Saturday, December 11, 2010

ਮਾਂ ਬੋਲੀ

ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ

ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ

ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਛਟੀਆਂ ਦੀ ਅੱਗ
ਫੁਲਦੀ ਰੋਟੀ
ਛੰਨੇ 'ਚ ਘਿਉ ਸ਼ੱਕਰ ?

ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ

ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ

ਕਵਿਤਾ ਸੁਣਦਿਆਂ
ਮਾਂ ਬੋਲੀ '
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ

ਮਾਂ ਬੋਲੀ '
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ

ਮਾਂ ਬੋਲੀ ਤੋਂ ਬਾਹਰ
ਮੈਂ ਕੁਝ ਵੀ ਨਹੀਂ
ਮਾਂ ਬੋਲੀ 'ਚ ਸਭ ਕੁਝ ।।

1 comment:

  1. ਕਿੰਨੀ ਸੋਹਣੀ ਗੱਲ ਕਹੀ ਹੈ ਤੁਸਾਂ ਨੇ ਗੁਰਪ੍ਰੀਤ ਜੀ,
    ਮਾਂ ਬੋਲੀ ਮੇਰੀ ਸਭ ਕੁਝ
    ਏਸ ਤੋਂ ਬਿਨ
    ਮੈਂ ਕੁਝ ਵੀ ਨਹੀਂ....
    ਰੱਬ ਕਰੇ ਆਪ ਦੀ ਇਹ ਦੁਆ ਓਨ੍ਹਾਂ ਲੋਕਾਂ ਦੇ ਕੰਨੀ ਵੀ ਪੈ ਜਾਵੇ ਜਿਹੜੇ ਮਾਂ-ਬੋਲੀ ਤੋਂ ਕੋਹਾਂ ਦੂਰ ਭੱਜੀ ਜਾਂਦੇ ਨੇ ਤੇ ਓਨ੍ਹਾਂ ਨੂੰ ਇਹ ਅਹਿਸਾਸ ਤੱਕ ਨਹੀਂ ਕਿ ਓਹ ਕਿੰਨੀ ਵੱਡੀ ਗਲਤੀ ਕਰ ਰਹੇ ਨੇ।
    ਆਪ ਦੀ ਕਵਿਤਾ ਮੈਂ ਕਈ ਵਾਰ ਪੜ੍ਹੀ ਤੇ ਹਰ ਵਾਰ ਏਸ ਦੇ ਅਰਥ ਹੋਰ ਡੂੰਘੇ ਹੁੰਦੇ ਚਲੇ ਗਏ।
    ਹਰਦੀਪ

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ