Wednesday, December 22, 2010

ਖੇਡ ਰੰਗਾਂ ਦੀ

ਦਸਤਾਨੇ ਪਹਿਨਦਿਆਂ
ਕਹਿ ਉਠਿਆ ਮੈਂ
ਹਜ਼ਾਰਾਂ ਰੰਗ ਨੇ
ਮੇਰੇ ਕੱਪੜਿਆਂ ਕੋਲ


ਦੇਖਦਾਂ ਪਤਨੀ ਨੂੰ
ਸਿਰ 'ਤੇ ਸਕਾਰਫ ਬੰਨ੍ਹਦਿਆਂ
ਲੱਖਾਂ ਰੰਗ ਨੇ
ਉਹਦੇ ਕੱਪੜਿਆਂ ਕੋਲ

ਅੰਦਰੋਂ ਆਉਂਦੀ
ਨਚਦੀ ਟਪਦੀ
ਫਰਾਕ ਨਵੀਂ ਪਹਿਨੀ
ਬੱਚੀ ਮੇਰੀ


ਇਕੋ ਰੰਗ ਹੈ ਉਹਦੇ ਕੋਲ ।।

Monday, December 13, 2010

ਖੁਸ਼ੀ

ਹੁਣੇ ਮੈਂ ਆਪਣੀ
ਦਾੜ੍ਹੀ ਡਾਈ ਕਰਕੇ ਹਟਿਆ ਹਾਂ

ਹੱਥ ਹੋਰ ਮਜਬੂਤ ਹੋ ਗਏ

ਪੈਰ ਤੁਰਨ ਨੂੰ ਕਾਹਲੇ

ਪਤਨੀ ਦੇਖ ਮੇਰੇ ਵੱਲ ਮੁਸਕਾਵੇ

ਦੂਰ ਦੇਸੋਂ ਕੋਈ ਖ਼ਤ ਲਿਖੇ

ਖੁਸ਼ ਹੈ ਬੱਚੀ ਮੇਰੀ
ਮੇਰੀ ਫੋਟੋ ਖਿਚੇ

ਬੇਟੂ ਬੂਟ ਪਾਲਿਸ਼ ਕਰ
ਮੈਂਨੂੰ ਪਾਉਣ ਲਈ ਦੇਵੇ

ਦਾੜ੍ਹੀ ਡਾਈ ਕਰਨ ਤੋਂ ਬਾਅਦ
ਮੈਂ ਪੂਰੇ ਆਕਾਸ਼ ਦਾ ਚੱਕਰ ਲਾ ਮੁੜਿਆ
ਪੰਛੀ ਕਿਹੜਾ ।।

Saturday, December 11, 2010

ਮਾਂ ਬੋਲੀ

ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ

ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ

ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਛਟੀਆਂ ਦੀ ਅੱਗ
ਫੁਲਦੀ ਰੋਟੀ
ਛੰਨੇ 'ਚ ਘਿਉ ਸ਼ੱਕਰ ?

ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ

ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ

ਕਵਿਤਾ ਸੁਣਦਿਆਂ
ਮਾਂ ਬੋਲੀ '
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ

ਮਾਂ ਬੋਲੀ '
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ

ਮਾਂ ਬੋਲੀ ਤੋਂ ਬਾਹਰ
ਮੈਂ ਕੁਝ ਵੀ ਨਹੀਂ
ਮਾਂ ਬੋਲੀ 'ਚ ਸਭ ਕੁਝ ।।

Wednesday, October 6, 2010

ਫੁੱਲ

ਸੁਗੰਧ
ਕਿੰਨੀ ਅਨੋਖੀ

ਆਕਾਸ਼ ਦੀ ਟਹਿਣੀ 'ਤੇ
ਸੂਰਜ ਦਾ ਫੁੱਲ ਖਿੜਿਆ ਹੈ

ਸੁਬ੍ਹਾ ਨੇ ਸਲਾਮ ਕਿਹਾ ਹੈ

Saturday, May 15, 2010

ਦ੍ਰਿਸ਼-ਦਰਸ਼ਨ

 
ਮਨਮੋਹਨ ਨੂੰ ਪੰਜਾਬੀ ਚ ਕਵੀ ਤੇ ਚਿੰਤਕ ਵਜੋਂ ਇਕੋ ਜਿੰਨਾਂ ਹੀ ਜਾਣਿਆ ਜਾਂਦਾ ਹੈ । ਦੂਜੇ ਸ਼ਬਦਾਂ 'ਚ  ਮਨਮੋਹਨ  ਦੀ ਨਵੀਂ ਕਾਵਿ-ਕਿਤਾਬ ਹੈ ਜਿਸ ਚ ਮੈਂ ਸਭ ਤੋਂ ਪਹਿਲਾਂ ਕਵਿਤਾ 'ਦ੍ਰਿਸ਼-ਦਰਸ਼ਨ ' ਪੜ੍ਹਦਾ ਹਾਂ । ਵਾਢੀਆਂ ਵੇਲੇ ਦੀ ਇਹ ਖੂਬਸੂਰਤ ਕਵਿਤਾ ਪੰਜਾਬੀ ਦੀ ਮਾਣ ਕਰਨ ਵਾਲੀ ਕਵਿਤਾ ਹੈ । ਇਹਦੇ ਨਾਲ ਦੀ ਕੋਈ ਹੋਰ ਕਵਿਤਾ ਮੈਂ ਪੰਜਾਬੀ ਚ ਨਹੀਂ ਪੜ੍ਹੀ । ਇਹ ਕਵਿਤਾ ਚਾਅ ਨਾਲ ਮੈਂ ਆਪਣੇ ਦੋਸਤਾਂ ਨੂੰ ਸੁਣਾਈ ਹੈ ... ਆਪਣੀ ਪਤਨੀ ਨੂੰ ਸੁਣਾਈ ਹੈ .... ਤੇ ਬਲਾਗ ਬਹਾਨੇ ਤੁਹਾਨੂੰ ਸਾਰਿਆਂ ਨੂੰ ਸੁਣਾ ਰਿਹਾ ਹਾਂ। ਤੁਹਾਨੂੰ ਇਹ ਕਵਿਤਾ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ ...ਮੈਨੂੰ ਚੰਗਾ ਲੱਗੇਗਾ ....


ਕਣਕਾਂ ਪੱਕਣ ਤੇ ਵੱਢਣ ਦੇ ਦਿਨ
ਹੁੰਦੇ ਨੇ ਦੱਬੀਆਂ ਇਛਾਵਾਂ ਦੇ
ਪੂਰੇ ਹੋਣ ਦੇ ਦਿਨ


ਦਾਤੀਆਂ ਸਿੱਟਿਆਂ ਦੀ ਖਹਿ ਖਸਰ ਦੀ ਲੈਅ 'ਤੇ
ਬਦੋਬਦੀ ਮਚਲ ਪੈਣ ਬੁੱਲ੍ਹਾਂ 'ਤੇ ਗੀਤ
ਦੱਬੇ ਹੁੰਦੇ ਨੇ ਨਵੇਂ ਪ੍ਰੇਮ ਏਨਾਂ 'ਚ
ਪੁਰਾਣੇ ਨੇਹੁੰ ਉਠ ਪੈਂਦੇ ਚੀਸ ਬਣ


ਆਪਣੇ ਹਿੱਸੇ ਦੇ ਖੱਤੇ ਨੂੰ
ਮਕਾਉਣ ਦੀ ਕਾਹਲ ਚ
ਭੁੱਲ ਜਾਂਦੀਆਂ ਕਣਕਾਂ ਵੱਢਦੀਆਂ ਤ੍ਰੀਮਤਾਂ
ਤੁਰ ਗਿਆਂ ਦੀ ਕਸਕ
ਆਉਣ ਵਾਲਿਆਂ ਦੀ ਉਡੀਕ
ਕਿਉਂਕਿ ਕਣਕਾਂ ਵੱਢਣ ਦੇ ਦਿਨ
ਹੁੰਦੇ ਨੇ ਨਵੇਂ ਸ਼ਬਦਾਂ ਦੇ ਨਵੇਂ ਅਰਥ
ਈਜਾਦ ਕਰਨ ਦੇ


( ਸਾਰੀ ਕਵਿਤਾ ਪੜ੍ਹਨ ਲਈ ਕਿਤਾਬ ਪੜ੍ਹੋ ਜੀ )



Friday, April 30, 2010

ਮਜ਼ਦੂਰ ਦਿਵਸ

ਅੱਜ ਮਜ਼ਦੂਰ ਦਿਵਸ ਦੀ ਛੁੱਟੀ ਹੈ ...ਮੈਨੂੰ .... ਬਾਪੂ ਨੂੰ ਨਹੀਂ........ ਜੋ ਪੰਜਾਹ ਸਾਲਾਂ ਤੋਂ ਦਿਹਾੜੀ ਕਰਦਾ ਆ ਰਿਹਾ ਹੈ .... ਉਹ ਅੱਜ ਵੀ.... ਹੁਣ ਸਿਖਰ ਦੁਪਹਿਰੇ ਕਿਸੇ ਇਮਾਰਤ ਦੀ ਦੂਜੀ ਤੀਜੀ ਮੰਜਲ ਤੇ ਕੰਮ ਕਰ ਰਹੇ ਨੇ ...ਤੇ ਅੱਜ ਹੀ ਮਜ਼ਦੂਰ ਦਿਵਸ  ਉਹਨਾਂ ਨੂੰ ਕਿਰਾਏ ਦਾ ਘਰ ਬਦਲਣਾ ਪੈ ਰਿਹਾ ਹੈ... ਸ਼ਹਿਰ ਦੀਆਂ ਬਹੁਤੀਆਂ ਇਮਾਰਤਾਂ ਬਾਪੂ ਦੇ ਪਸੀਨੇ ਨਾਲ ਬਣੀਆਂ ਹਨ ... ਉਹ ਬਾਪੂ ਦੇ ਹੱਥਾਂ ਨੂੰ ਸਿਆਣ ਦੀਆਂ ਹਨ ....   ..... ਗੁਰੂਦੁਆਰਾ ...ਮੰਦਰ ..... ਪੀਰ ਖਾਨਾ ..... ਸਿਨੇਮਾ ਘਰ ..... ਸ਼ੋਅ ਰੂਮ ...... ਬਿਗ ਬਜ਼ਾਰ ..... ਬਾਪੂ ਨੇ ਹੀ ਬਣਾਏ ਹਨ ..... ਪਰ ਉਹਨਾਂ ਦਾ ਆਪਣਾ ਘਰ .....
                                        ਜੇ ਇਹੀ ਅੱਖਰ ਮੈਂ ਕਾਗਜ਼ ਤੇ ਸਿਆਹੀ ਨਾਲ ਲਿਖੇ ਹੁੰਦੇ ਤਾਂ ਮੇਰੀਆਂ ਅੱਖਾਂ ਦੇ ਪਾਣੀ ਨਾਲ ਖੁਰ ਗਏ ਹੁੰਦੇ......।।

Sunday, April 25, 2010

ਮਾਈਕਲ ਐਂਜਲੋ

ਤੇਰੀਆਂ ਅੱਖਾਂ ਰਾਹੀਂ
ਮੈਂਨੂੰ ਰੋਸ਼ਨੀ ਦਿਸਦੀ
ਅੰਨ੍ਹੇ ਨੂੰ ਨਹੀਂ ਤਾਂ ਕੀ ਦਿਸਣਾ ਸੀ

ਤੇਰਾ ਲਹੂ ਵਗੇ ਮੋਢਿਆਂ ਚ
ਜੋ ਚੁਕੀ ਫਿਰਨ ਭਾਰ ਦੁਨੀਆਂ ਦਾ
ਮੇਰੀਆਂ ਕੰਬਦੀਆਂ ਟੰਗਾਂ ਤੋਂ ਕੀ ਟੁਰ ਹੁੰਦਾ

ਤੇਰੇ ਪੰਖਾਂ ਤੇ ਉਡਾਰੀਆਂ ਲਾਵਾਂ ਉਚੀਆਂ
ਅਣ-ਕਿਆਸੇ ਗਗਨਾਂ 'ਚ
ਤੂੰ ਹੀ ਜਾਣੇ ਮੈਂ ਧੁੱਪ 'ਚ ਠਰਨਾ
ਜਾਂ ਠੰਢ 'ਚ ਵੀ ਨਿੱਘਾ ਰਹਿਣਾ

ਤੇਰੀਆਂ ਸੋਚਾਂ ਜ਼ਿਹਨ ਮੇਰੇ 'ਚ
ਲਫ਼ਜ਼ ਲਭਦੇ ਮੇਨੂੰ ਤੇਰੇ ਸਾਹਾਂ 'ਚੋਂ

ਜਿਵੇਂ ਰਾਤ ਨੂੰ ਚੰਨ ਚਮਕਦਾ
ਸੂਰਜ ਤੋਂ ਰੌਸ਼ਨੀ ਲੈ
ਇਵੇਂ ਮੈਨੂੰ ਲਿਸ਼ਕਣ ਲਾਵੇ
ਤੇਰੀ ਰੌਸ਼ਨੀ

ਉਪਰੋਕਤ ਪਿਆਰ ਕਵਿਤਾ ਮਾਈਕਲ ਐਂਜਲੋ ਦੀ ਹੈ ਜਿਸ ਦਾ ਅਨੁਵਾਦ ਸਵੀਡੀ ਭਾਸ਼ਾ ਤੋਂ ਸਤੀ ਕੁਮਾਰ ਨੇ ਕੀਤਾ ਹੈ । ਇਹ ਕਵਿਤਾ ਮਾਈਕਲ ਨੇ ਕਿਸ ਲਈ ਲਿਖੀ ..... ਮਾਂ  ਭੈਣ   ਪ੍ਰੇਮਿਕਾ ਪ੍ਰਮਾਤਮਾ ਜਾਂ ਫਿਰ ਆਪਣੇ ਦੋਸਤ  ਲਈ .....

Saturday, April 17, 2010

ਅੱਜ ਦਾ ਦਿਨ

ਅੱਜ ਦਾ ਦਿਨ ਵਾਪਸ ਨਹੀਂ ਆਉਣਾ

.....................................

.......................................

......................................

ਅੱਜ ਦਾ ਦਿਨ ਵਾਪਸ ਨਹੀਂ ਆਉਣਾ

ਡਾ. ਹਰਦੀਪ ਕੌਰ ਦੀਪੀ ਨੇ ਅਲਬਰਟ ਆਈਨਸਟਾਇਨ ਨੂੰ ਯਾਦ ਕਰਦਿਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ਜੋ ਆਪ ਸਭ ਲਈ ਪੇਸ਼ ਹਨ



ਗੁਰਪ੍ਰੀਤ ਜੀ,



ਬਹੁਤ ਖੂਬ। ਚੰਗਾ ਯਾਦ ਦਿਵਾਇਆ।


ਅੱਜ ਦੇ ਦਿਨ ਸਾਨੂੰ ਐਬਰਟ ਆਈਸਟਾਈਨ ਨੂੰ ਯਾਦ ਕਰਨਾ ਬਣਦਾ ਹੈ।

ਅੱਜ ਦੇ ਦਿਨ (18 ਅਪ੍ਰੈਲ 1955) ਨੂੰ ਇਸ ਮਹਾਨ ਸਾਇੰਸਦਾਨ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਸੀ।
ਅਲਬਰਟ ਆਈਨਸਟਾਈਨ ਦਾ ਜਨਮ 14 ਮਾਰਚ 1879 ਨੂੰ ਜਰਮਨੀ 'ਚ ਹੋਇਆ।ਉਸ ਨੂੰ ਕਲਾਸੀਕਲ ਮਿਉਜ਼ਿਕ ਪਸੰਦ ਸੀ ਤੇ ਓਹ ਵਾਇਲਨ ਵਜਾਉਂਦਾ ਸੀ।


ਉਸ ਦੇ ਦੋ ਵਿਆਹ ਸਨ- ਪਹਿਲਾ- 1903 ਤੇ ਦੂਜਾ 1919 'ਚ ਹੋਇਆ।


ਪਹਿਲੀ ਪਤਨੀ (ਮੀਲੀਵਾ) ਦੇ ਦੋ ਬੱਚੇ, ਇੱਕ ਵਿਆਹ ਤੋਂ ਪਹਿਲਾਂ ਲੜਕੀ(ਲੀਜ਼ਰਲ- ਜਿਸ ਦੀ ਜਲਦ ਹੀ ਮੌਤ ਹੋ ਗਈ) ਤੇ ਇੱਕ ਵਿਆਹ ਤੋਂ ਬਾਅਦ ਲੜਕਾ (ਹੈਨਜ਼) ਸੀ।


ਦੂਜਾ ਵਿਆਹ ਉਸ ਨੇ ਆਪਣੀ ਕਜ਼ਨ ਐਲਸਾ ਨਾਲ਼ ਕਰਵਾਇਆ ਜਿਸ ਨੇ 1917 ਆਈਨਸਟਾਈਨ ਦੀ ਜਾਨ ਬਚਾਈ ਜਦੋਂ ਓਹ ਕਲੈਪਸ ਹੋ ਰਿਹਾ ਸੀ।


ਭਾਵੇਂ ਉਸ ਦਾ ਪਰਿਵਾਰਕ ਜੀਵਨ ਬਹੁਤਾ ਸੁਖਾਂਤਕ ਨਹੀਂ ਰਿਹਾ ਪਰ ਉਸ ਨੇ ਕੁਝ ਨਵੇਕਲੇ ਵਿਚਾਰ ਦੁਨੀਆਂ ਨੂੰ ਦਿੱਤੇ।

ਆਈਸਟਾਈਨ ਕਹਿੰਦਾ ਸੀ......


* Imagination is more important than knowledge.


* Do not worry about your difficulties in mathematics, I assure you that mine are greater.

* Science without religion is lame; religion without science is blind.


* Before God we are all equally wise - equally foolish.


* If I give you a pfennig, you will be one pfennig richer and I'll be one pfennig poorer. But if I give you an idea, you will have a new idea but I shall still have it, too.

18 ਅਪ੍ਰੈਲ 1955 ਨੂੰ ਉਸ ਦੀ ਮੌਤ ਨਿਊ ਜਰਸੀ ਵਿੱਚ ਹੋਈ, ਜਿਥੇ ਉਸ ਦਾ ਦਾਹ-ਸੰਸਕਾਰ ਕੀਤਾ ਗਿਆ ਤੇ ਉਸ ਦੀਆਂ ਅਸਥੀਆਂ ਅਣ-ਦੱਸੀ ਥਾਂ 'ਤੇ ਖਿੰਡਾ ਦਿੱਤੀਆਂ ਗਈਆਂ।


ਹਰਦੀਪ

Saturday, April 10, 2010

ਹਰਨਾਮ

ਨਹੀਂ ਮਿਲਿਆ ਮੈਂ ਤੈਨੂੰ ਉਸ ਤਰਾਂ
ਜਿਵੇਂ ਅਕਸਰ ਮਿਲਦੇ ਨੇ ਲੋਕ ਇਕ ਦੂਜੇ ਨੂੰ

ਤੇਰੇ ਹੱਥਾਂ ਚੋਂ ਤਿਲਕਿਆ ਸੁਰਾਖ ਹੈ ਮੇਰੀ ਨਜ਼ਰ ਸਾਹਵੇਂ
ਮੈਂ ਇਹਦੇ ਆਕਾਰ ਨੂੰ ਬਦਲਦਾ ਰਹਿੰਦਾ ਹਾਂ ਆਪਣੀ ਮਰਜ਼ੀ ਮੁਤਾਬਿਕ

ਇਹ ਕਦੇ ਘੁੰਮਦਾ ਹੈ
ਪਹੀਏ ਵਾਂਗ ਗੋਲ ਹੁੰਦਾ ਹੈ
ਕਦੇ ਖੜਾ ਹੁੰਦਾ ਹੈ ਸਥਿਰ
ਬਿਲਕੁਲ ਚੌਰਸ ਹੁੰਦਾ ਹੈ
ਤੇ ਕਦੇ ਕਦੇ ਡੋਲਦਾ ਇਧਰ ਉਧਰ ਪੁੱਠੀ ਤਿਕੌਣ ਹੁੰਦਾ ਹੈ

ਜੇ ਆਲੇ ਭੋਲੇ ਬਾਲ ਜਿਹੀ ਉਤਸੁਕਤਾ ਹੁੰਦੀ ਮੇਰੇ ਅੰਦਰ !?

ਮੈਂ ਆਪਣੇ ਮੋਢਿਆਂ ਦੇ ਫਰਿਸ਼ਤਿਆਂ ਸੰਗ ਦੋਸਤੀ ਗੰਢ ਲਈ ਹੈ ।।

Friday, April 9, 2010

ਮਿੱਠੀ

ਦਸ ਮਿੰਟ ਪਹਿਲਾਂ ਹੀ


ਜਾਣਨ ਲੱਗਿਆ ਬੱਚਾ ਉਹ


ਕਰਦਾ ਨਿੱਕੀਆਂ ਨਿੱਕੀਆਂ ਗੱਲਾਂ


ਆਖਣ ਲੱਗਿਆ ਮੈਨੂੰ



ਉਰੇ ਕਰੋ ਗੱਲ੍ਹ


ਮਿੱਠੀ ਲੈਣੀ ਐ



ਇਸ ਕਵਿਤਾ ਵਿਚਲਾ ਰਸ


ਉਸ ਬੱਚੇ ਦੀ ਮਿੱਠੀ ਦਾ ਹੈ




ਕਿਹੋ ਜਿਹਾ ਲੱਗਿਆ ।।

ਮੈਂ ਇਥੇ ਵੀ ਹਾਂ

ਘੋੜੇ ਤੇ ਚੜਿਆ ਜਾਂਦਾ


ਕੌਣ


ਤੂੰ ਮਿਲੀ


ਤਾਂ ਸਮਝ ਆਇਆ


ਮੈਂ ਇਥੇ ਵੀ ਹਾਂ


ਬਿਰਖਾਂ ਦੀਆਂ ਜੜ੍ਹਾਂ ਦਾ ਫੈਲਾਅ


ਕੀੜੇ-ਮਕੌੜਿਆਂ ਦਾ ਭੋਜਨ


ਥੋੜ੍ਹਾ ਚਿਰ ਪਹਿਲਾਂ


ਮਹਿਮਾਨ ਲਈ ਛਿੱਲੇ


ਸੰਤਰੇ ਦੀਆਂ ਫਾੜ੍ਹੀਆਂ ਦਾ ਰਸ


ਕਬਜ਼ਾ ਨਹੀਂ ਕਰਨਾ ਮੈਂ


ਤੇਰੇ ਤੇ


ਤੂੰ ਮਿਲ


ਮੇਰੇ ਰੁੱਸੇ ਗੁਆਂਢੀ ਨੂੰ


ਹਸਪਤਾਲ ਕਿਸੇ ਮਰੀਜ਼ ਨੂੰ


ਮਸਤੀ ਚ ਨਚਦੇ ਫਕੀਰ ਨੂੰ


ਤੂੰ ਚਲੀ ਜਾ ਇਸ ਵੇਲੇ


ਕਿਸੇ ਹੋਰ ਲੋੜਵੰਦ ਕੋਲ


ਮਿਲੀ ਮੈਨੂੰ ਫਿਰ


ਇਸੇ ਤਰ੍ਹਾਂ ਸਬੱਬੀਂ


ਘੁੰਮਦਿਆਂ ਘੁੰਮਾਉਂਦਿਆਂ


ਪਹਾੜੀ ਮੈਦਾਨੀ ਸਫ਼ਰ 'ਚ


ਘੋੜੇ ਤੇ ਚੜਿਆ ਜਾਂਦਾ ਕੌਣ


ਜੋ ਰੁਕਿਆ ਨਹੀਂ।।

Saturday, March 6, 2010

ਹਰੇ ਹਰੇ ਤਾਰੇ

ਸਨੋਅ ਸਾਦਗੀ ਆਪਣੇ ਜਨਮ ਦਿਨ ਤੇ ਆਪਣੇ ਦੋਸਤਾਂ ਨਾਲ ਵਿਸ਼ਵ ਦੇ ਬੱਚਿਆਂ ਦੇ ਹਾਇਕੂਆਂ ਦੀ ਪੁਸਤਕ
ਹਰੇ ਹਰੇ ਤਾਰੇ ਸਾਂਝੀ ਕਰਦੀ ਹੋਈ । ਇਸ ਮੌਕੇ ਬੱਚਿਆਂ ਨੇ ਹਾਇਕੂ-ਪਾਠ ਵੀ ਕੀਤਾ ।।

Monday, February 15, 2010

24 ਵਾਂ ਕਾਂਡ


ਐਤਵਾਰ ਦੀ ਰਾਤ ਦੇ ਪਹਿਲੇ ਪਹਿਰ ਸਹੀ ਸਾਢੇ ਨੌਂ ਵਜੇ ਅਣਖੀ ਨੇ ਆਪਣੇ ਨਾਵਲ ਦਾ 24ਵਾਂ ਕਾਂਡ ਲਿਖਿਆ ਤੇ ਆਪਣੇ ਮੇਜ਼ 'ਤੇ ਕਾਗਜ਼ਾਂ ਕਿਤਾਬਾਂ ਤੇ ਪੈਨਾਂ ਨੂੰ ਇਸ ਤਰ੍ਹਾਂ ਸਾਂਭਿਆ ਜਿਵੇਂ ਕੋਈ ਸੁਆਣੀ ਰੋਟੀ- ਟੁੱਕ ਤੋਂ ਬਾਅਦ ਚੁੱਲ੍ਹੇ-ਚੌਂਕੇ ਨੂੰ ਸਾਂਭਦੀ ਹੈ... ਪਰ ਕੋਈ ਨਹੀਂ ਸੀ ਜਾਣਦਾ ਕਿ ਮੁੜ੍ਹ ਉਹਨਾਂ ਨੇ ਇਸ ਚੁੱਲ੍ਹੇ ਅੱਗ ਨਹੀਂ ਪਾਉਣੀ... ਦਸ ਸਾਢੇ ਦਸ ਵਜੇ ਉਹ ਤੁਰ ਗਏ ਆਪਣੇ ਨਾਵਲ ਨੂੰ 24ਵੇਂ ਕਾਂਡ ਤੱਕ ਨਿਭੇੜ ਕੇ ...
                 ਕਵੀ ਦੋਸਤ ਦੇਵਨੀਤ ਚਾਹੁੰਦਾ ਸੀ ਕਿ ਅਣਖੀ ਦੀ ਮਿ੍ਤਕ ਦੇਹ ਨੂੰ ਸਰ੍ਹੋਂ ਦੇ ਫੁੱਲ੍ਹ ਭੇਟ ਕੀਤੇ ਜਾਣ ... ਫੁੱਲ੍ਹ ਤੋੜਨ ਦੀ ਹਿੰਮਤ ਨਹੀਂ ਪਈ ਇਹ ਕੰਮ ਅਸੀਂ ਜਾਪਾਨੀਆਂ ਵਾਂਗ ਖੇਤ ਚ ਖੜ੍ਹੇ ਫੁੱਲ੍ਹਾਂ ਨੂੰ ਮਨ ਹੀ ਮਨ ਅਣਖੀ ਹੋਰਾਂ ਨੂੰ ਅਰਪਿਤ ਕਰਦਿਆਂ ਕੀਤਾ...
                 ਅਸੀਂ ਅਣਖੀ ਦੇ 24ਵੇਂ ਕਾਂਡ ਨੂੰ ਛੋਹ ਕੇ ਦੇਖਣਾ ਹੈ ....

Thursday, January 28, 2010

ਨਵਾਂ ਹਾਇਗਾ

ਮੇਰਾ ਨਵਾਂ ਹਾਇਗਾ ਹੇਠਲੇ ਲਿੰਕ ਤੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ
http://www.worldhaiku.net/haiga_contest/73rd/gurpreet.html
ਹੋਰ ਦੋਸਤਾਂ ਦੇ ਹਾਇਗਾ ਦੇਖਣ ਲਈ ਕਲਿਕ ਕਰੋ
http://www.worldhaiku.net/haiga_contest/73rd/haiga73.htm

Monday, January 25, 2010

ਧੁੰਦ ਵਿਚ ਕਵਿਤਾ

ਇਹ ਫੋਟੋ ਮਿੱਤਰ ਪਰਾਗ ਰਾਜ ਸਿੰਗਲਾ ਦੀ ਖਿਚੀ ਹੈ

Friday, January 22, 2010

ਜੀਵਨ

ਭਾਈ ਜੀਵਨ ਦਾ ਘਰ ਕਿਹੜੈ


ਉਹ ਹਰ ਘਰ ਮੂਹਰੇ ਖੜ੍ਹ ਪੁਛਦਾ

ਕੋਈ ਭਲ਼ਾ ਪੁਰਸ਼ ਲੱਭਣ ਲਈ ਮਨ ਦੜਾਉਂਦਾ

ਕੋਈ ਚੁੱਪ

ਕੋਈ ਝਿੜਕ

ਖਹਿੜਾ ਛਡਾਉਂਦਾ

ਜੀਵਨ ਦਾ ਘਰ ਨਾ ਲੱਭਦਾ

ਪਰ ਉਹ ਬਦਰੰਗ ਡੱਬੀਦਾਰ ਖੇਸ ਦੀ ਬੁੱਕਲ ਮਾਰੀ

ਹਰ ਘਰ ਮੂਹਰੇ ਵਾਰ ਵਾਰ ਖੜ੍ਹਦਾ ਪੁਛਦਾ


ਭਾਈ ਜੀਵਨ ਦਾ ਘਰ ਕਿਹੜੈ

Monday, January 11, 2010

ਰੋਜ਼

ਹਰ ਰੋਜ਼ ਮਿਲਾਂ
ਇਹਨੂੰ ਉਹਨੂੰ ਤੈਨੂੰ
ਆਪਣੇ ਆਪ ਨੂੰ ਨਹੀਂ

Saturday, January 9, 2010

ਗੱਲਾਂ

ਮੈਂ ਕੌਣ ਹਾਂ
ਪੁਛਦਾ ਹਾਂ ਆਪਣੇ ਆਪ ਨੂੰ

ਸਫੇਦ ਤਿਤਲੀ
ਕਾਲੇ ਗੁਲਾਬ ਨਾਲ
ਕਿਹੜੀਆਂ ਗੱਲਾਂ ਕਰ ਰਹੀ ਹੈ

ਕਾਲੇ ਗੁਲਾਬ ਦੀਆਂ ਦੋ ਕਾਲੀਆਂ ਪੱਤੀਆਂ
ਹੇਠਾਂ
ਡਿਗਦੀਆਂ
ਨੇ
ਹਵਾ ਚ
ਲ ਹਿ ਰ ਦੀ ਆਂ

ਸਫੇਦ ਤਿਤਲੀ
ਕਾਲੇ ਗੁਲਾਬ ਉਪਰ ਬੈਠਦੀ ਹੈ
ਹੇਠਾਂ ਡਿਗੀਆਂ
ਕਾਲੀਆਂ ਪੱਤੀਆਂ ਦੀ ਥਾਂ ਤੇ

ਮੈਂ ਕੌਣ ਹਾਂ
ਕਾਲਾ ਗੁਲਾਬ
ਪੁਛਦਾ ਹੈ ਸਫੇਦ ਤਿਤਲੀ ਨੂੰ
ਸਫੇਦ ਤਿਤਲੀ
ਕਾਲੇ ਗੁਲਾਬ ਨੂੰ ਇਹੋ ਸਵਾਲ ਕਰਦੀ ਹੈ

Saturday, January 2, 2010

ਨਾਂ ਨਹੀਂ ਸੁੱਝਿਆ

ਉਹ ਰੁੱਖ             ਜਿਸ ਦੇ ਪੱਤੇ ਲਾਲ
ਤੇ ਫੁੱਲ ਹਰੇ ਹਨ

ਕੀ ਅਸਲ ਵਿਚ ਹੀ
ਉਹ ਰੁੱਖ             ਉਹੋ ਜਿਹਾ ਹੀ ਹੈ
ਜਿਹੋ ਜਿਹਾ ਦਿਖਾਈ ਦਿੰਦਾ ਹੈ

ਮੈਂ ਮੁਸਕਰਾਉਂਦਾ ਹਾਂ
ਤੈਨੂੰ ਜੀ ਆਇਆਂ ਨੂੰ ਆਖਦਾ ਹਾਂ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ