Saturday, April 11, 2009

ਸ਼ਿੰਗਾਰੀ ਹੋਈ ਗਊ

ਪੇਂਟਰ ਸਿਧਾਰਥ ਦੇ ਕਲਾ ਸੰਸਾਰ ਚ ਇਕ ਸ਼ਾਮ ਬਿਤਾਉਣ ਲਈ ਮੈਂ ਗੱਡੀ ਰਾਹੀਂ
ਦਿੱਲੀ ਗਿਆ। ਸਫ਼ਰ ਚ ਕੁਝ ਹਾਇਕੂ ਲਿਖੇ ਜੋ ਇਥੇ ਪੇਸ਼ ਹਨ ।।
ਪੇਂਟਰ ਸਿਧਾਰਥ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਪਿੰਡ ਬੱਸੀਆਂ ਦਾ ਜੰਮਪਲ ਹੈ।
ਉਂਗਲਾਂ ਤੇ ਗਿਣੇ ਜਾਣ ਵਾਲੇ ਪੰਜਾਬੀ ਪੇਂਟਰਾਂ ਚ ਸਿਧਾਰਥ ਅਨੋਖਾ ਤੇ ਬਹੁ-ਵਿਧਾਵੀ
ਹੈ। ਇਹਨੇ ਬੁੱਤ ਵੀ ਘੜ੍ਹੇ ਹਨ,ਦਸਤਾਵੇਜੀ ਫਿਲਮਾਂ ਵੀ ਬਣਾਈਆਂ ਹਨ। ਸਿਧਾਰਥ
ਅੱਜ ਕੱਲ੍ਹ ਗਾ ਵੀ ਰਿਹਾ ਹੈ।
ਸਿਧਾਰਥ ਰੰਗ ਆਪ ਬਣਾਉਂਦਾ ਹੈ – ਫਲਾਂ ਸਬਜੀਆਂ ਰੁੱਖਾਂ ਤੋਂ । ਕਾਗਜ਼-ਸ਼ੀਟ ਵੀ
ਆਪ ਬਣਾਉਂਦਾ ਹੈ ਆਪਣੇ ਹੱਥੀਂ । ਇਸ ਸ਼ਾਮ ਸਿਧਾਰਥ ਦੀ ੪ਮਿੰਟਾਂ ਦੀ ਫਿਲਮ
“The decorated cow “ ਦਿਖਾਈ ਗਈ , ਜੋ ਚਾਰ ਯੁਗਾਂ ਚ ਫੈਲ੍ਹੀ ਹੋਈ ਹੈ। ਅਵਸਰ
ਮਿਲਣ ਤੇ ਇਹ ਫਿਲਮ ਸਭ ਨੂੰ ਦੇਖਣੀ ਚਾਹੀਦੀ ਹੈ । ਮੇਰੇ ਇਹ ਹਾਇਕੂ ਉਸ ਗਾਂ ਲਈ
ਹਨ ,ਜੋ ਸਾਡੇ ਵਿਚਾਰਾਂ ਦੀ ਭਾਰੀ ਟ੍ਰੈਫਿਕ ਚ ਹਫੀ ਬੈਠੀ ਹੈ । ਪਹਿਲੇ ਹਾਇਕੂ ਚ ਬੱਚਾ
ਸਾਇਕਲ ਭਜਾਉਂਦਾ ਹੈ ਪਰ ਜਦੋਂ ਮੈਂ ਸਿਧਾਰਥ ਦੇ ਸਟੂਡਿਉ ਚ ਇਕ ਚਿਤਰ ਵਿਚ
ਗੱਡੀ ਨਾਲ ਕੁੱਤਾ ਦੌੜਦਾ ਦੇਖਦਾ ਹਾਂ ।


ਗੱਡੀ ਨਾਲ ਦੌੜ ਲਾਵੇ
ਬੱਚਾ ਸਾਇਕਲ ਭਜਾਵੇ
ਮੋਢੇ ਭਾਰਾ ਬਸਤਾ



ਹਰ ਯਾਤਰੀ ਨੂੰ ਵੰਡੇ
ਬਾਇਬਲ ਇਕ ਸੱਜਣ
ਇਕ ਨੇ ਮੋੜ ਦਿੱਤੀ


ਬਾਇਬਲ ਖੋਲ੍ਹਦਾਂ
ਤਸਵੀਰਾਂ ਚ
ਤਿਤਲੀਆਂ ਫੁੱਲ ਪਹਾੜ


ਗੁਲਾਬੀ ਫੁੱਲ
ਉਹਦੀ ਸਲਵਾਰ ਕਮੀਜ਼
ਗੱਲ੍ਹਾਂ ਤੇ ਵੀ


ਅੱਜ ਵੀ ਉਹੋ ਜਿਹਾ
ਮੂੰਗਫਲੀ ਛੋਲੇ ਵੇਚਦਾ
ਟੋਹਣੀ ਵਾਲਾ ਬਾਬਾ


ਇਥੇ ਖੜ੍ਹ
ਦਿਸੇ
ਗੱਡੀ ਦਾ ਤੀਜਾ ਡੱਬਾ


ਬੱਚੇ ਨੇ ਹੋਰੂੰ
ਮੈਂ ਹੋਰੂੰ ਸੁਣਿਆਂ ਹੋਕਾ
ਠੰਡੀ ਮਿੱਠੀ ਕੁਲਫੀ


ਹਿੱਲੇ ਨੰਨ੍ਹਾ ਯਾਤਰੀ
ਇਧਰ ਉਧਰ
ਨਾਲ ਨਾਲ ਗੱਡੀ


ਕਾਲਸ ਦੀਆਂ ਮੁੱਛਾਂ ਨੂੰ ਵਟ ਦੇਵੇ
ਗੁੱਛਾ ਮੁੱਛਾ ਹੋ ਨਿਕਲ ਗਿਆ
ਨਿਕੇ ਜਿਹੇ ਚੱਕਰ ਚੋਂ ਬੱਚਾ ਇਕ ਸਿੱਕੇ ਨਾਲ

੧੦
ਰੁਕ ਜਾ ਸੂਰਜ ਸੰਤਰੀ
ਦੋ ਘੜੀਆਂ ਹੋਰ
ਘਰ ਜਾ ਰਿਹਾਂ ਮੈਂ ਵੀ


2 comments:

  1. ਗੁਰਪ੍ਰੀਤ ,ਸ਼ਾਇਦ ਸਿਧਾਰ੍ਥ ਮੇਰੇ ਪਿਆਰੇ ਮਰਹੂਮ ਦੋਸ੍ਤ ਗੁਰਜੀਤ ਦਾ ਭਰਾ ਹੈ. ਗੁਰਜੀਤ ਸਾਇੰਸ
    ਮਾਸ੍ਟਰ ਅਤੇ ਬਹੁਤ ਵਧੀਆ ਸ੍ਟੇਜ ਆਰਟਿਸ੍ਤ ਸੀ. ਉਸਨੂੰ ਇਹਨਾ ਸਰਦੀਆਂ ਵਿਚ ਜਵਾਨ ਉਮਰੇ
    ਮੌਤ ਨੇ ਸਾਡੇ ਕੋਲੋਂ ਖੋਹ ਲਿਆ. ਉਸਨੇ ਮੇਰੇ ਨਾਲ ਤਕਰੀਬਨ 8-9 ਸਾਲ ਗਣਤੰਤਰ ਦਿਵਸ ਅਤੇ ਆਜਾਦੀ
    ਦਿਵਸ ਦਾ ਸ੍ਟੇਜ ਮੈਨੇਜ ਕੀਤਾ, ਬੜਾ ਪਿਆਰਾ ਆਦਮੀ ਸੀ ਗੁਰਜੀਤ.

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ