Saturday, April 10, 2010

ਹਰਨਾਮ

ਨਹੀਂ ਮਿਲਿਆ ਮੈਂ ਤੈਨੂੰ ਉਸ ਤਰਾਂ
ਜਿਵੇਂ ਅਕਸਰ ਮਿਲਦੇ ਨੇ ਲੋਕ ਇਕ ਦੂਜੇ ਨੂੰ

ਤੇਰੇ ਹੱਥਾਂ ਚੋਂ ਤਿਲਕਿਆ ਸੁਰਾਖ ਹੈ ਮੇਰੀ ਨਜ਼ਰ ਸਾਹਵੇਂ
ਮੈਂ ਇਹਦੇ ਆਕਾਰ ਨੂੰ ਬਦਲਦਾ ਰਹਿੰਦਾ ਹਾਂ ਆਪਣੀ ਮਰਜ਼ੀ ਮੁਤਾਬਿਕ

ਇਹ ਕਦੇ ਘੁੰਮਦਾ ਹੈ
ਪਹੀਏ ਵਾਂਗ ਗੋਲ ਹੁੰਦਾ ਹੈ
ਕਦੇ ਖੜਾ ਹੁੰਦਾ ਹੈ ਸਥਿਰ
ਬਿਲਕੁਲ ਚੌਰਸ ਹੁੰਦਾ ਹੈ
ਤੇ ਕਦੇ ਕਦੇ ਡੋਲਦਾ ਇਧਰ ਉਧਰ ਪੁੱਠੀ ਤਿਕੌਣ ਹੁੰਦਾ ਹੈ

ਜੇ ਆਲੇ ਭੋਲੇ ਬਾਲ ਜਿਹੀ ਉਤਸੁਕਤਾ ਹੁੰਦੀ ਮੇਰੇ ਅੰਦਰ !?

ਮੈਂ ਆਪਣੇ ਮੋਢਿਆਂ ਦੇ ਫਰਿਸ਼ਤਿਆਂ ਸੰਗ ਦੋਸਤੀ ਗੰਢ ਲਈ ਹੈ ।।

2 comments:

  1. ਆਪ ਦਾ ਲਿਖਿਆ ਅੱਖਰ-ਅੱਖਰ ਸਮਝਣ ਲਈ ਮੈਂ ਹਰ ਕਵਿਤਾ ਕਈ -ਕਈ ਵਾਰ ਪੜ੍ਹਦੀ ਹਾਂ ਕਿਉਂਕਿ ਜਿਸ ਮੁਕਾਮ ਤੋਂ ਤੁਸੀਂ ਲਿਖਦੇ ਹੋ ਮੈਂ ਓਥੇ ਅਜੇ ਪਹਿਲੀ ਪੌੜੀ 'ਤੇ ਪੈਰ ਵੀ ਨਹੀਂ ਰੱਖਿਆ।
    ਇਸ ਕਿਵਤਾ ਦੀ ਪੂਰੀ ਸਮਝ ਤਾਂ ਨਹੀਂ ਆਈ ਪਰ ਕੀ ਤੁਸਾਂ ਇਥੇ ਜ਼ਿੰਦਗੀ ਤੇ ਮੌਤ ਦੀ ਮਿਲਣੀ ਦੀ ਬਾਤ ਪਾਈ ਹੈ????
    ਜੇ ਨਹੀਂ ਤਾਂ ਕੀ ਕ੍ਰਿਪਾ ਕਰਕੇ ਇਸ ਦਾ ਸਾਰੰਸ਼ ਸਮਝਾ ਸਕਦੇ ਹੋ?
    ਆਦਰ ਸਹਿਤ
    ਹਰਦੀਪ

    ReplyDelete
  2. ਡਾ. ਹਰਦੀਪ ਜੀ
    ਤੁਸੀਂ ਮੇਰਾ ਬਲਾਗ ਪੜ੍ਹਦੇ ਰਹਿੰਦੇ ਹੋਂ ..ਤੁਹਾਡਾ ਧੰਨਵਾਦ
    ਕੁਦਰਤ ਤੇ ਕਵਿਤਾ ਦੀ ਇਹ ਸਾਂਝ ਹੈ ਕਿ ਇਹਨਾਂ ਦੋਹਾਂ ਨੂੰ ਜਦੋਂ ਹੀ ਅਸੀਂ ਸਮਝਣ ਲਗਦੇ ਹਾਂ ਤਾਂ ਇਹਨਾਂ ਦਾ ਅਸਲ ਕਿਧਰੇ ਲੁਕ ਛਿਪ ਜਾਂਦਾ ਹੈ ... ਖੈਰ ਇਹ ਕਵਿਤਾ ਪੰਜਾਬੀ ਵੱਖਰੇ ਕਵੀ ਹਰਨਾਮ ਬਾਰੇ ਹੈ ...ਇਹਦੇ ਮੂਡ ਸਕੇਪਾਂ ਚ ਸੁਰਾਖ ਵਾਰ ਵਾਰ ਆਉਂਦਾ ਰਿਹਾ ਹੈ ਜੋ ਜ਼ਿੰਦਗੀ ਨੂੰ ਦੇਖਣ ਦਾ ਸਬੱਬ ਬਣਦਾ ਰਿਹਾ ਹੈ..ਤੁਸੀਂ ਕਵਿਤਾ ਨੂੰ ਠੀਕ ਸਮਝੀਆ ਹੈ ... ਆਉਂਦੇ ਦਿਨਾਂ ਚ ਹਰਨਾਮ ਦੀਆ ਕੁਝ ਕਵਿਤਾਵਾਂ ਮੈਂ ਬਲਾਗ ਤੇ ਪੋਸਟ ਕਰਾਂਗਾ ।

    ReplyDelete