Saturday, December 26, 2009

ਮੈਂ

ਮੈਂ ਕਿਹੋ ਜਿਹਾ ਹੋਵਾਂ

ਮਾਂ ਦੇ ਕਾਲਜੇ ਠੰਢ ਪਵੇ

ਪਤਨੀ ਨੂੰ ਮੇਰੇ ਤੇ ਨਾਜ਼

ਬਾਪੂ ਦੀ ਛਾਤੀ ਚੌੜੀ

ਪੁੱਤ ਦਾ ਲਲਕਰਾ ਮਾਰਨ ਦਾ ਹੌਸਲਾ ਵਧੇ

ਮੈਂ ਕਿਹੋ ਜਿਹਾ ਹੋਵਾਂ

ਦੋਸਤ ਮੇਰੀ ਸੌਂਹ ਖਾਣ

ਦੁਸ਼ਮਣ ਮੇਰੇ ਤੇ ਵਿਸ਼ਵਾਸ਼ ਕਰਨ

ਮੈਂ ਕਿਹੋ ਜਿਹਾ ਹੋਵਾਂ

Tuesday, December 22, 2009

ਬੰਦਾ

ਘੂੰ-ਘੂੰ ਕਰਦੀ ਐਂਬੂਲੈਂਸ ਲੰਘੀ ਕੋਲ ਦੀ
ਸੋਚਿਆ
ਬੰਦਾ ਤੰਦਰੁਸਤ ਹੋਵੇ
ਪੈਸੇ ਦਾ ਕੀ ਆ

ਲਿਸ਼ਕਦੀ ਕਾਰ ਇੱਕ
ਹਵਾ ਵਾਂਗ ਕੋਲ ਦੀ ਲੰਘੀ
ਸੋਚਿਆ
ਬੰਦਾ ਤੰਦਰੁਸਤ ਹੋਵੇ
ਤੇ ਕੋਲ ਪੈਸਾ ਵੀ....

Tuesday, December 15, 2009

ਰਬਾਬ



ਇੱਕ ਰਾਤ
ਗਈ ਰਾਤ
ਪੁਛਦਾ ਹਾਂ ਰਾਤ ਨੂੰ

ਕਦੋਂ ਮਿਲੇਂਗੀ
ਇਕੱਲੀ
ਤੇ ਪਿਆਰ ਭਰੀ

ਰਾਤ ਨੇ ਚੁੰਮਿਆਂ
ਮੱਥਾ ਮੇਰਾ ਤੇ ਬੋਲੀ

ਜਿਸ ਰਾਤ
ਤੂੰ ਹੋਵੇਂਗਾ
ਇਕੱਲਾ ਤੇ ਪਿਆਰ ਭਰਿਆ ।।

Thursday, December 10, 2009

ਅਣਲਿਖੀ ਕਵਿਤਾ

ਬਿਨ ਸ਼ਬਦਾਂ ਤੋਂ
ਨਹੀਂ ਲਿਖੀ ਜਾਂਦੀ ਕਵਿਤਾ
ਜਿਵੇਂ ਬਿਨ ਅਹਿਸਾਸਾਂ ਤੋਂ

Sunday, December 6, 2009

ਬਿੰਬ ਬਣਦਾ ਮਿਟਦਾ

ਮੈਂ ਤੁਰਿਆ ਜਾ ਰਿਹਾ ਸਾਂ ਭੀੜ੍ਹ ਭਰੇ ਬਾਜ਼ਾਰ ਵਿੱਚ


ਸ਼ਾਇਦ ਕੁਝ ਖਰੀਦਣ

ਹੋ ਸਕਦਾ ਹੈ ਕੁਝ ਵੇਚਣ



ਅਚਾਨਕ ਹੱਥ ਇੱਕ ਮੇਰੇ ਮੋਢੇ 'ਤੇ ਟਿਕਦਾ ਹੈ ਪਿਛੋਂ

ਜਿਵੇਂ ਕੋਈ ਬੱਚਾ ਫੁੱਲ ਨੂੰ ਛੋਹ ਕੇ ਵੇਖਦਾ ਹੈ



ਮੈਂ ਰੁਕਦਾ ਹਾਂ

ਮੁੜ ਕੇ ਵੇਖਦਾ ਹਾਂ



ਰੁੱਖ ਇਕ ਹਰਿਆ-ਭਰਿਆ

ਹੱਥ ਮਿਲਾਉਣ ਲਈ

ਆਪਣਾ ਹੱਥ ਕੱਢਦਾ ਹੈ



ਮੈਂ ਪਹਿਲੀ ਵਾਰ ਮਹਿਸੂਸ ਕਰ ਰਿਹਾ ਸਾਂ

ਹੱਥ ਮਿਲਾਉਣ ਦਾ ਨਿਘ



ਕਿਥੇ ਹੋਵੇਗਾ ਇਹਦਾ ਘਰ

ਕਿਸੇ ਨਦੀ ਕਿਨਾਰੇ

ਖੇਤਾਂ ਦੇ ਵਿਚਕਾਰ

ਸੰਗਣੇ ਜੰਗਲ ਵਿੱਚ



ਸਬਜ਼ੀ ਵਾਲਾ ਝੋਲਾ ਮੋਢੇ ਲਟਕਾਈ

ਘਰ ਮੁੜਦਿਆਂ ਮੈਂ ਸੋਚਦਾ ਹਾਂ

ਥੋੜਾ ਚਿਰ ਹੋਰ ਬੈਠੇ ਰਹਿਣਾ ਚਾਹੀਂਦਾ ਸੀ ਮੈਂਨੂੰ

ਸਟੇਸ਼ਨ ਤੇ ਬਣੀ ਲੱਕੜ ਦੀ ਬੈਂਚ ਉਪਰ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ