Thursday, February 21, 2013

ਡਰਨਾ : ਹਾਇਕੂ ਲੜੀ


੧
ਚਾਨਣੀ ਰਾਤ
ਹਾਕ ਮਾਰਦੀ ਜਾਪੇ
ਡਰਨੇ ਦੀ ਬਾਂਹ
੨
ਲਾਲ-ਗੁਲਾਲ
ਡਰਨੇ ਦੇ ਲੀੜੇ
ਫੌਜਣ ਦੀਆਂ ਗੱਲ੍ਹਾਂ
੩
ਆਨੀਂ-ਬਹਾਨੀਂ
ਹੋਲੀ ਖੇਡ ‘ਗੀ ਫੌਜਣ
ਡਰਨੇ ਨਾਲ
੪
ਖੇਤ ਛੜਿਆਂ ਦਾ
ਡਰਨੇ ਦੇ ਸਿਰ
ਸਿਹਰੇ ਲਮਕਣ
੫
ਅਪਣੇ ‘ਉਹਦੇ’
ਮੂੰਹ ‘ਚ ਬੁਰਕੀ ਪਾਉਂਦਿਆਂ
ਡਰਨੇ ਤੋਂ ਸੰਙੇ
੬
ਮੁੱਛਾਂ ਮਰੋੜੇ
ਡਰਨਾ ਅਜੇ ਵੀ
ਖੇਤ ਖਾਲ੍ਹੀ
੭
ਝੱਖੜ ਪਿੱਛੋਂ
ਡਿੱਗ ਪਿਆ ਡਰਨਾ ਵੀ
ਡਿੱਗੀ ਫਸਲ ਦੇ ਨਾਲ
੮
ਦਿਨੇ ਸੂਰਜ
ਡਰਨੇ ਦਾ ਸਾਥੀ
ਰਾਤ ਨੂੰ ਚੰਨ
੯
ਕਰਦਾ ਕਾਂ ਕਾਂ
ਡਰਨੇ ਦੇ ਸਿਰ ‘ਤੇ
ਬੈਠਾ ਬੁੱਢਾ ਕਾਂ
੧੦
ਪੁੱਠਾ-ਸਿੱਧਾ
ਇਕੋ ਜਿਹਾ
ਡਰਨੇ ਦਾ ਕੋਟ

Tuesday, January 22, 2013

ਡਾਇਰੀ ਦੇ ਪੰਨੇ 0 ਗੁਰਪ੍ਰੀਤ 0 ਕਵਿਤਾ ਦਾ ਪੋਰਟਰੇਟ




03.11.12
ਅੰਬਰੀਸ਼ ਨੇ ਚਾਹ ਦੀ ਘੁੱਟ ਭਰਦਿਆਂ ਕਿਹਾ, “ ਮੈਡੀਕਲ ਮੈਗਾ ਕੈਂਪ ‘ਤੇ ਜਾਣ ਤੋਂ ਪਹਿਲਾਂ ਦੇਵਨੀਤ ਦਾ ਪਤਾ ਲੈਣ ਜਾਣੈ...”
“ ਬਿਲਕੁਲ ! ਜ਼ਰੂਰ ਚਲਦੇ ਹਾਂ ।” ਆਖਦਿਆਂ ਮੈਂ ਦੂਜੇ ਸਾਹਿਤਕ ਮਿਤਰਾਂ ਦੇ ਉਲਾਂਭੇ ਵੀ ਅੰਬਰੀਸ਼ ਨੂੰ ਦੇਣ ਲੱਗ ਪਿਆ, “ ਦੀਦ ਇਹਦਾ ਯਾਰ , ਦੋ ਵਾਰੀ ਫੋਨ ਕੀਤਾ ਉਹਨੇ ਤੇ ਬਸ, ਉਹਨੂੰ ਮਿਲ ਕੇ ਜਾਣਾ ਚਾਹੀਦਾ ਸੀ , ਪਾਲ ਕੌਰ ਵੀ ਨਹੀਂ ਆਈ , ਸੁਰਜੀਤ ਵੀ ਇਕ ਦਿਨ ਆਪਣੇ ਮਿਤਰ ਦੇ ਪਿਤਾ ਦੇ ਸਸਕਾਰ ਤੋਂ ਮੁੜ ਗਿਆ , ਸਵੀ , ਜ਼ਫਰ ,ਸਰਬਜੀਤ , ਦੇਸਰਾਜ ਕਾਲੀ, ਤਸਕੀਨ ਕੋਈ ਨਹੀਂ ਆਇਆ ... ਸ਼ਾਇਦ ਸਾਰੇ ਗਹਿਰੇ ਦੁੱਖ ‘ਚ ਹੋਣ ... ਕਦੇ ਕਦੇ ਮੇਰਾ ਵੀ ਇਹਨੂੰ ਮਿਲਣ ਨੂੰ ਜੀਅ ਨਹੀਂ ਕਰਦਾ ... ਮੈਂ ਉਹੀ ਦੇਵਨੀਤ ਲਭਦਾਂ ਜਿਹੜਾ ਹਰ ਵੇਲੇ ਮੇਰੇ ਨਾਲ ਤੁਰਿਆ ਰਹਿੰਦਾ ਸੀ , ਜਿਹਦੇ ਹਰ ਵੇਲੇ ਮੈਂ ਨਾਲ ਨਿਕਲ ਪੈਂਦਾ ਸੀ । ਰੂਬੀ ਦੀ ਫੀਸ ਭਰਨ ਲਈ ਮੁੰਬਈ ਜਾਣਾ ਹੁੰਦਾ ਤਾਂ ਮੈਂ ਇਹਦੇ ਨਾਲ ਹੁੰਦਾ ,ਮੇਰਾ ਬਣਾਉਟੀ ਪੈਰ ਲਗਵਾਉਣ ਲਈ ਜੈਪੁਰ ਜਾਣਾ ਹੁੰਦਾ ਤਾਂ ਇਹ ਮੇਰੇ ਨਾਲ ਹੁੰਦਾ ।”
ਅੰਬਰੀਸ਼ ਕੋਲ ਮੈਂ ਗੁਰਬਚਨ ਭੁਲਰ ਹੁਰਾਂ ਨੂੰ ਸਲਾਮ ਕਰਦਾ ਹਾਂ । ਇਹਨਾ ਨੇ ਰਾਜੀਵ ਗਾਂਧੀ ਹਸਪਤਾਲ ਦੇ ਡਾਕਟਰਾਂ ਦੇ ਮਿਲਣ ਮਿਲਾਉਣ ਤੋਂ ਲੈ ਕੇ ਟੈਸਟਾਂ , ਰਿਪੋਟਾਂ , ਦਵਾਈਆਂ ਤੇ ਖਾਣ-ਪੀਣ ਤੱਕ ਦਾ ਹਰ ਘੜੀ ਖਿਆਲ ਰੱਖਿਆ ਹੈ । ਮੈਨੂੰ ਯਾਦ ਹੈ , ਪਹਿਲੀ ਵਾਰ ਜਦੋਂ ਉਹੀ ਡਾਕਟਰ ਨਹੀਂ ਸੀ ਮਿਲਿਆ ਜਿਹਨੂੰ ਮਿਲਨਾ ਸੀ ਤਾਂ ਭੁੱਲਰ ਸਾਹਬ ਨੇ ਖੁਦ ਫੋਨ ਕਰਕੇ ਮੈਨੂੰ ਤਾਕੀਦ ਕੀਤੀ, “ ਡਾਕਟਰ ਨੂੰ ਮਿਲੇ ਬਿਨਾ ਨਹੀਂ ਜਾਣਾ , ਮੈਂ ਹੁਣੇ ਬੇਟੇ ਤੋਂ ਫੋਨ ਕਰਵਾ ਕੇ ਪੁਛਦਾ ਹਾਂ ।” ਭੁਲਰ ਹੁਰੀਂ ਹੁਣ ਵੀ ਦੋ ਚਾਰ ਦਿਨਾਂ ਬਾਅਦ ਫੋਨ ਕਰਕੇ ਦੇਵਨੀਤ ਦਾ ਹਾਲ ਪੁਛਦੇ ਨੇ ।



15.03.12
ਚੀਨੀ ਕਵੀ ਲੀ ਪੋ (701-762) ਝੀਲ ‘ਚ ਕਿਸ਼ਤੀ ‘ਤੇ ਸੈਰ ਕਰ ਰਿਹਾ ਸੀ । ਉਹਦਾ ਜੀ ਕੀਤਾ , ਉਹ ਪਾਣੀ ਵਿਚਲੇ ਚੰਨ ਦੇ ਪ੍ਰਤੀਬਿੰਬ ਨੂੰ ਚੁੰਮੇ । ਇਸ ਕੋਸ਼ਿਸ਼ ‘ਚ ਉਹ ਝੀਲ ‘ਚ ਡੁੱਬ ਗਿਆ । ਮੈਂ ਜਦੋਂ ਵੀ ਪਾਣੀ ‘ਚ ਚੰਨ ਦਾ ਪ੍ਰਤੀਬਿੰਬ ਦੇਖਦਾ ਹਾਂ ਤਾਂ ਲੀ ਪੋ ਦੀ ਬਣਦੀ ਮਿਟਦੀ ਤਸਵੀਰ ਦੇਖਦਾ ਹਾਂ । ਮੈਂ ਵੀ ਡੁੱਬ ਜਾਂਦਾ ਹਾਂ, ਅਪਣੇ ਹੀ ਅੰਦਰਲੇ ਚੰਨ ਨੂੰ ਚੁੰਮਦਾ ।

01.01.2011
ਹੁਣ ਉਹ ਸਮਾਂ ਨਹੀਂ ਰਿਹਾ ਜਿਹੜਾ ਕਿਸੇ ਵੇਲੇ ਹੋਇਆ ਕਰਦਾ ਸੀ । ਲਿਖਾਈ ਨਿਰਾ ਕਿਸੇ ਇਬਾਰਤ ਨੂੰ ਲਿਖਣਾ ਹੀ ਨਹੀਂ ਸੀ ਹੁੰਦਾ ,ਸਗੋਂ ਉਸ ਇਬਾਰਤ ਨੂੰ ਸੁਹਜਮਈ ਤਰੀਕੇ ਨਾਲ ਅੱਖਰਾਂ ਦੀ ਬਣਾਵਟ ਨੂੰ ਸਜਾਉਣਾ ਹੁੰਦਾ ਸੀ । ਬੰਦੇ ਦਾ ਸੁਭਾਅ , ਵਿਵਹਾਰ ਤੇ ਸਖ਼ਸ਼ੀਅਤ ਇਸ ਲਿਖਾਵਟ ਵਿਚੋਂ ਦੇਖੀ ਪਰਖੀ ਜਾਂਦੀ ਸੀ । ਪਰ ਦਿਨੋ ਦਿਨ ਹੱਥ ਨਾਲ ਲਿਖਣ ਦਾ ਰਿਵਾਜ ਘਟਦਾ ਜਾ ਰਿਹਾ ਹੈ ਤੇ ਆਉਂਦੇ ਦਿਨਾ ‘ਚ ਅੱਜ ਦੇ ਨਵੇਂ ਵਿਦਿਆਰਥੀਆਂ ਲਈ ਪੈਨ ਵੀ ਅਜੀਬ ਸ਼ੈਅ ਬਣ ਕੇ ਰਹਿ ਜਾਵੇਗਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਸਿੱਧੀ ‘ਅਕਾਸ਼’ ਨਾਲ ਹੀ ਕਰਨੀ ਹੈ । ਜਦੋਂ ਕਿ ਫੱਟੀ , ਕਲਮ , ਸਿਆਹੀ-ਦਵਾਤ ਤਾਂ ਪਹਿਲਾਂ ਹੀ ਅਲੋਕਾਰੀ ਚੀਜ਼ ਬਣ ਚੁੱਕੀ ਹੈ ।
ਮੈਂਨੂੰ ਆਪਣੇ ਵੇਲੇ ਯਾਦ ਆ ਰਹੇ ਨੇ । ਲਿਖਾਈ ਨਿਰਾਪੁਰਾ ਲਿਖਣ ਦਾ ਕਾਰਜ ਹੀ ਨਹੀਂ ਸੀ ਸਗੋਂ ਸਮੁਚੀ ਪੜ੍ਹਨ ਪ੍ਰਕਿਰਿਆ ਲਈ ਨੀਂਹ ਵੀ ਸੀ ਤੇ ਅਜਿਹਾ ਧੁਰਾ ਵੀ ਜਿਸਦੇ ਦੁਆਲੇ ਹੀ ਪੜ੍ਹਨ –ਪੜ੍ਹਾਉਣ ਦੀ ਹਰ ਚੀਜ਼ ਘੁੰਮਦੀ ਸੀ । ਮੈਨੂੰ ਯਾਦ ਹੈ ਅੰਬ ਦੀ ਲੱਕੜ ਦੀ ਬਣੀ ਨਵੀਂ ਫੱਟੀ ਨੂੰ ਪੋਚਣ ਤੋਂ ਪਹਿਲਾਂ ਗਊ ਦੇ ਗੋਹੇ ਦਾ ਲੇਪ ਕਰਕੇ ਰੱਖਿਆ ਜਾਂਦਾ ਤਾਂ ਕਿ ਅੱਖਰ ਚੰਗੀ ਤਰ੍ਹਾਂ ਉਘੜ ਸਕਣ । ਗਾਚੀ ਨਾਲ ਪੋਚੀ ਫੱਟੀ ਦਾ ਗੀਤ ਲਿਖਾਈ ਨੂੰ ਸੂਰਜ ਨਾਲ ਜੋੜਦਾ । ਚਰਾਗਦੀਨ ਦੇ ਚਾਕੂ ਨਾਲ ਘੜ੍ਹੀ ਕਲਮ ਤੇ ਰੋਸ਼ਨੀ ਦੀਆਂ ਪੁੜੀਆਂ ਵਾਲੀ ਸਿਆਹੀ ਨੂੰ ਕੁੱਟ ਕੇ ਚੋਰ-ਦਵਾਤ ‘ਚ ਘੋਲਣ ਦਾ ਆਨੰਦ ਲਿਖਾਵਟ ਦੇ ਅੱਖਰਾਂ ਦੀ ਬਣਾਵਟ ‘ਚ ਸਾਫ ਝਲਕਦਾ ਦਿਖਾਈ ਦਿੰਦਾ । ਹੱਥ-ਲਿਖਤ ਜਿੰਨਾ ਨਿੱਜੀ ਕਾਰਜ ਹੈ , ਓਨਾ ਹੀ ਪ੍ਰਕਿਰਤੀ ਤੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ । ਪਰ ਨਵੇਂ ਬਿਜਲਈ-ਤਕਨੀਕੀ ਸਮੇਂ ‘ਚ ਇਹਨੇ ਬੀਤੇ ਵੇਲੇ ਦੀਆਂ ਗੱਲਾਂ ਹੋ ਜਾਣਾ ਹੈ ।
ਹੱਥ-ਲਿਖਤ ਦਾ ਮੇਰੀ ਕਵਿਤਾ ‘ਤੇ ਵਿਸ਼ੇਸ਼ ਪ੍ਰਭਾਵ ਹੈ । ਇਸੇ ਲਈ ਮੈਂ ਆਪਣੀ ਨਵੀਂ ਕਾਵਿ-ਪੁਸਤਕ ਦਾ ਨਾਂ ‘ ਸਿਆਹੀ ਘੁਲ਼ੀ ਹੈ ’ ਰੱਖਿਆ ਹੈ । ਸਿਆਹੀ ਨੂੰ ਘੋਲਣ ਦੀ ਪ੍ਰਕਿਰਿਆ ਅਸਲ ‘ਚ ਮਨ ਅੰਦਰਲੇ ਵਿਚਾਰਾਂ , ਅਨੁਭਵਾਂ ਨੂੰ ਘੋਲਣ ਜਿਹਾ ਹੀ ਹੈ । ਸੰਸਾਰ ਪ੍ਰਸਿੱਧ ਕਵੀ ਪਾਬਲੋ ਨੇਰੂਦਾ ਨੂੰ ਜਦੋਂ ਇਹ ਸਵਾਲ ਪੁਛਿਆ ਗਿਆ ਕਿ ਤੁਸੀਂ ਕਵਿਤਾ ਟਾਈਪ-ਰਾਈਟਰ ‘ਤੇ ਟਾਈਪ ਕਰਦੇ ਹੋਂ ਜਾਂ ਹੱਥ ਨਾਲ ਲਿਖਦੇ ਹੋਂ ਤਾਂ ਉਹਨਾ ਦਾ ਇਕਦਮ ਇਹ ਜਵਾਬ ਸੀ ਕਿ ਟਾਈਪ-ਰਾਈਟਰ ਕਵਿਤਾ ਲਿਖਣਾ ਤਾਂ ਮੈਂ ਕਦੇ ਸੋਚ ਵੀ ਨਹੀਂ ਸਕਦਾ । ਅੱਜ ਦੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਲਈ ਇਹ ਗੱਲ ਭਾਵੇਂ ਓਪਰੀ ਹੋਵੇ ਪਰ ਇਹ ਬਿਲਕੁਲ ਸੱਚ ਹੈ ਕਿ ਅਜੇ ਵੀ ਬਹੁਤ ਸਾਰੇ ਕਵੀ ਲੇਖਕ ਹਰ ਰਚਨਾ ਪਹਿਲਾਂ ਹੱਥ ਨਾਲ ਹੀ ਲਿਖਦੇ ਨੇ ਫਿਰ ਭਾਵੇਂ ਉਸਨੂੰ ਟਾਈਪ ਕਰ ਲੈਣ । ਸਿੱਧਾ ਕੀ-ਬੋਰਡ ‘ਤੇ ਉਂਗਲਾਂ ਚਲਾ ਮੈਂ ਅੱਜ ਤਕ ਕੋਈ ਰਚਨਾਤਮਿਕ ਸਤਰ ਨਹੀਂ ਲਿਖ ਸਕਿਆ । ਕੀ-ਬੋਰਡ ਨਾਲ ਲਿਖੇ ਅੱਖਰ ਬੇਜ਼ਾਨ ਲਗਦੇ ਨੇ ।
ਹੱਥ ਨਾਲ ਲਿਖਣਾ ਹੀ ਦਰਅਸਲ ਲਿਖਣਾ ਹੈ । ਇਸ ਤਰ੍ਹਾਂ ਕਰਦਿਆਂ ਇਉਂ ਲਗਦਾ ਹੈ ਜਿਵੇਂ ਖੂਨ ਸਿਆਹੀ ਬਣ ਕੇ ਕਲਮ ਰਾਹੀਂ ਕਾਗਜ਼ ਦੇ ਦਿਲ ਨੂੰ ਧੜਕਾ ਰਿਹਾ ਹੋਵੇ । ਹੱਥ ਨਾਲ ਲਿਖੇ ਅੱਖਰ ਹੀ ਜਿਉਂਦੇ ਜਾਗਦੇ ਲਗਦੇ ਹਨ ... ਹਸਦੇ ,ਰੋਂਦੇ , ਬੇਚੈਨ , ਸ਼ਾਂਤ ...। ਧਰਤੀ ਇਹਨਾ ਹੱਥਾਂ ਵਿਚਦੀ ਘੁੰਮਣ ਲਗਦੀ ਹੈ , ਇਹਨਾਂ ਹੱਥਾਂ ਵਿਚਦੀ ਸੂਰਜ ਚੜਦਾ ਛਿਪਦਾ ਹੈ । ਹੱਥ ਨਾਲ ਲਿਖਦਿਆਂ ਰੁੱਤਾਂ ਆਉਂਦੀਆਂ ਜਾਂਦੀਆਂ ਹਨ । ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ਵੱਡ-ਆਕਾਰੀ ਕਾਵਿ-ਪੁਸਤਕ ‘ ਲੀਲਾ ’ ਵਿਚ ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਦੀਆਂ ਹੱਥ-ਲਿਖਤਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਹ ਹੱਥ-ਲਿਖਤਾਂ ਮਨੁੱਖੀ ਸੱਭਿਆਤਾਵਾਂ ਦੀਆਂ ਅਨੰਤ ਕਥਾਵਾਂ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠੀਆਂ ਹਨ ।
16.06.2000
ਰਿਕਸ਼ਿਆਂ ਦੀ ਲੰਬੀ ਕਤਾਰ ਹੈ । ਸਭ ਦੇ ਚਾਲਕ ਹੈਂਡਲਾਂ ਨੂੰ ਹੱਥ ਪਾਈ ਤਿਆਰ ਖੜ੍ਹੇ ਹਨ ਤੇ ਸਟੇਸ਼ਨ ਤੋਂ ਬਾਹਰ ਆ ਰਹੀਆਂ ਸਵਾਰੀਆਂ ਨੂੰ ਇਸ ਤਰ੍ਹਾਂ ਦੇਖ ਰਹੇ ਹਨ ,ਜਿਵੇਂ ਉਹਨਾ ਦੇ ਕਿਸੇ ਖਾਸ ਮਹਿਮਾਨ ਨੇ ਆਉਣਾ ਹੋਵੇ ।
ਮੈਂ ਤੇ ਦੇਵਨੀਤ ਇਕ ਰਿਕਸ਼ੇ ਵੱਲ ਵਧਦੇ ਹਾਂ । ਅਸੀਂ ਇਸੇ ਰਿਕਸ਼ੇ ਵੱਲ ਕਿਉਂ ਆਏ ? ਦੂਜੇ ਰਿਕਸ਼ੇ ਕਿਉਂ ਛੱਡ ਦਿੱਤੇ ?
“ ਫਤਿਹਪੁਰੀ ਮਸਜਿਦ ਕੇ ਪਾਸ ?”
“ ਪੰਦਰਾਂ ਰੁਪਏ ”
ਅਸੀਂ ਰਿਕਸ਼ੇ ‘ਤੇ ਬੈਠਣ ਲਗਦੇ ਹਾਂ । ਉਹ ਫਿਰ ਪੁਛਦਾ ਹੈ , “ ਸਾਬ੍ਹ ਜੀ ਕਹਾਂ ?”
“ ਫਤਿਹਪੁਰੀ ਮਸਜਿਦ ਕੇ ਪਾਸ ”
ਉਹ ਮੁਸਕ੍ਰਾਉਂਦਾ ਹੋਇਆ ਆਖਦਾ ਹੈ, “ ਪੈਸੇ ਕਮ ਬਤਾ ਦੀਏ , ਚਲੋ ਅਬ ਤੋ ਲੇ ਹੀ ਚਲੂੰਗਾ ...”
“ ਵੀਹ ਬਣਦੇ ਨੇ , ਵੀਹ ਲੈ ਲਈਂ ” ਮੈਂ ਕਿਹਾ
“ ਸਾਬ੍ਹ ਆਪ ਨਾ ਦੇਤੇ ... ਮੈਂ ਤੋ ਫਿਰ ਵੀ ਲੇ ਜਾਤਾ ”
ਪੁਲ ਦੇ ਹੇਠੋਂ ਦੀ ਰਿਕਸ਼ਾ ਕੱਢਦਿਆਂ ਉਹ ਹੌਲੀ ਹੌਲੀ ਅੱਗੇ ਵਧਣ ਲਗਦਾ ਹੈ । ਮੈਂ ਆਪਣੀ ਆਦਤ ਮੁਤਾਬਿਕ ਪੁਛਦਾ ਹਾਂ , “ ਕਿਤਨੇ ਸਾਲ ਹੋਗੇ ਰਿਕਸ਼ਾ ਚਲਾਤੇ ”
‘ਬਹੁਤ’ ਕਹਿੰਦਿਆਂ ਉਹ ਆਪਣੇ ਹੱਥ ਮੇਰੇ ਵੱਲ ਕਰਦਾ ਹੈ । ਹੱਥਾਂ ਦੇ ਅੱਟਣ ਕੋਈ ਅਣਬੁੱਝੀ ਲਿਪੀ ਲੱਗੇ । ਉਹ ਕੁਝ ਕਹਿੰਦੇ ਜੋ ਜਾਣੀਆਂ-ਪਛਾਣੀਆਂ ਲਿਪੀਆਂ ਨਹੀਂ ਕਹਿੰਦੀਆਂ । ਮੈਨੂੰ ਇਹ ਅੱਟਣ ਸਾਲਾਂ ਦੇ ਰਹਿਣ ਲਈ ਆਲ੍ਹਣਾ ਲੱਗੇ ।
‘ਕਹਾਂ ਕਹਾਂ ਚਲਾਇਆ ਹੈ ਆਪ ਨੇ ਰਿਕਸਾ ?’
‘ਅਲਹਾਬਾਦ, ਲਖਨਊ, ਬੜੌਦਾ ਔਰ ਅਬ ਦਿੱਲੀ...’
‘ਕਿਤਨੇ ਬੱਚੇ ਹੈਂ ਆਪ ਕੇ ?’
‘ਦੋ ਹੈਂ ਸਾਬ੍ਹ ... ਏਕ ਲੜਕੀ ਸਕੂਲ ਜਾਤਾ ਹੈ ...ਲੜਕਾ ਅਬੀ ਛੋਟੀ ਹੈ...’ ਉਹ ਦੱਸਣ ਲਗਦਾ ਹੈ ਜਿਵੇਂ ਉਸਨੂੰ ਪਤਾ ਹੋਵੇ ਕਿ ਅਗਲਾ ਸਵਾਲ ਮੈਂ ਇਹੀ ਕਰਾਂਗਾ ਕਿ ਉਹ ਪੜ੍ਹਦੇ ਹਨ ਜਾਂ ਨਹੀਂ । ਮੈਂ ਉਸ ਨੂੰ ਅੱਗੇ ਪੁੱਛਣ ਲੱਗਿਆ ਸਾਂ ਕਿ ਉਹ ਦਿਨ ਵਿਚ ਕਿੰਨੇ ਕਮਾ ਲੈਂਦਾ ਹੈ , ਪਰ ਦੇਵਨੀਤ ਮੈਨੂੰ ਰੋਕ ਦਿੰਦਾ ਹੈ । ਉਸਨੂੰ ਡਰ ਹੈ ਕਿ ਰਿਕਸ਼ਾ ਚਲਾਉਂਦਿਆਂ,ਬੋਲਦਿਆਂ ਇਹਦਾ ਦਮ ਨਾ ਚੜ੍ਹ ਜਾਵੇ ।
ਕਈ ਉਤਰਾਈਆਂ ਉਤਰਦੇ ਚੜ੍ਹਾਈਆਂ ਚੜ੍ਹਦੇ ਅਸੀਂ ਆਪਣੇ ਟਿਕਾਣੇ ‘ਤੇ ਪਹੁੰਚ ਜਾਂਦੇ ਹਾਂ ।

29.03.10
ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਸੀ , ਕੀ ਇਸੇ ਕਰਕੇ ਇਹ ਸ਼ਹਿਰ ਮੇਰੇ ਸੁਪਨਿਆਂ ‘ਚ ਆਉਂਦਾ ਹੈ, ਮੇਰੀ ਕਵਿਤਾ ‘ਚ ਗਾਉਂਦਾ ਹੈ ? ਚੰਡੀਗੜ੍ਹ ਇਧਰਲੇ ਪੰਜਾਬ ਦੀ ਰਾਜਧਾਨੀ ਹੈ , ਪਰ ਮੇਰਾ ਇਹਦੇ ਨਾਲ ਉਹ ਸੰਬੰਧ ਨਹੀਂ ,ਜੋ ਲਾਹੌਰ ਨਾਲ ਹੈ । ਜਦੋਂ ਕਿ ਮੈਂ ਲਾਹੌਰ ਕਦੇ ਨਹੀਂ ਦੇਖਿਆ ਤੇ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਗਾਹੀਆਂ ਹਨ । ਲਾਹੌਰ ਨਿਰਾਪੁਰਾ ਸ਼ਹਿਰ ਨਹੀਂ ਹੈ । ਇਹ ਅਹਿਸਾਸ ਦਾ ਉਹ ਰੁੱਖ ਹੈ ; ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ।
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਦੀ ਫੋਲ਼ਾ-ਫਾਲ਼ੀ ਕਰਦਿਆਂ ਲਾਹੌਰ ਕੋਲ ਰੁਕ ਜਾਂਦਾ ਹਾਂ । ਕਿੰਨੇ ਰਾਜਿਆਂ ਮਹਾਂਰਾਜਿਆਂ ਨਾਲ ਤਾਂ ਇਹਦਾ ਸੰਬੰਧ ਰਿਹਾ ਹੀ ਹੈ , ਵਿਦਿਆ , ਸਾਹਿਤ ਤੇ ਕਲਾ ਨਾਲ ਵੀ ਇਹਦੀ ਸਾਂਝ ਰਹੀ ਹੈ । ਮਾਰਚ 29,1848 ਨੂੰ ਲਾਹੌਰ ਅੰਗਰੇਜ਼ਾਂ ਦੇ ਅਧਿਕਾਰ ਹੇਠ ਆਇਆ । ਮੂੰਹ ਕੁਸੈਲਾ ਹੋ ਗਿਆ । ਅੰਗਰੇਜ਼ ਤਾਂ ਅਸੀਂ ਭਜਾ ਦਿੱਤੇ , ਪਰ ਵੰਡੇ ਪੰਜਾਬ ਦੇ ਵੰਡੇ ਵਾਸੀ ਇਸ ਦਰਦ ਨੂੰ ਕਿਵੇਂ ਭਜਾਉਣ ? ਸ਼ਾਇਰ ਚੰਦਨ ਦੀ ਕਵਿਤਾ ‘ਲਹੌਰ ਚਿੜੀਆ ਘਰ ਦਾ ਚਿੱਟਾ ਮੋਰ’ ਯਾਦ ਆਉਂਦੀ ਹੈ । ਮੈਂ ਉਹਦੀ ‘ਅੰਨਜਲ’ ਚੁੱਕਦਾ ਹਾਂ :
ਮੋਰ ਨਈਂ ਇਹ ਜਾਣਦਾ , ਇਹ ਕਿੰਨਾ ਕੁਹਜਾ ਏ ।
ਹਰ ਸ਼ੈਅ ਤੋਂ ਰੰਗ ਉਤਾਰੀਏ , ਫਿਰ ਕੁਛ ਨਾ ਸੁਹਜਾ ਏ ।।

ਇਹ ਕਵਿਤਾ ਮੈਂ ਕਈ ਵਾਰ ਪੜ੍ਹੀ ਹੈ । ਪਰ ਅੱਜ ਜਦੋਂ ਲਾਹੌਰ ਦੇ ਪ੍ਰਸੰਗ ‘ਚ ਮੁੜ ਤੋਂ ਪੜ੍ਹਦਾ ਹਾਂ ਤਾਂ ਪੰਜਾਬ ਦੇ ਟੁਕੜੇ ਮੇਰੇ ਸਾਹਵੇਂ ਚਿੱਟੇ ਮੋਰ ਦੇ ਰੂਪ ‘ਚ ਸਾਕਾਰ ਹੁੰਦੇ ਹਨ । ਜਿਵੇਂ ਮੋਰ ਨਹੀਂ ਜਾਣਦਾ ਕਿ ਉਹ ਕਿੰਨਾ ਕੁਹਜਾ ਹੈ ਉਵੇਂ ਇਹਨਾ ਟੁਕੜਿਆਂ ਦੇ ਵਾਸੀ ਧੁਰ ਅੰਦਰੋਂ ਇਹ ਆਵਾਜ਼ ਸੁਣਦੇ ਹਨ ਕਿ ਹਰ ਸ਼ੈਅ ਤੋਂ ਰੰਗ ੳਤਾਰਨ ਨਾਲ ਕੁਝ ਵੀ ਸੁਹਜਾ ਨਹੀਂ ਰਹਿੰਦਾ । ਮੋਰ ਦੀ ਕੂਕ ਹੀ ਸਾਡੇ ਦਿਲਾਂ ਦੀ ਹੂਕ ਹੈ । ਕੋਈ ਮੋਰ ਬੇਰੰਗਾ ਨਾ ਹੋਵੇ । ਲਾਹੌਰ ਨਾਲ ਮੇਰਾ ਵਾਹ ਕਵਿਤਾ ਦਾ ਵਾਹ ਹੈ । ਸ਼ਾਇਦ ਇਸੇ ਲਈ ਮੇਰੀ ਇਕ ਕਵਿਤਾ ਵਿਚ ਰੇਲ-ਗੱਡੀ ਦਿੱਲੀ ਪਹੁੰਚ ਜਾਂਦੀ ਹੈ ਤੇ ਮੁਸਾਫਿਰ ਲਾਹੌਰ ।
ਲਾਹੌਰ ਬਹੁਤ ਨੇੜੇ ਹੈ । ਲਾਹੌਰਨਾਂ ਦੀ ਬੋਲੀ ਦੇ ਅਰਥਾਂ ਜਿੰਨਾ ਨੇੜੇ । ਫਿਰ ਵੀ ਬੰਦੇ ਦਾ ਦੁਖਾਂਤ ਦੇਖੋ ਕਿ ਮੈਂ ਆਪਣੇ ਪਾਸਪੋਰਟ ‘ਤੇ ਸਭ ਤੋਂ ਪਹਿਲਾ ਵੀਜ਼ਾ ਲਾਹੌਰ ਦਾ ਨਹੀਂ ਲਗਵਾਉਣਾ ਚਾਹੁੰਦਾ । ਮੈਨੂੰ ਡਰ ਹੈ ਕਿ ਸ਼ਾਇਦ ਇਸ ਤੋਂ ਬਾਅਦ ਮੇਰਾ ਵੀਜਾ ਕਦੇ ਵੀ ਇੰਗਲੈਂਡ ,ਕਨੇਡਾ ਤੇ ਜਾਪਾਨ ਦਾ ਨਾ ਲੱਗੇ । ਪਾਸਪੋਰਟ ਵੀ ਮੈਂ ਤੇ ਦੇਵਨੀਤ 10 ਸਾਲ ਪਹਿਲਾਂ ਜਾਪਾਨ ਵਾਸੀ ਕਵੀ ਮਿਤਰ ਪਰਮਿੰਦਰ ਸੋਢੀ ਦੇ ਕਹਿਣ ‘ਤੇ ਬਣਵਾਇਆ ਸੀ । ਅਜੇ ਤਕ ਨਵਾਂ ਨਕੋਰ ਪਿਆ ਹੈ ।
ਲਾਹੌਰ ਬਾਰੇ ਕਿੰਨੀਆਂ ਹੀ ਗੱਲਾਂ ਨੇ, ਸਾਡੇ ਸਭ ਕੋਲ, ਇਤਿਹਾਸ-ਮਿਥਿਹਾਸ ਕੋਲ,ਆਪੋ ਆਪਣੇ ਮਨਾਂ ਕੋਲ । ਹੁਣੇ ਹੁਣੇ ਅਮਰਜੀਤ ਚੰਦਨ ਦੀ ਈਮੇਲ ਆਈ ਹੈ । ਉਹਨੇ ਲਿਖਿਆ ਹੈ ਕਿ ਉਹਨੇ ਚਿੱਟੇ ਮੋਰ ਦੀ ਫੋਟੋ ਨਹੀਂ ਖਿੱਚੀ , ਉਹ ਸੋਹਣਾ ਨਹੀਂ ਸੀ ਲਗਦਾ । ਮੈਂ ਉਦਾਸ ਹੋ ਗਿਆ ਹਾਂ । ਫੋਟੋਕਾਰ ਉਹਨਾ ਥਾਵਾਂ, ਵਸਤਾਂ, ਜੀਵਾਂ ਦੀ ਫੋਟੋ ਨਹੀਂ ਖਿਚਦਾ, ਜਿਹੜੀ ਸੋਹਣੀ ਨਹੀਂ ਲਗਦੀ ।।

23.10.10
‘ਕਵਿਤਾ ਰਚਣ ਦੇ ਹੋਰ ਵੀ ਮਾਧਿਅਮ ਹਨ । ਇਸ ਨੂੰ ਆਪਣੇ ਵਤੀਰੇ ਵਿਚ ਰਚੋ , ਜੇ ਤੁਹਾਨੂੰ ਕੁੱਤੇ ਦਾ ਸ਼ੌਕ ਹੈ ਤਾਂ ਕੁੱਤੇ ਵਿਚ ਰਚੋ । ਜੇ ਬਗਾਵਤ ਦੀ ਲਗਨ ਹੈ ਤਾਂ ਲਹੂ ਵਿਚ ਰਚੋ ।’ ਇਹ ਗੱਲਾਂ ਸਤੀ ਕੁਮਾਰ ਦੀਆਂ ਨੇ ਜਿਹੜੀਆਂ ਉਹਨੇ ‘ਮੇਰੇ ਖੱਬੇ ਵਗਦੀ ਹਵਾ’ ਵਿਚ ਕੀਤੀਆਂ ਨੇ । ਸਤੀ ਕੁਮਾਰ ਦੀ ਲੈਦਰ ਦੀ ਜੈਕਟ ‘ਤੇ ਕਾਟੋ ਵਾਂਗ ਖੇਡਦੀ ਗੁੱਤ ਮੈਨੂੰ ਹਮੇਸ਼ਾਂ ਯਾਦ ਰਹਿੰਦੀ ਹੈ । ਤਾਂਬੇ ਦੇ ਰੁੱਖ ਦੀ ਛਾਂ ਹੇਠ ਬਹਿਣ ਲਈ ਤਾਂਬੇ ਰੰਗਾ ਹੋਣ ਦੀ ਲੋੜ ਨਹੀਂ ,ਬੰਦਾ ਆਪ ਹੀ ਤਾਂਬੇ ਦਾ ਰੰਗ ਲੈ ਲੈਂਦਾ ਹੈ । ਮਾਇਆ ਜਾਲ ਦੀਆਂ ਗੱਲਾਂ ਅਦਭੁਤ ਨੇ , ਇਹ ਉਨ੍ਹਾਂ ਦੀ ਘੁਮੱਕੜੀ ਦਾ ਨਤੀਜਾ ਹੈ ,ਇਹ ਘਰੋਂ ਬਾਹਰ ਜਾਣ ਦੀ ਛੋਹ ਹੈ । ਹਰਨਾਮ ‘ਤੇ ਜਿਹੜੀ ਕਵਿਤਾ ਸਤੀ ਕੁਮਾਰ ਨੇ ਲਿਖੀ ਹੈ, ਅਜਿਹੀ ਪੰਜਾਬੀ ‘ਚ ਕੋਈ ਹੋਰ ਕਵਿਤਾ ਨਹੀਂ । ਸਤੀ ਦੇ ਮੁੜ ਸਰਗਰਮ ਹੋਣ ਦੀ ਕਥਾ ਜੁੜਦੀ ਹੈ ਅਵਤਾਰ ਜੰਡਿਆਲਵੀ ਨਾਲ । ਜੇ ਇਹਨੇ ਸੁਸ਼ੀਲ ਨਾਲ ਮਿਲਕੇ ‘ਹੁਣ’ ਜਿਹਾ ਵੱਡ-ਆਕਾਰੀ ਤੇ ਵਿਲੱਖਣ ਪੇਪਰ ਨਾ ਕੱਢਿਆ ਹੁੰਦਾ ਤਾਂ ਸਤੀ ਦੀਆਂ ਨਵੀਆਂ ਕਵਿਤਾਵਾਂ ਤੇ ਗੱਲਾਂ ਉਹਦੇ ਨਾਲ ਹੀ ਤੁਰ ਜਾਂਦੀਆਂ । ‘ਮੇਰੇ ਖੱਬੇ ਵਗਦੀ ਹਵਾ’ ਨੇ ਹੁਣ ਨੂੰ ਹਮੇਸ਼ਾਂ ਨਵਾਂ ਬਣਾਈ ਰੱਖਿਆ ਹੈ ਤੇ ਹੁਣ ਨੇ ਸਤੀ ਅੰਦਰਲੀ ਊਰਜਾ ਨੂੰ ਭਖਾਈ ਰੱਖਿਆ ਹੈ ।
ਮੈਨੂੰ ਮੇਰਾ ਮਾਸੜ ਯਾਦ ਆਉਂਦਾ ਹੈ । ਉਹ ਅਕਸਰ ਦਾਰੂ ਪੀ ਕੇ ਆਪਣੇ ਖੇਤਾਂ ‘ਚ ਜਾਂਦਾ, ਜੋ ਘਰਾਂ ਤੋਂ ਬਹੁਤ ਦੂਰ ਹੈ । ਇਥੇ ਦੋ ਤਿੰਨ ਲਲਕਰੇ ਮਾਰਦਾ ਤੇ ਆਖਦਾ , “ਚਿੱਤ ਔਖਾ ਜਾ ਹੋਇਆ ਪਿਆ ਸੀ , ਹੋਰ ਕੋਈ ਗੱਲ ਨ੍ਹੀਂ , ਇਸ ਤਰ੍ਹਾਂ ਕਰਨ ਨਾਲ ਦਾਰੂ ਹਾਜ਼ਮ ਹੋ ਜਾਂਦੀ ਹੈ ।” ਮੈਨੂੰ ਉਦੋਂ ਉਹ ਕੋਈ ਔਲੀਆ ਲਗਦਾ , ਕੋਈ ਪਹੁੰਚਿਆ ਹੋਇਆ ਕਵੀ । ਮੈਨੂੰ ਲਗਦਾ ਸਤੀ ਦਾ ਕਵਿਤਾ ਰਚਨਾ ਵਾਲਾ ਹੋਰ ਮਾਧਿਅਮ ਇਹੋ ਹੈ । ਉਹਦੀਆਂ ਅਜਿਹੀਆਂ ਗੱਲਾਂ ਕਰਕੇ ਮੈਂ ਆਪਣੀ ਮਾਸੀ ਦੇ ਨਾਲ ਨਾਲ ਮਾਸੜ ਨੂੰ ਵੀ ਪਿਆਰ ਕਰਦਾ ਤੇ ਵਲ ਪਾ ਕੇ ਵੀ ਮਿਲਨ ਜਾਂਦਾ । ਇਕ ਵਾਰ ਮੇਰੇ ਨਾਲ ਮਿਤਰ ਅਮਨ ਫਾਰਿਦ ਤੇ ਅਨੇਮਨ ਵੀ ਸਨ । ਉਹਦੀਆਂ ਅਜਿਹੀਆਂ ਗੱਲਾਂ ਸੁਣ ਅਮਨ ਅੰਦਰ ਬੁਲਾ ਜਾਗ ਪਿਆ ਤੇ ਗਾਉਣ ਲੱਗਿਆ । ਕਿੰਨੇ ਚਿਰ ਬਾਅਦ ਉਹ ਆਪਣੇ ਆਪ ‘ਚ ਆਇਆ ਤੇ ਮਾਸੜ ਨੂੰ ਜੱਫੀ ਪਾ ਕੇ ਆਖਣ ਲੱਗਿਆ , “ ਮਾਸੜਾ ! ਤੂੰ ਤਾਂ ਨਿਰਾ ਕਵਿਤਾ ਦਾ ਪੋਰਟਰੇਟ ਹੈਂ ।”
੦੦੦

Monday, February 13, 2012

ਰਾਮ ਸਰੂਪ ਅਣਖੀ ਦੀਆਂ ਕਵਿਤਾਵਾਂ/ ਗੁਰਪ੍ਰੀਤ

ਰਾਮ ਸਰੂਪ ਅਣਖੀ ਨੂੰ ਤੁਰਿਆਂ ਸਾਲ ਹੋ ਚੱਲਿਆ ਹੈ ... ਹੁਣ ਉਹ ਅੱਖਰਾਂ ਚ ਹੈ , ਯਾਦਾਂ ਚ , ਤਸਵੀਰਾਂ ਚ ... ਪਿਛਲੇ ਵਰ੍ਹੇ ਇਹਨਾਂ ਦਿਨਾਂ ਚ ਉਹ ਆਪਣੇ ਨਾਵਲ “ ਪਿੰਡ ਦੀ ਮਿੱਟੀ “ ਦਾ 24 ਵੀਂ ਕਾਂਡ ਲਿਖ ਰਿਹਾ ਸੀ । ਨਾਵਲ ਨੇ ਤਾਂ ਅਜੇ ਹੋਰ ਵੀ ਅੱਗੇ ਤੁਰਨਾ ਸੀ ਪਰ ਕੁਦਰਤ ਜਿਵੇਂ ਖਾਲ੍ਹੀ ਸਫਿਆਂ ਦੇ ਮਹੱਤਵ ਨੂੰ ਆਪਣੇ ਹੀ ਢੰਗ ਨਾਲ ਸਮਝਾਉਣਾ ਚਾਹੁੰਦੀ ਸੀ ਤੇ ਬਸ ਇਹ ਉਹਦਾ ਆਖਰੀ ਨਾਵਲ ਹੋ ਨਿਭੜਿਆ ,ਜੋ ਪਿਛਲੇ ਦਿਨੀਂ ‘ ਪਿੰਡ ਦੀ ਮਿੱਟੀ ‘ ਨਾਂ ਹੇਠ ਰਿਲੀਜ਼ ਹੋਇਆ ।
             ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਣਖੀ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ । ‘ ਬਲਦੇ ਅੱਖਰਾਂ ਦਾ ਸੁਨੇਹਾ ‘ ਅਜਿਹਾ ਕਾਵਿ-ਸੰਗ੍ਰਹਿ ਹੈ : ਜਿਸ ਚ ਸ਼ਾਮਲ ਕਾਵਿ-ਰਚਨਾਵਾਂ ਦਾ ਲਿਖਣ-ਸਮਾਂ 1949 ਤੋਂ 1992 ਤੱਕ ਫੈਲਿਆ ਹੋਇਆ ਹੈ । ਇਹ ਪੁਸਤਕ ਅਣਖੀ ਹੁਰਾਂ ਨੇ ਦਸੰਬਰ 92 ਚ ਆਪਣੇ ਦਸਖ਼ਤਾਂ ਸਮੇਤ ਪਿਆਰ ਨਾਲ ਮੈਨੂੰ ਦਿੱਤੀ । ਇਹ ਦਸਖ਼ਤ ਮੇਰੇ ਲਈ ਉਹ ਸਦੀਵੀਂ ਹੱਥ ਹਨ , ਜਿਹੜੇ ਹਰ ਦੁੱਖ-ਸੁੱਖ ‘ਚ ਮੇਰੇ ਸਿਰ ‘ਤੇ ਹੁੰਦੇ ਹਨ ।
           ਬਹੁਤੇ ਕਵੀ ਪੰਜਾਬੀ ਭਾਸ਼ਾ ‘ਚ ਕਵਿਤਾ ਲਿਖਦੇ ਹਨ ਪਰ ਉਹ ਪੰਜਾਬੀ ਕਵਿਤਾ ਨਹੀਂ ਹੁੰਦੀ । ਪਰ ਅਣਖੀ ਦੀਆਂ ਕਵਿਤਾਵਾਂ ਅਸਲ ‘ਚ ਪੰਜਾਬੀ ਕਵਿਤਾਵਾਂ ਹਨ , ਜਿਹਨਾਂ ‘ਚ ਪੰਜਾਬੀ ਸੁਭਾਅ ਦੇ ਸਹਿਜ ਤੇ ਸੁਹਜ ਨੂੰ ਜਾਣਿਆਂ ਜਾ ਸਕਦਾ ਹੈ । ਇਹਨਾਂ ਕਵਿਤਾਵਾਂ ‘ਚ ਮਾਲਵੇ ਦੇ ਉਹਨਾਂ ਸ਼ਬਦਾਂ ਦੀ ਰੂਹ ਹੈ ਜਿਹੜੇ ਅੱਜ-ਕੱਲ ਲੋਕ-ਬੋਲੀ ‘ਚੋਂ ਗੁੰਮ ਗੁਆਚ ਰਹੇ ਹਨ । ਇਸ ਪੁਸਤਕ ਦੀਆਂ ਕਾਵਿ-ਰਚਨਾਵਾਂ ਅੰਦਰ ਅਣਖੀ ਦੀਆਂ ਗਲਪ ਰਚਨਾਵਾਂ ਬੀਜ ਰੂਪ ‘ਚ ਸ਼ਾਮਲ ਹਨ । ਅਣਖੀ ਦਾ ਜੀਵਨ ਸੰਘਰਸ਼ਾਂ ਭਰਿਆ ਰਿਹਾ ਹੈ , ਇਹ ਕਵਿਤਾਵਾਂ ਇਹਨਾਂ ਦੀਆਂ ਜੀਵਨ-ਕਥਾਵਾਂ ਵੀ ਹਨ । ਆਪ ਸਭ ਦੇ ਪੜ੍ਹਨ ਲਈ ਪ੍ਰਸਤੁਤ ਨੇ ਸੁਪ੍ਰਸਿੱਧ ਗਲਪਕਾਰ ਰਾਮ ਸਰੂਪ ਅਣਖੀ ਦੀਆਂ ਕਵਿਤਾਵਾਂ :  

ਬਲਦੇ ਅੱਖਰਾਂ ਦਾ ਸੁਨੇਹਾ
1
ਨਿੱਕਾ ਸੂੰ ਰਾਗੀ ਦਾ ਪਤਾ ਲਈਂ
ਪਤਾ ਨਹੀਂ ਜਿਉਂਦਾ ਹੈ ਜਾਂ ਨਹੀਂ
ਉਹ ਜੋ ਰਜਾਦੀਆਣੇ ਟੋਭੇ ਕੋਲ
ਗੁਰੂਦੁਆਰੇ ਸੰਗਰਾਂਦ ਵਾਲੇ ਦਿਨ
ਗੁਰਬਾਣੀ ਦਾ ਕੀਰਤਨ ਕਰਦਾ
ਤੇ ਜਦੋਂ ਕਦੇ
ਗੌੜਾਂ ਦੇ ਘਰਾਂ ਕੋਲ ਸ਼ਿਵਦੁਆਲੇ ਵਿਚ
ਟੱਲੀਆਂ ਵਾਲੇ ਬਾਮ੍ਹਣ ਆਉਂਦੇ
ਤੇ ਸਾਰੀ ਸਾਰੀ ਰਾਤ ਗਾ ਗਾ ਕੇ
ਆਲਾ ਊਧਲ ਦੀ ਕਥਾ ਕਰਦੇ
ਉਹ ਉਹਨਾਂ ਦੀ ਢੋਲਕੀ ਵੀ ਵਜਾ ਆਉਂਦਾ ।।

2
ਪਰਗਾਸੋ ਤਾਂ ਹੁਣ ਤਾਈਂ
ਕਿੱਥੇ ਜਿਉਂਦੀ ਹੋਵੇਗੀ
ਉਹ ਜੋ ਦਰੌਜੇ ਆਈ
ਧੌਂਕਲ ਜੱਟ  ਦੇ ਜਾ ਬੈਠੀ ਸੀ
ਕੀ ਕਰਦੀ ਉਹ ?
ਸਿਰੀ ਰਾਮ ਲਾਲ ਪਰਨਾ ਮੋਢੇ ਰੱਖ
ਤੇ ਕੱਛ ਵਿਚ ਪੱਤਰਾ ਲੈ ਕੇ
ਜੱਟਾਂ ਦੇ ਘਰੀਂ ਬੁੜ੍ਹੀਆਂ ਨੂੰ
ਗ੍ਰਹਿ-ਚਾਲ ਦਸਦਾ ਫਿਰਦਾ ਰਹਿੰਦਾ
ਤੇ ਉਹ ਸੱਸ ਦੀਆਂ
ਤੱਤੀਆਂ ਠੰਡੀਆਂ ਸੁਣਦੀ
ਮੰਗਖਾਣੇ ਟੱਬਰ ਵਿਚ ਆ ਕੇ
ਆਪਣੀ ਜੁਆਨੀ ਨੂੰ ਝੂਰਦੀ
ਕੀੜੇ ਪੈਣੇ ਵਿਚੋਲੇ ਦਾ ਸੋਗ ਮਨਾਉਂਦੀ
ਉਹ ਨਹੀਂ ਤਾਂ ੳਹਦੇ ਮੁੰਡੇ ਹੋਣਗੇ
ਸੁਣਿਆ ਸੀ
ਉਹਨੇ ਧੌਨਕਲ ਦੇ ਚਾਰ ਮੁੰਡੇ ਜੰਮੇ ਸੀ
ਪਤਾ ਪਰੀਂ
ਉਹ ਆਪਣੀ ਮਾਂ ਦਾ ਸ਼ਰਾਧ
ਕਰਦੇ ਨੇ ਕਿ ਨਹੀਂ ?
ਚਿੱਭੜਾਂ ਦੀ ਚਟਣੀ
ਚਿੱਭੜਾਂ ਦੀ ਚਟਣੀ
ਅੱਜ ਬੜੀ ਸੁਆਦ ਲੱਗੀ ਦੋਸਤੋ !

ਆਲੂ ਬੈਂਗਣ ਮੂਲੀਆਂ
ਤੇ ਚੌਲਿਆਂ ਦੀਆਂ ਫਲੀਆਂ
ਸਭ ਹਨ ਫਿਕਲੀਆਂ
ਰੁਪਈਆ ਕਿਲੋ ਜਿਹਨਾਂ ਦੀਆਂ ਕੀਮਤਾਂ
ਗੋਭੀ ਡੇਢ ਰੁਪਈਆ
ਟਮਾਟਰ ਵੀ
ਹੋਰ ਤਾਂ ਹੋਰ
ਕੱਦੂ ਤੇ ਰਾਮਤੋਰੀਆਂ ਦੀ ਵੀ ਮੜਕ ਭਾਰੀ ਹੈ
ਇਸ ਸ਼ਹਿਰ ਵਿਚ
ਕੋਈ ਵੀ ਸ਼ਬਜੀ ਸੁਆਦ ਨਹੀਂ

ਸਕੂਲ ਵਿਚ ਇਕ ਮੁੰਡੇ ਨੇ
ਚਿੱਭੜ ਲਿਆਂਦੇ ਬਸਤਾ ਭਰਕੇ
ਗੋਲ ਗੋਲ ਲੰਮੇ ਲੰਮੇ ਕਿਰੇ ਕਿਰੇ
ਚਿੱਭੜਾਂ ਦੀ ਚਟਣੀ ਬੜੀ ਸੁਆਦ ਸੀ

ਹੁਣ ਤਾਂ ਨਿੱਤ
ਚਿੱਭੜਾਂ ਦਾ ਹੀ ਕੂੰਡਾ-ਘੋਟਾ ਖੜਕਦਾ ਹੈ
ਚਿੱਭੜ ਉਂਜ ਵੀ ਬੜੇ ਸੁਆਦ ਹੁੰਦੇ ਨੇ
ਆਂਡੇ ਵਾਂਗ
ਚਿੱਭੜ ਵਿਚ ਸਭ ਵਿਟਮਿਨ ਹੁੰਦੇ ਨੇ

ਹੁਣ ਤਾਂ ਸਾਡੇ ਪੱਪੂ ਦਾ ਮੂੰਹ ਵੀ
ਚਿੱਭੜ ਰੰਗਾ ਹੋ ਗਿਆ ਹੈ
ਪੀਲਾ ਪੀਲਾ ਜ਼ਰਦ ਜ਼ਰਦ
ਸਾਡੀ ਛੋਟੀ ਕੁੜੀ ਦਾ ਢਿੱਡ
ਬਸ ਜਿਵੇਂ ਚਿੱਭੜ ਬੰਨ੍ਹਿਆ ਹੋਵੇ

ਸਬਜ਼ੀਆਂ ਦਾ ਤਿਆਗ ਕਰਕੇ
ਚਿੱਭੜਾਂ ਦੀ ਚਟਣੀ
ਇਕ ਉਚੇਚੀ ਬੱਚਤ ਹੈ
ਆਪਣੇ ਦੇਸ਼ ਲਈ ।।
ਲੱਲ੍ਹਰ
ਸੱਤਰ ਘੁਮਾਂ ਦਾ ਮਾਲਕ ਮੇਰਾ ਬਾਪੂ
ਜਦੋਂ ਅੱਧੀ ਜ਼ਮੀਨ ਗਹਿਣੇ-ਬੈਅ
ਧਰ-ਧਰ ਖਾ ਗਿਆ
ਤਾਂ ਉਹਦੀ ਇਕੋ ਇਕ ਆਸ
ਮੇਰੇ ਉੱਤੇ ਆ ਟਿਕੀ

ਬਾਪੂ ਦੀ ਵੱਡੀ ਛਾਲ
ਉਹਦਾ ਪੁੱਤ ਪੜ੍ਹ-ਲਿਖਕੇ
ਮਾਲ-ਪਟਵਾਰੀ ਬਣੇਗਾ
ਗਹਿਣੇ ਧਰੀ ਪਈ ਸਾਰੀ ਜ਼ਮੀਨ
ਛੁਡਾ ਲਵੇਗਾ
ਤੇ ਫੇਰ...
ਸੱਤਰ ਦੀ ਸੌ ਘੁਮਾਂ ਬਣਾ ਦੇਵੇਗਾ
ਉਹ ਲੰਮਾ ਟੌਰਾ ਛੱਡ ਕੇ
ਤੁਰਲੇ ਵਾਲੀ ਪੱਗ ਬੰਨ੍ਹ
ਹਿੱਕ ਕੱਢਕੇ ਸ਼ਰੀਕਾਂ ਵਿਚ ਬੈਠੈਗਾ

ਪਰ ਮੈਂ ਬਾਰਾਂ ਜਮਾਤਾਂ ਪਾਸ ਕੀਤੀਆਂ
ਤੇ ਸਕੂਲ-ਮਾਸਟਰ ਬਣ ਗਿਆ
ਬਾਪੂ ਦਾ ਸੁਪਨਾ
ਮਿੱਟੀ ਵਿਚ ਮਿਲਕੇ ਰਹਿ ਗਿਆ
ਉਹ ਚੁੱਪ ਚੁੱਪ ਰਹਿੰਦਾ
ਕਦੇ ਮੇਰੇ ਵੱਲ ਘੂਰ ਘੂਰ ਝਾਕਦਾ

ਰਾਤਾਂ ਦੀ ਖਾਮੋਸ਼ੀ ਵਿਚ
ਲਾਲਟੈਣ ਬਾਲਕੇ
ਮੈਂ ਪੜ੍ਹਦਾ ਕਿਤਾਬਾਂ
ਹੋਰ ਜਮਾਤਾਂ ਪਾਸ ਕਰਨ ਲਈ
ਅੱਧੀ ਰਾਤ ਤੱਕ ਬੈਠਦਾ

ਬਾਪੂ ਇਕ ਦਿਨ ਖਿਝਕੇ ਬੋਲਿਆ--
ਕਿਉਂ ਅੱਖਾਂ ਗਾਲ਼ੀਂ ਜਾਨੈਂ ?
ਕਿਉਂ ਐਵੇਂ ਤੇਲ ਫੂਕਦੈਂ ?
ਹੁਣ ਤੂੰ ਹੋਰ ਕਿਹੜਾ ਲੱਲ੍ਹਰ ਲਾ ਦੇਵੇਂਗਾ ?

ਜਮਾਤਾਂ ਤਾਂ ਜਿਹੜੀਆਂ ਮੈਂ
ਪਾਸ ਕੀਤੀਆਂ ਜਾਂ ਨਾ ਕੀਤੀਆਂ
ਪਰ ਲੱਲ੍ਹਰ ਜ਼ਰੂਰ ਲਾ ਦਿੱਤਾ
ਆਖਰ ਇਕ ਲੇਖਕ ਤਾਂ ਬਣਿਆ

ਇਹ ਦੱਸਣ ਲਈ
ਕਿ ਮਾਲ-ਪਟਵਾਰੀ ਬਣਕੇ
ਇਕ ਘਰ ਉੱਠ ਸਕਦੈ
ਪਰ ਮੇਰੀ ਕਲਮ
ਉਸ ਸੁਪਨੇ ਦੀ ਖੌਜ ਵਿਚ ਹੈ
ਕਿ ਥੁੜ-ਟੁੱਟੇ ਸਾਰੇ ਘਰ ਉੱਠ ਸਕਣ ।।
 ਬਾਪੂ ਮੇਰਾ ਸੱਤਰ ਸਾਲ ਦਾ
ਬਾਪੂ ਮੇਰਾ ਸੱਤਰ ਸਾਲ ਦਾ
ਘੁਣ ਦਾ ਖਾਧਾ ਮੁੱਢ ਪੁਰਾਣਾ
ਖੰਘ ਦਾ ਲੋਗੜ ਸੁੱਟਦਾ ਫਿਰਦਾ
ਨਿਰੀ ਬੀਮਾਰੀ
ਜੁਆਨ ਉਮਰ ਤੋਂ ਹੀ
ਉਸ ਦਾ ਸਾਥੀ
ਸ਼ਾਹ ਦਾ ਕਰਜ਼ਾ

ਸੁੱਖ ਕਦੇ ਨਾ ਰੱਜਕੇ ਤੱਕਿਆ

ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਸਰਕਾਰੀ ਨੌਕਰ
ਤਨਖਾਹ ਕੀ ਮੇਰੀ
ਦੁੱਧ ਚਾਹ ਗੁੜ
ਲੱਕੜ ਆਟਾ ਦਾਲ
ਨੰਗ ਢਕਣ ਦੇ ਬਿਲ
ਮਸਾਂ ਹੀ ਪੂਰੇ

ਬਾਪੂ ਦੇ ਹੱਥ ਕਦੇ ਨਾ ਥੱਕਿਆ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਜਦੋਂ ਕਦੇ ਵੀ ਪਿੰਡ ਹਾਂ ਜਾਂਦਾ
ਬਾਪੂ ਮੇਰਾ ਖਿੜ ਖਿੜ ਹਸਦਾ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਬਾਪੂ ਨੂੰ ਅਭਿਮਾਨ ਬੜਾ

ਉਸ ਦੀਆਂ ਅੱਖਾਂ ਵਿਚ ਬੈਠਾ
ਸ਼ਾਹ ਦਾ ਕਰਜ਼ਾ
ਜਿਹੜਾ ਮੈਂ ਲਾਹੁਣਾ ਹੈ
ਬਾਪੂ ਪੂਰਾ ਆਸਵਾਨ ਹੈ

ਬਾਪੂ ਮੇਰਾ ਨੱਬੇ ਸਾਲ ਦਾ
ਸੱਤਰ ਤਾਂ ਹੈ ਗਿਣਤੀ ਐਂਵੇਂ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਬਾਪੂ ਨੂੰ ਅਭਿਮਾਨ ਬੜਾ ।।

ਲਾਲਸਾ
ਆਮ ਮਨੁੱਖ
ਜਿਉਂਦਾ ਹੈ
ਜਾਂ ਮਰਿਆ
ਇਕੋ ਗੱਲ ਹੈ

ਕਿਸੇ ਮਾਲਾ ਦਾ ਵੱਡਾ ਮਣਕਾ
ਮੇਰੀ ਲਾਲਸਾ

ਕੋਈ ਅਜਿਹਾ ਦਿਨ
ਮੈਨੂੰ ਦਿਸਦਾ ਨਹੀਂ
ਜਿਸ ਦਿਨ ਸਵੇਰੇ ਸਵੇਰੇ
ਮੈਂ ਜਾਗਾਂ
ਤਾਂ ਮੇਰੇ ਕੰਨਾਂ ਵਿਚ
ਮੇਰੇ ਹੀ ਨਾਮ ਦੀ ਗੂੰਜ ਹੋਵੇ ।।
ਅਸੀਂ ਤਾਂ ਕੰਡੇ ਚੁਗਦੇ ਰਹਿਣਾ
ਅਸੀਂ ਤਾਂ ਕੰਡੇ ਚੁਗਦੇ ਰਹਿਣਾ
ਸਾਡੇ ਪੈਰੀਂ ਚੱਕਰ ਲਿਖਿਆ
ਅਸੀਂ ਕਦੇ ਨਾ ਟਿਕ ਕੇ ਬਹਿਣਾ

ਇਕ ਤਾਰਾ ਸਾਡਾ ਅੰਬਰੋਂ ਟੁੱਟਿਆ
ਇਕ ਦਿਲ ਸਾਡਾ ਰੇਤੇ ਰਲਿਆ
ਇਕ ਅੱਗ ਪਹਿਲੀ ਕੋਲ ਰਹੀ ਨਾ
ਕਿੰਜ ਫੜੀਏ ਕੋਈ ਨਵਾਂ ਟਟਹਿਣਾ

ਦਿਲ ਤਾਂ ਸਾਡਾ ਕੱਚ ਦਾ ਟੋਟਾ
ਜੀਭ ਤਾਂ ਸਾਡੀ ਠਾਕੀ ਹੋਈ
ਹੰਝੂ ਸਾਡੇ ਰੱਤ ਜਿਗਰ ਦੀ
ਹੋਰ ਅਸਾਂ ਕੀ ਵਧ ਕੇ ਕਹਿਣਾ

ਅਸੀਂ ਤਾਂ ਮਿੱਟੀ ਛਾਨਣ ਆਏ
ਅਸੀਂ ਤਾਂ ਦਰਦ ਵਿਹਾਜਣ ਆਏ
ਜੀਵਨ ਸਾਡਾ ਹਿਜਰ-ਦਸੌਂਟਾ
ਅਸੀਂ ਤਾਂ ਫੱਟ ਜਿਗਰ ‘ਤੇ ਸਹਿਣਾ
ਜੰਗਲ
ਹੇ ਮਾਂ !
ਤੂੰ ਮੇਰੀ ਕੁੰਤੀ ਮਾਂ ਹੈਂ !
ਮੈਂ ਤੇਰਾ ਪੁੱਤ
ਭੀਮ ਪੁੱਤ ਹਾਂ

ਇਹ ਸਾਡਾ ਸਾਰਾ ਸੰਸਾਰ
ਇਕ ਜੰਗਲ ਹੈ
ਜੰਗਲ ਜਿਸ ਵਿਚ
ਨਾ ਖਾਣ ਨੂੰ ਕੁਝ ਹੈ
ਨਾ ਪੀਣ ਨੂੰ ਕੁਝ ਹੈ

ਦੂਰ ਕਿਤੇ ਦੂਰ
ਕਿਸੇ ਜਲਚਰ ਪੰਛੀ ਦੀ ਆਵਾਜ਼
ਨਹੀਂ ਸੁਣਦੀ
ਮਾਂ !
ਮੇਰੀ ਤੇਰੀ ਭੁੱਖ-ਤੇਹ
ਮਿਟਾਉਣ ਦੇ ਹੀਲੇ ਵਿਚ ਹਾਂ

ਪਰ ਜੇ ਕਿਧਰੋਂ
ਕੋਈ ਆ ਜਾਵੇ ਹਿਡੰਬਾ
ਤੇ ਉਹ ਤੇਰੇ ਕੋਲੋਂ
ਮੈਨੂੰ ਮੰਗ ਲਵੇ
ਤਾਂ ਮਾਂ ਤੂੰ
ਤੱਥਾਸਤੂ ਕਹਿ ਦੇਈਂ !

ਭਾਵੇਂ ਜੰਗਲ ਵਿਚ ਬੈਠੇ ਹਾਂ
ਭੁੱਖ-ਤੇਹ ਨੇ ਬੜਾ ਸਤਾਇਆ
ਪਰ ਕਿਸੇ ਰਾਖਸ਼ਣੀ ਸੰਗ
ਆਕਾਸ਼ਾਂ ਵਿਚ ਉੱਡਣ ਨੂੰ
ਮੇਰਾ ਭੀਮ-ਤੱਤ ਚਾਹੁੰਦਾ ਹੈ ।।

Sunday, February 12, 2012

ਗੁਰਪ੍ਰੀਤ ਦੀ ਸਿਆਹੀ ਘੁਲ਼ੀ ਹੈoਜਸਵੰਤ ਜ਼ਫ਼ਰ


ਮੈਨੂੰ ਅਕਸਰ ਲਗਦਾ ਕਿ ਗੁਰਪ੍ਰੀਤ ਲਿਖਦਾ ਨਹੀਂ ਸਗੋਂ ਕਵਿਤਾ ਦੇ ਘਰ ਰਹਿੰਦਾ। ਉਸ ਨੂੰ ਆਪਣੇ ਆਲੇ ਦੁਆਲੇ ਨਿਰੀ ਕਵਿਤਾ ਪਸਰੀ ਲਗਦੀ ਹੈ, ਜਿਸ ਨੁੰੰ ਉਹ ਲਗਾਤਾਰ ਪੜ੍ਹਦਾ, ਸੁਣਦਾ, ਮਾਣਦਾ ਰਹਿੰਦਾ। ਕਦੀ ਕਦੀ ਇਸ ਨੂੰ ਹੁੰਘਾਰਾ ਭਰਦਾ।ਇਹਨਾਂ ਹੁੰਘਾਰਿਆਂ ਦੇ ਦਸਤਾਵੇਜ਼ੀ ਰੂਪ ਨੂੰ ਗੁਰਪ੍ਰੀਤ ਦੀ ਕਵਿਤਾ ਕਂਿਹੰਦੇ ਹਨ।ਉਹ ਏਨਾ ਵਧੀਆ ਕਵੀ ਹੈ ਕਿ ਸਹਿਜ, ਸਾਦਗੀ ਤੇ ਸ਼ਰਾਫਤ ਕਾਰਨ ਮਸ਼ਹੂਰ ਕਵੀ ਨਹੀਂ ਬਣ ਸਕਦਾ।ਪਰ ਉਸਦੀ ਕਵਿਤਾ ਮਸ਼ਹੂਰ ਕਵੀਆਂ ਨੂੰ ਵਧੀਆ ਕਵੀ ਹੋਣ 'ਚ ਸਹਾਇਤਾ ਕਰ ਸਕਦੀ ਹੈ। ਮੈਨੂੰ ਇਸ ਗੱਲ ਦਾ ਏਸ ਕਰਕੇ ਪਤਾ ਹੈ ਕਿ ਜਦੋਂ ਮੇਰੇ ਅੰਦਰ ਬਹੁਤ ਬੇਤਰਤੀਬੀ, ਖਿਝਣ-ਖਪਣ, ਸ਼ੋਰ-ਸ਼ਰਾਬਾ ਤੇ ਟੋਏ-ਟਿੱਬੇ ਹੁੰਦੇ ਹਨ ਤਾਂ ਕਿਸੇ ਕਵਿਤਾ ਨੇ ਮੇਰੇ ਕੋਲ ਆਉਣਾ ਤਾਂ ਕੀ ਮੇਰੇ ਵੱਲ ਝਾਕਦੀ ਵੀ ਨਹੀਂ। ਅਜਿਹੇ ਵੇਲੇ ਇਕਾਂਤ ਵਿਚ ਜਾਂ ਟਿਕੀ ਰਾਤੇ ਗੁਰਪ੍ਰੀਤ ਦੀ ਸ਼ਾਇਰੀ ਨੂੰ ਪੜ੍ਹਾਂ ਤਾਂ ਉਹ ਮੇਰੇ ਅੰਦਰਲੀ ਖਿਝ ਅਤੇ ਸ਼ੋਰ ਨੂੰ ਚੂਸ ਲੈਂਦੀ ਹੈ, ਸਾਰੀਆਂ ਬੇਤਰਤੀਬੀਆਂ ਸ਼ਰਮਸਾਰ ਹੋ ਕੇ ਆਲੋਪ ਹੋ ਜਾਂਦੀਆਂ ਹਨ, ਟੋਏ ਟਿੱਬੇ ਪੱਧਰੇ ਹੋ ਕੇ ਮਨ ਸਬਜ਼ ਮੈਦਾਨ ਹੋ ਜਾਂਦਾ ਹੈ।ਏਨੀ ਸੋਹਣੀ ਥਾਂ ਬਣ ਜਾਂਦੀ ਹੈ ਕਿ ਸੋਹਣੀ ਕਵਿਤਾ ਦਾ ਮੇਰੇ ਕੋਲ ਆਉਣ ਨੂੰ ਜੀ ਕਰਦਾ ਹੈ।ਉਸ ਦੀ ਇਸ ਉਪਯੋਗਤਾ ਕਾਰਨ ਉਹ ਮੈਨੂੰ ਬਹੁਤ ਪਸੰਦ ਹੈ।ਸਮਾਗਮਾ 'ਚ ਭਾਗ ਲੈਣ ਸਮੇਂ ਜਾਂ ਰੇਡੀਓ-ਟੀ ਵੀ ਦੀ ਰਿਕਾਰਡਿੰਗ ਸਮੇਂ ਮਿਲਣਾ ਜਾਂ ਉਸ ਨਾਲ ਸਫਰ ਕਰਨਾ ਬੜਾ ਸੁਹਾਵਨਾ ਲੱਗਦਾ ਹੈ।ਉਸ ਨੂੰ ਮੈਂ ਅਕਸਰ ਆ ਮਿਲ ਆ ਮਿਲ ਪਿਆਰਿਆ ਕਰਦਾ ਰਹਿੰਦਾ ਹਾਂ।
ਪਿਛਲੇ ਦਿਨੀਂ ਉਸ ਦੀ ਨਵੀਂ ਕਾਵਿ ਕਿਤਾਬ 'ਸਿਆਹੀ ਘੁਲ਼ੀ ਹੈ' ਛਪੀ। ਕੋਈ ਰਿਲੀਜ਼ ਸਮਾਗਮ ਨਹੀਂ ਹੋਇਆ, ਨਾ ਕੋਈ ਭਾਸ਼ਨ ਨਾ ਕੋਈ ਰਾਸ਼ਨ, ਨਾ ਕੋਈ ਚਰਚਾ ਨਾ ਕੋਈ ਖਰਚਾ।'ਉਸ ਕੋਲ ਪੜ੍ਹਨ ਆਉਂਦੇ ਬੱਚੇ' ਇਸ ਨੂੰ ਰਿਲੀਜ਼ ਕਰਨ ਵਾਲੇ ਸਨ, ਉਹੀ ਮੁਖ ਮਹਿਮਾਨ ਤੇ ਉਹੀ ਪ੍ਰਧਾਨ ਸਨ।ਇਹਨਾਂ ਸਾਦ ਮੁਰਾਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਬਾਰੇ ਇਕ ਖਾਸ ਨਜ਼ਮ ਇਸ ਸੰਗ੍ਰਹਿ ਵਿਚ ਸ਼ਾਮਲ ਹੈ।ਆਕਾਰ ਪੱਖੋਂ ਇਹ ਸਭ ਤੋਂ ਲੰਮੀ ਨਜ਼ਮ ਹੈ।ਵਿਦਿਆਰਥੀਆਂ ਤੋਂ ਇਲਾਵਾ ਮਾਤਾ, ਪਿਤਾ, ਪਤਨੀ, ਬੱਚਿਆਂ, ਘਰ, ਪਸ਼ੂਆਂ, ਪੰਛੀਆਂ ਅਤੇ ਕਈ ਵਿਅਕਤੀਆਂ ਨਾਲ ਸਬੰਧਤ ਕਵਿਤਾਵਾਂ ਪੜ੍ਹ ਕੇ ਇਸ ਗੱਲ ਦਾ ਗਹਿਰਾ ਅਹਿਸਾਸ ਹੁੰਦਾ ਹੈ ਕਿ ਉਸਦੀ ਕਵਿਤਾ ਦਾ ਉਸ ਦੇ ਜੀਵਨ, ਰੁਜ਼ਗਾਰ, ਪਰਿਵਾਰ ਅਤੇ ਸੰਸਾਰ ਨਾਲ ਰਿਸ਼ਤਾ ਕਿੰਨਾ ਪ੍ਰਮਾਣਿਕ ਹੈ।ਰਿਸ਼ਤਿਆਂ ਦੇ ਹਵਾਲੇ ਨਾਲ ਗੱਲ ਕਰਨ ਪਿਛੇ ਉਸਦਾ ਮਨੋਰਥ ਵੱਖਰਾ ਹੁੰਦਾ ਹੈ। ਮਿਸਾਲ ਦੇ ਤੌਰ ਤੇ ਮਜ਼ਦੂਰ 'ਪਿਤਾ' ਦੀ ਸਖਤ ਮਿਹਨਤ ਭਰੀ ਜ਼ਿੰਦਗੀ ਨਾਲ ਸਬੰਧਤ ਕਵਿਤਾ ਪਾਠਕ ਦੇ ਮਨ ਵਿਚ ਹਮਦਰਦੀ ਦੀ ਬਜਾਏ ਕਿਰਤ ਦੀ ਸ਼ਾਨ ਅਤੇ ਹੁਸਨ ਦੇ ਭਾਵ ਉਪਜਾਉਂਦੀ ਹੈ।'ਜਿੰਦ ਦਾ ਚਰਖਾ' ਕੱਤਦੀ ਮਾਂ ਤਰਸ ਦੀ ਪਾਤਰ ਨਹੀਂ ਸਗੋਂ ਕਿਸੇ ਦੁਰਲੱਭ ਸ਼ਬਦਕੋਸ਼ ਦਾ ਸੁਜਿੰਦ ਸਰੂਪ ਧਾਰਦੀ ਹੈ।ਇਸਦਾ ਇਹ ਭਾਵ ਨਹੀਂ ਕਿ ਉਸਨੁੰ ਉਦਾਸੀ ਨਹੀਂ ਪੋਂਹਦੀ। ਬਹੁਤ ਥਾਈਂ ਉਹ ਆਪਣੇ ਜਜ਼ਬਾਤ ਦੇ ਹੜ ਦੀ ਮਾਰ ਨਾਲ ਪਾਠਕ ਦੇ ਪੈਰ ਉਖਾੜ ਦਿੰਦਾ ਹੈ।ਆਪਣਾ 'ਵਿਕਿਆ ਹੋਇਆ ਮਕਾਨ' ਛੱਡਣ ਵੇਲੇ-

ਮਾਂ ਮੇਰੀ ਬੰਨ੍ਹ ਰਹੀ
ਸਮੇਤ ਸਾਡੇ
ਆਪਣੇ ਆਪ ਨੂੰ
ਸਾਹਸ ਦੀ ਗੰਠੜੀ ਵਿਚ

ਪਿਤਾ ਬਹੁਤ ਹੀ ਪਿਆਰ ਨਾਲ
ਲਦਵਾ ਰਿਹਾ ਹੈ ਸਮਾਨ
ਇਕ ਤੋਂ ਬਾਅਦ ਦੂਜੀ ਚੀਜ਼
ਸਿਆਣਪ ਦੀ ਪੂਰੀ ਤਾਣ ਲਾਉਂਦਾ
ਸਮੇਤ ਸਾਡੇ
ਉਹ ਆਪਣੇ ਦਿਲ ਨੂੰ
ਟੁੱਟਣ ਤੋਂ ਬਚਾਉਂਦਾ
ਗੁਰਪ੍ਰੀਤ ਨੂੰ ਥੋੜ੍ਹਾ ਬਹੁਤ ਚਿਤਰਕਾਰੀ ਦਾ ਵੀ ਸ਼ੌਕ ਹੈ, ਪਰ ਉਸ ਦੇ ਲਕੀਰੀ ਚਿਤਰਾਂ ਨੇ ਮੈਨੂੰ ਬਹੁਤਾ ਪ੍ਰਭਾਵਤ ਨਹੀਂ ਕੀਤਾ। ਪਰ ਜੋ ਦ੍ਰਿਸ਼ ਉਹ ਸ਼ਬਦਾਂ ਨਾਲ ਚਿਤਰਦਾ ਹੈ ਉਹਨਾਂ ਨੂੰ ਦੇਖ ਕੇ ਮਨ ਅਸ਼ ਅਸ਼ ਕਰ ਉਠਦਾ ਹੈ।ਨਿਊਟਨ ਨੂੰ ਗਰੂਤਾ ਆਕਰਸ਼ਨ ਦੇ ਸਿਧਾਂਤ ਦਾ ਇਲਮ ਹੋਣ ਵੇਲੇ ਦਾ ਦ੍ਰਿਸ਼ ਦੇਖੋ ਉਸ ਨੇ ਕਿਵੇਂ ਚਿਤਰਿਆ ਹੈ-
ਸੇਬ
ਨਿਊਟਨ ਦੇ ਸਿਰ 'ਤੇ ਵੱਜਿਆ
ਜਾਂ ਉਹਦੇ ਸਾਹਮਣੇ
ਧਰਤੀ ਦੇ ਸਿਰ 'ਤੇ

ਪਰ ਇਹ ਗੱਲ ਪੱਕੀ
ਉਦੋਂ ਨਿਊਟਨ ਦਾ ਸਿਰ ਹਿੱਲਿਆ
ਧਰਤੀ ਨੂੰ ਚਾਅ ਚੜ੍ਹਿਆ

ਇਕਦਮ ਉਹ
ਨਿਊਟਨ ਬਣ ਗਿਆ
ਕਿਹਾ ਜਾਂਦਾ ਕਿ ਵੱਡਾ ਜਾਂ ਵਧੀਆ ਲੇਖਕ ਬਣਨ ਲਈ ਬੰਦੇ ਨੂੰ ਕਿਸੇ ਵੱਡੇ ਸ਼ਹਿਰ 'ਚ ਜਾ ਕੇ ਵਸਣਾ ਪੈਂਦਾ। ਪਰ ਗੁਰਪ੍ਰੀਤ ਦਰਮਿਆਨੇ ਜਿਹੇ ਕਸਬੇ ਮਾਨਸੇ 'ਚ ਰਹਿੰਦਾ।ਉਹ ਜਦ ਚਾਹੁੰਦਾ ਮਾਨਸੇ ਨੂੰ ਵੱਡਾ ਕਰ ਲੈਂਦਾ।ਲੰਡਨ, ਇਟਲੀ ਜਾਂ ਪੈਰਸ ਨੂੰ ਆਪਣੇ ਕੋਲ ਬੁਲਾ ਲੈਂਦਾ।ਜਦ ਚਾਹੁੰਦਾ ਪਾਰਲੋ, ਬਰੈਖਤ ਅਤੇ ਪਿਕਾਸੋ ਵਰਗੇ ਵੱਡੇ ਲੇਖਕਾਂ/ਕਲਾਕਾਰਾਂ ਦੀ ਸੰਗਤ ਕਰਦਾ ਜਿਵੇਂ ਉਹ ਉਸ ਦੇ 'ਗੁਆਂਢੀ' ਹੋਣ।ਕਵਿਤਾ ਦੀ ਆਮਦ ਲਈ ਉਸਨੂੰ ਕਿਸੇ ਵੱਡੀ ਘਟਨਾ ਜਾਂ ਦੁਰਘਟਨਾ ਦੀ ਉਡੀਕ ਨਹੀਂ ਹੁੰਦੀ। ਇਸ ਕੰਮ ਲਈ ਇਕ ਸਧਾਰਨ 'ਟਮਾਟਰ' ਹੀ ਕਾਫੀ ਹੈ-

ਦੇਖੋ ਦੇਖੋ
ਰੱਬ ਦਾ ਕਮਾਲ
ਟਮਾਟਰ ਨੇ ਲਾਲੋ ਲਾਲ

ਇਹ ਮੇਰੀ ਨਹੀਂ
ਕੁਦਰਤ ਦੀ ਕਵਿਤਾ ਹੈ

ਜਿਸ ਨੂੰ ਸਬਜ਼ੀ ਵੇਚਣ ਵਾਲਾ
ਆਪਣੇ ਆਰ ਪਰਿਵਾਰ ਲਈ
ਗਾ ਰਿਹਾ
ਸਾਨੂੰ ਬਹੁਤਾ ਕੁਝ ਆਪਣੇ ਪੱਕੇ-ਪੁਰਾਣੇ ਵਿਚਾਰਾਂ ਦੇ ਪਏ ਪਰਦਿਆਂ ਕਾਰਨ ਨਜ਼ਰ ਨਹੀਂ ਆਉਂਦਾ।ਗੁਰਪ੍ਰੀਤ ਬਿਨਾਂ ਕਿਸੇ ਵਿਚਾਰਧਾਕ ਵਿਰੋਧ ਦੇ ਇਹਨਾਂ ਪਰਦਿਆਂ ਨੂੰ ਪਿਆਰ ਨਾਲ ਮਲਕੜੇ ਜਿਹੇ ਸਰਕਾ ਕੇ ਅਣਦਿਸਦੇ ਨੂੰ ਦਿਸਣ ਲਾ ਦਿੰਦਾ ਹੈ।ਇਸ ਤਰ੍ਹਾਂ ਆਪਣੇ ਵਿਚਾਰਾਂ ਜਾਂ ਕਿਸੇ ਵਿਚਾਰਧਾਰਾ ਨੂੰ ਸਾਡੇ ਤੇ ਥੋਪਦਾ ਨਹੀਂ ਸਗੋਂ ਸਾਡੀ ਸੋਚ-ਪ੍ਰਨਾਲੀ ਨੂੰ ਰਵਾਂ ਕਰ ਦਿੰਦਾ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਦਾ ਮਹੱਤਵ ਸਮੇਂ ਤੇ ਸਥਾਨ ਦੇ ਬਦਲਣ ਨਾਲ ਬਦਲਣ ਵਾਲਾ ਨਹੀਂ, ਸਰਬਕਾਲੀ ਵਿਸ਼ਵ ਸਾਹਿਤ ਦਾ ਰੁਤਬਾ ਪਾਉਣ ਵਾਲੀਆਂ ਹਨ। ਇਹਨਾਂ ਨੂੰ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿਚ ਅਨੁਵਾਦਿਆ ਜਾ ਸਕਦਾ ਹੈ, ਹਰ ਸੱਭਿਆਚਾਰ ਦੇ ਲੋਕਾਂ ਦੁਆਰਾ ਇਕੋ ਜਿਹਾ ਸਮਝਿਆ ਅਤੇ ਮਾਣਿਆਂ ਜਾ ਸਕਦਾ। ਇਸ ਪ੍ਰਥਾਏ ਕਵਿਤਾ 'ਖਿਆਲ' ਦੀ ਉਦਾਹਰਣ ਦੇਖ ਸਕਦੇ ਹਾਂ-
ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਈ ਤੂੰ

ਤੂੰ ਮਿਲੀ
ਤੇ ਆਖਣ ਲੱਗੀ

ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਿਆ ਤੂੰ

ਹਸਦਿਆਂ ਹਸਦਿਆਂ
ਆਇਆ ਦੋਹਾਂ ਨੂੰ ਖਿਆਲ

ਜੇ ਨਾ ਹੁੰਦਾ ਖਿਆਲ

ਤਾਂ ਇਸ ਦੁਨੀਆਂ 'ਚ
ਕੋਈ ਕਿਵੇਂ ਮਿਲਦਾ
ਇਕ ਦੂਜੇ ਨੂੰ
ਹੋਰ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਇਸ ਕਿਤਾਬ ਬਾਰੇ। ਮੁੱਕਦੀ ਗੱਲ ਇਹ ਹੈ ਕਿ ਇਹ ਕਿਤਾਬ ਹਰ ਪੜ੍ਹਨਹਾਰੇ ਦੇ ਮਨ ਚੋਂ ਹਰ ਤਰ੍ਹਾਂ ਦੀ ਹਿੰਸਾ, ਈਰਖਾ, ਕਰੋਧ, ਕੁੜੱਤਣ ਨੂੰ ਘਟਾਉਣ ਵਾਲੀ ਹੈ ਅਤੇ ਮੁਹੱਬਤ, ਹਲੀਮੀ ਤੇ ਸੌਂਦਯ ਵਰਗੇ ਕੋਮਲ ਭਾਵਾਂ ਨੂੰ ਜਗਾਉਣ ਵਾਲੀ ਹੈ।ਪੜ੍ਹਕੇ ਦੇਖਣਾ ਇਹ ਸਾਰੀ ਕਿਤਾਬ।
ਜਸਵੰਤ ਜ਼ਫ਼ਰ
੨੮, ਬਸੰਤ ਵਿਹਾਰ, ਜਵੱਦੀ, ਲੁਧਿਆਣਾ-੧੩
੦੯੬੪੬੧-੧੮੨੦੮

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ