Thursday, April 30, 2009

ਸਲਾਮ


ਅੱਜ ਮਜ਼ਦੂਰ ਦਿਵਸ ਹੈ ।
ਮੇਰੇ ਪਿਤਾ ਜੀ , ਜੋ ਰਾਜ-ਮਿਸਤਰੀ ਦਾ ਕੰਮ 50 ਸਾਲਾਂ ਤੋਂ ਕਰ ਰਹੇ ਨੇ
ਅੱਜ ਵੀ ਕਿਸੇ ਦਾ
ਘਰ ਬਣਾ ਰਹੇ ਨੇ ।
ਉਹਨਾਂ ਲਈ ਕੰਮ ਕਰਨਾ ਹੀ ਮਜ਼ਦੂਰ ਦਿਵਸ ਮਨਾਉਣਾ ਹੈ ।

ਮੈਨੂੰ ਛੁੱਟੀ ਹੈ । ਘਰੇ ਬੈਠਾ ਕੰਪਿਊਟਰ ਤੇ ਖੇਡ ਰਿਹਾ ਹਾਂ .....
ਨਾਲ ਵਾਲੀ ਤਸਵੀਰ ਮੇਰੇ ਪਿਤਾ ਜੀ ਦੀ ਹੈ
ਜੋ
ਮੇਰੀ 6 ਸਾਲਾਂ ਦੀ ਧੀ ਨੇ ਸਾਲ ਪਹਿਲਾਂ ਮੋਬਾਇਲ ਨਾਲ ਖਿਚੀ ਹੈ । ਹੱਥਾਂ ਤੇ ਲੱਗਿਆ ਸੀਮਿੰਟ ਤੇ ਗਹਿਰੀ ਸੋਚ ਸ਼ਾਇਦ
ਆਪਣੇ ਘਰ ਨੂੰ ਲੱਭ ਰਹੀ ਹੈ ....

Sunday, April 26, 2009

ਅਸਲੀ ਰਾਹ

ਮੈਂ ਤੇ ਮਿਤਰ
ਕਰਦੇ ਰਹੇ ਢੇਰ ਗੱਲਾਂ
ਕੱਲ੍ਹ ਸ਼ਾਮ ਫੋਨ 'ਤੇ

ਸਾਹਿਤ ਮੌਸਮ
ਕਾਇਨਾਤ ਬਜ਼ਾਰ

ਦਸਦੇ ਰਹੇ ਇਕ ਦੂਜੇ ਨੂੰ
ਆਪੋ ਆਪਣੀਆਂ ਯੋਜਨਾਵਾਂ
ਬਾਹਰਲੀਆਂ ਅੰਦਰਲੀਆਂ ਭਾਵਨਾਵਾਂ

ਤੇ ਫਿਰ ਅਚਾਨਕ
ਪੁਛਦੇ ਹਾਂ ਦੋਹੇਂ
ਇਕੋ ਵੇਲੇ
ਇਕ ਦੂਜੇ ਨੂੰ

ਕੀ ਹਾਲ ਹੈ ਬੱਚਿਆਂ ਦਾ

ਤਾੳ ਚੁੰਮਦਾ ਮੱਥਾ ਸਾਡਾ
ਤੇ ਆਖਦਾ
ਇਹੋ ਹੈ ਅਸਲੀ ਰਾਹ

ਦੋਸਤਾਂ ਨੂੰ ਕਵਿਤਾ ਸੁਣਾਉ
ਤੇ ਵਾਈਨ ਪਿਲਾਉ ।

Friday, April 17, 2009

ਹਾਇਬਨ # ਉਡਦੀ ਸਵੇਰ

"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦੂਜੇ ਬੱਚਿਆਂ ਨਾਲ ਰਲ ਕੇ ਗੁੱਡ ਮਾਰਨਿੰਗ ਕਹਿਣਾ ਸਿੱਖ ਗਿਆ ,ਪਰ ਉਹ ਗੁੱਡ ਨੂੰ ਉੱਡ ਆਖਦਾ ਹੈ । ਉਹਦਾ ਉੱਡ , ੳਡਕੇ ਹਾਇਕੂ ਚ ਆ ਬੈਠਾ :


ਉੱਡ ਮਾਰਨਿੰਗ
ਆਖਿਆ ਬੱਚੇ ਨੇ
ਉੱਡਣ ਲੱਗੀ ਸਵੇਰ

Saturday, April 11, 2009

ਸ਼ਿੰਗਾਰੀ ਹੋਈ ਗਊ

ਪੇਂਟਰ ਸਿਧਾਰਥ ਦੇ ਕਲਾ ਸੰਸਾਰ ਚ ਇਕ ਸ਼ਾਮ ਬਿਤਾਉਣ ਲਈ ਮੈਂ ਗੱਡੀ ਰਾਹੀਂ
ਦਿੱਲੀ ਗਿਆ। ਸਫ਼ਰ ਚ ਕੁਝ ਹਾਇਕੂ ਲਿਖੇ ਜੋ ਇਥੇ ਪੇਸ਼ ਹਨ ।।
ਪੇਂਟਰ ਸਿਧਾਰਥ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਪਿੰਡ ਬੱਸੀਆਂ ਦਾ ਜੰਮਪਲ ਹੈ।
ਉਂਗਲਾਂ ਤੇ ਗਿਣੇ ਜਾਣ ਵਾਲੇ ਪੰਜਾਬੀ ਪੇਂਟਰਾਂ ਚ ਸਿਧਾਰਥ ਅਨੋਖਾ ਤੇ ਬਹੁ-ਵਿਧਾਵੀ
ਹੈ। ਇਹਨੇ ਬੁੱਤ ਵੀ ਘੜ੍ਹੇ ਹਨ,ਦਸਤਾਵੇਜੀ ਫਿਲਮਾਂ ਵੀ ਬਣਾਈਆਂ ਹਨ। ਸਿਧਾਰਥ
ਅੱਜ ਕੱਲ੍ਹ ਗਾ ਵੀ ਰਿਹਾ ਹੈ।
ਸਿਧਾਰਥ ਰੰਗ ਆਪ ਬਣਾਉਂਦਾ ਹੈ – ਫਲਾਂ ਸਬਜੀਆਂ ਰੁੱਖਾਂ ਤੋਂ । ਕਾਗਜ਼-ਸ਼ੀਟ ਵੀ
ਆਪ ਬਣਾਉਂਦਾ ਹੈ ਆਪਣੇ ਹੱਥੀਂ । ਇਸ ਸ਼ਾਮ ਸਿਧਾਰਥ ਦੀ ੪ਮਿੰਟਾਂ ਦੀ ਫਿਲਮ
“The decorated cow “ ਦਿਖਾਈ ਗਈ , ਜੋ ਚਾਰ ਯੁਗਾਂ ਚ ਫੈਲ੍ਹੀ ਹੋਈ ਹੈ। ਅਵਸਰ
ਮਿਲਣ ਤੇ ਇਹ ਫਿਲਮ ਸਭ ਨੂੰ ਦੇਖਣੀ ਚਾਹੀਦੀ ਹੈ । ਮੇਰੇ ਇਹ ਹਾਇਕੂ ਉਸ ਗਾਂ ਲਈ
ਹਨ ,ਜੋ ਸਾਡੇ ਵਿਚਾਰਾਂ ਦੀ ਭਾਰੀ ਟ੍ਰੈਫਿਕ ਚ ਹਫੀ ਬੈਠੀ ਹੈ । ਪਹਿਲੇ ਹਾਇਕੂ ਚ ਬੱਚਾ
ਸਾਇਕਲ ਭਜਾਉਂਦਾ ਹੈ ਪਰ ਜਦੋਂ ਮੈਂ ਸਿਧਾਰਥ ਦੇ ਸਟੂਡਿਉ ਚ ਇਕ ਚਿਤਰ ਵਿਚ
ਗੱਡੀ ਨਾਲ ਕੁੱਤਾ ਦੌੜਦਾ ਦੇਖਦਾ ਹਾਂ ।


ਗੱਡੀ ਨਾਲ ਦੌੜ ਲਾਵੇ
ਬੱਚਾ ਸਾਇਕਲ ਭਜਾਵੇ
ਮੋਢੇ ਭਾਰਾ ਬਸਤਾ



ਹਰ ਯਾਤਰੀ ਨੂੰ ਵੰਡੇ
ਬਾਇਬਲ ਇਕ ਸੱਜਣ
ਇਕ ਨੇ ਮੋੜ ਦਿੱਤੀ


ਬਾਇਬਲ ਖੋਲ੍ਹਦਾਂ
ਤਸਵੀਰਾਂ ਚ
ਤਿਤਲੀਆਂ ਫੁੱਲ ਪਹਾੜ


ਗੁਲਾਬੀ ਫੁੱਲ
ਉਹਦੀ ਸਲਵਾਰ ਕਮੀਜ਼
ਗੱਲ੍ਹਾਂ ਤੇ ਵੀ


ਅੱਜ ਵੀ ਉਹੋ ਜਿਹਾ
ਮੂੰਗਫਲੀ ਛੋਲੇ ਵੇਚਦਾ
ਟੋਹਣੀ ਵਾਲਾ ਬਾਬਾ


ਇਥੇ ਖੜ੍ਹ
ਦਿਸੇ
ਗੱਡੀ ਦਾ ਤੀਜਾ ਡੱਬਾ


ਬੱਚੇ ਨੇ ਹੋਰੂੰ
ਮੈਂ ਹੋਰੂੰ ਸੁਣਿਆਂ ਹੋਕਾ
ਠੰਡੀ ਮਿੱਠੀ ਕੁਲਫੀ


ਹਿੱਲੇ ਨੰਨ੍ਹਾ ਯਾਤਰੀ
ਇਧਰ ਉਧਰ
ਨਾਲ ਨਾਲ ਗੱਡੀ


ਕਾਲਸ ਦੀਆਂ ਮੁੱਛਾਂ ਨੂੰ ਵਟ ਦੇਵੇ
ਗੁੱਛਾ ਮੁੱਛਾ ਹੋ ਨਿਕਲ ਗਿਆ
ਨਿਕੇ ਜਿਹੇ ਚੱਕਰ ਚੋਂ ਬੱਚਾ ਇਕ ਸਿੱਕੇ ਨਾਲ

੧੦
ਰੁਕ ਜਾ ਸੂਰਜ ਸੰਤਰੀ
ਦੋ ਘੜੀਆਂ ਹੋਰ
ਘਰ ਜਾ ਰਿਹਾਂ ਮੈਂ ਵੀ


Thursday, April 9, 2009

ਸਾਰੇ ਸੋਹਣੇ

ਕਵਿਤਾ ਲਿਖਦਾ
ਚਾਅ ਦੇ ਖੰਭ ਲੱਗ ਜਾਂਦੇ
ਤਿੱਤਰ ਖੰਭੀ ਬੱਦਲਾਂ ਨੂੰ ਛੇੜਦਾ
ਕਿਸੇ ਪੰਛੀ ਨਾਲ ਖਹਿੰਦਾ

ਸੁਣਾਉਣ ਦੀ ਕਾਹਲ ਹੋ ਜਾਂਦੀ
ਰਸੋਈ ਚ ਤਵੇ ਫੁਲ਼ਦੀ ਰੋਟੀ
ਮੈਂਨੂੰ ਹਾਕ ਮਾਰਦੀ

ਕ੍ਰਿਕਟ ਖੇਡ ਕੇ ਮੁੜੇ ਬੇਟੂ ਲਈ
ਕਵਿਤਾ ਦਾ ਬੱਲਾ ਘੰਮਾਉਂਦਾ
ਲੰਮੀ ਡਾਈ ਮਾਰ ਕੈਚ ਕਰ ਲੈਂਦਾ ਉਹ

ਬੇਟੀ ਕੰਪਿਉਟਰ ਤੇ ਰੰਗ ਭਰਦੀ
ਸੁਣਦੀ ਕਵਿਤਾ ਮੇਰੀ
ਹਰ ਵਾਰ ਦੀ ਤਰ੍ਹਾਂ
ਕਰਦੀ ਸ਼ਰਾਰਤ
ਵਾਹ ! ਵਾਹ !!

ਫਿਰ ਗੱਲ੍ਹ ਤੇ ਉਂਗਲ ਰੱਖਦੀ
ਕੁਝ ਸੋਚਣ ਲਗਦੀ
ਕੈਮਰਾ ਚੱਕਦੀ ਤੇ ਆਖਦੀ

ਖੜ੍ਹੇ ਰਹੋ ਇਸੇ ਤਰ੍ਹਾਂ
ਫੋਟੋ ਖਿਚਦੀ ਹਾਂ ਥੋਡੀ
ਕਵਿਤਾ ਲਿਖਣ ਵੇਲੇ
ਕਿੰਨੇ ਸੋਹਣੇ ਹੋ ਜਾਂਦੇ ਹੋਂ

ਮੈਂ ਉਹਦਾ ਮੱਥਾ ਚੁੰਮਦਾ
ਮਹਿਸੂਸ ਕਰਦਾ
ਸਾਰੇ ਸੋਹਣੇ ।।

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ