Wednesday, December 22, 2010

ਖੇਡ ਰੰਗਾਂ ਦੀ

ਦਸਤਾਨੇ ਪਹਿਨਦਿਆਂ
ਕਹਿ ਉਠਿਆ ਮੈਂ
ਹਜ਼ਾਰਾਂ ਰੰਗ ਨੇ
ਮੇਰੇ ਕੱਪੜਿਆਂ ਕੋਲ


ਦੇਖਦਾਂ ਪਤਨੀ ਨੂੰ
ਸਿਰ 'ਤੇ ਸਕਾਰਫ ਬੰਨ੍ਹਦਿਆਂ
ਲੱਖਾਂ ਰੰਗ ਨੇ
ਉਹਦੇ ਕੱਪੜਿਆਂ ਕੋਲ

ਅੰਦਰੋਂ ਆਉਂਦੀ
ਨਚਦੀ ਟਪਦੀ
ਫਰਾਕ ਨਵੀਂ ਪਹਿਨੀ
ਬੱਚੀ ਮੇਰੀ


ਇਕੋ ਰੰਗ ਹੈ ਉਹਦੇ ਕੋਲ ।।

Monday, December 13, 2010

ਖੁਸ਼ੀ

ਹੁਣੇ ਮੈਂ ਆਪਣੀ
ਦਾੜ੍ਹੀ ਡਾਈ ਕਰਕੇ ਹਟਿਆ ਹਾਂ

ਹੱਥ ਹੋਰ ਮਜਬੂਤ ਹੋ ਗਏ

ਪੈਰ ਤੁਰਨ ਨੂੰ ਕਾਹਲੇ

ਪਤਨੀ ਦੇਖ ਮੇਰੇ ਵੱਲ ਮੁਸਕਾਵੇ

ਦੂਰ ਦੇਸੋਂ ਕੋਈ ਖ਼ਤ ਲਿਖੇ

ਖੁਸ਼ ਹੈ ਬੱਚੀ ਮੇਰੀ
ਮੇਰੀ ਫੋਟੋ ਖਿਚੇ

ਬੇਟੂ ਬੂਟ ਪਾਲਿਸ਼ ਕਰ
ਮੈਂਨੂੰ ਪਾਉਣ ਲਈ ਦੇਵੇ

ਦਾੜ੍ਹੀ ਡਾਈ ਕਰਨ ਤੋਂ ਬਾਅਦ
ਮੈਂ ਪੂਰੇ ਆਕਾਸ਼ ਦਾ ਚੱਕਰ ਲਾ ਮੁੜਿਆ
ਪੰਛੀ ਕਿਹੜਾ ।।

Saturday, December 11, 2010

ਮਾਂ ਬੋਲੀ

ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ

ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ

ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਛਟੀਆਂ ਦੀ ਅੱਗ
ਫੁਲਦੀ ਰੋਟੀ
ਛੰਨੇ 'ਚ ਘਿਉ ਸ਼ੱਕਰ ?

ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ

ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ

ਕਵਿਤਾ ਸੁਣਦਿਆਂ
ਮਾਂ ਬੋਲੀ '
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ

ਮਾਂ ਬੋਲੀ '
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ

ਮਾਂ ਬੋਲੀ ਤੋਂ ਬਾਹਰ
ਮੈਂ ਕੁਝ ਵੀ ਨਹੀਂ
ਮਾਂ ਬੋਲੀ 'ਚ ਸਭ ਕੁਝ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ