Tuesday, January 22, 2013

ਡਾਇਰੀ ਦੇ ਪੰਨੇ 0 ਗੁਰਪ੍ਰੀਤ 0 ਕਵਿਤਾ ਦਾ ਪੋਰਟਰੇਟ




03.11.12
ਅੰਬਰੀਸ਼ ਨੇ ਚਾਹ ਦੀ ਘੁੱਟ ਭਰਦਿਆਂ ਕਿਹਾ, “ ਮੈਡੀਕਲ ਮੈਗਾ ਕੈਂਪ ‘ਤੇ ਜਾਣ ਤੋਂ ਪਹਿਲਾਂ ਦੇਵਨੀਤ ਦਾ ਪਤਾ ਲੈਣ ਜਾਣੈ...”
“ ਬਿਲਕੁਲ ! ਜ਼ਰੂਰ ਚਲਦੇ ਹਾਂ ।” ਆਖਦਿਆਂ ਮੈਂ ਦੂਜੇ ਸਾਹਿਤਕ ਮਿਤਰਾਂ ਦੇ ਉਲਾਂਭੇ ਵੀ ਅੰਬਰੀਸ਼ ਨੂੰ ਦੇਣ ਲੱਗ ਪਿਆ, “ ਦੀਦ ਇਹਦਾ ਯਾਰ , ਦੋ ਵਾਰੀ ਫੋਨ ਕੀਤਾ ਉਹਨੇ ਤੇ ਬਸ, ਉਹਨੂੰ ਮਿਲ ਕੇ ਜਾਣਾ ਚਾਹੀਦਾ ਸੀ , ਪਾਲ ਕੌਰ ਵੀ ਨਹੀਂ ਆਈ , ਸੁਰਜੀਤ ਵੀ ਇਕ ਦਿਨ ਆਪਣੇ ਮਿਤਰ ਦੇ ਪਿਤਾ ਦੇ ਸਸਕਾਰ ਤੋਂ ਮੁੜ ਗਿਆ , ਸਵੀ , ਜ਼ਫਰ ,ਸਰਬਜੀਤ , ਦੇਸਰਾਜ ਕਾਲੀ, ਤਸਕੀਨ ਕੋਈ ਨਹੀਂ ਆਇਆ ... ਸ਼ਾਇਦ ਸਾਰੇ ਗਹਿਰੇ ਦੁੱਖ ‘ਚ ਹੋਣ ... ਕਦੇ ਕਦੇ ਮੇਰਾ ਵੀ ਇਹਨੂੰ ਮਿਲਣ ਨੂੰ ਜੀਅ ਨਹੀਂ ਕਰਦਾ ... ਮੈਂ ਉਹੀ ਦੇਵਨੀਤ ਲਭਦਾਂ ਜਿਹੜਾ ਹਰ ਵੇਲੇ ਮੇਰੇ ਨਾਲ ਤੁਰਿਆ ਰਹਿੰਦਾ ਸੀ , ਜਿਹਦੇ ਹਰ ਵੇਲੇ ਮੈਂ ਨਾਲ ਨਿਕਲ ਪੈਂਦਾ ਸੀ । ਰੂਬੀ ਦੀ ਫੀਸ ਭਰਨ ਲਈ ਮੁੰਬਈ ਜਾਣਾ ਹੁੰਦਾ ਤਾਂ ਮੈਂ ਇਹਦੇ ਨਾਲ ਹੁੰਦਾ ,ਮੇਰਾ ਬਣਾਉਟੀ ਪੈਰ ਲਗਵਾਉਣ ਲਈ ਜੈਪੁਰ ਜਾਣਾ ਹੁੰਦਾ ਤਾਂ ਇਹ ਮੇਰੇ ਨਾਲ ਹੁੰਦਾ ।”
ਅੰਬਰੀਸ਼ ਕੋਲ ਮੈਂ ਗੁਰਬਚਨ ਭੁਲਰ ਹੁਰਾਂ ਨੂੰ ਸਲਾਮ ਕਰਦਾ ਹਾਂ । ਇਹਨਾ ਨੇ ਰਾਜੀਵ ਗਾਂਧੀ ਹਸਪਤਾਲ ਦੇ ਡਾਕਟਰਾਂ ਦੇ ਮਿਲਣ ਮਿਲਾਉਣ ਤੋਂ ਲੈ ਕੇ ਟੈਸਟਾਂ , ਰਿਪੋਟਾਂ , ਦਵਾਈਆਂ ਤੇ ਖਾਣ-ਪੀਣ ਤੱਕ ਦਾ ਹਰ ਘੜੀ ਖਿਆਲ ਰੱਖਿਆ ਹੈ । ਮੈਨੂੰ ਯਾਦ ਹੈ , ਪਹਿਲੀ ਵਾਰ ਜਦੋਂ ਉਹੀ ਡਾਕਟਰ ਨਹੀਂ ਸੀ ਮਿਲਿਆ ਜਿਹਨੂੰ ਮਿਲਨਾ ਸੀ ਤਾਂ ਭੁੱਲਰ ਸਾਹਬ ਨੇ ਖੁਦ ਫੋਨ ਕਰਕੇ ਮੈਨੂੰ ਤਾਕੀਦ ਕੀਤੀ, “ ਡਾਕਟਰ ਨੂੰ ਮਿਲੇ ਬਿਨਾ ਨਹੀਂ ਜਾਣਾ , ਮੈਂ ਹੁਣੇ ਬੇਟੇ ਤੋਂ ਫੋਨ ਕਰਵਾ ਕੇ ਪੁਛਦਾ ਹਾਂ ।” ਭੁਲਰ ਹੁਰੀਂ ਹੁਣ ਵੀ ਦੋ ਚਾਰ ਦਿਨਾਂ ਬਾਅਦ ਫੋਨ ਕਰਕੇ ਦੇਵਨੀਤ ਦਾ ਹਾਲ ਪੁਛਦੇ ਨੇ ।



15.03.12
ਚੀਨੀ ਕਵੀ ਲੀ ਪੋ (701-762) ਝੀਲ ‘ਚ ਕਿਸ਼ਤੀ ‘ਤੇ ਸੈਰ ਕਰ ਰਿਹਾ ਸੀ । ਉਹਦਾ ਜੀ ਕੀਤਾ , ਉਹ ਪਾਣੀ ਵਿਚਲੇ ਚੰਨ ਦੇ ਪ੍ਰਤੀਬਿੰਬ ਨੂੰ ਚੁੰਮੇ । ਇਸ ਕੋਸ਼ਿਸ਼ ‘ਚ ਉਹ ਝੀਲ ‘ਚ ਡੁੱਬ ਗਿਆ । ਮੈਂ ਜਦੋਂ ਵੀ ਪਾਣੀ ‘ਚ ਚੰਨ ਦਾ ਪ੍ਰਤੀਬਿੰਬ ਦੇਖਦਾ ਹਾਂ ਤਾਂ ਲੀ ਪੋ ਦੀ ਬਣਦੀ ਮਿਟਦੀ ਤਸਵੀਰ ਦੇਖਦਾ ਹਾਂ । ਮੈਂ ਵੀ ਡੁੱਬ ਜਾਂਦਾ ਹਾਂ, ਅਪਣੇ ਹੀ ਅੰਦਰਲੇ ਚੰਨ ਨੂੰ ਚੁੰਮਦਾ ।

01.01.2011
ਹੁਣ ਉਹ ਸਮਾਂ ਨਹੀਂ ਰਿਹਾ ਜਿਹੜਾ ਕਿਸੇ ਵੇਲੇ ਹੋਇਆ ਕਰਦਾ ਸੀ । ਲਿਖਾਈ ਨਿਰਾ ਕਿਸੇ ਇਬਾਰਤ ਨੂੰ ਲਿਖਣਾ ਹੀ ਨਹੀਂ ਸੀ ਹੁੰਦਾ ,ਸਗੋਂ ਉਸ ਇਬਾਰਤ ਨੂੰ ਸੁਹਜਮਈ ਤਰੀਕੇ ਨਾਲ ਅੱਖਰਾਂ ਦੀ ਬਣਾਵਟ ਨੂੰ ਸਜਾਉਣਾ ਹੁੰਦਾ ਸੀ । ਬੰਦੇ ਦਾ ਸੁਭਾਅ , ਵਿਵਹਾਰ ਤੇ ਸਖ਼ਸ਼ੀਅਤ ਇਸ ਲਿਖਾਵਟ ਵਿਚੋਂ ਦੇਖੀ ਪਰਖੀ ਜਾਂਦੀ ਸੀ । ਪਰ ਦਿਨੋ ਦਿਨ ਹੱਥ ਨਾਲ ਲਿਖਣ ਦਾ ਰਿਵਾਜ ਘਟਦਾ ਜਾ ਰਿਹਾ ਹੈ ਤੇ ਆਉਂਦੇ ਦਿਨਾ ‘ਚ ਅੱਜ ਦੇ ਨਵੇਂ ਵਿਦਿਆਰਥੀਆਂ ਲਈ ਪੈਨ ਵੀ ਅਜੀਬ ਸ਼ੈਅ ਬਣ ਕੇ ਰਹਿ ਜਾਵੇਗਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਸਿੱਧੀ ‘ਅਕਾਸ਼’ ਨਾਲ ਹੀ ਕਰਨੀ ਹੈ । ਜਦੋਂ ਕਿ ਫੱਟੀ , ਕਲਮ , ਸਿਆਹੀ-ਦਵਾਤ ਤਾਂ ਪਹਿਲਾਂ ਹੀ ਅਲੋਕਾਰੀ ਚੀਜ਼ ਬਣ ਚੁੱਕੀ ਹੈ ।
ਮੈਂਨੂੰ ਆਪਣੇ ਵੇਲੇ ਯਾਦ ਆ ਰਹੇ ਨੇ । ਲਿਖਾਈ ਨਿਰਾਪੁਰਾ ਲਿਖਣ ਦਾ ਕਾਰਜ ਹੀ ਨਹੀਂ ਸੀ ਸਗੋਂ ਸਮੁਚੀ ਪੜ੍ਹਨ ਪ੍ਰਕਿਰਿਆ ਲਈ ਨੀਂਹ ਵੀ ਸੀ ਤੇ ਅਜਿਹਾ ਧੁਰਾ ਵੀ ਜਿਸਦੇ ਦੁਆਲੇ ਹੀ ਪੜ੍ਹਨ –ਪੜ੍ਹਾਉਣ ਦੀ ਹਰ ਚੀਜ਼ ਘੁੰਮਦੀ ਸੀ । ਮੈਨੂੰ ਯਾਦ ਹੈ ਅੰਬ ਦੀ ਲੱਕੜ ਦੀ ਬਣੀ ਨਵੀਂ ਫੱਟੀ ਨੂੰ ਪੋਚਣ ਤੋਂ ਪਹਿਲਾਂ ਗਊ ਦੇ ਗੋਹੇ ਦਾ ਲੇਪ ਕਰਕੇ ਰੱਖਿਆ ਜਾਂਦਾ ਤਾਂ ਕਿ ਅੱਖਰ ਚੰਗੀ ਤਰ੍ਹਾਂ ਉਘੜ ਸਕਣ । ਗਾਚੀ ਨਾਲ ਪੋਚੀ ਫੱਟੀ ਦਾ ਗੀਤ ਲਿਖਾਈ ਨੂੰ ਸੂਰਜ ਨਾਲ ਜੋੜਦਾ । ਚਰਾਗਦੀਨ ਦੇ ਚਾਕੂ ਨਾਲ ਘੜ੍ਹੀ ਕਲਮ ਤੇ ਰੋਸ਼ਨੀ ਦੀਆਂ ਪੁੜੀਆਂ ਵਾਲੀ ਸਿਆਹੀ ਨੂੰ ਕੁੱਟ ਕੇ ਚੋਰ-ਦਵਾਤ ‘ਚ ਘੋਲਣ ਦਾ ਆਨੰਦ ਲਿਖਾਵਟ ਦੇ ਅੱਖਰਾਂ ਦੀ ਬਣਾਵਟ ‘ਚ ਸਾਫ ਝਲਕਦਾ ਦਿਖਾਈ ਦਿੰਦਾ । ਹੱਥ-ਲਿਖਤ ਜਿੰਨਾ ਨਿੱਜੀ ਕਾਰਜ ਹੈ , ਓਨਾ ਹੀ ਪ੍ਰਕਿਰਤੀ ਤੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ । ਪਰ ਨਵੇਂ ਬਿਜਲਈ-ਤਕਨੀਕੀ ਸਮੇਂ ‘ਚ ਇਹਨੇ ਬੀਤੇ ਵੇਲੇ ਦੀਆਂ ਗੱਲਾਂ ਹੋ ਜਾਣਾ ਹੈ ।
ਹੱਥ-ਲਿਖਤ ਦਾ ਮੇਰੀ ਕਵਿਤਾ ‘ਤੇ ਵਿਸ਼ੇਸ਼ ਪ੍ਰਭਾਵ ਹੈ । ਇਸੇ ਲਈ ਮੈਂ ਆਪਣੀ ਨਵੀਂ ਕਾਵਿ-ਪੁਸਤਕ ਦਾ ਨਾਂ ‘ ਸਿਆਹੀ ਘੁਲ਼ੀ ਹੈ ’ ਰੱਖਿਆ ਹੈ । ਸਿਆਹੀ ਨੂੰ ਘੋਲਣ ਦੀ ਪ੍ਰਕਿਰਿਆ ਅਸਲ ‘ਚ ਮਨ ਅੰਦਰਲੇ ਵਿਚਾਰਾਂ , ਅਨੁਭਵਾਂ ਨੂੰ ਘੋਲਣ ਜਿਹਾ ਹੀ ਹੈ । ਸੰਸਾਰ ਪ੍ਰਸਿੱਧ ਕਵੀ ਪਾਬਲੋ ਨੇਰੂਦਾ ਨੂੰ ਜਦੋਂ ਇਹ ਸਵਾਲ ਪੁਛਿਆ ਗਿਆ ਕਿ ਤੁਸੀਂ ਕਵਿਤਾ ਟਾਈਪ-ਰਾਈਟਰ ‘ਤੇ ਟਾਈਪ ਕਰਦੇ ਹੋਂ ਜਾਂ ਹੱਥ ਨਾਲ ਲਿਖਦੇ ਹੋਂ ਤਾਂ ਉਹਨਾ ਦਾ ਇਕਦਮ ਇਹ ਜਵਾਬ ਸੀ ਕਿ ਟਾਈਪ-ਰਾਈਟਰ ਕਵਿਤਾ ਲਿਖਣਾ ਤਾਂ ਮੈਂ ਕਦੇ ਸੋਚ ਵੀ ਨਹੀਂ ਸਕਦਾ । ਅੱਜ ਦੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਲਈ ਇਹ ਗੱਲ ਭਾਵੇਂ ਓਪਰੀ ਹੋਵੇ ਪਰ ਇਹ ਬਿਲਕੁਲ ਸੱਚ ਹੈ ਕਿ ਅਜੇ ਵੀ ਬਹੁਤ ਸਾਰੇ ਕਵੀ ਲੇਖਕ ਹਰ ਰਚਨਾ ਪਹਿਲਾਂ ਹੱਥ ਨਾਲ ਹੀ ਲਿਖਦੇ ਨੇ ਫਿਰ ਭਾਵੇਂ ਉਸਨੂੰ ਟਾਈਪ ਕਰ ਲੈਣ । ਸਿੱਧਾ ਕੀ-ਬੋਰਡ ‘ਤੇ ਉਂਗਲਾਂ ਚਲਾ ਮੈਂ ਅੱਜ ਤਕ ਕੋਈ ਰਚਨਾਤਮਿਕ ਸਤਰ ਨਹੀਂ ਲਿਖ ਸਕਿਆ । ਕੀ-ਬੋਰਡ ਨਾਲ ਲਿਖੇ ਅੱਖਰ ਬੇਜ਼ਾਨ ਲਗਦੇ ਨੇ ।
ਹੱਥ ਨਾਲ ਲਿਖਣਾ ਹੀ ਦਰਅਸਲ ਲਿਖਣਾ ਹੈ । ਇਸ ਤਰ੍ਹਾਂ ਕਰਦਿਆਂ ਇਉਂ ਲਗਦਾ ਹੈ ਜਿਵੇਂ ਖੂਨ ਸਿਆਹੀ ਬਣ ਕੇ ਕਲਮ ਰਾਹੀਂ ਕਾਗਜ਼ ਦੇ ਦਿਲ ਨੂੰ ਧੜਕਾ ਰਿਹਾ ਹੋਵੇ । ਹੱਥ ਨਾਲ ਲਿਖੇ ਅੱਖਰ ਹੀ ਜਿਉਂਦੇ ਜਾਗਦੇ ਲਗਦੇ ਹਨ ... ਹਸਦੇ ,ਰੋਂਦੇ , ਬੇਚੈਨ , ਸ਼ਾਂਤ ...। ਧਰਤੀ ਇਹਨਾ ਹੱਥਾਂ ਵਿਚਦੀ ਘੁੰਮਣ ਲਗਦੀ ਹੈ , ਇਹਨਾਂ ਹੱਥਾਂ ਵਿਚਦੀ ਸੂਰਜ ਚੜਦਾ ਛਿਪਦਾ ਹੈ । ਹੱਥ ਨਾਲ ਲਿਖਦਿਆਂ ਰੁੱਤਾਂ ਆਉਂਦੀਆਂ ਜਾਂਦੀਆਂ ਹਨ । ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ਵੱਡ-ਆਕਾਰੀ ਕਾਵਿ-ਪੁਸਤਕ ‘ ਲੀਲਾ ’ ਵਿਚ ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਦੀਆਂ ਹੱਥ-ਲਿਖਤਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਹ ਹੱਥ-ਲਿਖਤਾਂ ਮਨੁੱਖੀ ਸੱਭਿਆਤਾਵਾਂ ਦੀਆਂ ਅਨੰਤ ਕਥਾਵਾਂ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠੀਆਂ ਹਨ ।
16.06.2000
ਰਿਕਸ਼ਿਆਂ ਦੀ ਲੰਬੀ ਕਤਾਰ ਹੈ । ਸਭ ਦੇ ਚਾਲਕ ਹੈਂਡਲਾਂ ਨੂੰ ਹੱਥ ਪਾਈ ਤਿਆਰ ਖੜ੍ਹੇ ਹਨ ਤੇ ਸਟੇਸ਼ਨ ਤੋਂ ਬਾਹਰ ਆ ਰਹੀਆਂ ਸਵਾਰੀਆਂ ਨੂੰ ਇਸ ਤਰ੍ਹਾਂ ਦੇਖ ਰਹੇ ਹਨ ,ਜਿਵੇਂ ਉਹਨਾ ਦੇ ਕਿਸੇ ਖਾਸ ਮਹਿਮਾਨ ਨੇ ਆਉਣਾ ਹੋਵੇ ।
ਮੈਂ ਤੇ ਦੇਵਨੀਤ ਇਕ ਰਿਕਸ਼ੇ ਵੱਲ ਵਧਦੇ ਹਾਂ । ਅਸੀਂ ਇਸੇ ਰਿਕਸ਼ੇ ਵੱਲ ਕਿਉਂ ਆਏ ? ਦੂਜੇ ਰਿਕਸ਼ੇ ਕਿਉਂ ਛੱਡ ਦਿੱਤੇ ?
“ ਫਤਿਹਪੁਰੀ ਮਸਜਿਦ ਕੇ ਪਾਸ ?”
“ ਪੰਦਰਾਂ ਰੁਪਏ ”
ਅਸੀਂ ਰਿਕਸ਼ੇ ‘ਤੇ ਬੈਠਣ ਲਗਦੇ ਹਾਂ । ਉਹ ਫਿਰ ਪੁਛਦਾ ਹੈ , “ ਸਾਬ੍ਹ ਜੀ ਕਹਾਂ ?”
“ ਫਤਿਹਪੁਰੀ ਮਸਜਿਦ ਕੇ ਪਾਸ ”
ਉਹ ਮੁਸਕ੍ਰਾਉਂਦਾ ਹੋਇਆ ਆਖਦਾ ਹੈ, “ ਪੈਸੇ ਕਮ ਬਤਾ ਦੀਏ , ਚਲੋ ਅਬ ਤੋ ਲੇ ਹੀ ਚਲੂੰਗਾ ...”
“ ਵੀਹ ਬਣਦੇ ਨੇ , ਵੀਹ ਲੈ ਲਈਂ ” ਮੈਂ ਕਿਹਾ
“ ਸਾਬ੍ਹ ਆਪ ਨਾ ਦੇਤੇ ... ਮੈਂ ਤੋ ਫਿਰ ਵੀ ਲੇ ਜਾਤਾ ”
ਪੁਲ ਦੇ ਹੇਠੋਂ ਦੀ ਰਿਕਸ਼ਾ ਕੱਢਦਿਆਂ ਉਹ ਹੌਲੀ ਹੌਲੀ ਅੱਗੇ ਵਧਣ ਲਗਦਾ ਹੈ । ਮੈਂ ਆਪਣੀ ਆਦਤ ਮੁਤਾਬਿਕ ਪੁਛਦਾ ਹਾਂ , “ ਕਿਤਨੇ ਸਾਲ ਹੋਗੇ ਰਿਕਸ਼ਾ ਚਲਾਤੇ ”
‘ਬਹੁਤ’ ਕਹਿੰਦਿਆਂ ਉਹ ਆਪਣੇ ਹੱਥ ਮੇਰੇ ਵੱਲ ਕਰਦਾ ਹੈ । ਹੱਥਾਂ ਦੇ ਅੱਟਣ ਕੋਈ ਅਣਬੁੱਝੀ ਲਿਪੀ ਲੱਗੇ । ਉਹ ਕੁਝ ਕਹਿੰਦੇ ਜੋ ਜਾਣੀਆਂ-ਪਛਾਣੀਆਂ ਲਿਪੀਆਂ ਨਹੀਂ ਕਹਿੰਦੀਆਂ । ਮੈਨੂੰ ਇਹ ਅੱਟਣ ਸਾਲਾਂ ਦੇ ਰਹਿਣ ਲਈ ਆਲ੍ਹਣਾ ਲੱਗੇ ।
‘ਕਹਾਂ ਕਹਾਂ ਚਲਾਇਆ ਹੈ ਆਪ ਨੇ ਰਿਕਸਾ ?’
‘ਅਲਹਾਬਾਦ, ਲਖਨਊ, ਬੜੌਦਾ ਔਰ ਅਬ ਦਿੱਲੀ...’
‘ਕਿਤਨੇ ਬੱਚੇ ਹੈਂ ਆਪ ਕੇ ?’
‘ਦੋ ਹੈਂ ਸਾਬ੍ਹ ... ਏਕ ਲੜਕੀ ਸਕੂਲ ਜਾਤਾ ਹੈ ...ਲੜਕਾ ਅਬੀ ਛੋਟੀ ਹੈ...’ ਉਹ ਦੱਸਣ ਲਗਦਾ ਹੈ ਜਿਵੇਂ ਉਸਨੂੰ ਪਤਾ ਹੋਵੇ ਕਿ ਅਗਲਾ ਸਵਾਲ ਮੈਂ ਇਹੀ ਕਰਾਂਗਾ ਕਿ ਉਹ ਪੜ੍ਹਦੇ ਹਨ ਜਾਂ ਨਹੀਂ । ਮੈਂ ਉਸ ਨੂੰ ਅੱਗੇ ਪੁੱਛਣ ਲੱਗਿਆ ਸਾਂ ਕਿ ਉਹ ਦਿਨ ਵਿਚ ਕਿੰਨੇ ਕਮਾ ਲੈਂਦਾ ਹੈ , ਪਰ ਦੇਵਨੀਤ ਮੈਨੂੰ ਰੋਕ ਦਿੰਦਾ ਹੈ । ਉਸਨੂੰ ਡਰ ਹੈ ਕਿ ਰਿਕਸ਼ਾ ਚਲਾਉਂਦਿਆਂ,ਬੋਲਦਿਆਂ ਇਹਦਾ ਦਮ ਨਾ ਚੜ੍ਹ ਜਾਵੇ ।
ਕਈ ਉਤਰਾਈਆਂ ਉਤਰਦੇ ਚੜ੍ਹਾਈਆਂ ਚੜ੍ਹਦੇ ਅਸੀਂ ਆਪਣੇ ਟਿਕਾਣੇ ‘ਤੇ ਪਹੁੰਚ ਜਾਂਦੇ ਹਾਂ ।

29.03.10
ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਸੀ , ਕੀ ਇਸੇ ਕਰਕੇ ਇਹ ਸ਼ਹਿਰ ਮੇਰੇ ਸੁਪਨਿਆਂ ‘ਚ ਆਉਂਦਾ ਹੈ, ਮੇਰੀ ਕਵਿਤਾ ‘ਚ ਗਾਉਂਦਾ ਹੈ ? ਚੰਡੀਗੜ੍ਹ ਇਧਰਲੇ ਪੰਜਾਬ ਦੀ ਰਾਜਧਾਨੀ ਹੈ , ਪਰ ਮੇਰਾ ਇਹਦੇ ਨਾਲ ਉਹ ਸੰਬੰਧ ਨਹੀਂ ,ਜੋ ਲਾਹੌਰ ਨਾਲ ਹੈ । ਜਦੋਂ ਕਿ ਮੈਂ ਲਾਹੌਰ ਕਦੇ ਨਹੀਂ ਦੇਖਿਆ ਤੇ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਗਾਹੀਆਂ ਹਨ । ਲਾਹੌਰ ਨਿਰਾਪੁਰਾ ਸ਼ਹਿਰ ਨਹੀਂ ਹੈ । ਇਹ ਅਹਿਸਾਸ ਦਾ ਉਹ ਰੁੱਖ ਹੈ ; ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ।
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਦੀ ਫੋਲ਼ਾ-ਫਾਲ਼ੀ ਕਰਦਿਆਂ ਲਾਹੌਰ ਕੋਲ ਰੁਕ ਜਾਂਦਾ ਹਾਂ । ਕਿੰਨੇ ਰਾਜਿਆਂ ਮਹਾਂਰਾਜਿਆਂ ਨਾਲ ਤਾਂ ਇਹਦਾ ਸੰਬੰਧ ਰਿਹਾ ਹੀ ਹੈ , ਵਿਦਿਆ , ਸਾਹਿਤ ਤੇ ਕਲਾ ਨਾਲ ਵੀ ਇਹਦੀ ਸਾਂਝ ਰਹੀ ਹੈ । ਮਾਰਚ 29,1848 ਨੂੰ ਲਾਹੌਰ ਅੰਗਰੇਜ਼ਾਂ ਦੇ ਅਧਿਕਾਰ ਹੇਠ ਆਇਆ । ਮੂੰਹ ਕੁਸੈਲਾ ਹੋ ਗਿਆ । ਅੰਗਰੇਜ਼ ਤਾਂ ਅਸੀਂ ਭਜਾ ਦਿੱਤੇ , ਪਰ ਵੰਡੇ ਪੰਜਾਬ ਦੇ ਵੰਡੇ ਵਾਸੀ ਇਸ ਦਰਦ ਨੂੰ ਕਿਵੇਂ ਭਜਾਉਣ ? ਸ਼ਾਇਰ ਚੰਦਨ ਦੀ ਕਵਿਤਾ ‘ਲਹੌਰ ਚਿੜੀਆ ਘਰ ਦਾ ਚਿੱਟਾ ਮੋਰ’ ਯਾਦ ਆਉਂਦੀ ਹੈ । ਮੈਂ ਉਹਦੀ ‘ਅੰਨਜਲ’ ਚੁੱਕਦਾ ਹਾਂ :
ਮੋਰ ਨਈਂ ਇਹ ਜਾਣਦਾ , ਇਹ ਕਿੰਨਾ ਕੁਹਜਾ ਏ ।
ਹਰ ਸ਼ੈਅ ਤੋਂ ਰੰਗ ਉਤਾਰੀਏ , ਫਿਰ ਕੁਛ ਨਾ ਸੁਹਜਾ ਏ ।।

ਇਹ ਕਵਿਤਾ ਮੈਂ ਕਈ ਵਾਰ ਪੜ੍ਹੀ ਹੈ । ਪਰ ਅੱਜ ਜਦੋਂ ਲਾਹੌਰ ਦੇ ਪ੍ਰਸੰਗ ‘ਚ ਮੁੜ ਤੋਂ ਪੜ੍ਹਦਾ ਹਾਂ ਤਾਂ ਪੰਜਾਬ ਦੇ ਟੁਕੜੇ ਮੇਰੇ ਸਾਹਵੇਂ ਚਿੱਟੇ ਮੋਰ ਦੇ ਰੂਪ ‘ਚ ਸਾਕਾਰ ਹੁੰਦੇ ਹਨ । ਜਿਵੇਂ ਮੋਰ ਨਹੀਂ ਜਾਣਦਾ ਕਿ ਉਹ ਕਿੰਨਾ ਕੁਹਜਾ ਹੈ ਉਵੇਂ ਇਹਨਾ ਟੁਕੜਿਆਂ ਦੇ ਵਾਸੀ ਧੁਰ ਅੰਦਰੋਂ ਇਹ ਆਵਾਜ਼ ਸੁਣਦੇ ਹਨ ਕਿ ਹਰ ਸ਼ੈਅ ਤੋਂ ਰੰਗ ੳਤਾਰਨ ਨਾਲ ਕੁਝ ਵੀ ਸੁਹਜਾ ਨਹੀਂ ਰਹਿੰਦਾ । ਮੋਰ ਦੀ ਕੂਕ ਹੀ ਸਾਡੇ ਦਿਲਾਂ ਦੀ ਹੂਕ ਹੈ । ਕੋਈ ਮੋਰ ਬੇਰੰਗਾ ਨਾ ਹੋਵੇ । ਲਾਹੌਰ ਨਾਲ ਮੇਰਾ ਵਾਹ ਕਵਿਤਾ ਦਾ ਵਾਹ ਹੈ । ਸ਼ਾਇਦ ਇਸੇ ਲਈ ਮੇਰੀ ਇਕ ਕਵਿਤਾ ਵਿਚ ਰੇਲ-ਗੱਡੀ ਦਿੱਲੀ ਪਹੁੰਚ ਜਾਂਦੀ ਹੈ ਤੇ ਮੁਸਾਫਿਰ ਲਾਹੌਰ ।
ਲਾਹੌਰ ਬਹੁਤ ਨੇੜੇ ਹੈ । ਲਾਹੌਰਨਾਂ ਦੀ ਬੋਲੀ ਦੇ ਅਰਥਾਂ ਜਿੰਨਾ ਨੇੜੇ । ਫਿਰ ਵੀ ਬੰਦੇ ਦਾ ਦੁਖਾਂਤ ਦੇਖੋ ਕਿ ਮੈਂ ਆਪਣੇ ਪਾਸਪੋਰਟ ‘ਤੇ ਸਭ ਤੋਂ ਪਹਿਲਾ ਵੀਜ਼ਾ ਲਾਹੌਰ ਦਾ ਨਹੀਂ ਲਗਵਾਉਣਾ ਚਾਹੁੰਦਾ । ਮੈਨੂੰ ਡਰ ਹੈ ਕਿ ਸ਼ਾਇਦ ਇਸ ਤੋਂ ਬਾਅਦ ਮੇਰਾ ਵੀਜਾ ਕਦੇ ਵੀ ਇੰਗਲੈਂਡ ,ਕਨੇਡਾ ਤੇ ਜਾਪਾਨ ਦਾ ਨਾ ਲੱਗੇ । ਪਾਸਪੋਰਟ ਵੀ ਮੈਂ ਤੇ ਦੇਵਨੀਤ 10 ਸਾਲ ਪਹਿਲਾਂ ਜਾਪਾਨ ਵਾਸੀ ਕਵੀ ਮਿਤਰ ਪਰਮਿੰਦਰ ਸੋਢੀ ਦੇ ਕਹਿਣ ‘ਤੇ ਬਣਵਾਇਆ ਸੀ । ਅਜੇ ਤਕ ਨਵਾਂ ਨਕੋਰ ਪਿਆ ਹੈ ।
ਲਾਹੌਰ ਬਾਰੇ ਕਿੰਨੀਆਂ ਹੀ ਗੱਲਾਂ ਨੇ, ਸਾਡੇ ਸਭ ਕੋਲ, ਇਤਿਹਾਸ-ਮਿਥਿਹਾਸ ਕੋਲ,ਆਪੋ ਆਪਣੇ ਮਨਾਂ ਕੋਲ । ਹੁਣੇ ਹੁਣੇ ਅਮਰਜੀਤ ਚੰਦਨ ਦੀ ਈਮੇਲ ਆਈ ਹੈ । ਉਹਨੇ ਲਿਖਿਆ ਹੈ ਕਿ ਉਹਨੇ ਚਿੱਟੇ ਮੋਰ ਦੀ ਫੋਟੋ ਨਹੀਂ ਖਿੱਚੀ , ਉਹ ਸੋਹਣਾ ਨਹੀਂ ਸੀ ਲਗਦਾ । ਮੈਂ ਉਦਾਸ ਹੋ ਗਿਆ ਹਾਂ । ਫੋਟੋਕਾਰ ਉਹਨਾ ਥਾਵਾਂ, ਵਸਤਾਂ, ਜੀਵਾਂ ਦੀ ਫੋਟੋ ਨਹੀਂ ਖਿਚਦਾ, ਜਿਹੜੀ ਸੋਹਣੀ ਨਹੀਂ ਲਗਦੀ ।।

23.10.10
‘ਕਵਿਤਾ ਰਚਣ ਦੇ ਹੋਰ ਵੀ ਮਾਧਿਅਮ ਹਨ । ਇਸ ਨੂੰ ਆਪਣੇ ਵਤੀਰੇ ਵਿਚ ਰਚੋ , ਜੇ ਤੁਹਾਨੂੰ ਕੁੱਤੇ ਦਾ ਸ਼ੌਕ ਹੈ ਤਾਂ ਕੁੱਤੇ ਵਿਚ ਰਚੋ । ਜੇ ਬਗਾਵਤ ਦੀ ਲਗਨ ਹੈ ਤਾਂ ਲਹੂ ਵਿਚ ਰਚੋ ।’ ਇਹ ਗੱਲਾਂ ਸਤੀ ਕੁਮਾਰ ਦੀਆਂ ਨੇ ਜਿਹੜੀਆਂ ਉਹਨੇ ‘ਮੇਰੇ ਖੱਬੇ ਵਗਦੀ ਹਵਾ’ ਵਿਚ ਕੀਤੀਆਂ ਨੇ । ਸਤੀ ਕੁਮਾਰ ਦੀ ਲੈਦਰ ਦੀ ਜੈਕਟ ‘ਤੇ ਕਾਟੋ ਵਾਂਗ ਖੇਡਦੀ ਗੁੱਤ ਮੈਨੂੰ ਹਮੇਸ਼ਾਂ ਯਾਦ ਰਹਿੰਦੀ ਹੈ । ਤਾਂਬੇ ਦੇ ਰੁੱਖ ਦੀ ਛਾਂ ਹੇਠ ਬਹਿਣ ਲਈ ਤਾਂਬੇ ਰੰਗਾ ਹੋਣ ਦੀ ਲੋੜ ਨਹੀਂ ,ਬੰਦਾ ਆਪ ਹੀ ਤਾਂਬੇ ਦਾ ਰੰਗ ਲੈ ਲੈਂਦਾ ਹੈ । ਮਾਇਆ ਜਾਲ ਦੀਆਂ ਗੱਲਾਂ ਅਦਭੁਤ ਨੇ , ਇਹ ਉਨ੍ਹਾਂ ਦੀ ਘੁਮੱਕੜੀ ਦਾ ਨਤੀਜਾ ਹੈ ,ਇਹ ਘਰੋਂ ਬਾਹਰ ਜਾਣ ਦੀ ਛੋਹ ਹੈ । ਹਰਨਾਮ ‘ਤੇ ਜਿਹੜੀ ਕਵਿਤਾ ਸਤੀ ਕੁਮਾਰ ਨੇ ਲਿਖੀ ਹੈ, ਅਜਿਹੀ ਪੰਜਾਬੀ ‘ਚ ਕੋਈ ਹੋਰ ਕਵਿਤਾ ਨਹੀਂ । ਸਤੀ ਦੇ ਮੁੜ ਸਰਗਰਮ ਹੋਣ ਦੀ ਕਥਾ ਜੁੜਦੀ ਹੈ ਅਵਤਾਰ ਜੰਡਿਆਲਵੀ ਨਾਲ । ਜੇ ਇਹਨੇ ਸੁਸ਼ੀਲ ਨਾਲ ਮਿਲਕੇ ‘ਹੁਣ’ ਜਿਹਾ ਵੱਡ-ਆਕਾਰੀ ਤੇ ਵਿਲੱਖਣ ਪੇਪਰ ਨਾ ਕੱਢਿਆ ਹੁੰਦਾ ਤਾਂ ਸਤੀ ਦੀਆਂ ਨਵੀਆਂ ਕਵਿਤਾਵਾਂ ਤੇ ਗੱਲਾਂ ਉਹਦੇ ਨਾਲ ਹੀ ਤੁਰ ਜਾਂਦੀਆਂ । ‘ਮੇਰੇ ਖੱਬੇ ਵਗਦੀ ਹਵਾ’ ਨੇ ਹੁਣ ਨੂੰ ਹਮੇਸ਼ਾਂ ਨਵਾਂ ਬਣਾਈ ਰੱਖਿਆ ਹੈ ਤੇ ਹੁਣ ਨੇ ਸਤੀ ਅੰਦਰਲੀ ਊਰਜਾ ਨੂੰ ਭਖਾਈ ਰੱਖਿਆ ਹੈ ।
ਮੈਨੂੰ ਮੇਰਾ ਮਾਸੜ ਯਾਦ ਆਉਂਦਾ ਹੈ । ਉਹ ਅਕਸਰ ਦਾਰੂ ਪੀ ਕੇ ਆਪਣੇ ਖੇਤਾਂ ‘ਚ ਜਾਂਦਾ, ਜੋ ਘਰਾਂ ਤੋਂ ਬਹੁਤ ਦੂਰ ਹੈ । ਇਥੇ ਦੋ ਤਿੰਨ ਲਲਕਰੇ ਮਾਰਦਾ ਤੇ ਆਖਦਾ , “ਚਿੱਤ ਔਖਾ ਜਾ ਹੋਇਆ ਪਿਆ ਸੀ , ਹੋਰ ਕੋਈ ਗੱਲ ਨ੍ਹੀਂ , ਇਸ ਤਰ੍ਹਾਂ ਕਰਨ ਨਾਲ ਦਾਰੂ ਹਾਜ਼ਮ ਹੋ ਜਾਂਦੀ ਹੈ ।” ਮੈਨੂੰ ਉਦੋਂ ਉਹ ਕੋਈ ਔਲੀਆ ਲਗਦਾ , ਕੋਈ ਪਹੁੰਚਿਆ ਹੋਇਆ ਕਵੀ । ਮੈਨੂੰ ਲਗਦਾ ਸਤੀ ਦਾ ਕਵਿਤਾ ਰਚਨਾ ਵਾਲਾ ਹੋਰ ਮਾਧਿਅਮ ਇਹੋ ਹੈ । ਉਹਦੀਆਂ ਅਜਿਹੀਆਂ ਗੱਲਾਂ ਕਰਕੇ ਮੈਂ ਆਪਣੀ ਮਾਸੀ ਦੇ ਨਾਲ ਨਾਲ ਮਾਸੜ ਨੂੰ ਵੀ ਪਿਆਰ ਕਰਦਾ ਤੇ ਵਲ ਪਾ ਕੇ ਵੀ ਮਿਲਨ ਜਾਂਦਾ । ਇਕ ਵਾਰ ਮੇਰੇ ਨਾਲ ਮਿਤਰ ਅਮਨ ਫਾਰਿਦ ਤੇ ਅਨੇਮਨ ਵੀ ਸਨ । ਉਹਦੀਆਂ ਅਜਿਹੀਆਂ ਗੱਲਾਂ ਸੁਣ ਅਮਨ ਅੰਦਰ ਬੁਲਾ ਜਾਗ ਪਿਆ ਤੇ ਗਾਉਣ ਲੱਗਿਆ । ਕਿੰਨੇ ਚਿਰ ਬਾਅਦ ਉਹ ਆਪਣੇ ਆਪ ‘ਚ ਆਇਆ ਤੇ ਮਾਸੜ ਨੂੰ ਜੱਫੀ ਪਾ ਕੇ ਆਖਣ ਲੱਗਿਆ , “ ਮਾਸੜਾ ! ਤੂੰ ਤਾਂ ਨਿਰਾ ਕਵਿਤਾ ਦਾ ਪੋਰਟਰੇਟ ਹੈਂ ।”
੦੦੦

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ