Wednesday, October 5, 2011

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ


ਮੇਰੇ ਕੋਲ ਪੜ੍ਹਨ ਆਉਂਦੇ
ਬੱਚਿਆਂ ਦੇ ਕੁੜਤੇ
ਅਕਸਰ ਪਾਟੇ ਹੁੰਦੇ
ਕਾਜਾਂ ਕਾਲਰਾਂ ਜੇਬਾਂ ਕੋਲੋਂ

ਇਕ-ਅਧ ਬਟਨ
ਜੇ ਲੱਗਿਆ ਹੋਵੇ
ਲਾਲ ਪੀਲੇ ਕਾਲੇ ਧਾਗੇ ਨਾਲ
ਉਹ ਵੀ ਖੁਲ੍ਹਿਆ ਹੁੰਦਾ ਹੈ

ਇਹਨਾ ਦੇ ਪੈਰਾਂ ਕੋਲ
ਕਿਸੇ ਕਲੱਬ ਵੱਲੋਂ ਮਿਲੇ
ਬੂਟਾਂ ਦਾ ਮਿਹਣਾ ਹੈ
ਐਸ ਸੀ , ਬੀ ਸੀ ਨੂੰ ਮਿਲਦੇ
ਵਜੀਫੇ ਦੀ ਉਡੀਕ

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਕਿਉਂ ਰਹਿ ਜਾਂਦੇ ਉਹੋ ਜਿਹੇ
ਜਿਹੋ ਜਿਹੇ ਉਹ ਆਉਂਦੇ ਘਰੋਂ
ਬਲਕਿ ਘਰੋਂ ਆਏ ਮਾਸੂਮ
ਪੜ੍ਹ ਪੜ੍ਹ ਹੋਰ ਵੀ ਢੀਠ ਹੋ ਜਾਂਦੇ
ਪਹਿਲਾਂ ਨਾਲੋਂ ਵੱਧ ਵਿਗੜ ਜਾਂਦੇ

ਨਹੀਂ ਭਾਉਂਦੇ ਰਤਾ ਵੀ
ਮੁਖ ਅਧਿਆਪਕ ਨੂੰ
ਚੰਗੇ ਨਹੀਂ ਲਗਦੇ
ਸਭ ਭੈਣ ਜੀਆਂ ਨੂੰ
ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਬਹੁਤ ਸਹਿਜ ਲੈਂਦੇ ਨੇ
ਗਧੇ ਸੂਰ ਉਲੂ ਜਿਹੇ ਵਿਸ਼ੇਸ਼ਣ
ਮਿਡ ਡੇ ਮੀਲ ਨਾਲ ਪਾਣੀ ਵਾਂਙ ਪੀ ਜਾਂਦੇ ਨੇ

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਜਾਣਨ ਕਿੰਨਾ ਕੁਝ ਮੇਰੇ ਨਾਲੋਂ ਵੱਧ
ਫਿਰ ਵੀ ਸੁਣਦੇ ਰਹਿਣ
ਚੁੱਪ-ਚਾਪ ਮੈਨੂੰ

ਜਿਵੇਂ ਕਿਤੇ ਬੈਠਾ ਹੋਵਾਂ
ਮੈਂ ਵੀ
ਵਿਚਕਾਰ ਇਹਨਾ ਦੇ
ਪੜਾਉਂਦਿਆਂ  ਅਕਸਰ ਲਗਦਾ ਮੈਨੂੰ


ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਕਿੰਨੇ ਭੋਲੇ ਸਿੱਧੇ ਸਾਦੇ
ਆਪਣੇ ਵਰਗੇ ਆਪ

ਨਹੀਂ ਇਹਨਾ ਕੋਲ
ਕੋਈ ਸਲੀਕਾ ਸਲੂਟ
ਮਾਫ਼ ਕਰਨਾ      ਧੰਨਵਾਦ

ਉਹ ਮੂੰਹ ਫੱਟ ਨੇ
ਜਿਵੇਂ ਜੀਅ ਆਵੇ
ਬੋਲਦੇ ਨੇ     ਗਾਲਾਂ ਕਢਦੇ
ਤੁਰਦੇ ਨੇ     ਪੱਥਰਾਂ ਨੂੰ ਠੁਡੇ ਮਾਰਦੇ
ਖੇਡਦੇ ਨੇ     ਨਸੀਬਾਂ ਦੀ ਗੇਂਦ ਦਾ ਕੈਚ ਛਡਦੇ
ਲੜਦੇ ਨੇ     ਗਲਮੇ ਚ ਹੱਥ ਪਾ ਲੈਂਦੇ

ਪਿਆਰ ਕਰਨ ਦਾ ਇਹੋ ਢੰਗ

ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦਾ
ਰਹਿ ਰਹਿ ਕੇ ਮੋਹ ਕਿਉਂ ਆ ਰਿਹਾ ਹੈ ਮੈਨੂੰ ਅੱਜ


ਚਾਹਾਂ
ਦੋਸਤਾਂ ਵਾਂਙ ਤੁਰਾਂ
ਮੋਢਿਆਂ ਦੁਆਲੇ ਹੱਥ ਪਾ
ਆਪਣੇ ਵਿਦਿਆਰਥੀਆਂ ਨਾਲ

ਪਰ ਮੈਂ ਖਿਝ ਜਾਂਦਾ ਅਕਸਰ ਇਹਨਾ ਤੇ

ਮੇਰੀ ਇਹ ਖਿਝ ਕਿਸ ਵਾਸਤੇ ਹੈ ?

ਉਹ ਜੇ ਲੱਤ ਮੁਕੀ ਹੁੰਦੇ
ਇਕ ਦੂਜੇ ਦੀ ਮਾਂ ਭੈਣ ਇਕ ਕਰਦੇ
ਬੈਂਚਾਂ ਉਪਰ ਨੱਚਦੇ
ਉਚੜੀਆਂ ਕੂਹਣੀਆਂ
ਗਿੱਟੇ ਗੋਡਿਆਂ ਦੇ ਜ਼ਖਮਾਂ ਨੂੰ
ਪੱਟੀ ਨਾ ਬੰਨ੍ਹਦੇ

ਇਹਦੇ ਚ ਇਹਨਾ ਦਾ ਕੀ ਕਸੂਰ ?
ਮੈਂ ਕਿਸ ਤੋਂ ਡਰਦਾ ਹਾਂ ?

ਭਾਸ਼ਣ ਦਿੰਦਾ ਹਾਂ

ਚੁੱਪ ਹੋ ਜਾਂਦੇ
ਜਿਵੇਂ ਕਦੇ ਬੋਲੇ ਹੀ ਨਾ ਹੋਣ
ਸੁਣਦੇ ਮੈਨੂੰ

ਮੈਂ ਦਸਦਾ
ਆਪਣੇ ਜਮਾਤੀ ਬਲਵੰਤ ਭਾਟੀਏ ਬਾਰੇ
ਪਿਉ ਜੁਤੀਆਂ ਸਿਉਂਦਾ ਇਹਦਾ
ਛੁੱਟੀ ਵਾਲੇ ਦਿਨ ਦਿਹਾੜੀ ਕਰਦਾ
ਬਲਵੰਤ ਫੀਸ ਭਰਦਾ
ਅੱਜ ਬੈਂਕ ਮੈਨੇਜਰ

ਤੁਸੀਂ ਵੀ ਪੜ੍ਹੋ

ਮੈਂ ਦਸਦਾ
ਆਪਣੇ ਦੋਸਤ ਰਾਣੇ ਬਾਰੇ
ਅਰਥ-ਸ਼ਾਸ਼ਤਰ ਦਾ ਪ੍ਰੋਫੈਸਰ ਵੀ
ਇਹਦੇ ਪੁੱਛੇ ਪ੍ਰਸ਼ਨਾਂ ਤੋਂ ਤ੍ਰਹਿੰਦਾ
ਛੁੱਟੀ ਇਹਦੀ ਲੰਘਦੀ
ਬੱਠਲ ਚੱਕਦਿਆਂ  ਇੱਟਾਂ ਢੋਂਹਦਿਆਂ
ਅੱਜ ਕੱਲ ਹਾਈਕੋਰਟ
ਇਹਤੋਂ ਪੁੱਛ ਪੁੱਛ ਕੰਮ ਕਰਦੀ
ਚੰਡੀਗੜ੍ਹ ਚ ਨਿਵੇਲੀ ਕੋਠੀ

ਤੁਸੀਂ ਵੀ ਪੜ੍ਹੋ

ਮੈਂ ਆਪਣਾ ਜ਼ਿਕਰ ਛੋਂਹਦਾ
ਚੁੱਪ ਕਰ ਜਾਂਦਾ
ਆਖਦਾ ਮੁੜ ਮੁੜ

ਤੁਸੀਂ ਵੀ ਪੜ੍ਹੋ

ਮੇਰੇ ਕੋਲ
ਪੜ੍ਹਨ ਆਉਂਦੇ
ਬੱਚਿਆਂ ਦੇ ਸੁਪਨੇ

ਕਿੰਨੇ ਸਾਫ ਦਿਸਦੇ
ਮੱਥਿਆਂ ਚ ਵਜਦੇ
ਸਿਰ ਪਾੜ ਦਿੰਦੇ

ਅਸਲ

ਅਜੇ ਤਕ ਨਹੀਂ ਬਣੀ
ਕੋਈ ਖੁਰਦਬੀਨ
ਜੋ ਦੇਖ ਸਕੇ
ਮੇਰੇ ਕੋਲ ਪੜ੍ਹਨ ਆਉਂਦੇ
ਬੱਚਿਆਂ ਦੇ ਸੁਪਨੇ


ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਸ਼ਰਾਰਤੀ ਨੇ
ਸਿਰੇ ਦੇ ਸ਼ਰਾਰਤੀ

ਆਖਦੇ ਅਧਿਆਪਕ
ਸਿਰ ਫੜ੍ਹ ਲੈਂਦੇ

ਮਨ ਹੀ ਮਨ ਸੋਚਦਾ ਕਵੀ-ਮਨ
ਸ਼ੁਕਰ ਹੈ
ਇਹਨਾ ਕੋਲ ਕੁਝ ਤਾਂ ਹੈ ।।

( ਨਵੀਂ ਕਾਵਿ-ਕਿਤਾਬ ' ਸਿਆਹੀ ਘੁਲ਼ੀ ਹੈ ' ਵਿਚੋਂ )

ਬੱਚਿਆਂ ਦੇ ਕੁਮੈਂਟ ਤੇ ਕਿਤਾਬ ਰਿਲੀਜ਼

ਮੇਰੀ ਨਵੀਂ ਕਾਵਿ-ਕਿਤਾਬ ਛਪ ਗਈ ਹੈ ਇਸ ਵਿਚ ਇਕ ਕਵਿਤਾ ਹੈ ' ਮੇਰੇ ਕੋਲ ਪੜ੍ਹਨ ਆਉਂਦੇ ਬੱਚੇ ' , ਇਹ ਕਵਿਤਾ ਮੈਂ ਕੱਲ੍ਹ ਆਪਣੇ ਸੱਤਵੀਂ ਅਤੇ ਅੱਠਵੀਂ 'ਚ ਪੜ੍ਹਦੇ ਬੱਚਿਆਂ ਨੂੰ ਸੁਣਾਈ ਚੁੱਪ ਚੁੱਪ ਬੱਚਿਆਂ ਨੇ ਕੁਝ ਕੁਮੈਂਟ ਮੈਨੂੰ ਲਿਖ ਕੇ ਦਿੱਤੇ :
ਲਖਵਿੰਦਰ ਖਾਨ , ਜਮਾਤ ਸੱਤਵੀਂ : ਕਵਿਤਾ ਸੁਣਦਿਆਂ ਲੱਗਿਆ ਇਹ ਕਦੇ ਮੁੱਕੇ ਨਾ , ਮੈਂਨੂੰ ਹੁਣ ਇੰਝ ਲਗਦਾ ਹੈ ਕਿ ਮੈਂ ਵੀ ਵੱਡਾ ਹੋ ਕੇ ਕਵੀ ਬਣਾ ।।
ਪ੍ਰਦੀਪ ਕੁਮਾਰ , ਜਮਾਤ ਅੱਠਵੀਂ : ਮੈਨੂੰ ਲੱਗਿਆ ਜਿਵੇਂ ਅਸੀਂ ਹੀ ਇਸ ਕਵਿਤਾ ਦੇ ਕਰੈਕਟਰ ਹੋਈਏ ਜ਼ਿੰਦਗੀ ਜਿਉਣ ਨੂੰ ਜੀਅ ਕਰ ਆਇਆ ।।
ਗੋਬਿੰਦ ਰਾਮ ਅਤੇ ਲਖਵਿੰਦਰ , ਜਮਾਤ ਅੱਠਵੀਂ : ਸਾਨੂੰ ਇਹ ਕਵਿਤਾ ਸੁਣ ਕੇ ਇਸ ਤਰਾਂ ਲੱਗਿਆ ਜਿਵੇਂ ਸਰ ਨੇ ਸਾਡੀ ਕੋਈ ਵੀਡੀਓ ਬਣਾਈ ਹੋਵੇ ਅਤੇ ਕੁਝ ਦਿਨਾਂ ਬਾਅਦ ਸਾਡੇ ਅੱਗੇ ਪੇਸ਼ ਕਰ ਦਿੱਤੀ ਹੋਵੇ ।।
ਨਿੰਦਰਪਾਲ ਕੌਰ , ਜਮਾਤ ਅੱਠਵੀਂ :ਕਵਿਤਾ ਪੜ੍ਹ ਕੇ ਪਤਾ ਲੱਗਿਆ ਕਿ ਅਧਿਆਪਕ ਬੱਚਿਆਂ ਨੂੰਕਿੰਨਾ ਪਿਆਰ ਕਰਦੇ ਹਨ ।।
ਰਮਨਦੀਪ ਕੌਰ , ਜਮਾਤ ਅੱਠਵੀਂ : ਇਹ ਕਵਿਤਾ ਜਮਾਂ ਈ ਸਾਡੀ ਕਲਾਸ ਦੇ ਮੁੰਡਿਆਂ ਵਰਗੀ ਹੈ ।।
***** ਸਿਆਹੀ ਘੁਲ਼ੀ ਹੈ ... ਰਿਲੀਜ਼ ਹੋ ਗਈ ******

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ