ਇਕ ਬੱਚਾ
ਸੁੱਟਦਾ ਹੈ
ਮੇਰੇ ਵੱਲ
ਰੰਗ ਬਰੰਗੀ ਗੇਂਦ
ਤਿੰਨ ਟੱਪੇ ਖਾ
ਔਹ ਗਈ
ਔਹ ਗਈ
ਮੈਂ ਆਪਣੇ 'ਤੇ ਹਸਦਾ ਹਾਂ
ਗੇਂਦ ਨੂੰ ਬੁੱਚਣ ਲਈ
ਬੱਚਾ ਹੋਣਾ ਪਵੇਗਾ ।।
0
ਨੰਗੇ ਪੈਰਾਂ ਦਾ ਸਫ਼ਰ
ਮੁਕਣਾ ਨਹੀਂ
ਇਹ ਰਹਿਣਾ ਹੈ
ਸਦਾ ਜਵਾਨ
ਲੰਬੇ ਬੁਰਸ਼ ਦਾ ਇਕ ਸਿਰਾ
ਆਕਾਸ਼ 'ਤੇ ਚਿਮਨੀਆਂ ਟੰਗਦਾ ਹੈ
ਦੂਜਾ ਸਿਰਾ ਧਰਤੀ ਨੂੰ ਰੰਗਦਾ ਹੈ
ਉਹ ਜਦੋਂ ਵੀ ਅੱਖਾਂ ਮੀਚੇ
ਦੇਖਦਾ ਹੈ
ਅਧਿਆਪਕ ਦੇ ਬਲੈਕ ਬੋਰਡ ਤੋਂ ਪਹਿਲਾਂ
ਆ ਬਹਿੰਦਾ
ਉਹਦੀ ਪੈਨਸਲ 'ਤੇ ਤੋਤਾ ।।
0
ਨੰਗੇ ਪੈਰਾਂ ਦੇ ਸਫ਼ਰ 'ਚ
ਰਲੀ ਹੁੰਦੀ ਹੈ ਧੂੜ੍ਹ ਮਿੱਟੀ ਦੀ ਮਹਿਕ
ਮਚਦੇ ਪੈਰਾਂ ਹੇਠ
ਵਿਛ ਜਾਂਦੀ ਹਰੇ ਰੰਗ ਦੀ ਛਾਂ
ਸਿਆਲੀ ਦਿਨਾਂ 'ਚ ਵਿਛ ਜਾਂਦੀ ਧੁੱਪ
ਰਾਹਾਂ 'ਚ
ਨੰਗੇ ਪੈਰ ਨਹੀਂ ਪਾਏ ਜਾ ਸਕਦੇ ਪਿੰਜਰੇ 'ਚ
ਨੰਗੇ ਪੈਰਾਂ ਦਾ ਹਰ ਕਦਮ
ਸੁਤੰਤਰ ਲਿਪੀ ਦਾ ਸੁਤੰਤਰ ਵਰਣ
ਪੜ੍ਹਨ ਲਈ ਨੰਗਾ ਹੋਣਾ ਪਵੇਗਾ
ਮੈਂ ਡਰ ਜਾਂਦਾ ।।
0
ਇਕ ਵਾਰ ਉਹਦੀ ਦੋਸਤ ਨੇ
ਤੋਹਫੇ ਵਜੋਂ ਦਿੱਤੀਆਂ ਦੋ ਜੋੜੀਆਂ ਬੂਟਾਂ ਦੀਆਂ
ਨਰਮ ਰੂੰ ਜਿਹਾ ਲੈਦਰ
ਕਿਹਾ ਉਹਨੇ
ਪਾ ਇਹਨਾ ਨੂੰ
ਬਾਜਾਰ ਚੱਲੀਏ
ਪਾ ਲਿਆ ਉਹਨੇ
ਇਕ ਪੈਰ 'ਚ ਕਾਲਾ
ਦੂਜੇ ਪੈਰ 'ਚ ਭੁਰੇ ਰੰਗ ਦਾ ਬੂਟ
ਇਹ ਕਲਾਕਾਰ ਦੀ ਯਾਤਰਾ ਹੈ ।।
0
ਸ਼ੁਰੂਆਤ ਰੰਗਾਂ ਦੀ ਸੀ
ਤੇ ਆਖਰ
ਉਹ ਰਲ ਗਿਆ
ਰੰਗਾਂ 'ਚ
ਰੰਗਾਂ 'ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ
ਦੁਨੀਆਂ ਦੇ ਕਿਸੇ ਕੋਨੇ
ਆਹ ਹੁਣੇ ਵਾਹ ਰਿਹਾ ਹੋਵੇਗਾ
ਕੋਈ ਬੱਚਾ
ਆਪਣੇ ਸਿਆਹੀ ਲਿਬੜੇ ਹੱਥਾਂ ਨਾਲ
ਨੀਲੇ ਕਾਲੇ
ਘੁੱਗੂ ਘੋੜੇ
ਰੰਗਾਂ ਦੀ ਕੋਈ ਕਬਰ ਨਹੀਂ ਹੁੰਦੀ ।।