Sunday, May 5, 2013

ਸਾਰਕ ਸਾਹਿਤ ਉਤਸਵ ੦ ਅੱਠ ਦੇਸ਼ਾਂ ਦੇ ਕਲਪਨਾਸ਼ੀਲ ਲੋਕਾਂ ਦਾ ਤੀਰਥ



                  ਗੱਡੀ ਚੜ੍ਹਨ ਲਈ ਸਾਨੂੰ ਥੋੜ੍ਹਾ ਭੱਜਣਾ ਪਿਆ । ਫਿਰ ਵੀ ਜਿਹੜੇ ਡੱਬੇ ਚ ਅਸੀਂ ਚੜ੍ਹੇ, ਉਹ ਐੱਸ ਚਾਰ ਸੀ ਜਦੋਂ ਕਿ ਸਾਡੀਆਂ ਸੀਟਾਂ ਐੱਸ ਪੰਜ ਵਿਚ ਰਾਖਵੀਂਆਂ ਸਨ । ਖੈਰ੍ਹ , ਡੱਬੇ ਇਕ ਦੂਜੇ ਨਾਲ ਜੁੜ੍ਹੇ ਹੋਏ ਸਨ , ਅਸੀਂ ਭੀੜ੍ਹ ਚੋਂ ਰਾਹ ਬਣਾਉਂਦੇ ਹੋਏ ਆਪਣੀਆਂ ਸੀਟਾਂ ਤਕ ਪਹੁੰਚ ਗਏ । ਟੀ ਟੀ ਨੇ ਟਿਕਟਾਂ ਚੈੱਕ ਕੀਤੀਆਂ । ਸਾਡੀਆਂ ਸੀਟਾਂ ਤੇ ਪਏ ਵਿਅਕਤੀਆਂ ਨੇ ਆਪਣਾ ਸਮਾਨ ਸੰਭਾਲਿਆ ਤੇ ਸੀਟਾਂ ਖਾਲ੍ਹੀ ਕਰ ਦਿੱਤੀਆਂ । ਮੈਂ ਹੇਠਲੀ ਸੀਟ ਲੈ ਲਈ ਤੇ ਪਰਗਟ ਸਤੌਜ ਨੇ ਉਪਰਲੀ । ਸੁਖ ਦਾ ਸਾਹ ਲੈਂਦਿਆਂ ਅਸੀਂ ਇਕ ਦੂਜੇ ਨੂੰ ਕਿਹਾ, ਲੈ ਹੁਣ ਆਰਾਮ ਨਾਲ, ਦਿਨ ਚੜ੍ਹਦੇ ਨੂੰ ਆਗਰੇ ਪਹੁੰਚ ਜਾਵਾਂਗੇ ।
               ਮੈਂ ਆਪਣੇ ਬੈਗ ਚੋਂ ਉਤੇ ਲੈਣ ਲਈ ਖੇਸ ਕੱਢਿਆ ਤੇ ਪਾਣੀ ਦੀ ਬੋਤਲ ਨੂੰ ਸਿਰ੍ਹਾਣੇ ਵਾਲੇ ਪਾਸੇ ਟਿਕਾਇਆ । ਪੈਂਦਿਆਂ ਹੀ ਫੋਨ ਚ ਡਾਊਨਲੋਡ ਕੀਤੀ ਉਹ ਪੀ ਡੀ ਫਾਇਲ ਖੋਲ੍ਹ ਲਈ ਜਿਸ ਵਿਚ ਸਾਰਕ ਸਾਹਿਤ ਉਤਸਵ ਚ ਭਾਗ ਲੈਣ ਵਾਲੇ ਡੈਲੀਗੇਟਾਂ ਦੀਆਂ ਫੋਟੋਆਂ ਤੇ ਜਾਣ-ਪਛਾਣ ਸੀ । ਅੱਠ ਦੇਸ਼ਾਂ ਦੇ 135 ਲੇਖਕਾਂ ਵਿਚੋਂ ਮੈਂ ਸਿਰਫ ਦਸ ਕੁ ਲੇਖਕਾਂ ਦੇ ਨਾਂ ਹੀ ਸੁਣੇ ਤੇ ਪੜ੍ਹੇ ਹੋਏ ਸਨ । ਇਸ ਤਿੰਨ ਰੋਜ਼ਾ ਸਾਹਿਤ ਮੇਲੇ ਦੀ ਕਰਤਾ ਧਰਤਾ ਸੁਪ੍ਰਸਿੱਧ ਤੇ ਵਿਲੱਖਣ ਕਹਾਣੀਕਾਰਾ ਅਜੀਤ ਕੌਰ ਤੇ ਸੰਸਾਰ ਪ੍ਰਸਿੱਧ ਚਿਤਰਕਾਰ ਅਰਪਣਾ ਕੌਰ ਤਾਂ ਸਾਡੇ ਆਪਣੇ ਹੀ ਸਨ । ਇਹਨਾ ਨੂੰ ਮਿਲਨ ਦਾ ਚਾਅ ਮੈਨੂੰ ਸਭ ਤੋਂ ਵੱਧ ਸੀ । ਕਈ ਵਰ੍ਹੇ ਪਹਿਲਾਂ ਦੇਵਨੀਤ ਤੇ ਮੈਂ ਇਹਨਾ ਦੀ ਅਕਾਦਮੀ-ਘਰ ਵਿਚ ਮਿਲਨ ਗਏ ਸੀ, ਪਰ ਉਹ ਨਾ ਹੋਣ ਕਰਕੇ ਮਿਲ ਨਹੀਂ ਸਕੇ ਤੇ ਅਸੀਂ ਅਕਾਦਮੀ ਦੀ ਨੁਕਰੇ ਬਣੇ ਕੈਫੇ ਚੋਂ ਕੌਫੀ ਪੀ ਕੇ ਮੁੜ ਆਏ ਸੀ । ਕੈਫੇ ਦਾ ਮੈਨਿਯੂ ਅਨੋਖਾ ਕੌਫੀ ਫਾਰ ਯੰਗ ਆਰਟਿਸਟ , ਜੂਸ ਫਾਰ ਯੰਗ ਪੇਂਟਰ । ਇੱਥੇ ਹੀ ਅਸੀਂ ਫਰਾਂਸ ਦੇ ਨੀਲੇ ਗਲਾਸਾਂ ਵਿਚ ਪਾਣੀ ਪੀਤਾ , ਪਾਣੀ ਦਾ ਰੰਗ ਵੀ ਨੀਲਾ ਹੀ ਲੱਗ ਰਿਹਾ ਸੀ । ਕਿੰਨਾ ਹੀ ਕੁਝ ਬਣਾਉਂਦਿਆਂ-ਢਾਹੁੰਦਿਆਂ ਨੀਂਦ ਆ ਗਈ  
              ਸਵੇਰੇ ਜਦੋਂ ਜਾਗ ਖੁਲ੍ਹੀ ਤਾਂ ਗੱਡੀ ਦਿੱਲੀ ਸਟੇਸ਼ਨ ਤੇ ਖੜ੍ਹੀ ਸੀ । ਚਾਏ ...ਚਾਏ.... ਦੀਆਂ ਅਵਾਜ਼ਾਂ ਨਾਲ ਅਖਬਾਰ ਏ ....ਅਖਬਾਰ ਏ... ਦੀਆਂ ਅਵਾਜ਼ਾਂ ਵੀ ਰਲ ਰਹੀਆਂ ਸਨ ।ਰਸਾਲੇ ਤੇ ਕਿਤਾਬਾਂ ਛਾਤੀ ਨਾਲ ਲਾਈ ਇਕ ਸੱਜਣ ਚੇਤਨ ਭਗਤ ਦੇ ਨਾਵਲਾਂ ਦਾ ਹੋਕਾ ਦੇ ਰਿਹਾ ਸੀ । ਪਰਗਟ ਵੱਲ ਵੇਖਦਿਆਂ ਮੈਂ ਹੱਸਦਿਆਂ ਕਿਹਾ, ਤੇਰਾ ਨਾਵਲ ਤੀਵੀਂਆਂ ਵੀ ਇਉਂ ਹੀ ਵਿਕਿਆ ਕਰੇਗਾ ਉਹਨੇ ਬੈਗ ਦੀ ਜਿੱਪ ਖੋਲ੍ਹ ਚਾਰ ਪੇਪਰ ਕੱਢਦਿਆਂ ਮੈਨੂੰ ਫੜ੍ਹਾ ਆਖਿਆ, ਮੈਂ ਇਸ ਨਾਵਲ ਦੀ ਸਿਰਜਣ ਪ੍ਰਕਿਰਿਆ ਲਿਖੀ ਹੈ ,ਪੜ੍ਹ ਕੇ ਦੱਸੀਂ ਕਿਵੇਂ ਆਂ , ਗੁਹਾਟੀ ਸਨਮਾਨ ਮੌਕੇ ਪੜ੍ਹਨੀ ਹੈ
             ਇੱਥੋਂ ਦੋ ਢਾਈ ਘੰਟਿਆਂ ਦਾ ਰਾਹ ਰਹਿ ਗਿਆ ਸੀ ਆਗਰੇ ਦਾ । ਨਾਵਲ ਦੀ ਸਿਰਜਣਾ ਪੜ੍ਹਦਿਆਂ ਮੇਰੀਆਂ ਅੱਖਾਂ ਭਰ ਆਈਆਂ । ਚਾਹ ਪੀ ਅਸੀਂ ਆਗਰੇ ਦੀ ਉਡੀਕ ਚ ਆਗਰੇ ਦੀਆਂ ਹੀ ਗੱਲਾਂ ਕਰਨ ਲੱਗੇ । ਤਾਜ ਮਹਿਲ ਤੋਂ ਵੱਧ ਮੈਂ ਉਸ ਕਾਰੀਗਰ ਨੂੰ ਯਾਦ ਕਰ ਰਿਹਾ ਸਾਂ ਜਿਸਦੇ ਹੱਥ ਵੱਢ ਦਿੱਤੇ ਗਏ ਸਨ । ਸਹੀ ਪੌਣੇ ਨੌਂ ਅਸੀਂ ਆਗਰਾ ਕੈਂਟ ਸਟੇਸ਼ਨ ਤੇ ਉੱਤਰੇ । ਗ੍ਰੈਂਡ ਹੋਟਲ ਜਾਣ ਲਈ ਟੈਕਸੀ ਵਾਲਾ ਪੰਜਾਹ ਰੁਪਏ ਮੰਗ ਰਿਹਾ ਸੀ ਪਰ ਆਟੋ ਵਾਲਾ ਸਾਨੂੰ ਤੀਹ ਰੁਪਏ ਚ ਹੀ ਲੈ ਗਿਆ । ਪਰਵੀਨ ਨੇ ਸਾਡਾ ਸਵਾਗਤ ਕੀਤਾ , ਆਪਣੇ ਕਮਰੇ ਚ ਜਾ ਕੇ ਪਹਿਲਾਂ ਨਹਾ ਧੋ ਲਵੋ ... ਫਿਰ ਆਹ ਬੇਸਮੈਂਟ ਚ ਨਾਸ਼ਤਾ ਲੱਗਿਆ ਹੋਇਆ ਤੇ ਰਜਿਸ਼ਟ੍ਰੇਸ਼ਨ ਚੱਲ ਰਹੀ ਹੇ...
              ਕਮਰਾ ਸੁਹਣਾ ਤੇ ਖੁਲ੍ਹਾ-ਡੁੱਲਾ ਸੀ । ਦੇਖਦਿਆਂ ਹੀ ਸਾਰੀ ਥਕਾਵਟ ਲਹਿ ਗਈ । ਬਿਨਾਂ ਕੋਈ ਸਮਾਂ ਖਰਾਬ ਕੀਤਿਆਂ ਅਸੀਂ ਨਹਾ ਕੇ ਤਿਆਰ ਹੋ ਗਏ । ਪਰਗਟ ਨੇ ਧਾਰੀਆਂ ਵਾਲੀ ਮੂੰਗੀਆ ਕਮੀਜ਼ ਨਾਲ ਕਾਲੀ ਪੈਂਟ ਪਾਈ ਤੇ ਮੈਂ ਗਾਜਰੀ ਕਮੀਜ਼ ਨਾਲ ਗਾਜਰੀ ਪੱਗ ਬੰਨ੍ਹੀ । ਅਸੀਂ ਨਾਸ਼ਤੇ ਵੱਲ ਇਸ ਤਰ੍ਹਾਂ ਜਾ ਰਹੇ ਸੀ ਜਿਵੇਂ ਬਰਾਤੀ ਹੋਈਏ । ਮੈਂ ਬਰੈੱਡ ਆਮਲੇਟ ਨਾਲ ਫਿੱਕੀ ਚਾਹ ਪੀਤੀ ਤੇ ਪਰਗਟ ਨੇ ਜੂਸ । ਜਿਉਂ ਹੀ ਅਸੀਂ ਰਜਿਸ਼ਟ੍ਰੇਸ਼ਨ ਵੱਲ ਵਧੇ ਤਾਂ ਡਾ. ਸੁਰਜੀਤ ਪਾਤਰ ਤੇ ਸੁਖਵਿੰਦਰ ਅੰਮ੍ਰਿਤ ਨੂੰ ਦੇਖਦਿਆਂ ਇਉਂ ਲੱਗਿਆ ਜਿਉਂ ਮੇਲੇ ਚ ਗੁਆਚੇ ਬਾਲਾਂ ਨੂੰ ਕੋਈ ਸਕਾ ਸੰਬੰਧੀ ਮਿਲ ਗਿਆ ਹੋਵੇ । ਪਾਤਰ ਸਾਹਬ ਨੇ ਸਾਡੀ ਜਾਣ-ਪਛਾਣ ਅਰਪਨਾ ਨਾਲ ਕਰਵਾਈ । ਹੱਥ ਮਿਲਉਂਦਿਆਂ ਹੀ ਮੈਂ ਉਹਦੀਆਂ ਕਈ ਪੇਂਟਿੰਗਾਂ ਦੇ ਨਾਂ ਗਿਣਵਾਏ ਤੇ ਆਪਣੀ ਪਸੰਦ ਦੱਸੀ, ਜਿਵੇਂ ਤੁਹਾਡੀ ਪੇਂਟਿੰਗ ਚ ਕਬੀਰ ਪਾਣੀ ਬੁਣ ਰਿਹਾ ਹੈ ਉਵੇਂ ਹੀ ਤੁਸੀਂ ਪਾਣੀ ਪੇਂਟ ਕਰਦੇ ਹੋਂ ... ਅਰਪਨਾ ਨੂੰ ਮਿਲਨਾ ਆਪਣੀ ਦਿੱਲੀ ਵਾਲੀ ਭੂਆ ਦੀ ਕੁੜੀ ਨੂੰ ਮਿਲਨਾ ਹੀ ਲੱਗਿਆ , ਉਹੀ ਕੱਦ ਕਾਠੀ , ਉਹੀ ਬੋਲ-ਬਾਣੀ ਤੇ ਸਾਦਾਪਣ ।
                    ਵੱਖ-ਵੱਖ ਦੇਸ਼ਾਂ ਦੇ ਲੇਖਕ ਇਕੋ ਜਿਹੇ ਖੱਦਰੀ ਝੋਲੇ ਮੋਢਿਆਂ ਤੇ ਲਮਕਾਈ ਘਾਹ ਤੇ ਘੁੰਮ ਰਹੇ ਸਨ । ਉਤਸਵ ਦੇ ੳਦਘਾਟਨ ਚ ਦਸ ਪੰਦਰਾਂ ਮਿੰਟਾਂ ਦਾ ਸਮਾਂ ਬਾਕੀ ਸੀ । ਥੋੜ੍ਹੇ ਚਿਰ ਬਾਅਦ ਅਰਪਨਾ ਨੇ ਹਾਕ ਮਾਰੀ , ਆ ਜੋ ਥੋਨੂੰ ਮੰਮੀ ਨੂੰ ਮਿਲਾਵਾਂ...  ਕਹਾਣੀਕਾਰਾ ਅਜੀਤ ਕੌਰ ਨੇ ਸਾਨੂੰ ਕੁੱਛੜ ਚ ਲੈ ਲਿਆ । ਅਸੀਂ ਹਰੇ ਹੋ ਗਏ , ਮੀਂਹ ਤੋਂ ਬਾਅਦ ਧੋਤੇ ਟਹਿਕਦੇ ਹਰੇ ਕਚੂਰ ਪੱਤਿਆਂ ਵਾਲੇ ਬੂੱਟੇ । ਸੈਮੀਨਾਰ ਹਾਲ ਅੱਠਾਂ ਦੇਸ਼ਾਂ ਦੇ ਵੱਡੇ ਝੰਡਿਆਂ ਨਾਲ ਸਜਿਆ ਹੋਇਆ ਸੀ । ਵਾਤਾਵਰਨ ਨੂੰ ਸਮਰਪਿਤ ਉਤਸਵ ਦਾ ਬੈਨਰ ਵੀ ਹਰੇ ਰੰਗ ਦਾ ਸੀ ਜਿਸ ਦੇ ਇਕ ਹੱਥ ਸਾਰਕ ਦਾ ਲੋਗੋ ਸੀ ਤੇ ਦੂਜੇ ਅਰਪਨਾ ਦਾ । ਅਰਪਨਾ ਕੌਰ ਆਪਣੀ ਕਲਪਨਾ ਦੀ ਕਮਾਈ ਦਾ ਇਕ ਹਿੱਸਾ ਅਜਿਹੇ ਉਤਸਵਾਂ ਚ ਪਾਉਂਦੀ ਹੈ ਤੇ ਇਕ ਦਰਸ਼ਕ ਅਤੇ ਸਰੋਤੇ ਵਜੋਂ ਵਿਚਰਦੀ ਹੈ ।
            ਸਹੀ ਦਸ ਵਜੇ ਪਾਕਿਸਤਾਨ ਦੇ ਜੂਨੀਅਰ ਅੱਲਨ ਫ਼ਕੀਰ ਵਜੋਂ ਜਾਣੇ ਜਾਂਦੇ ਵਾਹੀਦ ਬਖ਼ਸ਼ ਦੇ ਗਾਇਨ ਨਾਲ ਉਤਸਵ ਸ਼ੁਰੂ ਹੋਇਆ । ਅਜੀਤ ਕੌਰ ਨੇ ਕਿਹਾ, ਖੜ੍ਹੇ ਹੋ ਕੇ ਗਾਓ , ਨੱਚ ਨੱਚ ਕੇ ... ਵਾਹਿਦ ਨੇ ਉਸੇ ਤਰ੍ਹਾਂ ਕੀਤਾ । ਉਹ ਗਾਉਂਦਾ ਗਾਉਂਦਾ ਮਸਤ ਹੋ ਗਿਆ ਤੇ ਨੱਚਣ ਲੱਗਿਆ । ਇਹ ਨਾਚ ਪੂਰੇ ਹਾਲ ਅੰਦਰ ਫੈਲ੍ਹ ਗਿਆ । ਹਰ ਕੋਈ ਨੱਚ ਰਿਹਾ ਸੀ , ਕੋਈ ਖੜ੍ਹਾ ਹੋ ਕੇ , ਕੋਈ ਬੈਠਾ ਬੈਠਾ ਤੇ ਕੋਈ ਮਨ ਹੀ ਮਨ । ਹਰ ਸਖ਼ਸ਼ ਦੇ ਹੱਥ ਚ ਕੈਮਰਾ ਸੀ, ਕਿਸੇ ਕੋਲ ਟੈਬ ਦੇ ਰੂਪ ਚ,ਕਿਸੇ ਕੋਲ ਸਮਾਰਟ ਫੋਨ । ਹਰ ਕੋਈ ਫੋਟੋਆਂ ਖਿੱਚ ਰਿਹਾ ਸੀ । ਇਹ ਸਿਲਸਿਲਾ ਤਿੰਨੇ ਦਿਨ ਚਲਦਾ ਰਿਹਾ ਤੇ ਇਹੋ ਇਕ ਅਜਿਹੀ ਗਤੀਵਿਧੀ ਸੀ ਜਿਹੜੀ ਕਦੇ ਰੁਕਦੀ ਨਹੀਂ ਸੀ । ਤੀਜੇ ਦਿਨ ਤਾਂ ਨੇਪਾਲੀ ਸ਼ਾਇਰਾ ਸਾਬਿਤਾ ਗੌਤਮ ਕੋਲ ਪੰਦਰਾਂ ਕੈਮਰੇ ਸਨ ਜਿਨ੍ਹਾਂ ਨਾਲ ਉਹ ਵਾਰੀ ਵਾਰੀ ਫੋਟੋਆਂ ਖਿੱਚਦੀ ਬੋਲੀ, ਆਈ ਐਮ ਨਾਟ ਕੈਮਰਾਮੈਨ.... ਅੱਗੋਂ ਅਫਗਾਨੀ ਸ਼ਾਇਰਾ ਜ਼ੌਹਰਾ ਜ਼ਾਹੀਰ ਨੇ ਜਵਾਬ ਦਿੱਤਾ, ਯੂ ਆਰ ਕੈਮਰਾਵੂਮੈਨ ....
           ਦੋਹੇਂ ਦਿਨ ਖਾਣੇ ਤੋਂ ਪਹਿਲਾਂ ਅਕਾਦਮਿਕ ਸ਼ੈਸ਼ਨ ਹੁੰਦੇ, ਜਿਸ ਵਿਚ ਵਾਤਾਵਰਨ ਨੂੰ ਲੈ ਕੇ ਪੇਪਰ ਪੜ੍ਹੇ ਜਾਂਦੇ , ਉਹਨਾ ਤੇ ਗੱਲ-ਬਾਤ ਹੁੰਦੀ ਤੇ ਕਦੇ ਕਦੇ ਸਰੋਤਿਆਂ ਚੋਂ ਸਵਾਲ ਵੀ । ਖਾਣੇ ਤੋਂ ਬਾਅਦ ਕਵਿਤਾ-ਪਾਠ ।           ਇਸ ਉਤਸਵ ਚ ਸਭ ਤੋਂ ਵੱਧ ਮਹੱਤਵਪੂਰਨ ਮੇਲ-ਮਿਲਾਪ ਦੇ ਸ਼ੈਸ਼ਨ ਸਨ, ਜੋ ਖਾਣੇ ਅਤੇ ਚਾਹ ਦੀ ਬਰੇਕ ਵਿਚ ਲੇਖਕਾਂ ਨੇ ਆਪਣੇ ਆਪ ਹੀ ਬਣਾ ਲਏ ਸਨ । ਕਵੀਆਂ ,ਚਿੰਤਕਾਂ ਦਾ ਧਿਆਨ ਖਾਣ-ਪੀਣ ਵੱਲ ਘੱਟ ਤੇ ਇਕ ਦੂਜੇ ਨੂੰ ਮਿਲਨ , ਜਾਣਨ ਤੇ ਸੰਪਰਕ ਬਣਾਉਣ ਚ ਵੱਧ ਹੁੰਦਾ । ਹਰ ਕੋਈ ਆਪੋ ਆਪਣੇ ਪਤਾ-ਕਾਰਡ ਵਟਾ ਰਿਹਾ ਹੁੰਦਾ । ਇਹ ਕਾਰਡ ਨਾ ਹੀ ਪਰਗਟ ਕੋਲ ਸਨ ਤੇ ਨਾ ਹੀ ਮੇਰੇ ਕੋਲ । ਪੰਜਾਬੀਆਂ ਦੇ ਸਿੱਧੇ-ਸਾਦੇ ਹੋਣ ਦਾ ਸਬੂਤ ਉਦੋਂ ਮਿਲ ਗਿਆ ਜਦੋਂ ਮੈਂ ਦੇਖਿਆ ਕਿ ਇਹ ਕਾਰਡ ਨਾ ਹੀ ਪਾਤਰ ਸਾਹਬ ਦੇ ਝੋਲੇ ਚ ਨੇ ਤੇ ਨਾ ਹੀ ਸੁਖਵਿੰਦਰ ਅੰਮ੍ਰਿਤ ਦੇ ਪਰਸ ਵਿਚ । ਪਰ ਇਹ ਪਤਾ-ਕਾਰਡ ਅੱਜ ਦੇ ਸਮੇਂ ਚ ਹਰ ਇਕ ਦੀ ਲੋੜ ਬਣ ਗਏ ਨੇ । ਹੁਣ ਜਦੋਂ ਕਦੇ ਇਹਨਾਂ ਕਾਰਡਾਂ ਨੂੰ ਦੇਖਦਾ ਹਾਂ ਤਾਂ ਸੰਬੰਧਤ ਲੇਖਕ ਦੀ ਫੋਟੋ ਅੱਖਾਂ ਸਾਹਵੇਂ ਘੁੰਮਦੀ ਹੈ ,ਕਦੇ ਮੈਂ ਕਿਸੇ ਨੂੰ ਈਮੇਲ ਕਰ ਦਿੰਦਾ ਹਾਂ ਕਦੇ ਫੋਨ । ਪਰਗਟ ਨੇ ਪਹਿਲੇ ਵੇਲੇ ਦੀ ਚਾਹ ਪੀਂਦਿਆਂ ਹੀ ਤਿੰਨ ਨੌਜ਼ਵਾਨ ਨੇਪਾਲੀ ਨਾਵਲਕਾਰਾਂ ਨਾਲ ਦੋਸਤੀ ਗੰਢ ਲਈ ਸੀ , ਉਹਦਾ ਖੁਲ੍ਹਾ ਤੇ ਮਿਲਵਰਤਨ ਵਾਲਾ ਸੁਭਾਅ ਚੰਗਾ ਹੈ । ਪਰਗਟ ਇਸ ਕਰਕੇ ਵੀ ਸਹਿਜ ਸੀ ਕਿ ਉਹਨੇ ਆਪਣੀਆਂ ਕਵਿਤਾਵਾਂ ਦੂਜੇ ਦਿਨ ਪੜ੍ਹਨੀਆਂ ਸਨ ਤੇ ਮੈਂ ਅੱਜ ਹੀ । ਮੇਰੀ ਇੱਛਾ ਸੀ ਕਿ ਮੈਂ ਦੋਸਤਾਂ ਨੂੰ ਆਪਣੀਆਂ ਕਵਿਤਾਵਾਂ ਦੇ ਪਾਠ ਤੋਂ ਬਾਅਦ ਹੀ ਮਿਲਾਂ , ਇਸ ਤਰ੍ਹਾਂ ਆਪਣੀ ਸਿਆਣ ਕਰਵਾਉਣੀ ਸੌਖੀ ਹੋ ਜਾਂਦੀ ਹੈ । ਤੇ ਇਸ ਵੇਲੇ ਮੈਂ ਦੁਚਿੱਤੀ ਵਿਚ ਵੀ ਸੀ ਕਿ ਕਿਹੜੀਆਂ ਕਵਿਤਾਵਾਂ ਪੜ੍ਹਾਂ । ਕਦੇ ਡੱਡੂ ,ਚਿੜੀਆਂ ਤੇ ਕਾਂ ਕਵਿਤਾਵਾਂ ਪੜ੍ਹਨ ਦਾ ਫੈਸਲਾ ਕਰਦਾ , ਕਦੇ ਤਾਇਆ ਨਾਥੀ ਰਾਮ ਤੇ ਮਾਂ-ਬੋਲੀ ਬਾਰੇ ਸੋਚਦਾ । ਸਰੋਤੇ ਪੰਜਾਬੀ ਸਮਝਣ ਵਾਲੇ ਬਹੁਤ ਥੋੜ੍ਹੇ ਸਨ ,ਇਸੇ ਲਈ ਮੈਂ ਆਪਣੀਆਂ ਸੱਤ ਕਵਿਤਾਵਾਂ ਦੀ ਚਾਰ-ਪੱਤਰੀ ਅਡੋਬ ਆਫ ਸਾਈਲੈਂਸ ਨਾਂ ਹੇਠ ਛਪਵਾ ਕੇ ਲੈ ਗਿਆ ਸਾਂ । ਇਹ ਕਵਿਤਾਵਾਂ ਜਸਦੀਪ , ਮੋਨਿਕਾ ਸਿੰਘ ਤੇ ਪਰਾਗ ਨੇ ਅੰਗਰੇਜ਼ੀ ਵਿਚ ਅਨੁਵਾਦ ਕੀਤੀਆਂ ਸਨ । ਜਦੋਂ ਹੀ ਕਵਿਤਾਵਾਂ ਪੜ੍ਹਨ ਲਈ ਮੈਂ ਮੰਚ ਤੇ ਗਿਆ ਤਾਂ ਇਹ  ਸਭ ਸਰੋਤਿਆਂ ਨੂੰ ਵੰਡ ਦਿੱਤੀਆਂ । ਕਵਿਤਾਵਾਂ ਸੁਣਾਉਣ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਪੁਛਿਆ ਕਿ ਅੰਗਰੇਜ਼ੀ ਚ ਜਾਂ ਪੰਜਾਬੀ ਚ ? ਕੁਝ ਭਾਰਤੀ ਤੇ ਸਾਰੇ ਪਾਕਿਸਤਾਨੀ ਕਵੀਆਂ ਨੇ ਉੱਚੀ ਅਵਾਜ਼ ਚ ਕਿਹਾ, ਪੰਜਾਬੀ ਚ । ਅਗਲੇ ਦਿਨ ਪਰਗਟ ਸਤੌਜ ਨੇ ਵੀ ਕਵਿਤਾਵਾਂ ਪੰਜਾਬੀ ਵਿਚ ਹੀ ਪੜ੍ਹੀਆਂ ਜੋ ਬਹੁਤ ਸਲਾਹੀਆਂ ਗਈਆਂ । ਪਾਤਰ ਸਾਹਬ ਨੇ ਇਸੇ ਸ਼ੈਸ਼ਨ ਦੀ ਪਰਧਾਨਗੀ ਕੀਤੀ ਸੀ ਤੇ ਸੁਖਵਿੰਦਰ ਅੰਮ੍ਰਿਤ ਨੇ ਹਿੰਦੀ ਚ ਮੰਚ ਸੰਚਾਲਨ ।  ਇਹ ਅੰਗਰੇਜ਼ੀ ਵਾਲਿਆਂ ਨਾਲੋਂ ਵੀ ਵੱਧ ਕਾਮਯਾਬ ਰਿਹਾ ।ਦੂਜੇ ਦਿਨ ਦੁਪਹਿਰ ਦੇ ਖਾਣੇ ਸਮੇਂ ਪ੍ਰੋ. ਬਾਲ ਆਨੰਦ ਮਿਲੇ ਜੋ ਬਠਿੰਡੇ ਕਾਲਜ ਚ ਅਧਿਆਪਕ ਰਹੇ ਸਨ ਤੇ ਜਿਨ੍ਹਾਂ ਨੇ ਬਾਅਦ ਚ ਆਈ ਐਫ ਐਸ ਜੁਆਇਨ ਕੀਤਾ । ਮਾਨਸਾ ਇਹਨਾ ਦਾ ਆਉਣ ਜਾਣ ਹੋਣ ਕਰਕੇ, ਮੈਨੂੰ ਇਸ ਤਰ੍ਹਾਂ ਮਿਲੇ ਜਿਵੇਂ ਮੁਦਤ ਤੋਂ ਜਾਣਦੇ ਹੋਣ । ਇਹਨਾ ਨੇ ਮਾਨਸਾ ਤੇ ਆਲੇ-ਦੁਆਲੇ ਬਾਰੇ ਅਨੇਕਾਂ ਗੱਲਾਂ ਕੀਤੀਆਂ । ਈਮੇਲ ਰਾਹੀਂ ਅਸੀਂ ਅਕਸਰ ਇਕ ਦੂਜੇ ਦਾ ਸੁਖ-ਦੁਖ ਵੰਡਾਉਂਦੇ ਹਾਂ ।
                 ਇਸ ਸੈਮੀਨਾਰ ਚ ਉਰਦੂ ਦੀ ਲੇਖਕਾ ਨੂਰ ਜ਼ਹੀਰ ਤੇ ਪਾਕਿਸਤਾਨ ਦੀ ਮਸ਼ਹੂਰ ਹਸਤੀ ਫ਼ਰਹੀਨ ਚੌਧਰੀ ਦੀ ਅੱਡੀ ਨਹੀਂ ਲੱਗੀ । ਹਜ਼ਰਤ ਸ਼ਾਮ , ਰਾਣਾ ਮੁਹੰਮਦ ਸਾਈਦ , ਮੁਹੰਮਦ ਅਹਿਸਨ, ਸੁਦਰਸ਼ਨ ਵਸ਼ਿਸ਼ਟ ਤੇ ਨਸਰੀਨ ਅੰਜੁਮ ਭੱਟੀ ਦੀਆਂ ਨਜ਼ਮਾਂ ਨੇ ਖੂਬ ਦਾਦ ਖੱਟੀ । ਭੂਟਾਨੀ ਲੇਖਕ ਪਾਸੰਗ ਸ਼ੇਰਿੰਗ ਨੇ ਨਿੱਕੀਆਂ-ਨਿੱਕੀਆਂ ਕਹਾਣੀਆਂ ਪੜ੍ਹੀਆਂ ਜੋ ਸ਼ਾਂਤੀ ਤੇ ਕੁਦਰਤ ਨਾਲ ਜੁੜੀਆਂ ਹੋਈਆਂ ਸਨ । ਨੇਪਾਲੀ ਚਿੰਤਕ ਅਭੀ ਸੁਬੇਦੀ ਦੀ ਲਤੀਫੇਬਾਜ਼ੀ ਸਭ ਨੂੰ ਹਸਾਉਂਦੀ ਰਹੀ ਤੇ ਨੌਜ਼ਵਾਨ ਚੰਦਰਬੀਰ ਤੁੰਬਾਪੋ ਦੀ ਊਰਜਾ ਜਿਸ ਦੀਆਂ ਨੂੰ ਆਧਾਰ ਬਣਾ ਕੇ ਵਿਚਾਰ-ਚਰਚਾ ਹੋਈ । ਮਾਲਦੀਵ ਦੇ ਹਰਫਨਮੌਲਾ ਇਬਰਾਹੀਮ ਵਾਹੀਦ ਭਾਵੇਂ ਡੰਗੋਰੀ ਸਹਾਰੇ ਤੁਰਦਾ ਸੀ ਪਰ ਸਭ ਨੂੰ ਬਾਹਾਂ ਖੋਲ੍ਹ ਕੇ ਮਿਲਦਾ ਤੇ ਆਥਣੇ ਹੋਏ ਸੱਭਿਆਚਾਰਕ ਸਮਾਗਮ ਮਲੰਗਾਂ ਨਾਲ ਸਭ ਤੋਂ ਪਹਿਲਾਂ ਨੱਚਣ ਲੱਗਿਆ , ਜ਼ਿੰਦਗੀ ਦੇ ਅਸਲ ਅਰਥ ਇਸ ਬੰਦੇ ਕੋਲ ਸਨ, ਜਿਹੜੇ ਉਹਨੇ ਕੁਣਕਾ ਕੁਣਕਾ ਸਭ ਨੂੰ ਵੰਡੇ ।
                   ਵਾਤਾਵਰਨ ਨੂੰ ਕੇਂਦਰ ਚ ਰੱਖ ਕੇ ਵਿਚਾਰਾਂ ਤੇ ਕਵਿਤਾਵਾਂ ਦੇ ਅਦਾਨ-ਪਰਦਾਨ ਤੋਂ ਬਾਅਦ ਤੀਜਾ ਦਿਨ ਤਾਜ ਮਹਿਲ ਨੂੰ ਦੇਖਣ ਦਾ ਦਿਨ ਸੀ । ਅਸਲ ਚ ਇਹ ਦਿਨ ਸਭ ਲੇਖਕਾਂ ਨੂੰ ਖੁੱਲ੍ਹ ਕੇ ਮਿਲਨ-ਗਿਲਨ ਦਾ ਦਿਨ ਸੀ । ਇਸ ਦਿਨ ਸਭ ਨੇ ਇਕ ਦੂਜੇ ਦੇ ਮਹਿਲ ਚ ਸ਼ਾਮਲ ਹੋਣਾ ਸੀ । ਸਵੇਰ ਦੇ ਨਾਸ਼ਤੇ ਤੋਂ ਬਾਅਦ ਸਾਰੇ ਏ ਸੀ ਕੋਚ ਚ ਸਵਾਰ ਹੋ ਗਏ । ਤਾਜ ਨੂੰ ਦਿਖਉਣ ਲਈ ਸਾਡੇ ਨਾਲ ਗਾਇਡ ਰਾਜ ਸੀ । ਇਹਨੇ ਤਾਜ ਦੀਆਂ ਬਾਰੀਕੀਆਂ ਦੱਸੀਆਂ । ਵੱਖ ਵੱਖ ਵੇਲਿਆਂ ਚ ਬਦਲਦਾ ਰੰਗ । ਸਾਰੇ ਇਸ ਤਾਜ ਨੂੰ ਪਿਆਰ ਦਾ ਪ੍ਰਤੀਕ ਮੰਨਦੇ ਹਨ ਪਰ ਪ੍ਰੋ. ਬਾਲ ਆਨੰਦ ਤੇ ਕਈ ਹੋਰ ਦੋਸਤਾਂ ਨੇ ਅਜਿਹੇ ਤੱਥ ਵੀ ਸਾਹਮਣੇ ਲਿਆਂਦੇ ਜਿਹਨਾ ਨੂੰ ਬਹੁਤ ਘੱਟ ਲੋਕ ਜਾਣਦੇ ਹਨ । ਖੈਰ ! ਅੱਠਾਂ ਦੇਸ਼ਾਂ ਦੇ ਰੰਗ-ਬਰੰਗੇ ਪੰਛੀ ਆਪਣੇ ਹੀ ਤਰੀਕੇ ਨਾਲ ਤਾਜ਼ ਵੀ ਦੇਖ ਰਹੇ ਸਨ ਤੇ ਇਕ ਦੂਜੇ ਨਾਲ ਫੋਟੋਆਂ ਵੀ ਖਿਚਵਾ ਰਹੇ ਸਨ । ਇੱਥੋਂ ਹੀ ਇਕ ਦੂਜੇ ਦਾ ਪਿਆਰ ਤੇ ਸਨੇਹ ਲੈਂਦਿਆਂ -ਦਿੰਦਿਆਂ ਆਪੋ ਆਪਣੇ ਆਲ੍ਹਣਿਆਂ ਲਈ ਉਡਾਣ ਭਰਣੀ ਸੀ ਪਰ ਇਕ ਵਾਰ ਫਿਰ ਸਾਰਕ ਦੀ ਰੂਹ ਅਜੀਤ ਕੌਰ ਨੇ ਦੁਪਹਿਰ ਦੇ ਖਾਣੇ ਲਈ ਮੁੜ ਗ੍ਰੈਂਡ ਹੋਟਲਚ ਬੁਲਾ ਲਿਆ । ਸਭ ਕੋਲ ਕੁਝ ਹੋਰ ਚਟਪਟੇ ਤੇ ਖੱਟੇ ਮਿੱਠੇ ਪਲ਼ ਬਚ ਗਏ ਸਨ । ਸਾਰਕ ਸਾਹਿਤ-ਉਤਸਵ ਕਲਪਨਾਸ਼ੀਲ ਲੋਕਾਂ ਦਾ ਤੀਰਥ ਹੈ ।





Thursday, April 11, 2013

ਪੋਥੀ




ਹਰ ਕਿਤਾਬ ਨੂੰ ਪੋਥੀ ਆਖਣਾ
ਚੰਗਾ ਲਗਦਾ ਹੈ ਮੈਨੂੰ

ਇਹਦੇ ਵਿਚ ਰੁੱਖ ਹੈ
ਜੜ੍ਹਾਂ  ਪੱਤੇ
ਆਲਣੇ  ਪੰਛੀ
ਸਭ ਪੋਥੀ ਦੇ ਪੱਤ੍ਰਿਆਂ
ਚਿੱਟੇ ਰੰਗ ਦੇ ਹੋ ਗਏ ਨੇ ....
ਕੁਝ ਵੀ ਲਿਖਾਂ
ਨਾ ਲਿਖਾਂ

ਉਹ ਰਾਹੀ ਵੀ
ਜਿਹਨਾ ਲਿਆ ਸੁਖ ਦਾ ਸਾਹ
ਰੁਕੇ ਘੜੀ ਦੀ ਘੜੀ
ਰੁੱਖ ਦੀ ਛਾਵੇਂ
ਘੜੇ ਦਾ ਠੰਢਾ ਪਾਣੀ ਪੀ
ਤੁਰ ਪਏ ਜਿਹੜੇ
ਅਗਲੇ ਰਾਹ
ਇਸ ਤਰ੍ਹਾਂ ਸ਼ਾਮਲ ਹੈ
ਕੁੰਭਕਾਰ ਵੀ
ਚੱਕ ਨੂੰ  ਘੜ੍ਹਨ ਵਾਲਾ
ਮੇਰਾ ਬਾਪ ਵੀ
ਪੋਥੀ ਵਿਚ ਸਾਹ ਲੈਂਦਾ ਹੈ

ਜੋ ਕਦੇ ਕਦੇ ਮੈਨੂੰ ਦਸਦਾ ਹੈ
ਆਹ ਜਿਹੜੇ ਸਕੂਲ ਤੂੰ ਪੜ੍ਹਾਉਣੈ ਹੁਣ
ਤੇਰੇ ਦਾਦੇ ਨਾਲ ਮਿਲ ਬਣਾਇਆ ਇਹਨੂੰ

ਜੀਹਦੇ ਚ ਫਿਲਮਾਂ ਦੇਖ
ਤੂੰ ਕਦੇ ਕਦੇ ਬੋਲਦਾ ਹੁੰਦਾ
ਦਲੀਪ ਕੁਮਾਰ ਵਾਂਙ ਡਾਇਲਾਗ  ਨਿੱਕੇ ਹੁੰਦਿਆਂ
ਤੇਰੇ ਦਾਦੇ ਦੇ ਹੱਥਾਂ ਦੀ ਛੋਹ ਹੈ

ਤੇ ਆਹ ਗੁਰੂਘਰ
ਜੋ ਢਾਹ ਦਿੱਤਾ ਹੈ
ਫਿਰ ਬਣਾਉਣ ਲਈ
ਮੇਰੇ ਕੰਮ ਸਿੱਖਣ ਦੇ ਦਿਨਾਂ ਦੀ ਉਸਾਰੀ
ਇਕੋ ਵਾਰ ਖਾਧੀ ਸੀ ਸਿੱਧੀ ਤੇਸੀ ਪੁੱਠੇ ਹੱਥ ਤੇ

ਮੈਂ ਦੇਖ ਰਿਹਾ ਸਾਂ
ਬਾਪੂ ਦਾ ਚਿਹਰਾ
ਪੋਥੀ ਦਾ ਪਹਿਲਾ ਪੰਨਾ ......।।
0

Thursday, February 21, 2013

ਡਰਨਾ : ਹਾਇਕੂ ਲੜੀ



ਚਾਨਣੀ ਰਾਤ
ਹਾਕ ਮਾਰਦੀ ਜਾਪੇ
ਡਰਨੇ ਦੀ ਬਾਂਹ

ਲਾਲ-ਗੁਲਾਲ
ਡਰਨੇ ਦੇ ਲੀੜੇ
ਫੌਜਣ ਦੀਆਂ ਗੱਲ੍ਹਾਂ

ਆਨੀਂ-ਬਹਾਨੀਂ
ਹੋਲੀ ਖੇਡ ‘ਗੀ ਫੌਜਣ
ਡਰਨੇ ਨਾਲ

ਖੇਤ ਛੜਿਆਂ ਦਾ
ਡਰਨੇ ਦੇ ਸਿਰ
ਸਿਹਰੇ ਲਮਕਣ

ਅਪਣੇ ‘ਉਹਦੇ’
ਮੂੰਹ ‘ਚ ਬੁਰਕੀ ਪਾਉਂਦਿਆਂ
ਡਰਨੇ ਤੋਂ ਸੰਙੇ

ਮੁੱਛਾਂ ਮਰੋੜੇ
ਡਰਨਾ ਅਜੇ ਵੀ
ਖੇਤ ਖਾਲ੍ਹੀ

ਝੱਖੜ ਪਿੱਛੋਂ
ਡਿੱਗ ਪਿਆ ਡਰਨਾ ਵੀ
ਡਿੱਗੀ ਫਸਲ ਦੇ ਨਾਲ

ਦਿਨੇ ਸੂਰਜ
ਡਰਨੇ ਦਾ ਸਾਥੀ
ਰਾਤ ਨੂੰ ਚੰਨ

ਕਰਦਾ ਕਾਂ ਕਾਂ
ਡਰਨੇ ਦੇ ਸਿਰ ‘ਤੇ
ਬੈਠਾ ਬੁੱਢਾ ਕਾਂ
੧੦
ਪੁੱਠਾ-ਸਿੱਧਾ
ਇਕੋ ਜਿਹਾ
ਡਰਨੇ ਦਾ ਕੋਟ

Tuesday, January 22, 2013

ਡਾਇਰੀ ਦੇ ਪੰਨੇ 0 ਗੁਰਪ੍ਰੀਤ 0 ਕਵਿਤਾ ਦਾ ਪੋਰਟਰੇਟ




03.11.12
ਅੰਬਰੀਸ਼ ਨੇ ਚਾਹ ਦੀ ਘੁੱਟ ਭਰਦਿਆਂ ਕਿਹਾ, “ ਮੈਡੀਕਲ ਮੈਗਾ ਕੈਂਪ ‘ਤੇ ਜਾਣ ਤੋਂ ਪਹਿਲਾਂ ਦੇਵਨੀਤ ਦਾ ਪਤਾ ਲੈਣ ਜਾਣੈ...”
“ ਬਿਲਕੁਲ ! ਜ਼ਰੂਰ ਚਲਦੇ ਹਾਂ ।” ਆਖਦਿਆਂ ਮੈਂ ਦੂਜੇ ਸਾਹਿਤਕ ਮਿਤਰਾਂ ਦੇ ਉਲਾਂਭੇ ਵੀ ਅੰਬਰੀਸ਼ ਨੂੰ ਦੇਣ ਲੱਗ ਪਿਆ, “ ਦੀਦ ਇਹਦਾ ਯਾਰ , ਦੋ ਵਾਰੀ ਫੋਨ ਕੀਤਾ ਉਹਨੇ ਤੇ ਬਸ, ਉਹਨੂੰ ਮਿਲ ਕੇ ਜਾਣਾ ਚਾਹੀਦਾ ਸੀ , ਪਾਲ ਕੌਰ ਵੀ ਨਹੀਂ ਆਈ , ਸੁਰਜੀਤ ਵੀ ਇਕ ਦਿਨ ਆਪਣੇ ਮਿਤਰ ਦੇ ਪਿਤਾ ਦੇ ਸਸਕਾਰ ਤੋਂ ਮੁੜ ਗਿਆ , ਸਵੀ , ਜ਼ਫਰ ,ਸਰਬਜੀਤ , ਦੇਸਰਾਜ ਕਾਲੀ, ਤਸਕੀਨ ਕੋਈ ਨਹੀਂ ਆਇਆ ... ਸ਼ਾਇਦ ਸਾਰੇ ਗਹਿਰੇ ਦੁੱਖ ‘ਚ ਹੋਣ ... ਕਦੇ ਕਦੇ ਮੇਰਾ ਵੀ ਇਹਨੂੰ ਮਿਲਣ ਨੂੰ ਜੀਅ ਨਹੀਂ ਕਰਦਾ ... ਮੈਂ ਉਹੀ ਦੇਵਨੀਤ ਲਭਦਾਂ ਜਿਹੜਾ ਹਰ ਵੇਲੇ ਮੇਰੇ ਨਾਲ ਤੁਰਿਆ ਰਹਿੰਦਾ ਸੀ , ਜਿਹਦੇ ਹਰ ਵੇਲੇ ਮੈਂ ਨਾਲ ਨਿਕਲ ਪੈਂਦਾ ਸੀ । ਰੂਬੀ ਦੀ ਫੀਸ ਭਰਨ ਲਈ ਮੁੰਬਈ ਜਾਣਾ ਹੁੰਦਾ ਤਾਂ ਮੈਂ ਇਹਦੇ ਨਾਲ ਹੁੰਦਾ ,ਮੇਰਾ ਬਣਾਉਟੀ ਪੈਰ ਲਗਵਾਉਣ ਲਈ ਜੈਪੁਰ ਜਾਣਾ ਹੁੰਦਾ ਤਾਂ ਇਹ ਮੇਰੇ ਨਾਲ ਹੁੰਦਾ ।”
ਅੰਬਰੀਸ਼ ਕੋਲ ਮੈਂ ਗੁਰਬਚਨ ਭੁਲਰ ਹੁਰਾਂ ਨੂੰ ਸਲਾਮ ਕਰਦਾ ਹਾਂ । ਇਹਨਾ ਨੇ ਰਾਜੀਵ ਗਾਂਧੀ ਹਸਪਤਾਲ ਦੇ ਡਾਕਟਰਾਂ ਦੇ ਮਿਲਣ ਮਿਲਾਉਣ ਤੋਂ ਲੈ ਕੇ ਟੈਸਟਾਂ , ਰਿਪੋਟਾਂ , ਦਵਾਈਆਂ ਤੇ ਖਾਣ-ਪੀਣ ਤੱਕ ਦਾ ਹਰ ਘੜੀ ਖਿਆਲ ਰੱਖਿਆ ਹੈ । ਮੈਨੂੰ ਯਾਦ ਹੈ , ਪਹਿਲੀ ਵਾਰ ਜਦੋਂ ਉਹੀ ਡਾਕਟਰ ਨਹੀਂ ਸੀ ਮਿਲਿਆ ਜਿਹਨੂੰ ਮਿਲਨਾ ਸੀ ਤਾਂ ਭੁੱਲਰ ਸਾਹਬ ਨੇ ਖੁਦ ਫੋਨ ਕਰਕੇ ਮੈਨੂੰ ਤਾਕੀਦ ਕੀਤੀ, “ ਡਾਕਟਰ ਨੂੰ ਮਿਲੇ ਬਿਨਾ ਨਹੀਂ ਜਾਣਾ , ਮੈਂ ਹੁਣੇ ਬੇਟੇ ਤੋਂ ਫੋਨ ਕਰਵਾ ਕੇ ਪੁਛਦਾ ਹਾਂ ।” ਭੁਲਰ ਹੁਰੀਂ ਹੁਣ ਵੀ ਦੋ ਚਾਰ ਦਿਨਾਂ ਬਾਅਦ ਫੋਨ ਕਰਕੇ ਦੇਵਨੀਤ ਦਾ ਹਾਲ ਪੁਛਦੇ ਨੇ ।



15.03.12
ਚੀਨੀ ਕਵੀ ਲੀ ਪੋ (701-762) ਝੀਲ ‘ਚ ਕਿਸ਼ਤੀ ‘ਤੇ ਸੈਰ ਕਰ ਰਿਹਾ ਸੀ । ਉਹਦਾ ਜੀ ਕੀਤਾ , ਉਹ ਪਾਣੀ ਵਿਚਲੇ ਚੰਨ ਦੇ ਪ੍ਰਤੀਬਿੰਬ ਨੂੰ ਚੁੰਮੇ । ਇਸ ਕੋਸ਼ਿਸ਼ ‘ਚ ਉਹ ਝੀਲ ‘ਚ ਡੁੱਬ ਗਿਆ । ਮੈਂ ਜਦੋਂ ਵੀ ਪਾਣੀ ‘ਚ ਚੰਨ ਦਾ ਪ੍ਰਤੀਬਿੰਬ ਦੇਖਦਾ ਹਾਂ ਤਾਂ ਲੀ ਪੋ ਦੀ ਬਣਦੀ ਮਿਟਦੀ ਤਸਵੀਰ ਦੇਖਦਾ ਹਾਂ । ਮੈਂ ਵੀ ਡੁੱਬ ਜਾਂਦਾ ਹਾਂ, ਅਪਣੇ ਹੀ ਅੰਦਰਲੇ ਚੰਨ ਨੂੰ ਚੁੰਮਦਾ ।

01.01.2011
ਹੁਣ ਉਹ ਸਮਾਂ ਨਹੀਂ ਰਿਹਾ ਜਿਹੜਾ ਕਿਸੇ ਵੇਲੇ ਹੋਇਆ ਕਰਦਾ ਸੀ । ਲਿਖਾਈ ਨਿਰਾ ਕਿਸੇ ਇਬਾਰਤ ਨੂੰ ਲਿਖਣਾ ਹੀ ਨਹੀਂ ਸੀ ਹੁੰਦਾ ,ਸਗੋਂ ਉਸ ਇਬਾਰਤ ਨੂੰ ਸੁਹਜਮਈ ਤਰੀਕੇ ਨਾਲ ਅੱਖਰਾਂ ਦੀ ਬਣਾਵਟ ਨੂੰ ਸਜਾਉਣਾ ਹੁੰਦਾ ਸੀ । ਬੰਦੇ ਦਾ ਸੁਭਾਅ , ਵਿਵਹਾਰ ਤੇ ਸਖ਼ਸ਼ੀਅਤ ਇਸ ਲਿਖਾਵਟ ਵਿਚੋਂ ਦੇਖੀ ਪਰਖੀ ਜਾਂਦੀ ਸੀ । ਪਰ ਦਿਨੋ ਦਿਨ ਹੱਥ ਨਾਲ ਲਿਖਣ ਦਾ ਰਿਵਾਜ ਘਟਦਾ ਜਾ ਰਿਹਾ ਹੈ ਤੇ ਆਉਂਦੇ ਦਿਨਾ ‘ਚ ਅੱਜ ਦੇ ਨਵੇਂ ਵਿਦਿਆਰਥੀਆਂ ਲਈ ਪੈਨ ਵੀ ਅਜੀਬ ਸ਼ੈਅ ਬਣ ਕੇ ਰਹਿ ਜਾਵੇਗਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਸਿੱਧੀ ‘ਅਕਾਸ਼’ ਨਾਲ ਹੀ ਕਰਨੀ ਹੈ । ਜਦੋਂ ਕਿ ਫੱਟੀ , ਕਲਮ , ਸਿਆਹੀ-ਦਵਾਤ ਤਾਂ ਪਹਿਲਾਂ ਹੀ ਅਲੋਕਾਰੀ ਚੀਜ਼ ਬਣ ਚੁੱਕੀ ਹੈ ।
ਮੈਂਨੂੰ ਆਪਣੇ ਵੇਲੇ ਯਾਦ ਆ ਰਹੇ ਨੇ । ਲਿਖਾਈ ਨਿਰਾਪੁਰਾ ਲਿਖਣ ਦਾ ਕਾਰਜ ਹੀ ਨਹੀਂ ਸੀ ਸਗੋਂ ਸਮੁਚੀ ਪੜ੍ਹਨ ਪ੍ਰਕਿਰਿਆ ਲਈ ਨੀਂਹ ਵੀ ਸੀ ਤੇ ਅਜਿਹਾ ਧੁਰਾ ਵੀ ਜਿਸਦੇ ਦੁਆਲੇ ਹੀ ਪੜ੍ਹਨ –ਪੜ੍ਹਾਉਣ ਦੀ ਹਰ ਚੀਜ਼ ਘੁੰਮਦੀ ਸੀ । ਮੈਨੂੰ ਯਾਦ ਹੈ ਅੰਬ ਦੀ ਲੱਕੜ ਦੀ ਬਣੀ ਨਵੀਂ ਫੱਟੀ ਨੂੰ ਪੋਚਣ ਤੋਂ ਪਹਿਲਾਂ ਗਊ ਦੇ ਗੋਹੇ ਦਾ ਲੇਪ ਕਰਕੇ ਰੱਖਿਆ ਜਾਂਦਾ ਤਾਂ ਕਿ ਅੱਖਰ ਚੰਗੀ ਤਰ੍ਹਾਂ ਉਘੜ ਸਕਣ । ਗਾਚੀ ਨਾਲ ਪੋਚੀ ਫੱਟੀ ਦਾ ਗੀਤ ਲਿਖਾਈ ਨੂੰ ਸੂਰਜ ਨਾਲ ਜੋੜਦਾ । ਚਰਾਗਦੀਨ ਦੇ ਚਾਕੂ ਨਾਲ ਘੜ੍ਹੀ ਕਲਮ ਤੇ ਰੋਸ਼ਨੀ ਦੀਆਂ ਪੁੜੀਆਂ ਵਾਲੀ ਸਿਆਹੀ ਨੂੰ ਕੁੱਟ ਕੇ ਚੋਰ-ਦਵਾਤ ‘ਚ ਘੋਲਣ ਦਾ ਆਨੰਦ ਲਿਖਾਵਟ ਦੇ ਅੱਖਰਾਂ ਦੀ ਬਣਾਵਟ ‘ਚ ਸਾਫ ਝਲਕਦਾ ਦਿਖਾਈ ਦਿੰਦਾ । ਹੱਥ-ਲਿਖਤ ਜਿੰਨਾ ਨਿੱਜੀ ਕਾਰਜ ਹੈ , ਓਨਾ ਹੀ ਪ੍ਰਕਿਰਤੀ ਤੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ । ਪਰ ਨਵੇਂ ਬਿਜਲਈ-ਤਕਨੀਕੀ ਸਮੇਂ ‘ਚ ਇਹਨੇ ਬੀਤੇ ਵੇਲੇ ਦੀਆਂ ਗੱਲਾਂ ਹੋ ਜਾਣਾ ਹੈ ।
ਹੱਥ-ਲਿਖਤ ਦਾ ਮੇਰੀ ਕਵਿਤਾ ‘ਤੇ ਵਿਸ਼ੇਸ਼ ਪ੍ਰਭਾਵ ਹੈ । ਇਸੇ ਲਈ ਮੈਂ ਆਪਣੀ ਨਵੀਂ ਕਾਵਿ-ਪੁਸਤਕ ਦਾ ਨਾਂ ‘ ਸਿਆਹੀ ਘੁਲ਼ੀ ਹੈ ’ ਰੱਖਿਆ ਹੈ । ਸਿਆਹੀ ਨੂੰ ਘੋਲਣ ਦੀ ਪ੍ਰਕਿਰਿਆ ਅਸਲ ‘ਚ ਮਨ ਅੰਦਰਲੇ ਵਿਚਾਰਾਂ , ਅਨੁਭਵਾਂ ਨੂੰ ਘੋਲਣ ਜਿਹਾ ਹੀ ਹੈ । ਸੰਸਾਰ ਪ੍ਰਸਿੱਧ ਕਵੀ ਪਾਬਲੋ ਨੇਰੂਦਾ ਨੂੰ ਜਦੋਂ ਇਹ ਸਵਾਲ ਪੁਛਿਆ ਗਿਆ ਕਿ ਤੁਸੀਂ ਕਵਿਤਾ ਟਾਈਪ-ਰਾਈਟਰ ‘ਤੇ ਟਾਈਪ ਕਰਦੇ ਹੋਂ ਜਾਂ ਹੱਥ ਨਾਲ ਲਿਖਦੇ ਹੋਂ ਤਾਂ ਉਹਨਾ ਦਾ ਇਕਦਮ ਇਹ ਜਵਾਬ ਸੀ ਕਿ ਟਾਈਪ-ਰਾਈਟਰ ਕਵਿਤਾ ਲਿਖਣਾ ਤਾਂ ਮੈਂ ਕਦੇ ਸੋਚ ਵੀ ਨਹੀਂ ਸਕਦਾ । ਅੱਜ ਦੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਲਈ ਇਹ ਗੱਲ ਭਾਵੇਂ ਓਪਰੀ ਹੋਵੇ ਪਰ ਇਹ ਬਿਲਕੁਲ ਸੱਚ ਹੈ ਕਿ ਅਜੇ ਵੀ ਬਹੁਤ ਸਾਰੇ ਕਵੀ ਲੇਖਕ ਹਰ ਰਚਨਾ ਪਹਿਲਾਂ ਹੱਥ ਨਾਲ ਹੀ ਲਿਖਦੇ ਨੇ ਫਿਰ ਭਾਵੇਂ ਉਸਨੂੰ ਟਾਈਪ ਕਰ ਲੈਣ । ਸਿੱਧਾ ਕੀ-ਬੋਰਡ ‘ਤੇ ਉਂਗਲਾਂ ਚਲਾ ਮੈਂ ਅੱਜ ਤਕ ਕੋਈ ਰਚਨਾਤਮਿਕ ਸਤਰ ਨਹੀਂ ਲਿਖ ਸਕਿਆ । ਕੀ-ਬੋਰਡ ਨਾਲ ਲਿਖੇ ਅੱਖਰ ਬੇਜ਼ਾਨ ਲਗਦੇ ਨੇ ।
ਹੱਥ ਨਾਲ ਲਿਖਣਾ ਹੀ ਦਰਅਸਲ ਲਿਖਣਾ ਹੈ । ਇਸ ਤਰ੍ਹਾਂ ਕਰਦਿਆਂ ਇਉਂ ਲਗਦਾ ਹੈ ਜਿਵੇਂ ਖੂਨ ਸਿਆਹੀ ਬਣ ਕੇ ਕਲਮ ਰਾਹੀਂ ਕਾਗਜ਼ ਦੇ ਦਿਲ ਨੂੰ ਧੜਕਾ ਰਿਹਾ ਹੋਵੇ । ਹੱਥ ਨਾਲ ਲਿਖੇ ਅੱਖਰ ਹੀ ਜਿਉਂਦੇ ਜਾਗਦੇ ਲਗਦੇ ਹਨ ... ਹਸਦੇ ,ਰੋਂਦੇ , ਬੇਚੈਨ , ਸ਼ਾਂਤ ...। ਧਰਤੀ ਇਹਨਾ ਹੱਥਾਂ ਵਿਚਦੀ ਘੁੰਮਣ ਲਗਦੀ ਹੈ , ਇਹਨਾਂ ਹੱਥਾਂ ਵਿਚਦੀ ਸੂਰਜ ਚੜਦਾ ਛਿਪਦਾ ਹੈ । ਹੱਥ ਨਾਲ ਲਿਖਦਿਆਂ ਰੁੱਤਾਂ ਆਉਂਦੀਆਂ ਜਾਂਦੀਆਂ ਹਨ । ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ਵੱਡ-ਆਕਾਰੀ ਕਾਵਿ-ਪੁਸਤਕ ‘ ਲੀਲਾ ’ ਵਿਚ ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਦੀਆਂ ਹੱਥ-ਲਿਖਤਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਹ ਹੱਥ-ਲਿਖਤਾਂ ਮਨੁੱਖੀ ਸੱਭਿਆਤਾਵਾਂ ਦੀਆਂ ਅਨੰਤ ਕਥਾਵਾਂ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠੀਆਂ ਹਨ ।
16.06.2000
ਰਿਕਸ਼ਿਆਂ ਦੀ ਲੰਬੀ ਕਤਾਰ ਹੈ । ਸਭ ਦੇ ਚਾਲਕ ਹੈਂਡਲਾਂ ਨੂੰ ਹੱਥ ਪਾਈ ਤਿਆਰ ਖੜ੍ਹੇ ਹਨ ਤੇ ਸਟੇਸ਼ਨ ਤੋਂ ਬਾਹਰ ਆ ਰਹੀਆਂ ਸਵਾਰੀਆਂ ਨੂੰ ਇਸ ਤਰ੍ਹਾਂ ਦੇਖ ਰਹੇ ਹਨ ,ਜਿਵੇਂ ਉਹਨਾ ਦੇ ਕਿਸੇ ਖਾਸ ਮਹਿਮਾਨ ਨੇ ਆਉਣਾ ਹੋਵੇ ।
ਮੈਂ ਤੇ ਦੇਵਨੀਤ ਇਕ ਰਿਕਸ਼ੇ ਵੱਲ ਵਧਦੇ ਹਾਂ । ਅਸੀਂ ਇਸੇ ਰਿਕਸ਼ੇ ਵੱਲ ਕਿਉਂ ਆਏ ? ਦੂਜੇ ਰਿਕਸ਼ੇ ਕਿਉਂ ਛੱਡ ਦਿੱਤੇ ?
“ ਫਤਿਹਪੁਰੀ ਮਸਜਿਦ ਕੇ ਪਾਸ ?”
“ ਪੰਦਰਾਂ ਰੁਪਏ ”
ਅਸੀਂ ਰਿਕਸ਼ੇ ‘ਤੇ ਬੈਠਣ ਲਗਦੇ ਹਾਂ । ਉਹ ਫਿਰ ਪੁਛਦਾ ਹੈ , “ ਸਾਬ੍ਹ ਜੀ ਕਹਾਂ ?”
“ ਫਤਿਹਪੁਰੀ ਮਸਜਿਦ ਕੇ ਪਾਸ ”
ਉਹ ਮੁਸਕ੍ਰਾਉਂਦਾ ਹੋਇਆ ਆਖਦਾ ਹੈ, “ ਪੈਸੇ ਕਮ ਬਤਾ ਦੀਏ , ਚਲੋ ਅਬ ਤੋ ਲੇ ਹੀ ਚਲੂੰਗਾ ...”
“ ਵੀਹ ਬਣਦੇ ਨੇ , ਵੀਹ ਲੈ ਲਈਂ ” ਮੈਂ ਕਿਹਾ
“ ਸਾਬ੍ਹ ਆਪ ਨਾ ਦੇਤੇ ... ਮੈਂ ਤੋ ਫਿਰ ਵੀ ਲੇ ਜਾਤਾ ”
ਪੁਲ ਦੇ ਹੇਠੋਂ ਦੀ ਰਿਕਸ਼ਾ ਕੱਢਦਿਆਂ ਉਹ ਹੌਲੀ ਹੌਲੀ ਅੱਗੇ ਵਧਣ ਲਗਦਾ ਹੈ । ਮੈਂ ਆਪਣੀ ਆਦਤ ਮੁਤਾਬਿਕ ਪੁਛਦਾ ਹਾਂ , “ ਕਿਤਨੇ ਸਾਲ ਹੋਗੇ ਰਿਕਸ਼ਾ ਚਲਾਤੇ ”
‘ਬਹੁਤ’ ਕਹਿੰਦਿਆਂ ਉਹ ਆਪਣੇ ਹੱਥ ਮੇਰੇ ਵੱਲ ਕਰਦਾ ਹੈ । ਹੱਥਾਂ ਦੇ ਅੱਟਣ ਕੋਈ ਅਣਬੁੱਝੀ ਲਿਪੀ ਲੱਗੇ । ਉਹ ਕੁਝ ਕਹਿੰਦੇ ਜੋ ਜਾਣੀਆਂ-ਪਛਾਣੀਆਂ ਲਿਪੀਆਂ ਨਹੀਂ ਕਹਿੰਦੀਆਂ । ਮੈਨੂੰ ਇਹ ਅੱਟਣ ਸਾਲਾਂ ਦੇ ਰਹਿਣ ਲਈ ਆਲ੍ਹਣਾ ਲੱਗੇ ।
‘ਕਹਾਂ ਕਹਾਂ ਚਲਾਇਆ ਹੈ ਆਪ ਨੇ ਰਿਕਸਾ ?’
‘ਅਲਹਾਬਾਦ, ਲਖਨਊ, ਬੜੌਦਾ ਔਰ ਅਬ ਦਿੱਲੀ...’
‘ਕਿਤਨੇ ਬੱਚੇ ਹੈਂ ਆਪ ਕੇ ?’
‘ਦੋ ਹੈਂ ਸਾਬ੍ਹ ... ਏਕ ਲੜਕੀ ਸਕੂਲ ਜਾਤਾ ਹੈ ...ਲੜਕਾ ਅਬੀ ਛੋਟੀ ਹੈ...’ ਉਹ ਦੱਸਣ ਲਗਦਾ ਹੈ ਜਿਵੇਂ ਉਸਨੂੰ ਪਤਾ ਹੋਵੇ ਕਿ ਅਗਲਾ ਸਵਾਲ ਮੈਂ ਇਹੀ ਕਰਾਂਗਾ ਕਿ ਉਹ ਪੜ੍ਹਦੇ ਹਨ ਜਾਂ ਨਹੀਂ । ਮੈਂ ਉਸ ਨੂੰ ਅੱਗੇ ਪੁੱਛਣ ਲੱਗਿਆ ਸਾਂ ਕਿ ਉਹ ਦਿਨ ਵਿਚ ਕਿੰਨੇ ਕਮਾ ਲੈਂਦਾ ਹੈ , ਪਰ ਦੇਵਨੀਤ ਮੈਨੂੰ ਰੋਕ ਦਿੰਦਾ ਹੈ । ਉਸਨੂੰ ਡਰ ਹੈ ਕਿ ਰਿਕਸ਼ਾ ਚਲਾਉਂਦਿਆਂ,ਬੋਲਦਿਆਂ ਇਹਦਾ ਦਮ ਨਾ ਚੜ੍ਹ ਜਾਵੇ ।
ਕਈ ਉਤਰਾਈਆਂ ਉਤਰਦੇ ਚੜ੍ਹਾਈਆਂ ਚੜ੍ਹਦੇ ਅਸੀਂ ਆਪਣੇ ਟਿਕਾਣੇ ‘ਤੇ ਪਹੁੰਚ ਜਾਂਦੇ ਹਾਂ ।

29.03.10
ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਸੀ , ਕੀ ਇਸੇ ਕਰਕੇ ਇਹ ਸ਼ਹਿਰ ਮੇਰੇ ਸੁਪਨਿਆਂ ‘ਚ ਆਉਂਦਾ ਹੈ, ਮੇਰੀ ਕਵਿਤਾ ‘ਚ ਗਾਉਂਦਾ ਹੈ ? ਚੰਡੀਗੜ੍ਹ ਇਧਰਲੇ ਪੰਜਾਬ ਦੀ ਰਾਜਧਾਨੀ ਹੈ , ਪਰ ਮੇਰਾ ਇਹਦੇ ਨਾਲ ਉਹ ਸੰਬੰਧ ਨਹੀਂ ,ਜੋ ਲਾਹੌਰ ਨਾਲ ਹੈ । ਜਦੋਂ ਕਿ ਮੈਂ ਲਾਹੌਰ ਕਦੇ ਨਹੀਂ ਦੇਖਿਆ ਤੇ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਗਾਹੀਆਂ ਹਨ । ਲਾਹੌਰ ਨਿਰਾਪੁਰਾ ਸ਼ਹਿਰ ਨਹੀਂ ਹੈ । ਇਹ ਅਹਿਸਾਸ ਦਾ ਉਹ ਰੁੱਖ ਹੈ ; ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ।
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਦੀ ਫੋਲ਼ਾ-ਫਾਲ਼ੀ ਕਰਦਿਆਂ ਲਾਹੌਰ ਕੋਲ ਰੁਕ ਜਾਂਦਾ ਹਾਂ । ਕਿੰਨੇ ਰਾਜਿਆਂ ਮਹਾਂਰਾਜਿਆਂ ਨਾਲ ਤਾਂ ਇਹਦਾ ਸੰਬੰਧ ਰਿਹਾ ਹੀ ਹੈ , ਵਿਦਿਆ , ਸਾਹਿਤ ਤੇ ਕਲਾ ਨਾਲ ਵੀ ਇਹਦੀ ਸਾਂਝ ਰਹੀ ਹੈ । ਮਾਰਚ 29,1848 ਨੂੰ ਲਾਹੌਰ ਅੰਗਰੇਜ਼ਾਂ ਦੇ ਅਧਿਕਾਰ ਹੇਠ ਆਇਆ । ਮੂੰਹ ਕੁਸੈਲਾ ਹੋ ਗਿਆ । ਅੰਗਰੇਜ਼ ਤਾਂ ਅਸੀਂ ਭਜਾ ਦਿੱਤੇ , ਪਰ ਵੰਡੇ ਪੰਜਾਬ ਦੇ ਵੰਡੇ ਵਾਸੀ ਇਸ ਦਰਦ ਨੂੰ ਕਿਵੇਂ ਭਜਾਉਣ ? ਸ਼ਾਇਰ ਚੰਦਨ ਦੀ ਕਵਿਤਾ ‘ਲਹੌਰ ਚਿੜੀਆ ਘਰ ਦਾ ਚਿੱਟਾ ਮੋਰ’ ਯਾਦ ਆਉਂਦੀ ਹੈ । ਮੈਂ ਉਹਦੀ ‘ਅੰਨਜਲ’ ਚੁੱਕਦਾ ਹਾਂ :
ਮੋਰ ਨਈਂ ਇਹ ਜਾਣਦਾ , ਇਹ ਕਿੰਨਾ ਕੁਹਜਾ ਏ ।
ਹਰ ਸ਼ੈਅ ਤੋਂ ਰੰਗ ਉਤਾਰੀਏ , ਫਿਰ ਕੁਛ ਨਾ ਸੁਹਜਾ ਏ ।।

ਇਹ ਕਵਿਤਾ ਮੈਂ ਕਈ ਵਾਰ ਪੜ੍ਹੀ ਹੈ । ਪਰ ਅੱਜ ਜਦੋਂ ਲਾਹੌਰ ਦੇ ਪ੍ਰਸੰਗ ‘ਚ ਮੁੜ ਤੋਂ ਪੜ੍ਹਦਾ ਹਾਂ ਤਾਂ ਪੰਜਾਬ ਦੇ ਟੁਕੜੇ ਮੇਰੇ ਸਾਹਵੇਂ ਚਿੱਟੇ ਮੋਰ ਦੇ ਰੂਪ ‘ਚ ਸਾਕਾਰ ਹੁੰਦੇ ਹਨ । ਜਿਵੇਂ ਮੋਰ ਨਹੀਂ ਜਾਣਦਾ ਕਿ ਉਹ ਕਿੰਨਾ ਕੁਹਜਾ ਹੈ ਉਵੇਂ ਇਹਨਾ ਟੁਕੜਿਆਂ ਦੇ ਵਾਸੀ ਧੁਰ ਅੰਦਰੋਂ ਇਹ ਆਵਾਜ਼ ਸੁਣਦੇ ਹਨ ਕਿ ਹਰ ਸ਼ੈਅ ਤੋਂ ਰੰਗ ੳਤਾਰਨ ਨਾਲ ਕੁਝ ਵੀ ਸੁਹਜਾ ਨਹੀਂ ਰਹਿੰਦਾ । ਮੋਰ ਦੀ ਕੂਕ ਹੀ ਸਾਡੇ ਦਿਲਾਂ ਦੀ ਹੂਕ ਹੈ । ਕੋਈ ਮੋਰ ਬੇਰੰਗਾ ਨਾ ਹੋਵੇ । ਲਾਹੌਰ ਨਾਲ ਮੇਰਾ ਵਾਹ ਕਵਿਤਾ ਦਾ ਵਾਹ ਹੈ । ਸ਼ਾਇਦ ਇਸੇ ਲਈ ਮੇਰੀ ਇਕ ਕਵਿਤਾ ਵਿਚ ਰੇਲ-ਗੱਡੀ ਦਿੱਲੀ ਪਹੁੰਚ ਜਾਂਦੀ ਹੈ ਤੇ ਮੁਸਾਫਿਰ ਲਾਹੌਰ ।
ਲਾਹੌਰ ਬਹੁਤ ਨੇੜੇ ਹੈ । ਲਾਹੌਰਨਾਂ ਦੀ ਬੋਲੀ ਦੇ ਅਰਥਾਂ ਜਿੰਨਾ ਨੇੜੇ । ਫਿਰ ਵੀ ਬੰਦੇ ਦਾ ਦੁਖਾਂਤ ਦੇਖੋ ਕਿ ਮੈਂ ਆਪਣੇ ਪਾਸਪੋਰਟ ‘ਤੇ ਸਭ ਤੋਂ ਪਹਿਲਾ ਵੀਜ਼ਾ ਲਾਹੌਰ ਦਾ ਨਹੀਂ ਲਗਵਾਉਣਾ ਚਾਹੁੰਦਾ । ਮੈਨੂੰ ਡਰ ਹੈ ਕਿ ਸ਼ਾਇਦ ਇਸ ਤੋਂ ਬਾਅਦ ਮੇਰਾ ਵੀਜਾ ਕਦੇ ਵੀ ਇੰਗਲੈਂਡ ,ਕਨੇਡਾ ਤੇ ਜਾਪਾਨ ਦਾ ਨਾ ਲੱਗੇ । ਪਾਸਪੋਰਟ ਵੀ ਮੈਂ ਤੇ ਦੇਵਨੀਤ 10 ਸਾਲ ਪਹਿਲਾਂ ਜਾਪਾਨ ਵਾਸੀ ਕਵੀ ਮਿਤਰ ਪਰਮਿੰਦਰ ਸੋਢੀ ਦੇ ਕਹਿਣ ‘ਤੇ ਬਣਵਾਇਆ ਸੀ । ਅਜੇ ਤਕ ਨਵਾਂ ਨਕੋਰ ਪਿਆ ਹੈ ।
ਲਾਹੌਰ ਬਾਰੇ ਕਿੰਨੀਆਂ ਹੀ ਗੱਲਾਂ ਨੇ, ਸਾਡੇ ਸਭ ਕੋਲ, ਇਤਿਹਾਸ-ਮਿਥਿਹਾਸ ਕੋਲ,ਆਪੋ ਆਪਣੇ ਮਨਾਂ ਕੋਲ । ਹੁਣੇ ਹੁਣੇ ਅਮਰਜੀਤ ਚੰਦਨ ਦੀ ਈਮੇਲ ਆਈ ਹੈ । ਉਹਨੇ ਲਿਖਿਆ ਹੈ ਕਿ ਉਹਨੇ ਚਿੱਟੇ ਮੋਰ ਦੀ ਫੋਟੋ ਨਹੀਂ ਖਿੱਚੀ , ਉਹ ਸੋਹਣਾ ਨਹੀਂ ਸੀ ਲਗਦਾ । ਮੈਂ ਉਦਾਸ ਹੋ ਗਿਆ ਹਾਂ । ਫੋਟੋਕਾਰ ਉਹਨਾ ਥਾਵਾਂ, ਵਸਤਾਂ, ਜੀਵਾਂ ਦੀ ਫੋਟੋ ਨਹੀਂ ਖਿਚਦਾ, ਜਿਹੜੀ ਸੋਹਣੀ ਨਹੀਂ ਲਗਦੀ ।।

23.10.10
‘ਕਵਿਤਾ ਰਚਣ ਦੇ ਹੋਰ ਵੀ ਮਾਧਿਅਮ ਹਨ । ਇਸ ਨੂੰ ਆਪਣੇ ਵਤੀਰੇ ਵਿਚ ਰਚੋ , ਜੇ ਤੁਹਾਨੂੰ ਕੁੱਤੇ ਦਾ ਸ਼ੌਕ ਹੈ ਤਾਂ ਕੁੱਤੇ ਵਿਚ ਰਚੋ । ਜੇ ਬਗਾਵਤ ਦੀ ਲਗਨ ਹੈ ਤਾਂ ਲਹੂ ਵਿਚ ਰਚੋ ।’ ਇਹ ਗੱਲਾਂ ਸਤੀ ਕੁਮਾਰ ਦੀਆਂ ਨੇ ਜਿਹੜੀਆਂ ਉਹਨੇ ‘ਮੇਰੇ ਖੱਬੇ ਵਗਦੀ ਹਵਾ’ ਵਿਚ ਕੀਤੀਆਂ ਨੇ । ਸਤੀ ਕੁਮਾਰ ਦੀ ਲੈਦਰ ਦੀ ਜੈਕਟ ‘ਤੇ ਕਾਟੋ ਵਾਂਗ ਖੇਡਦੀ ਗੁੱਤ ਮੈਨੂੰ ਹਮੇਸ਼ਾਂ ਯਾਦ ਰਹਿੰਦੀ ਹੈ । ਤਾਂਬੇ ਦੇ ਰੁੱਖ ਦੀ ਛਾਂ ਹੇਠ ਬਹਿਣ ਲਈ ਤਾਂਬੇ ਰੰਗਾ ਹੋਣ ਦੀ ਲੋੜ ਨਹੀਂ ,ਬੰਦਾ ਆਪ ਹੀ ਤਾਂਬੇ ਦਾ ਰੰਗ ਲੈ ਲੈਂਦਾ ਹੈ । ਮਾਇਆ ਜਾਲ ਦੀਆਂ ਗੱਲਾਂ ਅਦਭੁਤ ਨੇ , ਇਹ ਉਨ੍ਹਾਂ ਦੀ ਘੁਮੱਕੜੀ ਦਾ ਨਤੀਜਾ ਹੈ ,ਇਹ ਘਰੋਂ ਬਾਹਰ ਜਾਣ ਦੀ ਛੋਹ ਹੈ । ਹਰਨਾਮ ‘ਤੇ ਜਿਹੜੀ ਕਵਿਤਾ ਸਤੀ ਕੁਮਾਰ ਨੇ ਲਿਖੀ ਹੈ, ਅਜਿਹੀ ਪੰਜਾਬੀ ‘ਚ ਕੋਈ ਹੋਰ ਕਵਿਤਾ ਨਹੀਂ । ਸਤੀ ਦੇ ਮੁੜ ਸਰਗਰਮ ਹੋਣ ਦੀ ਕਥਾ ਜੁੜਦੀ ਹੈ ਅਵਤਾਰ ਜੰਡਿਆਲਵੀ ਨਾਲ । ਜੇ ਇਹਨੇ ਸੁਸ਼ੀਲ ਨਾਲ ਮਿਲਕੇ ‘ਹੁਣ’ ਜਿਹਾ ਵੱਡ-ਆਕਾਰੀ ਤੇ ਵਿਲੱਖਣ ਪੇਪਰ ਨਾ ਕੱਢਿਆ ਹੁੰਦਾ ਤਾਂ ਸਤੀ ਦੀਆਂ ਨਵੀਆਂ ਕਵਿਤਾਵਾਂ ਤੇ ਗੱਲਾਂ ਉਹਦੇ ਨਾਲ ਹੀ ਤੁਰ ਜਾਂਦੀਆਂ । ‘ਮੇਰੇ ਖੱਬੇ ਵਗਦੀ ਹਵਾ’ ਨੇ ਹੁਣ ਨੂੰ ਹਮੇਸ਼ਾਂ ਨਵਾਂ ਬਣਾਈ ਰੱਖਿਆ ਹੈ ਤੇ ਹੁਣ ਨੇ ਸਤੀ ਅੰਦਰਲੀ ਊਰਜਾ ਨੂੰ ਭਖਾਈ ਰੱਖਿਆ ਹੈ ।
ਮੈਨੂੰ ਮੇਰਾ ਮਾਸੜ ਯਾਦ ਆਉਂਦਾ ਹੈ । ਉਹ ਅਕਸਰ ਦਾਰੂ ਪੀ ਕੇ ਆਪਣੇ ਖੇਤਾਂ ‘ਚ ਜਾਂਦਾ, ਜੋ ਘਰਾਂ ਤੋਂ ਬਹੁਤ ਦੂਰ ਹੈ । ਇਥੇ ਦੋ ਤਿੰਨ ਲਲਕਰੇ ਮਾਰਦਾ ਤੇ ਆਖਦਾ , “ਚਿੱਤ ਔਖਾ ਜਾ ਹੋਇਆ ਪਿਆ ਸੀ , ਹੋਰ ਕੋਈ ਗੱਲ ਨ੍ਹੀਂ , ਇਸ ਤਰ੍ਹਾਂ ਕਰਨ ਨਾਲ ਦਾਰੂ ਹਾਜ਼ਮ ਹੋ ਜਾਂਦੀ ਹੈ ।” ਮੈਨੂੰ ਉਦੋਂ ਉਹ ਕੋਈ ਔਲੀਆ ਲਗਦਾ , ਕੋਈ ਪਹੁੰਚਿਆ ਹੋਇਆ ਕਵੀ । ਮੈਨੂੰ ਲਗਦਾ ਸਤੀ ਦਾ ਕਵਿਤਾ ਰਚਨਾ ਵਾਲਾ ਹੋਰ ਮਾਧਿਅਮ ਇਹੋ ਹੈ । ਉਹਦੀਆਂ ਅਜਿਹੀਆਂ ਗੱਲਾਂ ਕਰਕੇ ਮੈਂ ਆਪਣੀ ਮਾਸੀ ਦੇ ਨਾਲ ਨਾਲ ਮਾਸੜ ਨੂੰ ਵੀ ਪਿਆਰ ਕਰਦਾ ਤੇ ਵਲ ਪਾ ਕੇ ਵੀ ਮਿਲਨ ਜਾਂਦਾ । ਇਕ ਵਾਰ ਮੇਰੇ ਨਾਲ ਮਿਤਰ ਅਮਨ ਫਾਰਿਦ ਤੇ ਅਨੇਮਨ ਵੀ ਸਨ । ਉਹਦੀਆਂ ਅਜਿਹੀਆਂ ਗੱਲਾਂ ਸੁਣ ਅਮਨ ਅੰਦਰ ਬੁਲਾ ਜਾਗ ਪਿਆ ਤੇ ਗਾਉਣ ਲੱਗਿਆ । ਕਿੰਨੇ ਚਿਰ ਬਾਅਦ ਉਹ ਆਪਣੇ ਆਪ ‘ਚ ਆਇਆ ਤੇ ਮਾਸੜ ਨੂੰ ਜੱਫੀ ਪਾ ਕੇ ਆਖਣ ਲੱਗਿਆ , “ ਮਾਸੜਾ ! ਤੂੰ ਤਾਂ ਨਿਰਾ ਕਵਿਤਾ ਦਾ ਪੋਰਟਰੇਟ ਹੈਂ ।”
੦੦੦

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ