Monday, June 6, 2011

ਤਾਇਆ ਨਾਥੀ ਰਾਮ

।। ਦੋਸਤ ਪਰਾਗ ਰਾਜ ਲਈ ਜਿਹਦਾ ਤਾਇਆ ਮੇਰੀ ਕਵਿਤਾ ਚ ਆ ਕੇ ਮੇਰਾ ਵੀ ਤਾਇਆ ਬਣ ਗਿਆ ।।

ਮੈਨੂੰ ਭੱਜੇ ਜਾਂਦੇ ਨੂੰ ਰੋਕ ਲੈਂਦਾ ਹਾਕ ਮਾਰ
ਬਾਂਹ ਫੜ੍ਹ ਭੀੜ ਚੋਂ ਬਾਹਰ ਲੈ ਜਾਂਦਾ

ਤਾਇਆ ਮਾਂ ਦੀ ਗਾਲ੍ਹ ਕੱਢ ਪੁਛਦਾ
ਕਿੰਨਾ ਚਿਰ ਹੋ ਗਿਆ ਪਿੰਡ ਆਏ ਨੂੰ
ਕੱਢ ਪੰਜ ਸੌ ਦਾ ਨੋਟ
ਉਹ ਨੋਟ ਤੇ ਛਪੇ ਗਾਂਧੀ ਦੀ ਐਨਕ ਲਾਹ
ਝੱਗੇ ਦੀ ਕੰਨੀਂ ਨਾਲ ਸਾਫ਼ ਕਰਦਾ
 ਬੱਕਰੀਆਂ ਚਾਰਦੇ ਭੰਤੇ ਨੂੰ ਚਾਹ ਧਰਨ ਲਈ ਆਖਦਾ

ਉਹਦੇ ਦੁਆਲੇ ਹੋ ਜਾਂਦੇ
ਢਿੱਡੋਂ ਭੁੱਖੇ
ਪੈਰੋਂ ਤੇੜੋਂ ਨੰਗੇ ਬੱਚੇ

ਦੇਖਦਿਆਂ ਦੇਖਦਿਆਂ
ਨੋਟ ਪੰਜ ਸੌ ਦਾ
ਬਦਲ ਜਾਂਦਾ
ਚੱਪਲਾਂ ਨੀਕਰਾਂ ਖਿੱਲਾਂ ਪਤਾਸਿਆਂ

ਤਾਇਆ ਦੱਸਦਾ
ਨਿਆਣਿਆਂ ਤੇ ਬੇਜ਼ੁਬਾਨੇ ਜਾਨਵਰਾ ਤੋਂ ਭਲਾ
ਕੋਈ ਨ੍ਹੀਂ ਹੁੰਦਾ
ਲੈ ਦੇਖ ਜਦੋਂ ਭੰਤਾ ਆਖੂ ਹੇਮਾ ਮਾਲਨੀ
ਲੂੰਗ ਖਾਂਦੀ ਉਹ ਡੱਬੀ ਬੱਕਰੀ
ਭੱਜੀ ਆਊ ਇਹਦੇ ਵੱਲ

ਜੇ ਇਹ ਆਖੇ ਧਰਮਿੰਦਰ
ਸੂੰ ਸੂੰ ਕਰਦਾ ਓਹ ਬੋਕ ਕਾਲਾ
ਇਹਦੇ ਪੈਰਾ ਚ ਬਹਿ ਜੂ

ਤਾਇਆ ਦਿਖਾਉਦਾ
ਸ਼ਹਿਰੀ ਭਤੀਜੇ ਨੂੰ
ਆਜੜੀ ਦੀ ਪਿੱਤਲ ਪਤੀਲੀ
ਸੋਨੇ ਤੋਂ ਵੱਧ ਚਮਕਦੀ
ਤੇ ਸੁਣਾਉਦਾ
ਕਿਸੇ ਵੇਦ ਦਾ ਸ਼ਲੋਕ
ਕਿਸੇ ਪੋਥੀ ਦੀ ਕਥਾ

ਇਹਨੀਂ ਦਿਨੀਂ
ਲਹੌਰ ਦਾ ਪੜ੍ਹਿਆ ਤਾਇਆ
ਦੁਪਹਿਰ ਆਪਣੀ ਜੰਡ ਹੇਠਾਂ ਗੁਜ਼ਾਰੇ
ਧਰਤੀ ਦੇ ਕਾਗਦੁ ਤੇ
ਕੋਈ ਚਿੱਠੀ ਲਿਖੇ
ਲਿਖੇ ਹੋਏ ਨੂੰ ਮਿਟਾਵੇ

ਪਹਿਰ ਤੀਜੇ ਫੇਰ
ਟੋਭੇ ਆਈਆਂ ਮੱਝਾਂ ਮਲ ਮਲ ਨਹਾਵੇ
ਬੁੱਲਾ ਗਾਵੇ

ਜੁੱਤੀਆਂ ਸਿਉਂਦੇ
ਚੰਦੂ ਚਮਾਰ ਨੂੰ ਦੇਖੀ ਜਾਵੇ
ਜਾਂ ਫਿਰ ਤੋਗੇ ਤਖਾਣ ਦੇ ਘਰ
ਗੜਬੀ ਚ ਆਈ ਚਾਹ ਦੀ
ਬਾਟੀ ਭਰ ਪੀ ਜਾਵੇ

ਤਾਇਆ ਇਹਨੀਂ ਦਿਨੀਂ
ਕੋਈ ਫਕੀਰ ਲਗਦਾ
ਪੈਰੀਂ ਘੂੰਗਰੂੰ ਬੰਨ੍ਹਦਾ
ਨੱਚਣ ਲਗਦਾ

ਬੁੜ੍ਹੀਆਂ ਉਹਦੇ ਪੈਰੀਂ ਹੱਥ ਲਾਉਂਦੀਆਂ
ਉਹ ਚੁਪ ਰਹਿੰਦਾ
ਕਹਿੰਦਾ  ਸ਼ਬਦਾਂ `ਚ   ਆਖੀ  ਗੱਲ ਝੂਠੀ ਪੈ ਜਾਂਦੀ ਐ

ਮੈਂ ਉਹਦੇ ਗਿੱਟੇ ਬੰਨ੍ਹੀਂ ਪੱਟੀ ਦੇਖਦਾ
ਡਾਕਟਰ ਨੇ ਕਿਹਾ ਸੀ
ਇਹਨੇ ਮਿੱਠਾਂ ਖਾਣੋਂ ਹਟਣਾ ਨਹੀ
ਤੇ ਸ਼ੂਗਰ ਦਾ ਜਖ਼ਮ ਰਾਜੀ ਹੋਣਾ ਨਹੀ
ਪੱਟੀ ਤਾਂ ਮਿੱਟੀ ਘੱਟਾ ਈ ਰੋਕੂ ਗੀ


ਪੁੱਛਿਆ ਮੈਂ
ਕੀ ਹਾਲ ਐ ਜ਼ਖਮ ਦਾ ?

ਤਾਇਆ ਤਾਅ ਨਾਲ ਬੋਲਿਆ
ਠੀਕ ਐ ਸ਼ੇਰਾ
ਜਮਾਂ ਟੱਲੀ ਅਰਗਾ
ਪਾਣੀ ਪਾ ਪਾ ਠੀਕ ਕਰ ਲਿਆ
ਆਹ ਪੱਟੀ ਦਾ ਤਾਂ ਸੁਭਾਅ ਬਣ ਗਿਆ
ਹੁਣ ਤੁਰਿਆ ਨਹੀਂ ਜਾਂਦਾ ਇਹਦੇ ਬਿਨਾਂ

ਮੈਂ ਪਿਛਾਂਹ ਮੁੜ ਜਾਂਦਾ ਕਈ ਵਰ੍ਹੇ ਪਹਿਲਾਂ
ਜਦੋਂ ਗੁਜ਼ਰ ਗਈ ਸੀ ਤਾਈ
ਕੋਈ ਰੋਂਦਾ , ਕੋਈ ਰੋਂਦੇ ਨੂੰ ਚੁੱਪ ਕਰਾਉਂਦਾ
ਕੋਈ ਸਮਸ਼ਾਨ ਚ ਲੱਕੜਾਂ ਲਈ ਰੁਝਿਆ
ਤਾਏ ਨੇ ਬਸ ਏਨਾ ਹੀ ਕਿਹਾ ਸੀ 
ਉਹਨੇ ਜਾਣਾ ਵੀ ਹੈ ਜਿਹੜਾ ਆਇਆ
ਚੁੱਕ ਕੇ ਸਾਫਾ
ਤੁਰ ਪਿਆ ਤਾਇਆ
ਨਾਲ ਦੇ ਪਿੰਡ ਕਾਮਰੇਡਾਂ ਦਾ ਜਲਸਾ


ਤਾਇਆ ਅੱਜ-ਕੱਲ੍ਹ ਖੇਤਾਂ ਚ ਰਹਿੰਦਾ ਹੈ
ਜੇ ਕੋਈ ਰੋਟੀ ਪਾਣੀ ਦੇ ਆਇਆ ਤਾਂ ਦੇ ਆਇਆ
ਨਹੀਂ ਪਤਾ ਨ੍ਹੀਂ ਉਹ ਕੀ ਖਾਂਦਾ ਜਾਂ ਨਾ ਖਾਂਦਾ
ਦੁਪਹਿਰ ਵੇਲੇ ਸਿਰ ਦੀ ਛਾਂ ਲਈ
ਕੱਖ ਕਾਨਿਆਂ ਦੀ  ਝੁੱਗੀ ਪਾਉਂਦਾ
ਆਥਣ ਹੋਣ ਤੇ ਅੱਗ ਲਾ ਦਿੰਦਾ
ਬਾਹਾਂ ਉਲਾਰ ਉਤਾਂਹ ਨੂੰ
ਕਿਸੇ ਨੂੰ ਕੁਝ ਕਹਿੰਦਾ ਕਹਿੰਦਾ
ਪਤਾ ਨੀਂ ਕਿਹੜੇ ਵੇਲੇ  ਸੌਂ ਜਾਂਦਾ ।।


3 comments:

  1. ਗੁਰਪ੍ਰੀਤ , ਬਹੁਤ ਹੀ ਵਧੀਆ ,!!!
    ਵਧਾਈਆਂ!!

    ReplyDelete
  2. ਕਿਆ ਬਾਤ ਹੈ ਜੀ.......ਬਹੁਤ ਹੀ ਵਧੀਆ ਕਵਿਤਾ ਹੈ ਤੁਹਾਡੀ........!!!

    ReplyDelete
  3. ਬਹੁਤ ਸੋਹਣੀ ਕਵਿਤਾ ਜੀ....ਵਧਾਈਆਂ ਕਬੂਲ ਕਰੋ ......!!

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ