Sunday, March 29, 2009

ਪਿਤਾ ਹੋਣ ਦੀ ਕਲਾ

ਦੁੱਖ
ਪੰਡ ਡੱਡੂਆਂ ਦੀ


ਗੰਢ ਖੋਲਾਂ
ਬੁੜਕਦੇ ਖਿਲਰ ਜਾਣ
ਘਰ ਦੇ ਚਾਰ ਚੁਫੇਰ


ਹਰ ਰੋਜ਼
ਗੰਢ ਇਕ ਹੋਰ ਮਾਰਾਂ
ਇਸ ਗੰਢੜੀ ਉਪਰ


ਕਲਾ ਇਹੋ ਮੇਰੀ

ਦਿਸਣ ਨਾ ਦੇਵਾਂ
ਸਿਰ ਚੱਕੀ ਗੰਢੜੀ ਇਹ
ਬੱਚਿਆਂ ਨੂੰ ।।

Friday, March 27, 2009

ਇਕ ਅਨੋਖੀ ਧੂਨੀ

ਇਨਕਲਾਬ ਦੂਰ ਨਹੀਂ
ਬਹੁਤ ਨੇੜੈ ਹੈ
ਆਉਂਦੇ ਜਾਂਦੇ ਹਰ ਸਾਹ ਨਾਲ
ਜਿੰਦਾਬਾਦ ਹੁੰਦਾ ਹੈ

ਮੈਂ ਸੋਚ ਰਿਹਾ ਸਾਂ
ਬਾਹਰੋਂ ਦਹਿਲੀਜ਼ ਤੋਂ
ਠੁਰ ਠੁਰ ਕਰਦੇ ਬੱਚੇ ਦੀ
ਕੰਬਦੀ ਆਵਾਜ਼ ਆਉਂਦੀ ਹੈ

ਹਵਾ ਨਾਲ ਉਡਦੀ
ਉਹ ਆਪਣੀ ਫ਼ਟੀ ਕਮੀਜ਼ ਨੂੰ
ਫੜ੍ਹ ਫੜ੍ਹ ਰੋਕਦਾ ਹੈ

ਮੈਂ ਆਪਣੇ ਬੇਟੂ ਦੀਆਂ ਚੱਪਲਾਂ
ਉਹਦੇ ਪੈਰਾਂ ਨੂੰ ਦਿੰਦਾ ਹਾਂ
ਇਕ ਉੱਚੀ ਹੋਈ ਪੁਰਾਣੀ ਸਵੈਟਰ
ਉਹਦੇ ਗਲ 'ਚ ਪਾਉਂਦਾ ਹਾਂ

ਖਾਣ ਲਈ
ਹੁਣੇ ਹੁਣੇ ਤਵੇ ਤੋਂ ਲਹਿਆ
ਪਰੌਂਠਾ ਦਿੰਦਾ ਹਾਂ

ਮੈਂ ਇਨਕਲਾਬ ਜਿੰਦਾਬਾਦ ਦੇ
ਨਾਅਰੇ ਲਾਉਂਦਾ
ਰਸੋਈ 'ਚ ਬੈਠੇ
ਆਪਣੇ ਬੇਟੂ ਦੀ ਬਾਂਹ ਫੜ੍ਹ
ਹਵਾ 'ਚ ਲਹਿਰਉਂਦਾ ਹਾਂ

ਕਮਰੇ 'ਚ ਫੈਲ੍ਹ ਜਾਂਦੀ ਹੈ
ਇਕ ਅਨੋਖੀ ਧੁਨੀ

ਭਮੰਤਰਿਆ ਬੇਟੂ
ਮਾਂ ਵੱਲ ਵਿੰਹਦਾ
ਕੀ ਹੋ ਗਿਆ ਪਾਪਾ ਨੂੰ
ਪੁਛਦਾ ਹੈ

ਪਤਨੀ ਪਾਣੀ ਦਾ ਗਲਾਸ ਦਿੰਦੀ
ਮੇਰੇ ਤਪਦੇ ਮੱਥੇ 'ਤੇ ਹੱਥ ਰਖਦੀ
ਸੋਚਦੀ ਹੈ

ਜਦੋਂ ਤੋਂ ਸੰਭਲੀ ਹੈ ਸੁਰਤ ਬੇਟੇ ਦੀ
ਪਹਿਲੀ ਵਾਰ ਪਿਆ ਹੈ
ਅਜਿਹਾ ਦੌਰਾ...

ਦੌਰਾ! ਮੈਂ ਚੌਂਕਦਾ ਹਾਂ

ਬੇਟੂ ਦਾ ਮੱਥਾ ਚੁੰਮਦਾ
ਸਹਿਜ ਹੋਣ ਦੀ ਕੋਸ਼ਿਸ਼ ਕਰਦਾ ਹਾਂ

ਟੁੱਟ ਜਾਂਦਾ ਹੈ ਸੁਪਨਾ
ਖੁੱਲ੍ਹ ਜਾਂਦੀ ਹੈ ਅੱਖ

ਕਿਉਂ ਆਇਆ ਇਹ ਸੁਪਨਾ ਮੈਂਨੂੰ ॥

Monday, March 23, 2009

ਸਮੇਂ ਸਿਰ

ਤੂੰ ਭਾਂਡੇ ਮਾਂਜ਼ਦੀ ਰਸੋਈ ਚ
ਮੈਂ ਤੇਰੇ ਹੱਥਾਂ ਚ ਹੁੰਦਾ
ਥਾਲ ਗਲਾਸ
ਛੰਨਾ ਕੌਲ਼
ਗੜਬੀ ਬਾਟੀ

ਥੋੜੇ ਦਿਨ ਪਹਿਲਾਂ ਕਰਵਾਈ ਕਲੀ
ਚਮਕ ਉਠਦੀ
ਰਾਤੇ ਰਾਤ
ਮੈਂ ਹਰਿਦੁਆਰ ਜਾ ਆਉਂਦਾ

ਸੁਬ੍ਹਾ ਤੂੰ ਕੁਟਦੀ ਚੂਰੀ
ਥਿੰਦੀਆਂ ਉਂਗਲਾਂ
ਮੇਰਾ ਪਿੰਡਾ ਲੇਸਦੀਆਂ
ਜੁਆਕਾਂ ਦੇ ਮੂੰਹਾਂ ਨੂੰ ਲੱਗਿਆ
ਦੁੱਧ ਦਾ ਭਰਿਆ ਛੰਨਾ
ਮੈਂ ਗਾਉਂਦਾ

ਆਹ ਹੁਣੇ ਤੂੰ
ਰੋਟੀ- ਡੱਬਾ ਪੈਕ ਕਰੇਂ
ਮੇਰਾ ਆਪਣਾ ਤੇ ਆਖੇਂ
ਸਮੇਂ ਸਿਰ ਖਾ ਲੈਣਾ ।।

Wednesday, March 18, 2009

ਮਿੱਠੀ

ਦਸ ਮਿੰਟ ਪਹਿਲਾਂ ਹੀ
ਜਾਣਨ ਲੱਗਿਆ ਬੱਚਾ ਉਹ
ਕਰਦਾ ਨਿੱਕੀਆਂ ਨਿੱਕੀਆਂ ਗੱਲਾਂ
ਆਖਣ ਲੱਗਿਆ ਮੈਨੂੰ

ਉਰੇ ਕਰੋ ਗੱਲ੍ਹ
ਮਿੱਠੀ ਲੈਣੀ ਐ

ਇਸ ਕਵਿਤਾ ਵਿਚਲਾ ਰਸ
ਉਸ ਬੱਚੇ ਦੀ ਮਿੱਠੀ ਦਾ ਹੈ

ਕਿਹੋ ਜਿਹਾ ਲੱਗਿਆ ।।

ਰਾਤ

ਮੈਂ ਹਾਂ
ਖ਼ਾਮੋਸ਼ੀ ਹੈ
ਤੇ ਤਾਰਿਆਂ ਭਰਿਆ ਥਾਲ
.... .....
ਇਸ ਤਰਾਂ ਹੁੰਦੀ ਹੈ
ਕਦੇ ਕਦੇ ਰਾਤ

Saturday, March 14, 2009

ਬੜਬੋਲੀ ਕਵਿਤਾ

ਮੈਂ ਪਲ ਪਲ
ਜਿਉਂਦਾਂ ਹਾਂ


ਕਦੇ ਮਾਂ ਪਤਨੀ
ਬੱਚਿਆਂ ਪਿਤਾ ਨਾਲ
ਸਮਝੌਤਾ ਕਰਦਾ ਹਾਂ


ਕਿੰਨਾ ਚੰਗਾ ਹੈ
ਰੁਖਾਂ ਪਹਾੜਾਂ ਨਦੀਆਂ ਨਾਲ
ਮੈਨੂੰ
ਕੋਈ ਸਮਝੌਤਾ ਨਹੀਂ ਕਰਨਾ ਪੈਂਦਾ ।।

Friday, March 13, 2009

ਮਨ ਦੀ ਗੁਫ਼ਾ

ਲੋਚਿਆ
ਸ਼ੁਰੂ ਕਰਾਂ
ਫਿਰ ਤੋਂ ਸਭ
.........
ਬਹੁਤ ਖਿਡੌਣੇ ਤੋੜੇ
ਨਿੱਕੇ ਹੁੰਦਿਆਂ
ਯਾਦ ਆਉਂਦਾ
..........
ਮਨ ਦੀ ਗੁਫ਼ਾ ਅੰਦਰ
ਖਜੁਰਾਹੋ ਦੀਆਂ
ਮੂਰਤੀਆਂ
ਘੜਨ ਲਗਦਾ
............
ਮੇਰਾ ਕੋਈ ਇਕ ਸਿਰਾ ਨਹੀਂ ।।

Tuesday, March 10, 2009

ਪੈਰ

ਜੁੱਤੀ ਪਾਉਣ ਤੋਂ ਪਹਿਲਾਂ

ਪਾਵਾਂ ਰੋਜ਼ ਸਵੇਰੇ

ਪੈਰਾਂ ਚ ਪੈਰ ਆਪਣੇ ।।

ਸਵੇਰ

ਚਿੜੀਆਂ
ਆਪਣੇ
ਚਹਿ
ਚਹਾਉਣ
ਚੋਂ
ਪੈਦਾ ਕਰਦੀਆਂ
ਰੋਜ਼
ਇਕ ਨਵਾਂ ਸੂਰਜ

Friday, March 6, 2009

ਸੁਰਾਂ ਦਾ ਜਨਮ ਦਿਨ

ਜਿਹੜਾ ਸਾਹ
ਹੁਣੇ ਆਇਆ ਮੈਂਨੂੰ
ਚਲਾ ਗਿਆ ਹੁਣੇ

ਜੇ ਨਾ ਹੁੰਦੀ ਇਹ ਦੇਹ ਮੇਰੀ
ਤਾਂ ਕਿਸ ਨੂੰ ਆਉਂਦਾ

ਇਹ ਸਾਹ
ਪੰਛੀ
ਫੁੱਲ
ਵਗਦੀ ਨਦੀ
ਪਹਾੜ ਨੂੰ

ਜਿਸ ਦਿਨ
ਨਾ ਆਇਆ
ਸਾਹ ਮੈਂਨੂੰ

ਇਹ ਦੇਹ ਮੇਰੀ
ਪੰਛੀ
ਫੁੱਲ
ਪਹਾੜ
ਹੋਵੇਗੀ ਵਗਦੀ ਨਦੀ

ਆ ਗਿਆ ਹੈ ਇਕ ਹੋਰ ਸਾਹ ਮੈਂਨੂੰ ।।

Monday, March 2, 2009

ਮੂਡ ਸਕੇਪ


ਕਿੰਨਾ ਚੰਗਾ ਹੁੰਦਾ
ਥੈਲਾ ਬੋਰੀ ਹੁੰਦਾ ਬੰਦਾ

ਆਪਣੀ ਮਾਂ
ਪਤਨੀ ਭੈਣ ਨੂੰ ਆਖਦਾ

ਪੁਠਾ ਕਰਕੇ ਝਾੜਦੇ ਮੈਨੂੰ
ਕਿੰਨਾ ਕੁਝ ਖੱਲ੍ਹਾਂ ਖੂੰਝਿਆਂ 'ਚ ਫਸਿਆ
ਤੰਗ ਕਰ ਰਿਹਾ ਹੈ ਮੈਨੂੰ

ਮੈਂ ਥੈਲਾ ਬੋਰੀ ਨਹੀਂ।।

ਹਥੌੜਾ ਤੇਸੀ ਮਾਰ ਕੇ
ਤੋੜ ਦੇਵੋ ਸਿਰ ਮੇਰਾ
ਖੋਪੜੀ 'ਚ ਜੋ ਚੱਲ ਰਿਹਾ ਹੈ
ਇਸ ਵੇਲੇ
ਕਿੰਨਾ ਗਲਤ ਹੈ

ਮੈਂ ਕਿਸੇ ਨੂੰ ਨਹੀਂ ਆਖਦਾ
ਗਲਤ
ਸਭ ਨੂੰ ਠੀਕ ਠੀਕ ਹੀ
ਆਖੀ ਜਾਂਦਾ ਹਾਂ।।

ਅੱਗ ਬਬੂਲਾ ਹੋਣ ਵਾਲੀ
ਗੱਲ 'ਤੇ ਵੀ
ਨਹੀਂ ਕਰਦਾ ਕੋਈ ਪ੍ਰਤੀਕਿਰਿਆ

ਮੈਂ ਅੰਦਰੇ ਅੰਦਰ
ਰਿੱਝੀ ਜਾਂਦਾ ਹਾਂ

ਕੋਈ ਖੋਲ੍ਹ ਕੇ ਦੇਖੇ ਮੈਨੂੰ
ਨਹੀਂ ਤਾਂ ਬਸ ਸੜ
ਜਾਵਾਂਗਾ

ਸਬਜ਼ੀ ਥੱਲ੍ਹੇ ਲਗ ਗਈ ਹੈ
ਔਰਤਾਂ ਨੂੰ ਤਾਂ ਪਹਿਲੇ ਪਲ ਹੀ
ਪਤਾ ਲਗ ਜਾਂਦਾ।।

ਮਾਂ

ਢਲਦੇ ਪਰਛਾਵੇਂ
ਚਰਖਾ ਕਤਦੀ ਮਾਂ
ਲੰਮੀ ਹੇਕ ਦੇ ਗੀਤ ਗਾਵੇ

ਅੱਖਾਂ 'ਚ ਹੰਝੂ
ਬ੍ਹੋਟੀ ਭਰੀ ਗਲੋਟੇ ।।

Sunday, March 1, 2009

ਪਿਆਰ ਕਰਨ ਵੇਲੇ

ਪਿਆਰ ਕਰਨ ਵੇਲੇ
ਯਾਦ ਨਾ ਕਰੋ
ਬੱਚਿਆਂ ਨੂੰ
ਕਦੇ ਵੀ ਗੱਲ ਨਾ ਛੇੜੋ
ਦੋਸਤਾਂ ਦੀ
ਜ਼ਿਕਰ ਨਾ ਕਰੋ
ਰਿਸ਼ਤੇਦਾਰਾਂ ਦਾ

ਪਿਆਰ ਕਰਨ ਵੇਲੇ
ਨਾ ਰਸੋਈ ਵੱਲ ਦੇਖੋ
ਨਾ ਹੀ ਬਾਹਰਲੇ ਬੂਹੇ ਹੁੰਦੀ
ਦਸਤਕ ਸੁਣੋ


ਪਿਆਰ ਕਰਨ ਵੇਲੇ
ਬਾਦਸ਼ਾਹ ਬਣ ਜਾਵੋ
ਖ਼ਾਕ 'ਚ ਰਲ ਜਾਵੋ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ