Saturday, May 7, 2011

ਅੱਜ 7 ਮਈ ਹੈ ... ਰਵੀਂਦਰ ਨਾਥ ਟੈਗੋਰ ਦਾ ਜਨਮ ਦਿਨ !! ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਇਹ ਕੌਣ ਸਨ .... ਤੁਸੀਂ ਸਭ ਮੇਰੇ ਤੋਂ ਵੱਧ ਜਾਣਦੇ ਹੋਂ ... ਇਤਫਾਕ ਨਾਲ ਅੱਜ ਮੇਰਾ ਵੀ ਜਨਮ ਦਿਨ ਹੈ ... ਫੇਸਬੁਕ ਕਾਰਨ ਇਸ ਵਾਰ ਇਹ ਮੈਨੂੰ ਯਾਦ ਹੈ , ਨਹੀਂ ਤਾਂ ਅਕਸਰ ਇਹ ਲੰਘ ਜਾਣ ਤੋਂ ਬਾਦ ਹੀ ਯਾਦ ਆਉਂਦਾ ਰਿਹਾ ਹੈ ... ਅੱਜ ਦੇ ਦਿਨ 'ਤੇ ਤੁਸੀਂ ਸਭ ਦੋਸਤਾਂ ਨੇ ਮੈਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ ! ਮੈਂ ਆਪ ਸਭ ਦਾ ਧੰਨਵਾਦੀ ਹਾਂ .... ਤੇ ਅਪਣੇ ਜਨਮ ਦਿਨ ਨੂੰ ਟੈਗੋਰ ਸਾਹਬ ਦੇ ਜਨਮ ਦਿਨ ਦੇ ਜ਼ਸ਼ਨਾਂ 'ਚ ਸ਼ਾਮਲ ਕਰਦਾ ਹਾਂ ...


ਟੈਗੋਰ ਦੀ ਇਕ ਕਵਿਤਾ ਦੀਆਂ ਕੁਝ ਪੰਕਤੀਆਂ : ਮੈਂ ਸਾਰੀ ਉਮਰ
ਆਪਣੇ ਗੀਤਾਂ ਦੇ ਆਸਰੇ
ਤੈਨੂੰ ਲੱਭਣ ‘ਚ ਲੱਗਾ ਰਿਹਾ
ਇਹ ਉਹੀ ਗੀਤ ਸਨ
ਜੋ ਮੈਨੂੰ ਘਰ ਘਰ ਲੈ ਕੇ ਗਏ
ੳਨ੍ਹਾਂ ਸਦਕਾ ਹੀ
ਮੈਨੂੰ ਆਪਣੇ ਸੰਸਾਰ ਦੀ
ਅੰਤਰ-ਸੂਝ ਦਾ ਮੌਕਾ ਮਿਲਿਆ

Wednesday, May 4, 2011

ਕਾਮਰੇਡ !

ਅੱਜ 5 ਮਈ ਹੈ ! ਕਾਰਲ ਮਾਰਕਸ ਦਾ ਜਨਮ ਦਿਨ !! ਮੈਂ ਜਦੋਂ ਵੀ ਕਿਧਰੇ ਮਾਰਕਸ ਦਾ ਨਾਂਅ ਪੜ੍ਹਦਾ ਸੁਣਦਾ ਹਾਂ ਤਾਂ ਨਾਲ ਦੀ ਨਾਲ ਇਹਦੀ ਬਚਪਨ ਦੀ ਦੋਸਤ ਤੇ ਪਤਨੀ ਜੇਨੀ ਯਾਦ ਆਉਂਦੀ ਹੈ ,ਜਿਸ ਨੂੰ ਘਰੇਲੂ ਸੌਦੇ ਪੱਤੇ ਲਈ ਅਪਣਾ ਬਿਸਤਰ ਤਕ ਵੇਚਣਾ ਪਿਆ , ਰੜੇ ਸੌਂ ਕੇ ਵੀ ਗੁਲਾਬ ਵਾਂਙ ਖਿੜ੍ਹੀ ਰਹੀ ਹੈ ।ਇਹ ਮਾਰਕਸ ਦੀ ਅਜਿਹੀ ਸਾਥਣ ਸੀ ਜਿਸ ਤੋਂ ਸਾਥੀ ਹੋਣ ਦਾ ਮਤਲਬ ਸਮਝਿਆ ਜਾ ਸਕਦਾ ਹੈ ।
ਸਾਰੇ ਸਾਥੀਆਂ ਨੂੰ ਮਾਰਕਸ ਦੇ ਜਨਮ ਦਿਨ ਦੀ ਵਧਾਈ ..
..ਇਸ ਮੌਕੇ ਮੈਂ ਆਪਣੀ ਇਕ ਕਵਿਤਾ " ਕਾਮਰੇਡ " ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ :
 ਕਾਮਰੇਡ
ਸਭ ਤੋਂ ਪਿਆਰਾ ਲਫਜ਼ ਕਾਮਰੇਡ ਹੈ

ਕਦੇ ਕਦੇ ਮੁਖਾਤਿਬ ਹੁੰਦਾ
ਆਪਣੇ ਆਪ ਨੂੰ
ਇਸ ਲਫਜ਼ ਨਾਲ

ਜਾਗਦਾ ਮੇਰੇ ਅੰਦਰ
ਇਕ ਨਿੱਕਾ ਜਿਹਾ ਕਾਰਲ ਮਾਰਕਸ
ਦੁਨੀਆਂ ਬਦਲਣਾ ਚਾਹੁੰਦਾ
ਜੇਨੀ ਲਈ ਲਿਖਦਾ ਪਿਆਰ ਕਵਿਤਾਵਾਂ

ਲਓ ! ਮੈਂ ਆਖਦਾਂ
ਕਾਮਰੇਡ

ਛਾਲ ਮਾਰ ਕੇ ਲੰਘ ਜਾਂਦਾ
ਅਪਣੇ ਆਪ ਨੂੰ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ