Wednesday, May 4, 2011

ਕਾਮਰੇਡ !

ਅੱਜ 5 ਮਈ ਹੈ ! ਕਾਰਲ ਮਾਰਕਸ ਦਾ ਜਨਮ ਦਿਨ !! ਮੈਂ ਜਦੋਂ ਵੀ ਕਿਧਰੇ ਮਾਰਕਸ ਦਾ ਨਾਂਅ ਪੜ੍ਹਦਾ ਸੁਣਦਾ ਹਾਂ ਤਾਂ ਨਾਲ ਦੀ ਨਾਲ ਇਹਦੀ ਬਚਪਨ ਦੀ ਦੋਸਤ ਤੇ ਪਤਨੀ ਜੇਨੀ ਯਾਦ ਆਉਂਦੀ ਹੈ ,ਜਿਸ ਨੂੰ ਘਰੇਲੂ ਸੌਦੇ ਪੱਤੇ ਲਈ ਅਪਣਾ ਬਿਸਤਰ ਤਕ ਵੇਚਣਾ ਪਿਆ , ਰੜੇ ਸੌਂ ਕੇ ਵੀ ਗੁਲਾਬ ਵਾਂਙ ਖਿੜ੍ਹੀ ਰਹੀ ਹੈ ।ਇਹ ਮਾਰਕਸ ਦੀ ਅਜਿਹੀ ਸਾਥਣ ਸੀ ਜਿਸ ਤੋਂ ਸਾਥੀ ਹੋਣ ਦਾ ਮਤਲਬ ਸਮਝਿਆ ਜਾ ਸਕਦਾ ਹੈ ।
ਸਾਰੇ ਸਾਥੀਆਂ ਨੂੰ ਮਾਰਕਸ ਦੇ ਜਨਮ ਦਿਨ ਦੀ ਵਧਾਈ ..
..ਇਸ ਮੌਕੇ ਮੈਂ ਆਪਣੀ ਇਕ ਕਵਿਤਾ " ਕਾਮਰੇਡ " ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ :
 ਕਾਮਰੇਡ
ਸਭ ਤੋਂ ਪਿਆਰਾ ਲਫਜ਼ ਕਾਮਰੇਡ ਹੈ

ਕਦੇ ਕਦੇ ਮੁਖਾਤਿਬ ਹੁੰਦਾ
ਆਪਣੇ ਆਪ ਨੂੰ
ਇਸ ਲਫਜ਼ ਨਾਲ

ਜਾਗਦਾ ਮੇਰੇ ਅੰਦਰ
ਇਕ ਨਿੱਕਾ ਜਿਹਾ ਕਾਰਲ ਮਾਰਕਸ
ਦੁਨੀਆਂ ਬਦਲਣਾ ਚਾਹੁੰਦਾ
ਜੇਨੀ ਲਈ ਲਿਖਦਾ ਪਿਆਰ ਕਵਿਤਾਵਾਂ

ਲਓ ! ਮੈਂ ਆਖਦਾਂ
ਕਾਮਰੇਡ

ਛਾਲ ਮਾਰ ਕੇ ਲੰਘ ਜਾਂਦਾ
ਅਪਣੇ ਆਪ ਨੂੰ ।।

Sunday, April 3, 2011

ਨਵ-ਨਿਯੁਕਤ ਅਧਿਆਪਕਾਂ ਦੇ ਹਾਇਕੂ


ਪਿਛਲੇ ਦਿਨੀਂ ਨਵ-ਨਿਯੁਕਤ ਅਧਿਆਪਕਾਂ ਦੇ ਇਕ ਸੈਮੀਨਰ ਚ ਹਾਇਕੂ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਤੇ ਇਹਨਾਂ ਸਭ ਨੂੰ ਵਿਸ਼ਵ ਦੇ ਬੱਚਿਆਂ ਦੇ ਹਾਇਕੂ ਦੀ ਪੁਸਤਕ “ ਹਰੇ ਹਰੇ ਤਾਰੇ “ ਦਿੱਤੀ ਗਈ । ਇਸ ਪੁਸਤਕ ਤੋਂ ਪ੍ਰੇਰਿਤ ਹੋ ਕੁਝ ਅਧਿਆਪਕਾਂ ਨੇ ਮੌਕੇ ਤੇ ਹੀ ਹਾਇਕੂ ਰਚੇ ,ਜੋ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ :
ਤੁਰਾਂ ਤਾਂ ਤੁਰੇ
ਬੈਠਾਂ ਤਾਂ ਬੈਠੇ
ਮੇਰਾ ਪ੍ਰਛਾਵਾਂ
ਜਸਵਿੰਦਰ ਪਰਮਾਰ
ਖੂਹ ਦੀਆਂ ਟਿੰਡਾਂ
ਠੰਡਾ ਪਾਣੀ
ਨਾਲੇ ਛਾਂ
ਸੁਖਦੀਪ ਹੀਰੋਂ ਕਲਾਂ
ਲਾਲ ਸੂਹਾ ਚੂੜਾ
ਛਣ ਛਣ ਛਣਕੇ
ਦਿਲ ਧੜਕੇ
ਰਿੰਕਲ ਗੋਇਲ
ਬੋਲ ਨਾ ਸਕਿਆ
ਦੇਖ ਕੇ ਹੱਸਿਆ
ਮਨਮੋਹਨਾ ਚਿਹਰਾ
ਅਵਤਾਰ ਸਿੱਧੂ
ਅੱਜ ਮਿਲੇ
ਸਾਰਿਆਂ ਨੂੰ
ਹਰੇ ਹਰੇ ਤਾਰੇ
ਅਮਨ ਅਗਰਵਾਲ
ਅੱਖ ਖੁੱਲ੍ਹੀ
ਰੰਗ ਦਿਸੇ
ਕਲਮ ਜਾਗੀ
ਮਨਪ੍ਰੀਤ ਕੌਰ ਲੱਲੂਆਣਾ
ਗੁਰਪ੍ਰੀਤ
ਬੈਠਾ ਉਦਾਸ
ਕੌਣ ਸੁਣੇ ਕਵਿਤਾ
ਰਵਿੰਦਰ ਕੁਮਾਰ
ਬੁੱਢਾ ਨਿੰਮ
ਹਰੇ ਪੱਤੇ
ਜੋਸ਼ ਦਾ ਸੁਨੇਹਾ
ਕਮਲੇਸ਼
ਡਿੱਗਿਆ ਬੇਟੂ
ਹੰਝੂ ਦੋ
ਮਾਂ ਦੇ ਸੌ
ਰੀਤੂ
ਪੁੱਟਿਆ ਨਿੰਮ
ਡੂੰਘਾ ਟੋਆ
ਦਿਖਾਵੇ ਡੂੰਘੀਆਂ ਜੜਾਂ
ਸਪਨਾ ਬਾਂਸਲ

Friday, April 1, 2011

ਗੁਲਾਬ


ਇਸ ਵਾਰ ਗੁਲਾਬ ਬਹੁਤ ਲੱਗਿਆ ਹੈ
ਮੇਰੇ ਘਰ

ਸੂਪ ਪੀਂਦਿਆਂ ਆਖਦਾ ਦੇਵਨੀਤ

ਗੁਲਾਬ ਨੂੰ ਲਾਉਣ ਦਾ ਇਹੋ ਢੰਗ
ਟੋਆ ਪੁੱਟੋ ਡੂੰਘਾ
ਰੋੜ੍ਹ ਚੁਗ ਦੇਵੋ ਸਾਰੇ
ਰੂੜੀ ਦੀ ਰੇਹ
ਡੀ ਟੀ ਟੀ ਮਿਲਾਓ ਥੋੜ੍ਹੀ
ਪਾਣੀ ਪਾਓ
ਪੋਲੀ ਕਰੋ ਮਿੱਟੀ


ਦਸਦਾ ਹੈ ਨਾਜ਼ਮ

ਜ਼ਿੰਦਗੀ ਨੂੰ ਜਿਉਣ ਦਾ ਹੋਵੇਗਾ ਇਹੋ ਤਰੀਕਾ
ਸੋਚਦਿਆਂ ਲਿਖੀ ਇਸੇ ਢੰਗ ਨਾਲ ਕਵਿਤਾ

ਜਿਸ 'ਚ ਗੁਲਾਬ ਨੇ ਤੇਰੇ
ਕੰਡੇ ਮੇਰੇ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ