ਕਲਾ
ਨਹੀਂ ਸੀ ਰੂਪ ਗੁਲਾਬੀ
ਪੱਥਰਾਂ ਦਾ ਇਹ

ਉਦੋਂ ਇੱਥੇ ਕੁਦਰਤ ਦੀ ਕਲਾ ਸੀ
ਰੁੱਖ ਤਲਾਅ
ਸ਼ੇਰ ਚੀਤੇ
ਮਸਤ ਹਾਥੀ

ਉਦੋਂ ਪਸ਼ੂਆਂ ਪੰਛੀਆਂ ਜਿਹੇ
ਨੰਗ ਮੁਨੰਗੇ ਸੀ ਆਪਾਂ

ਮੂਰਤੀਆਂ ਨੂੰ ਛੁੰਹਦਿਆਂ
ਮੰਦਰਾਂ ਨੂੰ ਤਕਦਿਆਂ
ਯਾਦ ਆਇਆ ਵਾਰ ਵਾਰ
ਮੈਂ ਇੱਥੇ ਪਹਿਲਾਂ ਵੀ ਆਇਆ ਹਾਂ

ਯਾਦ ਨਹੀ ਤੈਨੂੰ ?

ਹਾਂ
ਇਹ ਉਹੀ ਰਾਜਾ ਸੀ
ਜਿਸ ਦਾ ਨਾਂ
ਮੈਂ ਅੱਜ ਥਾਂ ਥਾਂ
ਖਜੁਰਾਹੋ ਦੇ ਇਤਿਹਾਸ 'ਚ ਪੜਿਆ ਹੈ

ਜੇ ਨਾ ਹੁੰਦਾ ਇਹ ਰਾਜਾ
ਤਾਂ ਕਲਾ ਮੇਰੀ ਇਹ
ਕਾਰੀਗਰੀ ਸ਼ਿਲਪ
ਮਰ ਜਾਣਾ ਸੀ ਨਾਲ ਮੇਰੇ

ਜੋ ਛੱਡ ਗਿਆਂ ਹਾਂ ਹੁਣ ਇਥੇ

ਇਹਨਾਂ ਮੰਦਰਾਂ ਦੇ
ਅੰਦਰ
ਬਾਹਰ

ਕੀ ਹੋਇਆ ਨਾਂ ਨਹੀਂ ਮੇਰਾ ਕਿਤੇ

ਦੇਖਦਾਂ ਮੁੜ
ਮੈਂ ਆਪਣੀ ਹੀ ਕਲਾ

ਯਾਦ ਆ ਰਿਹਾ ਹੈ ਸਭ ਕੁਝ

ਛੈਣੀ ਦਾ ਚਲਨਾ
ਅੰਗ ਅੰਗ ਦਾ ਘੜ੍ਹੇ ਜਾਣਾ

ਘੜ੍ਹੇ ਅੰਗਾਂ ਤੇ
ਆਪ ਹੀ ਮੋਹਿਤ ਹੋ ਜਾਣਾ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਉਦੋਂ ਭਰ ਗਿਆ ਸੀ
ਮੂੰਹ ਮੇਰਾ
ਦੁੱਧ ਦੇ ਸਵਾਦ ਨਾਲ

ਹੁਣ ਜਦ ਦੇਖ ਰਿਹਾਂ
ਤਾਂ ਭਰ ਗਿਆਂ
ਇਕ ਅਨੋਖੀ ਤਾਂਘ ਨਾਲ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਨਾਲ ਸੀ ਤੂੰ ਵੀ
ਯਾਦ ਹੈ ਤੈਨੂੰ ॥

1 comment:

  1. Gurpreet kall main Khujoraho te ikk comment bhejia c.Pta nahi kidhar gya.Hun yaad nahi ki comment c.Han kise de saath saath vala jarur c.

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ