ਹਵਾ ਜਾਣਦੀ ਹੈ
ਇਹ ਬੰਤ ਸਿੰਘ ਝੱਬਰ ਦਾ ਘਰ ਹੈ
ਉਹ ਘਰ ਦੀ ਹਰ ਸ਼ੈਅ ਨੂੰ
ਛੁਹ ਛੁਹ ਕੇ ਲੰਘਦੀ ਹੈ
ਚੰਡੀਗੜੋਂ ਨਿਰੁਪਮਾ ਦੱਤ ਜੋ ਆਈ ਹੈ
ਪਤੀਲੀ ‘ਚ
ਰਿੱਝ ਰਹੀ ਹੈ ਚਾਹ
ਛਟੀਆਂ ਦੀ ਅੱਗ ਦੀਆਂ ਲਾਟਾਂ
ਬਾਹਾਂ ਉਲਾਰ ਉਲਾਰ
ਨਾਅਰੇ ਲਾ ਰਹੀਆਂ ਨੇ
ਕੁੜੀਓ ! ਚੁੱਪ ਕਰੋ
ਮੈਂ ਗਾਉਂਦਾ ਹਾਂ
ਬੋਲਿਓ ਨਾ
ਆਵਾਜ਼ ਨੂੰ ਪਤਾ ਹੈ
ਉਹਦੇ ਧੁਰ ਅੰਦਰ
ਕੀ ਰਿੱਝ ਰਿਹਾ ਹੈ
ਬੰਤ ਸਿੰਘ ਗਾਉਂਦਾ ਹੈ
ਬੁਲੰਦ ਆਵਾਜ਼ ਨਾਲ
ਸੰਗਤ ਕਰ ਰਹੀਆਂ ਨੇ
ਹਵਾ ਮਿੱਟੀ ਤੇ ਅਗਨ ।।
੦
ਮਸ਼ੀਨੀ ਹੱਥ
ਕਰਦਾ ਹੈ ਪੂਰਾ ਕੰਮ
ਪੁਛਦੀ ਹੈ ਨਿਰੁਪਮਾ ਦੱਤ
ਹਾਂ ਜੀ ਪੂਰੇ ਤੋਂ
ਵੱਧ ਕੰਮ
ਕਰਦਾ ਹੈ ਹੱਥ ਮੇਰਾ
ਝੰਡਾ ਫੜ੍ਹ ਲੈਂਦਾ ਹੈ
ਉੱਚਾ ਚੱਕਣ ਲਈ
ਲਹਿਰਾਉਣ ਲਈ
ਮਾਈਕ ਫੜ੍ਹ ਲੈਂਦਾ ਹੈ
ਗਾਉਣ ਲਈ
ਡਾਂਗ ਚੱਕ ਲੈਂਦਾ ਹੈ
......
ਮੈਂ ਦੇਖ ਰਿਹਾਂ
ਸਾਹਮਣੇ ਅਪਣੇ
ਹਜ਼ਾਰਾਂ ਹੱਥਾਂ ਵਾਲਾ ਆਦਮੀ
ਕਿਸੇ ਇਤਿਹਾਸ ਮਿਥਿਹਾਸ ਦਾ ਪਾਤਰ ਨਹੀਂ
ਕਿਸੇ ਦੇਵੀ ਦੇਵਤੇ ਦਾ ਚਿਤਰ ਨਹੀਂ
ਜਿਉਂਦਾ ਜਾਗਦਾ
ਹੱਡ ਮਾਸ ਦਾ ਆਦਮੀ ।।
੦
ਦਾਦਾ ਮੇਰਾ ਧੰਨਾ ਸਿੰਘ ਸੀ
ਅੱਠ-ਪੋਰੀ ਦੀ ਡਾਂਗ ਰੱਖਦਾ
ਪਿੰਡ ਨੂੰ ਪਤਾ ਲੱਗ ਜਾਂਦਾ
ਜਦੋਂ ਉਹ ਖੰਘੂਰਾ ਮਾਰਦਾ
ਦਸਦਾ ਬੰਤ ਸਿੰਘ ਆਖਣ ਲੋਕੀਂ
ਮੈਂ ਉਹਦੇ ‘ਤੇ ਗਿਆ ਹਾਂ
ਦੇਸ਼ ਆਜ਼ਾਦ ਹੈ
ਉਹਦੀਆਂ ਅੱਖਾਂ ਦਗਦੀਆਂ
ਪਿੰਡ ਦੀ ਇਕ ਮਾਈ ਨੇ ਮੁਠੀ ਵੱਟ ਹਵਾ ‘ਚ ਲਹਿਰਾਈ
ਤੇ ਆਖਿਆ : ਲਾਲ ਸਲਾਮ ।।
੦
ਵਿਸ਼ਵਰੂਪ ਗਿਆਨ-ਗੁਰੂ
ਬੰਤ ਸਿੰਘ ਨੂੰ
ਵਿਸ਼ਵ-ਗੁਰੂ ਮੰਨਦਾ ਹੈ
ਇੱਛਾ ਉਹਦੀ ਗਾਵੇ
ਉਹਦੇ ਲਈ ਬੰਤ ਸਿੰਘ
ਦੋ ਸਤਰਾਂ ਹੀ ਗਾਵੇ ਭਾਵੇਂ
ਉਹਦੀ ਭਾਸ਼ਾ ‘ਚ
ਪਰ ਗਾ ਨਹੀਂ ਸਕਿਆ
ਸ਼ਬਦ ਵੀ
ਵਾਰ ਵਾਰ ਕੋਸ਼ਿਸ਼ ਕਰਨ ‘ਤੇ
ਆਖਣ ਲੱਗਿਆ ਆਖਰ
ਅਪਣਾ ਟਰੈਕਟਰ ਤਾਂ
ਕਿਤੇ ਵੀ ਚਲਾ ਲਵਾਂ
ਟੋਇਆਂ ਟਿੱਬਿਆਂ
ਖੇਤਾਂ ਖੇਤਾਨਾਂ ‘ਚ
ਪਰ ਤੇਰੀ ਕਾਰ ਤਾਂ ਮੈਥੋਂ
ਸੜਕ ‘ਤੇ ਵੀ ਨਾ ਚੱਲੇ ।।
੦
ਸੋਚਦੇ ਹੋਂ
ਬੰਤ ਸਿੰਘ ਝੱਬਰ
ਝੱਬਰਾਂ ਦਾ ਉਹੀ ਬੰਤ ਸਿੰਘ
ਜਿਸ ਤੇ ਹਮਲਾ ਹੋਇਆ ‘ਕੱਲ੍ਹੇ ਤੇ
ਬਚ ਗਿਆ ਪੀਜੀ ਆਈ ਜਾ ਕੇ
ਦਿੱਲੀ ਹਸਪਤਾਲ ‘ਚ ਪੁਛਦੇ ਰਹੇ
ਡਾਕਟਰ ਉਹਨੂੰ
ਜਿਵੇਂ ਮਨਮੋਹਨ ਸਿੰਘ ਹੋਵੇ
ਪਰ ਕਿੰਨੇ ਹੀ ਬੰਤ ਸਿੰਘ ਨੇ
ਝੱਬਰ ਦੇ ਨਹੀਂ ਕੋਟ ਲੱਲੂ ਦੇ
ਬੱਪੀਆਣੇ ਦੇ
ਜਾਂ ਫਿਰ ਖੁਡਾਲਾਂ ਦੇ ਨਹੀਂ
ਝੰਡਾ ਕਲਾਂ ਦੇ ਨੇ
ਮਰ ਗਏ ਨੇ ਬਿਨਾਂ ਕਿਸੇ ਕੁੱਟ ਤੋਂ
ਨਹੀਂ ਹਨ ਉਹਨਾ ਦੇ ਲੱਤਾਂ ਬਾਹਾਂ
ਲੱਤਾਂ ਬਾਹਾਂ ਹੋਣ ਦੇ ਬਾਵਜੂਦ
ਬੰਤ ਸਿੰਘ ਨਹੀਂ ਜਾਣਦਾ
ਉਹ ਕੀ ਹੈ
ਉਸ ਉਪਰ ਕੋਈ
ਕਿਉਂ ਲਿਖ ਰਿਹਾ ਹੈ ਕਿਤਾਬ
ਕੋਈ ਕਿਉਂ ਬਣਾ ਰਿਹਾ ਹੈ ਫਿਲਮ
ਕੋਈ ਕਿਉਂ ਖਿੱਚ ਰਿਹਾ ਹੈ ਫੋਟੋਆਂ
ਦਿਖਾ ਰਿਹਾ ਹੈ ਕਲਾ ਪਾਰਖੂਆਂ ਨੂੰ
ਬੰਤ ਸਿੰਘ
ਝੱਬਰਾਂ ਦਾ ਬੰਤ ਸਿੰਘ ਹੈ
ਨਹੀਂ ਜਾਣਦਾ
ਕਿਉਂ ਲਿਖੀਆਂ ਮੈਂ
ਬੰਤ ਸਿੰਘ ਤੇ ਕਵਿਤਾਵਾਂ
ਨਹੀਂ ਜਾਣਦਾ
ਇਹ ਕਿਤਾਬਾਂ ਫਿਲਮਾਂ ਫੋਟੋਆਂ
ਬੰਤ ਸਿੰਘ ਝੱਬਰ ਦੀਆਂ ਨੇ
ਜਾਂ ਕਿਸੇ ਹੋਰ ਦੀਆਂ ।।
bahut kamaal di kavita hai
ReplyDelete