Monday, February 13, 2012

ਰਾਮ ਸਰੂਪ ਅਣਖੀ ਦੀਆਂ ਕਵਿਤਾਵਾਂ/ ਗੁਰਪ੍ਰੀਤ

ਰਾਮ ਸਰੂਪ ਅਣਖੀ ਨੂੰ ਤੁਰਿਆਂ ਸਾਲ ਹੋ ਚੱਲਿਆ ਹੈ ... ਹੁਣ ਉਹ ਅੱਖਰਾਂ ਚ ਹੈ , ਯਾਦਾਂ ਚ , ਤਸਵੀਰਾਂ ਚ ... ਪਿਛਲੇ ਵਰ੍ਹੇ ਇਹਨਾਂ ਦਿਨਾਂ ਚ ਉਹ ਆਪਣੇ ਨਾਵਲ ਪਿੰਡ ਦੀ ਮਿੱਟੀ ਦਾ 24 ਵੀਂ ਕਾਂਡ ਲਿਖ ਰਿਹਾ ਸੀ । ਨਾਵਲ ਨੇ ਤਾਂ ਅਜੇ ਹੋਰ ਵੀ ਅੱਗੇ ਤੁਰਨਾ ਸੀ ਪਰ ਕੁਦਰਤ ਜਿਵੇਂ ਖਾਲ੍ਹੀ ਸਫਿਆਂ ਦੇ ਮਹੱਤਵ ਨੂੰ ਆਪਣੇ ਹੀ ਢੰਗ ਨਾਲ ਸਮਝਾਉਣਾ ਚਾਹੁੰਦੀ ਸੀ ਤੇ ਬਸ ਇਹ ਉਹਦਾ ਆਖਰੀ ਨਾਵਲ ਹੋ ਨਿਭੜਿਆ ,ਜੋ ਪਿਛਲੇ ਦਿਨੀਂ ਪਿੰਡ ਦੀ ਮਿੱਟੀ ਨਾਂ ਹੇਠ ਰਿਲੀਜ਼ ਹੋਇਆ ।
             ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਣਖੀ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ । ਬਲਦੇ ਅੱਖਰਾਂ ਦਾ ਸੁਨੇਹਾ ਅਜਿਹਾ ਕਾਵਿ-ਸੰਗ੍ਰਹਿ ਹੈ : ਜਿਸ ਚ ਸ਼ਾਮਲ ਕਾਵਿ-ਰਚਨਾਵਾਂ ਦਾ ਲਿਖਣ-ਸਮਾਂ 1949 ਤੋਂ 1992 ਤੱਕ ਫੈਲਿਆ ਹੋਇਆ ਹੈ । ਇਹ ਪੁਸਤਕ ਅਣਖੀ ਹੁਰਾਂ ਨੇ ਦਸੰਬਰ 92 ਚ ਆਪਣੇ ਦਸਖ਼ਤਾਂ ਸਮੇਤ ਪਿਆਰ ਨਾਲ ਮੈਨੂੰ ਦਿੱਤੀ । ਇਹ ਦਸਖ਼ਤ ਮੇਰੇ ਲਈ ਉਹ ਸਦੀਵੀਂ ਹੱਥ ਹਨ , ਜਿਹੜੇ ਹਰ ਦੁੱਖ-ਸੁੱਖ ਚ ਮੇਰੇ ਸਿਰ ਤੇ ਹੁੰਦੇ ਹਨ ।
           ਬਹੁਤੇ ਕਵੀ ਪੰਜਾਬੀ ਭਾਸ਼ਾ ਚ ਕਵਿਤਾ ਲਿਖਦੇ ਹਨ ਪਰ ਉਹ ਪੰਜਾਬੀ ਕਵਿਤਾ ਨਹੀਂ ਹੁੰਦੀ । ਪਰ ਅਣਖੀ ਦੀਆਂ ਕਵਿਤਾਵਾਂ ਅਸਲ ਚ ਪੰਜਾਬੀ ਕਵਿਤਾਵਾਂ ਹਨ , ਜਿਹਨਾਂ ਚ ਪੰਜਾਬੀ ਸੁਭਾਅ ਦੇ ਸਹਿਜ ਤੇ ਸੁਹਜ ਨੂੰ ਜਾਣਿਆਂ ਜਾ ਸਕਦਾ ਹੈ । ਇਹਨਾਂ ਕਵਿਤਾਵਾਂ ਚ ਮਾਲਵੇ ਦੇ ਉਹਨਾਂ ਸ਼ਬਦਾਂ ਦੀ ਰੂਹ ਹੈ ਜਿਹੜੇ ਅੱਜ-ਕੱਲ ਲੋਕ-ਬੋਲੀ ਚੋਂ ਗੁੰਮ ਗੁਆਚ ਰਹੇ ਹਨ । ਇਸ ਪੁਸਤਕ ਦੀਆਂ ਕਾਵਿ-ਰਚਨਾਵਾਂ ਅੰਦਰ ਅਣਖੀ ਦੀਆਂ ਗਲਪ ਰਚਨਾਵਾਂ ਬੀਜ ਰੂਪ ਚ ਸ਼ਾਮਲ ਹਨ । ਅਣਖੀ ਦਾ ਜੀਵਨ ਸੰਘਰਸ਼ਾਂ ਭਰਿਆ ਰਿਹਾ ਹੈ , ਇਹ ਕਵਿਤਾਵਾਂ ਇਹਨਾਂ ਦੀਆਂ ਜੀਵਨ-ਕਥਾਵਾਂ ਵੀ ਹਨ । ਆਪ ਸਭ ਦੇ ਪੜ੍ਹਨ ਲਈ ਪ੍ਰਸਤੁਤ ਨੇ ਸੁਪ੍ਰਸਿੱਧ ਗਲਪਕਾਰ ਰਾਮ ਸਰੂਪ ਅਣਖੀ ਦੀਆਂ ਕਵਿਤਾਵਾਂ :  

ਬਲਦੇ ਅੱਖਰਾਂ ਦਾ ਸੁਨੇਹਾ
1
ਨਿੱਕਾ ਸੂੰ ਰਾਗੀ ਦਾ ਪਤਾ ਲਈਂ
ਪਤਾ ਨਹੀਂ ਜਿਉਂਦਾ ਹੈ ਜਾਂ ਨਹੀਂ
ਉਹ ਜੋ ਰਜਾਦੀਆਣੇ ਟੋਭੇ ਕੋਲ
ਗੁਰੂਦੁਆਰੇ ਸੰਗਰਾਂਦ ਵਾਲੇ ਦਿਨ
ਗੁਰਬਾਣੀ ਦਾ ਕੀਰਤਨ ਕਰਦਾ
ਤੇ ਜਦੋਂ ਕਦੇ
ਗੌੜਾਂ ਦੇ ਘਰਾਂ ਕੋਲ ਸ਼ਿਵਦੁਆਲੇ ਵਿਚ
ਟੱਲੀਆਂ ਵਾਲੇ ਬਾਮ੍ਹਣ ਆਉਂਦੇ
ਤੇ ਸਾਰੀ ਸਾਰੀ ਰਾਤ ਗਾ ਗਾ ਕੇ
ਆਲਾ ਊਧਲ ਦੀ ਕਥਾ ਕਰਦੇ
ਉਹ ਉਹਨਾਂ ਦੀ ਢੋਲਕੀ ਵੀ ਵਜਾ ਆਉਂਦਾ ।।

2
ਪਰਗਾਸੋ ਤਾਂ ਹੁਣ ਤਾਈਂ
ਕਿੱਥੇ ਜਿਉਂਦੀ ਹੋਵੇਗੀ
ਉਹ ਜੋ ਦਰੌਜੇ ਆਈ
ਧੌਂਕਲ ਜੱਟ  ਦੇ ਜਾ ਬੈਠੀ ਸੀ
ਕੀ ਕਰਦੀ ਉਹ ?
ਸਿਰੀ ਰਾਮ ਲਾਲ ਪਰਨਾ ਮੋਢੇ ਰੱਖ
ਤੇ ਕੱਛ ਵਿਚ ਪੱਤਰਾ ਲੈ ਕੇ
ਜੱਟਾਂ ਦੇ ਘਰੀਂ ਬੁੜ੍ਹੀਆਂ ਨੂੰ
ਗ੍ਰਹਿ-ਚਾਲ ਦਸਦਾ ਫਿਰਦਾ ਰਹਿੰਦਾ
ਤੇ ਉਹ ਸੱਸ ਦੀਆਂ
ਤੱਤੀਆਂ ਠੰਡੀਆਂ ਸੁਣਦੀ
ਮੰਗਖਾਣੇ ਟੱਬਰ ਵਿਚ ਆ ਕੇ
ਆਪਣੀ ਜੁਆਨੀ ਨੂੰ ਝੂਰਦੀ
ਕੀੜੇ ਪੈਣੇ ਵਿਚੋਲੇ ਦਾ ਸੋਗ ਮਨਾਉਂਦੀ
ਉਹ ਨਹੀਂ ਤਾਂ ੳਹਦੇ ਮੁੰਡੇ ਹੋਣਗੇ
ਸੁਣਿਆ ਸੀ
ਉਹਨੇ ਧੌਨਕਲ ਦੇ ਚਾਰ ਮੁੰਡੇ ਜੰਮੇ ਸੀ
ਪਤਾ ਪਰੀਂ
ਉਹ ਆਪਣੀ ਮਾਂ ਦਾ ਸ਼ਰਾਧ
ਕਰਦੇ ਨੇ ਕਿ ਨਹੀਂ ?
ਚਿੱਭੜਾਂ ਦੀ ਚਟਣੀ
ਚਿੱਭੜਾਂ ਦੀ ਚਟਣੀ
ਅੱਜ ਬੜੀ ਸੁਆਦ ਲੱਗੀ ਦੋਸਤੋ !

ਆਲੂ ਬੈਂਗਣ ਮੂਲੀਆਂ
ਤੇ ਚੌਲਿਆਂ ਦੀਆਂ ਫਲੀਆਂ
ਸਭ ਹਨ ਫਿਕਲੀਆਂ
ਰੁਪਈਆ ਕਿਲੋ ਜਿਹਨਾਂ ਦੀਆਂ ਕੀਮਤਾਂ
ਗੋਭੀ ਡੇਢ ਰੁਪਈਆ
ਟਮਾਟਰ ਵੀ
ਹੋਰ ਤਾਂ ਹੋਰ
ਕੱਦੂ ਤੇ ਰਾਮਤੋਰੀਆਂ ਦੀ ਵੀ ਮੜਕ ਭਾਰੀ ਹੈ
ਇਸ ਸ਼ਹਿਰ ਵਿਚ
ਕੋਈ ਵੀ ਸ਼ਬਜੀ ਸੁਆਦ ਨਹੀਂ

ਸਕੂਲ ਵਿਚ ਇਕ ਮੁੰਡੇ ਨੇ
ਚਿੱਭੜ ਲਿਆਂਦੇ ਬਸਤਾ ਭਰਕੇ
ਗੋਲ ਗੋਲ ਲੰਮੇ ਲੰਮੇ ਕਿਰੇ ਕਿਰੇ
ਚਿੱਭੜਾਂ ਦੀ ਚਟਣੀ ਬੜੀ ਸੁਆਦ ਸੀ

ਹੁਣ ਤਾਂ ਨਿੱਤ
ਚਿੱਭੜਾਂ ਦਾ ਹੀ ਕੂੰਡਾ-ਘੋਟਾ ਖੜਕਦਾ ਹੈ
ਚਿੱਭੜ ਉਂਜ ਵੀ ਬੜੇ ਸੁਆਦ ਹੁੰਦੇ ਨੇ
ਆਂਡੇ ਵਾਂਗ
ਚਿੱਭੜ ਵਿਚ ਸਭ ਵਿਟਮਿਨ ਹੁੰਦੇ ਨੇ

ਹੁਣ ਤਾਂ ਸਾਡੇ ਪੱਪੂ ਦਾ ਮੂੰਹ ਵੀ
ਚਿੱਭੜ ਰੰਗਾ ਹੋ ਗਿਆ ਹੈ
ਪੀਲਾ ਪੀਲਾ ਜ਼ਰਦ ਜ਼ਰਦ
ਸਾਡੀ ਛੋਟੀ ਕੁੜੀ ਦਾ ਢਿੱਡ
ਬਸ ਜਿਵੇਂ ਚਿੱਭੜ ਬੰਨ੍ਹਿਆ ਹੋਵੇ

ਸਬਜ਼ੀਆਂ ਦਾ ਤਿਆਗ ਕਰਕੇ
ਚਿੱਭੜਾਂ ਦੀ ਚਟਣੀ
ਇਕ ਉਚੇਚੀ ਬੱਚਤ ਹੈ
ਆਪਣੇ ਦੇਸ਼ ਲਈ ।।
ਲੱਲ੍ਹਰ
ਸੱਤਰ ਘੁਮਾਂ ਦਾ ਮਾਲਕ ਮੇਰਾ ਬਾਪੂ
ਜਦੋਂ ਅੱਧੀ ਜ਼ਮੀਨ ਗਹਿਣੇ-ਬੈਅ
ਧਰ-ਧਰ ਖਾ ਗਿਆ
ਤਾਂ ਉਹਦੀ ਇਕੋ ਇਕ ਆਸ
ਮੇਰੇ ਉੱਤੇ ਆ ਟਿਕੀ

ਬਾਪੂ ਦੀ ਵੱਡੀ ਛਾਲ
ਉਹਦਾ ਪੁੱਤ ਪੜ੍ਹ-ਲਿਖਕੇ
ਮਾਲ-ਪਟਵਾਰੀ ਬਣੇਗਾ
ਗਹਿਣੇ ਧਰੀ ਪਈ ਸਾਰੀ ਜ਼ਮੀਨ
ਛੁਡਾ ਲਵੇਗਾ
ਤੇ ਫੇਰ...
ਸੱਤਰ ਦੀ ਸੌ ਘੁਮਾਂ ਬਣਾ ਦੇਵੇਗਾ
ਉਹ ਲੰਮਾ ਟੌਰਾ ਛੱਡ ਕੇ
ਤੁਰਲੇ ਵਾਲੀ ਪੱਗ ਬੰਨ੍ਹ
ਹਿੱਕ ਕੱਢਕੇ ਸ਼ਰੀਕਾਂ ਵਿਚ ਬੈਠੈਗਾ

ਪਰ ਮੈਂ ਬਾਰਾਂ ਜਮਾਤਾਂ ਪਾਸ ਕੀਤੀਆਂ
ਤੇ ਸਕੂਲ-ਮਾਸਟਰ ਬਣ ਗਿਆ
ਬਾਪੂ ਦਾ ਸੁਪਨਾ
ਮਿੱਟੀ ਵਿਚ ਮਿਲਕੇ ਰਹਿ ਗਿਆ
ਉਹ ਚੁੱਪ ਚੁੱਪ ਰਹਿੰਦਾ
ਕਦੇ ਮੇਰੇ ਵੱਲ ਘੂਰ ਘੂਰ ਝਾਕਦਾ

ਰਾਤਾਂ ਦੀ ਖਾਮੋਸ਼ੀ ਵਿਚ
ਲਾਲਟੈਣ ਬਾਲਕੇ
ਮੈਂ ਪੜ੍ਹਦਾ ਕਿਤਾਬਾਂ
ਹੋਰ ਜਮਾਤਾਂ ਪਾਸ ਕਰਨ ਲਈ
ਅੱਧੀ ਰਾਤ ਤੱਕ ਬੈਠਦਾ

ਬਾਪੂ ਇਕ ਦਿਨ ਖਿਝਕੇ ਬੋਲਿਆ--
ਕਿਉਂ ਅੱਖਾਂ ਗਾਲ਼ੀਂ ਜਾਨੈਂ ?
ਕਿਉਂ ਐਵੇਂ ਤੇਲ ਫੂਕਦੈਂ ?
ਹੁਣ ਤੂੰ ਹੋਰ ਕਿਹੜਾ ਲੱਲ੍ਹਰ ਲਾ ਦੇਵੇਂਗਾ ?

ਜਮਾਤਾਂ ਤਾਂ ਜਿਹੜੀਆਂ ਮੈਂ
ਪਾਸ ਕੀਤੀਆਂ ਜਾਂ ਨਾ ਕੀਤੀਆਂ
ਪਰ ਲੱਲ੍ਹਰ ਜ਼ਰੂਰ ਲਾ ਦਿੱਤਾ
ਆਖਰ ਇਕ ਲੇਖਕ ਤਾਂ ਬਣਿਆ

ਇਹ ਦੱਸਣ ਲਈ
ਕਿ ਮਾਲ-ਪਟਵਾਰੀ ਬਣਕੇ
ਇਕ ਘਰ ਉੱਠ ਸਕਦੈ
ਪਰ ਮੇਰੀ ਕਲਮ
ਉਸ ਸੁਪਨੇ ਦੀ ਖੌਜ ਵਿਚ ਹੈ
ਕਿ ਥੁੜ-ਟੁੱਟੇ ਸਾਰੇ ਘਰ ਉੱਠ ਸਕਣ ।।
 ਬਾਪੂ ਮੇਰਾ ਸੱਤਰ ਸਾਲ ਦਾ
ਬਾਪੂ ਮੇਰਾ ਸੱਤਰ ਸਾਲ ਦਾ
ਘੁਣ ਦਾ ਖਾਧਾ ਮੁੱਢ ਪੁਰਾਣਾ
ਖੰਘ ਦਾ ਲੋਗੜ ਸੁੱਟਦਾ ਫਿਰਦਾ
ਨਿਰੀ ਬੀਮਾਰੀ
ਜੁਆਨ ਉਮਰ ਤੋਂ ਹੀ
ਉਸ ਦਾ ਸਾਥੀ
ਸ਼ਾਹ ਦਾ ਕਰਜ਼ਾ

ਸੁੱਖ ਕਦੇ ਨਾ ਰੱਜਕੇ ਤੱਕਿਆ

ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਸਰਕਾਰੀ ਨੌਕਰ
ਤਨਖਾਹ ਕੀ ਮੇਰੀ
ਦੁੱਧ ਚਾਹ ਗੁੜ
ਲੱਕੜ ਆਟਾ ਦਾਲ
ਨੰਗ ਢਕਣ ਦੇ ਬਿਲ
ਮਸਾਂ ਹੀ ਪੂਰੇ

ਬਾਪੂ ਦੇ ਹੱਥ ਕਦੇ ਨਾ ਥੱਕਿਆ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਜਦੋਂ ਕਦੇ ਵੀ ਪਿੰਡ ਹਾਂ ਜਾਂਦਾ
ਬਾਪੂ ਮੇਰਾ ਖਿੜ ਖਿੜ ਹਸਦਾ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਬਾਪੂ ਨੂੰ ਅਭਿਮਾਨ ਬੜਾ

ਉਸ ਦੀਆਂ ਅੱਖਾਂ ਵਿਚ ਬੈਠਾ
ਸ਼ਾਹ ਦਾ ਕਰਜ਼ਾ
ਜਿਹੜਾ ਮੈਂ ਲਾਹੁਣਾ ਹੈ
ਬਾਪੂ ਪੂਰਾ ਆਸਵਾਨ ਹੈ

ਬਾਪੂ ਮੇਰਾ ਨੱਬੇ ਸਾਲ ਦਾ
ਸੱਤਰ ਤਾਂ ਹੈ ਗਿਣਤੀ ਐਂਵੇਂ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਬਾਪੂ ਨੂੰ ਅਭਿਮਾਨ ਬੜਾ ।।

ਲਾਲਸਾ
ਆਮ ਮਨੁੱਖ
ਜਿਉਂਦਾ ਹੈ
ਜਾਂ ਮਰਿਆ
ਇਕੋ ਗੱਲ ਹੈ

ਕਿਸੇ ਮਾਲਾ ਦਾ ਵੱਡਾ ਮਣਕਾ
ਮੇਰੀ ਲਾਲਸਾ

ਕੋਈ ਅਜਿਹਾ ਦਿਨ
ਮੈਨੂੰ ਦਿਸਦਾ ਨਹੀਂ
ਜਿਸ ਦਿਨ ਸਵੇਰੇ ਸਵੇਰੇ
ਮੈਂ ਜਾਗਾਂ
ਤਾਂ ਮੇਰੇ ਕੰਨਾਂ ਵਿਚ
ਮੇਰੇ ਹੀ ਨਾਮ ਦੀ ਗੂੰਜ ਹੋਵੇ ।।
ਅਸੀਂ ਤਾਂ ਕੰਡੇ ਚੁਗਦੇ ਰਹਿਣਾ
ਅਸੀਂ ਤਾਂ ਕੰਡੇ ਚੁਗਦੇ ਰਹਿਣਾ
ਸਾਡੇ ਪੈਰੀਂ ਚੱਕਰ ਲਿਖਿਆ
ਅਸੀਂ ਕਦੇ ਨਾ ਟਿਕ ਕੇ ਬਹਿਣਾ

ਇਕ ਤਾਰਾ ਸਾਡਾ ਅੰਬਰੋਂ ਟੁੱਟਿਆ
ਇਕ ਦਿਲ ਸਾਡਾ ਰੇਤੇ ਰਲਿਆ
ਇਕ ਅੱਗ ਪਹਿਲੀ ਕੋਲ ਰਹੀ ਨਾ
ਕਿੰਜ ਫੜੀਏ ਕੋਈ ਨਵਾਂ ਟਟਹਿਣਾ

ਦਿਲ ਤਾਂ ਸਾਡਾ ਕੱਚ ਦਾ ਟੋਟਾ
ਜੀਭ ਤਾਂ ਸਾਡੀ ਠਾਕੀ ਹੋਈ
ਹੰਝੂ ਸਾਡੇ ਰੱਤ ਜਿਗਰ ਦੀ
ਹੋਰ ਅਸਾਂ ਕੀ ਵਧ ਕੇ ਕਹਿਣਾ

ਅਸੀਂ ਤਾਂ ਮਿੱਟੀ ਛਾਨਣ ਆਏ
ਅਸੀਂ ਤਾਂ ਦਰਦ ਵਿਹਾਜਣ ਆਏ
ਜੀਵਨ ਸਾਡਾ ਹਿਜਰ-ਦਸੌਂਟਾ
ਅਸੀਂ ਤਾਂ ਫੱਟ ਜਿਗਰ ਤੇ ਸਹਿਣਾ
ਜੰਗਲ
ਹੇ ਮਾਂ !
ਤੂੰ ਮੇਰੀ ਕੁੰਤੀ ਮਾਂ ਹੈਂ !
ਮੈਂ ਤੇਰਾ ਪੁੱਤ
ਭੀਮ ਪੁੱਤ ਹਾਂ

ਇਹ ਸਾਡਾ ਸਾਰਾ ਸੰਸਾਰ
ਇਕ ਜੰਗਲ ਹੈ
ਜੰਗਲ ਜਿਸ ਵਿਚ
ਨਾ ਖਾਣ ਨੂੰ ਕੁਝ ਹੈ
ਨਾ ਪੀਣ ਨੂੰ ਕੁਝ ਹੈ

ਦੂਰ ਕਿਤੇ ਦੂਰ
ਕਿਸੇ ਜਲਚਰ ਪੰਛੀ ਦੀ ਆਵਾਜ਼
ਨਹੀਂ ਸੁਣਦੀ
ਮਾਂ !
ਮੇਰੀ ਤੇਰੀ ਭੁੱਖ-ਤੇਹ
ਮਿਟਾਉਣ ਦੇ ਹੀਲੇ ਵਿਚ ਹਾਂ

ਪਰ ਜੇ ਕਿਧਰੋਂ
ਕੋਈ ਆ ਜਾਵੇ ਹਿਡੰਬਾ
ਤੇ ਉਹ ਤੇਰੇ ਕੋਲੋਂ
ਮੈਨੂੰ ਮੰਗ ਲਵੇ
ਤਾਂ ਮਾਂ ਤੂੰ
ਤੱਥਾਸਤੂ ਕਹਿ ਦੇਈਂ !

ਭਾਵੇਂ ਜੰਗਲ ਵਿਚ ਬੈਠੇ ਹਾਂ
ਭੁੱਖ-ਤੇਹ ਨੇ ਬੜਾ ਸਤਾਇਆ
ਪਰ ਕਿਸੇ ਰਾਖਸ਼ਣੀ ਸੰਗ
ਆਕਾਸ਼ਾਂ ਵਿਚ ਉੱਡਣ ਨੂੰ
ਮੇਰਾ ਭੀਮ-ਤੱਤ ਚਾਹੁੰਦਾ ਹੈ ।।

Sunday, February 12, 2012

ਗੁਰਪ੍ਰੀਤ ਦੀ ਸਿਆਹੀ ਘੁਲ਼ੀ ਹੈoਜਸਵੰਤ ਜ਼ਫ਼ਰ


ਮੈਨੂੰ ਅਕਸਰ ਲਗਦਾ ਕਿ ਗੁਰਪ੍ਰੀਤ ਲਿਖਦਾ ਨਹੀਂ ਸਗੋਂ ਕਵਿਤਾ ਦੇ ਘਰ ਰਹਿੰਦਾਉਸ ਨੂੰ ਆਪਣੇ ਆਲੇ ਦੁਆਲੇ ਨਿਰੀ ਕਵਿਤਾ ਪਸਰੀ ਲਗਦੀ ਹੈ, ਜਿਸ ਨੁੰੰ ਉਹ ਲਗਾਤਾਰ ਪੜ੍ਹਦਾ, ਸੁਣਦਾ, ਮਾਣਦਾ ਰਹਿੰਦਾਕਦੀ ਕਦੀ ਇਸ ਨੂੰ ਹੁੰਘਾਰਾ ਭਰਦਾਇਹਨਾਂ ਹੁੰਘਾਰਿਆਂ ਦੇ ਦਸਤਾਵੇਜ਼ੀ ਰੂਪ ਨੂੰ ਗੁਰਪ੍ਰੀਤ ਦੀ ਕਵਿਤਾ ਕਂਿਹੰਦੇ ਹਨਉਹ ਏਨਾ ਵਧੀਆ ਕਵੀ ਹੈ ਕਿ ਸਹਿਜ, ਸਾਦਗੀ ਤੇ ਸ਼ਰਾਫਤ ਕਾਰਨ ਮਸ਼ਹੂਰ ਕਵੀ ਨਹੀਂ ਬਣ ਸਕਦਾਪਰ ਉਸਦੀ ਕਵਿਤਾ ਮਸ਼ਹੂਰ ਕਵੀਆਂ ਨੂੰ ਵਧੀਆ ਕਵੀ ਹੋਣ 'ਚ ਸਹਾਇਤਾ ਕਰ ਸਕਦੀ ਹੈਮੈਨੂੰ ਇਸ ਗੱਲ ਦਾ ਏਸ ਕਰਕੇ ਪਤਾ ਹੈ ਕਿ ਜਦੋਂ ਮੇਰੇ ਅੰਦਰ ਬਹੁਤ ਬੇਤਰਤੀਬੀ, ਖਿਝਣ-ਖਪਣ, ਸ਼ੋਰ-ਸ਼ਰਾਬਾ ਤੇ ਟੋਏ-ਟਿੱਬੇ ਹੁੰਦੇ ਹਨ ਤਾਂ ਕਿਸੇ ਕਵਿਤਾ ਨੇ ਮੇਰੇ ਕੋਲ ਆਉਣਾ ਤਾਂ ਕੀ ਮੇਰੇ ਵੱਲ ਝਾਕਦੀ ਵੀ ਨਹੀਂਅਜਿਹੇ ਵੇਲੇ ਇਕਾਂਤ ਵਿਚ ਜਾਂ ਟਿਕੀ ਰਾਤੇ ਗੁਰਪ੍ਰੀਤ ਦੀ ਸ਼ਾਇਰੀ ਨੂੰ ਪੜ੍ਹਾਂ ਤਾਂ ਉਹ ਮੇਰੇ ਅੰਦਰਲੀ ਖਿਝ ਅਤੇ ਸ਼ੋਰ ਨੂੰ ਚੂਸ ਲੈਂਦੀ ਹੈ, ਸਾਰੀਆਂ ਬੇਤਰਤੀਬੀਆਂ ਸ਼ਰਮਸਾਰ ਹੋ ਕੇ ਆਲੋਪ ਹੋ ਜਾਂਦੀਆਂ ਹਨ, ਟੋਏ ਟਿੱਬੇ ਪੱਧਰੇ ਹੋ ਕੇ ਮਨ ਸਬਜ਼ ਮੈਦਾਨ ਹੋ ਜਾਂਦਾ ਹੈਏਨੀ ਸੋਹਣੀ ਥਾਂ ਬਣ ਜਾਂਦੀ ਹੈ ਕਿ ਸੋਹਣੀ ਕਵਿਤਾ ਦਾ ਮੇਰੇ ਕੋਲ ਆਉਣ ਨੂੰ ਜੀ ਕਰਦਾ ਹੈਉਸ ਦੀ ਇਸ ਉਪਯੋਗਤਾ ਕਾਰਨ ਉਹ ਮੈਨੂੰ ਬਹੁਤ ਪਸੰਦ ਹੈਸਮਾਗਮਾ 'ਚ ਭਾਗ ਲੈਣ ਸਮੇਂ ਜਾਂ ਰੇਡੀਓ-ਟੀ ਵੀ ਦੀ ਰਿਕਾਰਡਿੰਗ ਸਮੇਂ ਮਿਲਣਾ ਜਾਂ ਉਸ ਨਾਲ ਸਫਰ ਕਰਨਾ ਬੜਾ ਸੁਹਾਵਨਾ ਲੱਗਦਾ ਹੈਉਸ ਨੂੰ ਮੈਂ ਅਕਸਰ ਆ ਮਿਲ ਆ ਮਿਲ ਪਿਆਰਿਆ ਕਰਦਾ ਰਹਿੰਦਾ ਹਾਂ
ਪਿਛਲੇ ਦਿਨੀਂ ਉਸ ਦੀ ਨਵੀਂ ਕਾਵਿ ਕਿਤਾਬ 'ਸਿਆਹੀ ਘੁਲ਼ੀ ਹੈ' ਛਪੀਕੋਈ ਰਿਲੀਜ਼ ਸਮਾਗਮ ਨਹੀਂ ਹੋਇਆ, ਨਾ ਕੋਈ ਭਾਸ਼ਨ ਨਾ ਕੋਈ ਰਾਸ਼ਨ, ਨਾ ਕੋਈ ਚਰਚਾ ਨਾ ਕੋਈ ਖਰਚਾ'ਉਸ ਕੋਲ ਪੜ੍ਹਨ ਆਉਂਦੇ ਬੱਚੇ' ਇਸ ਨੂੰ ਰਿਲੀਜ਼ ਕਰਨ ਵਾਲੇ ਸਨ, ਉਹੀ ਮੁਖ ਮਹਿਮਾਨ ਤੇ ਉਹੀ ਪ੍ਰਧਾਨ ਸਨਇਹਨਾਂ ਸਾਦ ਮੁਰਾਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਬਾਰੇ ਇਕ ਖਾਸ ਨਜ਼ਮ ਇਸ ਸੰਗ੍ਰਹਿ ਵਿਚ ਸ਼ਾਮਲ ਹੈਆਕਾਰ ਪੱਖੋਂ ਇਹ ਸਭ ਤੋਂ ਲੰਮੀ ਨਜ਼ਮ ਹੈਵਿਦਿਆਰਥੀਆਂ ਤੋਂ ਇਲਾਵਾ ਮਾਤਾ, ਪਿਤਾ, ਪਤਨੀ, ਬੱਚਿਆਂ, ਘਰ, ਪਸ਼ੂਆਂ, ਪੰਛੀਆਂ ਅਤੇ ਕਈ ਵਿਅਕਤੀਆਂ ਨਾਲ ਸਬੰਧਤ ਕਵਿਤਾਵਾਂ ਪੜ੍ਹ ਕੇ ਇਸ ਗੱਲ ਦਾ ਗਹਿਰਾ ਅਹਿਸਾਸ ਹੁੰਦਾ ਹੈ ਕਿ ਉਸਦੀ ਕਵਿਤਾ ਦਾ ਉਸ ਦੇ ਜੀਵਨ, ਰੁਜ਼ਗਾਰ, ਪਰਿਵਾਰ ਅਤੇ ਸੰਸਾਰ ਨਾਲ ਰਿਸ਼ਤਾ ਕਿੰਨਾ ਪ੍ਰਮਾਣਿਕ ਹੈਰਿਸ਼ਤਿਆਂ ਦੇ ਹਵਾਲੇ ਨਾਲ ਗੱਲ ਕਰਨ ਪਿਛੇ ਉਸਦਾ ਮਨੋਰਥ ਵੱਖਰਾ ਹੁੰਦਾ ਹੈ ਮਿਸਾਲ ਦੇ ਤੌਰ ਤੇ ਮਜ਼ਦੂਰ 'ਪਿਤਾ' ਦੀ ਸਖਤ ਮਿਹਨਤ ਭਰੀ ਜ਼ਿੰਦਗੀ ਨਾਲ ਸਬੰਧਤ ਕਵਿਤਾ ਪਾਠਕ ਦੇ ਮਨ ਵਿਚ ਹਮਦਰਦੀ ਦੀ ਬਜਾਏ ਕਿਰਤ ਦੀ ਸ਼ਾਨ ਅਤੇ ਹੁਸਨ ਦੇ ਭਾਵ ਉਪਜਾਉਂਦੀ ਹੈ'ਜਿੰਦ ਦਾ ਚਰਖਾ' ਕੱਤਦੀ ਮਾਂ ਤਰਸ ਦੀ ਪਾਤਰ ਨਹੀਂ ਸਗੋਂ ਕਿਸੇ ਦੁਰਲੱਭ ਸ਼ਬਦਕੋਸ਼ ਦਾ ਸੁਜਿੰਦ ਸਰੂਪ ਧਾਰਦੀ ਹੈਇਸਦਾ ਇਹ ਭਾਵ ਨਹੀਂ ਕਿ ਉਸਨੁੰ ਉਦਾਸੀ ਨਹੀਂ ਪੋਂਹਦੀਬਹੁਤ ਥਾਈਂ ਉਹ ਆਪਣੇ ਜਜ਼ਬਾਤ ਦੇ ਹੜ ਦੀ ਮਾਰ ਨਾਲ ਪਾਠਕ ਦੇ ਪੈਰ ਉਖਾੜ ਦਿੰਦਾ ਹੈਆਪਣਾ 'ਵਿਕਿਆ ਹੋਇਆ ਮਕਾਨ' ਛੱਡਣ ਵੇਲੇ-

ਮਾਂ ਮੇਰੀ ਬੰਨ੍ਹ ਰਹੀ
ਸਮੇਤ ਸਾਡੇ
ਆਪਣੇ ਆਪ ਨੂੰ
ਸਾਹਸ ਦੀ ਗੰਠੜੀ ਵਿਚ

ਪਿਤਾ ਬਹੁਤ ਹੀ ਪਿਆਰ ਨਾਲ
ਲਦਵਾ ਰਿਹਾ ਹੈ ਸਮਾਨ
ਇਕ ਤੋਂ ਬਾਅਦ ਦੂਜੀ ਚੀਜ਼
ਸਿਆਣਪ ਦੀ ਪੂਰੀ ਤਾਣ ਲਾਉਂਦਾ
ਸਮੇਤ ਸਾਡੇ
ਉਹ ਆਪਣੇ ਦਿਲ ਨੂੰ
ਟੁੱਟਣ ਤੋਂ ਬਚਾਉਂਦਾ
ਗੁਰਪ੍ਰੀਤ ਨੂੰ ਥੋੜ੍ਹਾ ਬਹੁਤ ਚਿਤਰਕਾਰੀ ਦਾ ਵੀ ਸ਼ੌਕ ਹੈ, ਪਰ ਉਸ ਦੇ ਲਕੀਰੀ ਚਿਤਰਾਂ ਨੇ ਮੈਨੂੰ ਬਹੁਤਾ ਪ੍ਰਭਾਵਤ ਨਹੀਂ ਕੀਤਾਪਰ ਜੋ ਦ੍ਰਿਸ਼ ਉਹ ਸ਼ਬਦਾਂ ਨਾਲ ਚਿਤਰਦਾ ਹੈ ਉਹਨਾਂ ਨੂੰ ਦੇਖ ਕੇ ਮਨ ਅਸ਼ ਅਸ਼ ਕਰ ਉਠਦਾ ਹੈਨਿਊਟਨ ਨੂੰ ਗਰੂਤਾ ਆਕਰਸ਼ਨ ਦੇ ਸਿਧਾਂਤ ਦਾ ਇਲਮ ਹੋਣ ਵੇਲੇ ਦਾ ਦ੍ਰਿਸ਼ ਦੇਖੋ ਉਸ ਨੇ ਕਿਵੇਂ ਚਿਤਰਿਆ ਹੈ-
ਸੇਬ
ਨਿਊਟਨ ਦੇ ਸਿਰ 'ਤੇ ਵੱਜਿਆ
ਜਾਂ ਉਹਦੇ ਸਾਹਮਣੇ
ਧਰਤੀ ਦੇ ਸਿਰ 'ਤੇ

ਪਰ ਇਹ ਗੱਲ ਪੱਕੀ
ਉਦੋਂ ਨਿਊਟਨ ਦਾ ਸਿਰ ਹਿੱਲਿਆ
ਧਰਤੀ ਨੂੰ ਚਾਅ ਚੜ੍ਹਿਆ

ਇਕਦਮ ਉਹ
ਨਿਊਟਨ ਬਣ ਗਿਆ
ਕਿਹਾ ਜਾਂਦਾ ਕਿ ਵੱਡਾ ਜਾਂ ਵਧੀਆ ਲੇਖਕ ਬਣਨ ਲਈ ਬੰਦੇ ਨੂੰ ਕਿਸੇ ਵੱਡੇ ਸ਼ਹਿਰ 'ਚ ਜਾ ਕੇ ਵਸਣਾ ਪੈਂਦਾਪਰ ਗੁਰਪ੍ਰੀਤ ਦਰਮਿਆਨੇ ਜਿਹੇ ਕਸਬੇ ਮਾਨਸੇ 'ਚ ਰਹਿੰਦਾਉਹ ਜਦ ਚਾਹੁੰਦਾ ਮਾਨਸੇ ਨੂੰ ਵੱਡਾ ਕਰ ਲੈਂਦਾਲੰਡਨ, ਇਟਲੀ ਜਾਂ ਪੈਰਸ ਨੂੰ ਆਪਣੇ ਕੋਲ ਬੁਲਾ ਲੈਂਦਾਜਦ ਚਾਹੁੰਦਾ ਪਾਰਲੋ, ਬਰੈਖਤ ਅਤੇ ਪਿਕਾਸੋ ਵਰਗੇ ਵੱਡੇ ਲੇਖਕਾਂ/ਕਲਾਕਾਰਾਂ ਦੀ ਸੰਗਤ ਕਰਦਾ ਜਿਵੇਂ ਉਹ ਉਸ ਦੇ 'ਗੁਆਂਢੀ' ਹੋਣਕਵਿਤਾ ਦੀ ਆਮਦ ਲਈ ਉਸਨੂੰ ਕਿਸੇ ਵੱਡੀ ਘਟਨਾ ਜਾਂ ਦੁਰਘਟਨਾ ਦੀ ਉਡੀਕ ਨਹੀਂ ਹੁੰਦੀਇਸ ਕੰਮ ਲਈ ਇਕ ਸਧਾਰਨ 'ਟਮਾਟਰ' ਹੀ ਕਾਫੀ ਹੈ-

ਦੇਖੋ ਦੇਖੋ
ਰੱਬ ਦਾ ਕਮਾਲ
ਟਮਾਟਰ ਨੇ ਲਾਲੋ ਲਾਲ

ਇਹ ਮੇਰੀ ਨਹੀਂ
ਕੁਦਰਤ ਦੀ ਕਵਿਤਾ ਹੈ

ਜਿਸ ਨੂੰ ਸਬਜ਼ੀ ਵੇਚਣ ਵਾਲਾ
ਆਪਣੇ ਆਰ ਪਰਿਵਾਰ ਲਈ
ਗਾ ਰਿਹਾ
ਸਾਨੂੰ ਬਹੁਤਾ ਕੁਝ ਆਪਣੇ ਪੱਕੇ-ਪੁਰਾਣੇ ਵਿਚਾਰਾਂ ਦੇ ਪਏ ਪਰਦਿਆਂ ਕਾਰਨ ਨਜ਼ਰ ਨਹੀਂ ਆਉਂਦਾਗੁਰਪ੍ਰੀਤ ਬਿਨਾਂ ਕਿਸੇ ਵਿਚਾਰਧਾਕ ਵਿਰੋਧ ਦੇ ਇਹਨਾਂ ਪਰਦਿਆਂ ਨੂੰ ਪਿਆਰ ਨਾਲ ਮਲਕੜੇ ਜਿਹੇ ਸਰਕਾ ਕੇ ਅਣਦਿਸਦੇ ਨੂੰ ਦਿਸਣ ਲਾ ਦਿੰਦਾ ਹੈਇਸ ਤਰ੍ਹਾਂ ਆਪਣੇ ਵਿਚਾਰਾਂ ਜਾਂ ਕਿਸੇ ਵਿਚਾਰਧਾਰਾ ਨੂੰ ਸਾਡੇ ਤੇ ਥੋਪਦਾ ਨਹੀਂ ਸਗੋਂ ਸਾਡੀ ਸੋਚ-ਪ੍ਰਨਾਲੀ ਨੂੰ ਰਵਾਂ ਕਰ ਦਿੰਦਾ ਹੈਉਸ ਦੀਆਂ ਬਹੁਤੀਆਂ ਕਵਿਤਾਵਾਂ ਦਾ ਮਹੱਤਵ ਸਮੇਂ ਤੇ ਸਥਾਨ ਦੇ ਬਦਲਣ ਨਾਲ ਬਦਲਣ ਵਾਲਾ ਨਹੀਂ, ਸਰਬਕਾਲੀ ਵਿਸ਼ਵ ਸਾਹਿਤ ਦਾ ਰੁਤਬਾ ਪਾਉਣ ਵਾਲੀਆਂ ਹਨਇਹਨਾਂ ਨੂੰ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿਚ ਅਨੁਵਾਦਿਆ ਜਾ ਸਕਦਾ ਹੈ, ਹਰ ਸੱਭਿਆਚਾਰ ਦੇ ਲੋਕਾਂ ਦੁਆਰਾ ਇਕੋ ਜਿਹਾ ਸਮਝਿਆ ਅਤੇ ਮਾਣਿਆਂ ਜਾ ਸਕਦਾਇਸ ਪ੍ਰਥਾਏ ਕਵਿਤਾ 'ਖਿਆਲ' ਦੀ ਉਦਾਹਰਣ ਦੇਖ ਸਕਦੇ ਹਾਂ-
ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਈ ਤੂੰ

ਤੂੰ ਮਿਲੀ
ਤੇ ਆਖਣ ਲੱਗੀ

ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਿਆ ਤੂੰ

ਹਸਦਿਆਂ ਹਸਦਿਆਂ
ਆਇਆ ਦੋਹਾਂ ਨੂੰ ਖਿਆਲ

ਜੇ ਨਾ ਹੁੰਦਾ ਖਿਆਲ

ਤਾਂ ਇਸ ਦੁਨੀਆਂ '
ਕੋਈ ਕਿਵੇਂ ਮਿਲਦਾ
ਇਕ ਦੂਜੇ ਨੂੰ
ਹੋਰ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਇਸ ਕਿਤਾਬ ਬਾਰੇਮੁੱਕਦੀ ਗੱਲ ਇਹ ਹੈ ਕਿ ਇਹ ਕਿਤਾਬ ਹਰ ਪੜ੍ਹਨਹਾਰੇ ਦੇ ਮਨ ਚੋਂ ਹਰ ਤਰ੍ਹਾਂ ਦੀ ਹਿੰਸਾ, ਈਰਖਾ, ਕਰੋਧ, ਕੁੜੱਤਣ ਨੂੰ ਘਟਾਉਣ ਵਾਲੀ ਹੈ ਅਤੇ ਮੁਹੱਬਤ, ਹਲੀਮੀ ਤੇ ਸੌਂਦਯ ਵਰਗੇ ਕੋਮਲ ਭਾਵਾਂ ਨੂੰ ਜਗਾਉਣ ਵਾਲੀ ਹੈਪੜ੍ਹਕੇ ਦੇਖਣਾ ਇਹ ਸਾਰੀ ਕਿਤਾਬ
ਜਸਵੰਤ ਜ਼ਫ਼ਰ
੨੮, ਬਸੰਤ ਵਿਹਾਰ, ਜਵੱਦੀ, ਲੁਧਿਆਣਾ-੧੩
੦੯੬੪੬੧-੧੮੨੦੮

Sunday, February 5, 2012

ਜਗ ਰਵੀਰਾ


ਇਸ ਕੋਟ ਦੀ
ਕੋਈ ਸਿੱਧ-ਪੁੱਠ ਨਹੀਂ

ਹੇਠੋਂ
ਧਰਤੀ ਰੰਗਾ
ਉਪਰੋਂ
ਨੀਲ-ਆਕਾਸ਼

Wednesday, October 5, 2011

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ


ਮੇਰੇ ਕੋਲ ਪੜ੍ਹਨ ਆਉਂਦੇ
ਬੱਚਿਆਂ ਦੇ ਕੁੜਤੇ
ਅਕਸਰ ਪਾਟੇ ਹੁੰਦੇ
ਕਾਜਾਂ ਕਾਲਰਾਂ ਜੇਬਾਂ ਕੋਲੋਂ

ਇਕ-ਅਧ ਬਟਨ
ਜੇ ਲੱਗਿਆ ਹੋਵੇ
ਲਾਲ ਪੀਲੇ ਕਾਲੇ ਧਾਗੇ ਨਾਲ
ਉਹ ਵੀ ਖੁਲ੍ਹਿਆ ਹੁੰਦਾ ਹੈ

ਇਹਨਾ ਦੇ ਪੈਰਾਂ ਕੋਲ
ਕਿਸੇ ਕਲੱਬ ਵੱਲੋਂ ਮਿਲੇ
ਬੂਟਾਂ ਦਾ ਮਿਹਣਾ ਹੈ
ਐਸ ਸੀ , ਬੀ ਸੀ ਨੂੰ ਮਿਲਦੇ
ਵਜੀਫੇ ਦੀ ਉਡੀਕ

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਕਿਉਂ ਰਹਿ ਜਾਂਦੇ ਉਹੋ ਜਿਹੇ
ਜਿਹੋ ਜਿਹੇ ਉਹ ਆਉਂਦੇ ਘਰੋਂ
ਬਲਕਿ ਘਰੋਂ ਆਏ ਮਾਸੂਮ
ਪੜ੍ਹ ਪੜ੍ਹ ਹੋਰ ਵੀ ਢੀਠ ਹੋ ਜਾਂਦੇ
ਪਹਿਲਾਂ ਨਾਲੋਂ ਵੱਧ ਵਿਗੜ ਜਾਂਦੇ

ਨਹੀਂ ਭਾਉਂਦੇ ਰਤਾ ਵੀ
ਮੁਖ ਅਧਿਆਪਕ ਨੂੰ
ਚੰਗੇ ਨਹੀਂ ਲਗਦੇ
ਸਭ ਭੈਣ ਜੀਆਂ ਨੂੰ
ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਬਹੁਤ ਸਹਿਜ ਲੈਂਦੇ ਨੇ
ਗਧੇ ਸੂਰ ਉਲੂ ਜਿਹੇ ਵਿਸ਼ੇਸ਼ਣ
ਮਿਡ ਡੇ ਮੀਲ ਨਾਲ ਪਾਣੀ ਵਾਂਙ ਪੀ ਜਾਂਦੇ ਨੇ

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਜਾਣਨ ਕਿੰਨਾ ਕੁਝ ਮੇਰੇ ਨਾਲੋਂ ਵੱਧ
ਫਿਰ ਵੀ ਸੁਣਦੇ ਰਹਿਣ
ਚੁੱਪ-ਚਾਪ ਮੈਨੂੰ

ਜਿਵੇਂ ਕਿਤੇ ਬੈਠਾ ਹੋਵਾਂ
ਮੈਂ ਵੀ
ਵਿਚਕਾਰ ਇਹਨਾ ਦੇ
ਪੜਾਉਂਦਿਆਂ  ਅਕਸਰ ਲਗਦਾ ਮੈਨੂੰ


ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਕਿੰਨੇ ਭੋਲੇ ਸਿੱਧੇ ਸਾਦੇ
ਆਪਣੇ ਵਰਗੇ ਆਪ

ਨਹੀਂ ਇਹਨਾ ਕੋਲ
ਕੋਈ ਸਲੀਕਾ ਸਲੂਟ
ਮਾਫ਼ ਕਰਨਾ      ਧੰਨਵਾਦ

ਉਹ ਮੂੰਹ ਫੱਟ ਨੇ
ਜਿਵੇਂ ਜੀਅ ਆਵੇ
ਬੋਲਦੇ ਨੇ     ਗਾਲਾਂ ਕਢਦੇ
ਤੁਰਦੇ ਨੇ     ਪੱਥਰਾਂ ਨੂੰ ਠੁਡੇ ਮਾਰਦੇ
ਖੇਡਦੇ ਨੇ     ਨਸੀਬਾਂ ਦੀ ਗੇਂਦ ਦਾ ਕੈਚ ਛਡਦੇ
ਲੜਦੇ ਨੇ     ਗਲਮੇ ਚ ਹੱਥ ਪਾ ਲੈਂਦੇ

ਪਿਆਰ ਕਰਨ ਦਾ ਇਹੋ ਢੰਗ

ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦਾ
ਰਹਿ ਰਹਿ ਕੇ ਮੋਹ ਕਿਉਂ ਆ ਰਿਹਾ ਹੈ ਮੈਨੂੰ ਅੱਜ


ਚਾਹਾਂ
ਦੋਸਤਾਂ ਵਾਂਙ ਤੁਰਾਂ
ਮੋਢਿਆਂ ਦੁਆਲੇ ਹੱਥ ਪਾ
ਆਪਣੇ ਵਿਦਿਆਰਥੀਆਂ ਨਾਲ

ਪਰ ਮੈਂ ਖਿਝ ਜਾਂਦਾ ਅਕਸਰ ਇਹਨਾ ਤੇ

ਮੇਰੀ ਇਹ ਖਿਝ ਕਿਸ ਵਾਸਤੇ ਹੈ ?

ਉਹ ਜੇ ਲੱਤ ਮੁਕੀ ਹੁੰਦੇ
ਇਕ ਦੂਜੇ ਦੀ ਮਾਂ ਭੈਣ ਇਕ ਕਰਦੇ
ਬੈਂਚਾਂ ਉਪਰ ਨੱਚਦੇ
ਉਚੜੀਆਂ ਕੂਹਣੀਆਂ
ਗਿੱਟੇ ਗੋਡਿਆਂ ਦੇ ਜ਼ਖਮਾਂ ਨੂੰ
ਪੱਟੀ ਨਾ ਬੰਨ੍ਹਦੇ

ਇਹਦੇ ਚ ਇਹਨਾ ਦਾ ਕੀ ਕਸੂਰ ?
ਮੈਂ ਕਿਸ ਤੋਂ ਡਰਦਾ ਹਾਂ ?

ਭਾਸ਼ਣ ਦਿੰਦਾ ਹਾਂ

ਚੁੱਪ ਹੋ ਜਾਂਦੇ
ਜਿਵੇਂ ਕਦੇ ਬੋਲੇ ਹੀ ਨਾ ਹੋਣ
ਸੁਣਦੇ ਮੈਨੂੰ

ਮੈਂ ਦਸਦਾ
ਆਪਣੇ ਜਮਾਤੀ ਬਲਵੰਤ ਭਾਟੀਏ ਬਾਰੇ
ਪਿਉ ਜੁਤੀਆਂ ਸਿਉਂਦਾ ਇਹਦਾ
ਛੁੱਟੀ ਵਾਲੇ ਦਿਨ ਦਿਹਾੜੀ ਕਰਦਾ
ਬਲਵੰਤ ਫੀਸ ਭਰਦਾ
ਅੱਜ ਬੈਂਕ ਮੈਨੇਜਰ

ਤੁਸੀਂ ਵੀ ਪੜ੍ਹੋ

ਮੈਂ ਦਸਦਾ
ਆਪਣੇ ਦੋਸਤ ਰਾਣੇ ਬਾਰੇ
ਅਰਥ-ਸ਼ਾਸ਼ਤਰ ਦਾ ਪ੍ਰੋਫੈਸਰ ਵੀ
ਇਹਦੇ ਪੁੱਛੇ ਪ੍ਰਸ਼ਨਾਂ ਤੋਂ ਤ੍ਰਹਿੰਦਾ
ਛੁੱਟੀ ਇਹਦੀ ਲੰਘਦੀ
ਬੱਠਲ ਚੱਕਦਿਆਂ  ਇੱਟਾਂ ਢੋਂਹਦਿਆਂ
ਅੱਜ ਕੱਲ ਹਾਈਕੋਰਟ
ਇਹਤੋਂ ਪੁੱਛ ਪੁੱਛ ਕੰਮ ਕਰਦੀ
ਚੰਡੀਗੜ੍ਹ ਚ ਨਿਵੇਲੀ ਕੋਠੀ

ਤੁਸੀਂ ਵੀ ਪੜ੍ਹੋ

ਮੈਂ ਆਪਣਾ ਜ਼ਿਕਰ ਛੋਂਹਦਾ
ਚੁੱਪ ਕਰ ਜਾਂਦਾ
ਆਖਦਾ ਮੁੜ ਮੁੜ

ਤੁਸੀਂ ਵੀ ਪੜ੍ਹੋ

ਮੇਰੇ ਕੋਲ
ਪੜ੍ਹਨ ਆਉਂਦੇ
ਬੱਚਿਆਂ ਦੇ ਸੁਪਨੇ

ਕਿੰਨੇ ਸਾਫ ਦਿਸਦੇ
ਮੱਥਿਆਂ ਚ ਵਜਦੇ
ਸਿਰ ਪਾੜ ਦਿੰਦੇ

ਅਸਲ

ਅਜੇ ਤਕ ਨਹੀਂ ਬਣੀ
ਕੋਈ ਖੁਰਦਬੀਨ
ਜੋ ਦੇਖ ਸਕੇ
ਮੇਰੇ ਕੋਲ ਪੜ੍ਹਨ ਆਉਂਦੇ
ਬੱਚਿਆਂ ਦੇ ਸੁਪਨੇ


ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਸ਼ਰਾਰਤੀ ਨੇ
ਸਿਰੇ ਦੇ ਸ਼ਰਾਰਤੀ

ਆਖਦੇ ਅਧਿਆਪਕ
ਸਿਰ ਫੜ੍ਹ ਲੈਂਦੇ

ਮਨ ਹੀ ਮਨ ਸੋਚਦਾ ਕਵੀ-ਮਨ
ਸ਼ੁਕਰ ਹੈ
ਇਹਨਾ ਕੋਲ ਕੁਝ ਤਾਂ ਹੈ ।।

( ਨਵੀਂ ਕਾਵਿ-ਕਿਤਾਬ ' ਸਿਆਹੀ ਘੁਲ਼ੀ ਹੈ ' ਵਿਚੋਂ )

ਬੱਚਿਆਂ ਦੇ ਕੁਮੈਂਟ ਤੇ ਕਿਤਾਬ ਰਿਲੀਜ਼

ਮੇਰੀ ਨਵੀਂ ਕਾਵਿ-ਕਿਤਾਬ ਛਪ ਗਈ ਹੈ ਇਸ ਵਿਚ ਇਕ ਕਵਿਤਾ ਹੈ ' ਮੇਰੇ ਕੋਲ ਪੜ੍ਹਨ ਆਉਂਦੇ ਬੱਚੇ ' , ਇਹ ਕਵਿਤਾ ਮੈਂ ਕੱਲ੍ਹ ਆਪਣੇ ਸੱਤਵੀਂ ਅਤੇ ਅੱਠਵੀਂ 'ਚ ਪੜ੍ਹਦੇ ਬੱਚਿਆਂ ਨੂੰ ਸੁਣਾਈ ਚੁੱਪ ਚੁੱਪ ਬੱਚਿਆਂ ਨੇ ਕੁਝ ਕੁਮੈਂਟ ਮੈਨੂੰ ਲਿਖ ਕੇ ਦਿੱਤੇ :
ਲਖਵਿੰਦਰ ਖਾਨ , ਜਮਾਤ ਸੱਤਵੀਂ : ਕਵਿਤਾ ਸੁਣਦਿਆਂ ਲੱਗਿਆ ਇਹ ਕਦੇ ਮੁੱਕੇ ਨਾ , ਮੈਂਨੂੰ ਹੁਣ ਇੰਝ ਲਗਦਾ ਹੈ ਕਿ ਮੈਂ ਵੀ ਵੱਡਾ ਹੋ ਕੇ ਕਵੀ ਬਣਾ ।।
ਪ੍ਰਦੀਪ ਕੁਮਾਰ , ਜਮਾਤ ਅੱਠਵੀਂ : ਮੈਨੂੰ ਲੱਗਿਆ ਜਿਵੇਂ ਅਸੀਂ ਹੀ ਇਸ ਕਵਿਤਾ ਦੇ ਕਰੈਕਟਰ ਹੋਈਏ ਜ਼ਿੰਦਗੀ ਜਿਉਣ ਨੂੰ ਜੀਅ ਕਰ ਆਇਆ ।।
ਗੋਬਿੰਦ ਰਾਮ ਅਤੇ ਲਖਵਿੰਦਰ , ਜਮਾਤ ਅੱਠਵੀਂ : ਸਾਨੂੰ ਇਹ ਕਵਿਤਾ ਸੁਣ ਕੇ ਇਸ ਤਰਾਂ ਲੱਗਿਆ ਜਿਵੇਂ ਸਰ ਨੇ ਸਾਡੀ ਕੋਈ ਵੀਡੀਓ ਬਣਾਈ ਹੋਵੇ ਅਤੇ ਕੁਝ ਦਿਨਾਂ ਬਾਅਦ ਸਾਡੇ ਅੱਗੇ ਪੇਸ਼ ਕਰ ਦਿੱਤੀ ਹੋਵੇ ।।
ਨਿੰਦਰਪਾਲ ਕੌਰ , ਜਮਾਤ ਅੱਠਵੀਂ :ਕਵਿਤਾ ਪੜ੍ਹ ਕੇ ਪਤਾ ਲੱਗਿਆ ਕਿ ਅਧਿਆਪਕ ਬੱਚਿਆਂ ਨੂੰਕਿੰਨਾ ਪਿਆਰ ਕਰਦੇ ਹਨ ।।
ਰਮਨਦੀਪ ਕੌਰ , ਜਮਾਤ ਅੱਠਵੀਂ : ਇਹ ਕਵਿਤਾ ਜਮਾਂ ਈ ਸਾਡੀ ਕਲਾਸ ਦੇ ਮੁੰਡਿਆਂ ਵਰਗੀ ਹੈ ।।
***** ਸਿਆਹੀ ਘੁਲ਼ੀ ਹੈ ... ਰਿਲੀਜ਼ ਹੋ ਗਈ ******

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ