ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ
ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ
ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਛਟੀਆਂ ਦੀ ਅੱਗ
ਫੁਲਦੀ ਰੋਟੀ
ਛੰਨੇ 'ਚ ਘਿਉ ਸ਼ੱਕਰ ?
ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ
ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ
ਕਵਿਤਾ ਸੁਣਦਿਆਂ
ਮਾਂ ਬੋਲੀ 'ਚ
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ
ਮਾਂ ਬੋਲੀ 'ਚ
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ
ਮਾਂ ਬੋਲੀ ਤੋਂ ਬਾਹਰ
ਮੈਂ ਕੁਝ ਵੀ ਨਹੀਂ
ਮਾਂ ਬੋਲੀ 'ਚ ਸਭ ਕੁਝ ।।
No comments:
Post a Comment