Wednesday, September 30, 2009

ਡੱਬੀਆਂ ਵਾਲਾ ਖੇਸ

ਦੁਪਹਿਰ ਦੀ ਰੋਟੀ
ਸੁਆਦ ਐਨੀ
ਮੈਂ ਥੋੜ੍ਹੀ ਭੁੱਖ ਰੱਖ ਖਾਧੀ

ਤੇ ਉਹਨੂੰ ਆਖਣ ਲੱਗਿਆ

ਸਾਰੇ ਸੁੱਖ ਖੁਸ਼ੀਆਂ ਪਿਆਰ
ਤੇਰੇ ਤੋਂ ਵਾਰਦਾ ਹਾਂ

ਉਹ ਚੁੱਪ ਰਹੀ ਘੜੀ ਪਲ
ਫਿਰ ਥੋੜ੍ਹਾ ਮੁਸਕਰਾਈ
ਫਿਰ ਝੱਲੀ ਹੋ ਉੱਠੀ
ਤੇ ਆਖਣ ਲੱਗੀ

ਥੋੜ੍ਹਾ ਚਿਰ ਪਹਿਲਾਂ ਖਾਧਾ ਖਾਣਾ
ਭੁੱਲ ਵੀ ਗਿਆ
ਸ਼ਾਮ ਹੋਣ ਚ ਅਜੇ ਦੇਰ ਹੈ

ਤੈਨੂੰ ਤਾਂ ਭੋਰਾ ਭਰ ਵੀ ਸਮਝ ਨਹੀਂ
ਜਦੋਂ ਮਿਰਚ ਖਾਧੀ ਤਾਂ ਗੁੜ੍ਹ ਮੰਗਿਆ
ਖੀਰ ਖਾਧੀ ਤਾਂ ਸਬਜ਼ੀ ਦਾ ਚਮਚਾ ਲਾਇਆ

ਨਹੀਂ ਚਾਹੀਂਦਾ ਮੈਨੂੰ
ਪਿਆਰ ਇਕੱਲਾ
ਖੁਸ਼ੀਆਂ ਤੇ ਸੁੱਖ

ਮੈਂਨੂੰ ਤੂੰ ਸੁੱਖ ਨਾਲ ਦੁੱਖ ਵੀ ਦੇ
ਖੁਸ਼ੀਆਂ ਨਾਲ ਗਮ ਵੀ

ਮੈਂਨੂੰ ਨਹੀਂ ਚਾਹੀਂਦਾ
ਖਰਾ ਬੰਦਾ
ਤੂੰ ਥੋੜ੍ਹਾ ਜਿਹਾ ਖੋਟਾ ਵੀ ਹੋ ਜਾ

ਮੈਂ ਖੀਵਾ
ਅੰਦਰੇ ਅੰਦਰ ਨਚਦਾ
ਆਖਦਾ ਉਹਨੂੰ
ਮੈਂ ਜੋ ਵੀ ਲਿਖਦਾ ਹਾਂ
ਪਿਆਰ ਉਸ ਚ ਤੂੰ ਭਰਦੀ ਹੈਂ
।।

Monday, September 14, 2009

ਪਿਆਰ

ਇਹ ਕੀ ਹੈ
ਜੋ ਤੂੰ ਹੁਣੇ ਮੈਨੂੰ ਦਿੱਤਾ
ਨਹੀਂ ਖਾਧਾ ਇਸ ਤੋਂ ਪਹਿਲਾਂ
ਮੈਂ ਇਹ ਫਲ਼


ਫਲ਼ ਜੋ ਇਕ ਪਲ ਕਿੰਨਾ ਮਿੱਠਾ
ਮੁੜ ਨਾ ਡਿੱਠਾ

ਇਹ ਕੀ ਹੈ
ਜੋ ਤੂੰ ਹੁਣੇ ਮੇਰੇ ਤੋਂ ਖੋਹਿਆ

ਦੇਹ ਮੇਰੀ ਦੀ ਕਿਹੜੀ ਨੁਕਰੋਂ
ਬਿਰਖ ਇਹ ਭਾਲਿਆ
ਟਹਿਣੀ ਕਿਹੜੀਉਂ ਤੋੜਿਆ

ਇਹ ਫਲ਼ ਮੈਂ ਨਾ
ਇਸ ਤੋਂ ਪਹਿਲਾਂ ਜਾਣਿਆਂ ।।

Saturday, September 12, 2009

ਮੂਲ-ਮੰਤਰ

ਜਸਵੰਤ ਜ਼ਫਰ ਦੀ ਕਾਵਿ-ਪੁਸਤਕ "ਅਸੀਂ ਨਾਨਕ ਦੇ ਕੀ ਲਗਦੇ ਹਾਂ " ਪੰਜਾਬੀ ਦੀ ਚਰਚਿਤ
ਕਿਤਾਬ ਹੈ , ਜਿਸ ਦੇ
ਕਈ ਐਡੀਸ਼ਨ ਪ੍ਰਕਾਸ਼ਿਤ ਹੋ ਚੁਕੇ ਹਨ ।
ਇਸ ਦੀਆਂ ਫੋਟੋਆਂ ਦਾ ਕਮਾਲ ਇਸ ਵਾਰ ਦੇ 'ਹੁਣ' ਵਿਚ ਦੇਖਿਆ ਜਾ
ਸਕਦਾ ਹੈ । ਅੱਜ-ਕਲ੍ਹ ਜ਼ਫਰ ਮੂਲ- ਮੰਤਰ ਨੂੰ ਪੇਂਟ ਕਰ ਰਿਹਾ ਹੈ ।
ਉਪਰਲੀ ਪੇਂਟਿੰਗ ਇਸੇ ਸੀਰੀਜ਼ ਚੋਂ ਹੈ ,ਜਿਸ
ਨੂੰ ਦੇਖਦਿਆਂ ਲਗਦਾ ਹੈ ਕਿ ਇਹ ਚਿਤਰ ਰੰਗਾਂ ਨਾਲ ਨਹੀਂ ਭਾਵਨਾਵਾਂ ਨਾਲ ਹੀ ਬਣਾਇਆ ਗਿਆ ਹੈ ।
ਇਹਨੂੰ ਦੇਖ
ਪੰਜਾਬ ਦੇ ਪੁਰਾਣੇ ਪਿੰਡਾਂ ਦੇ ਘਰਾਂ ਚ ਕੰਧੋਲੀਆਂ ਤੇ ਪਾਏ ਤੋਤੇ ਮੋਰ ਵੀ ਯਾਦ ਆਉਂਦੇ ਹਨ ।
।। ਤੁਸੀਂ ਜਸਵੰਤ ਦੀਆਂ ਹੋਰ ਪੇਂਟਿੰਗਾਂ ਸੱਜੇ ਹੱਥ 'ਜ਼ਫਰ' ਤੇ ਕਲਿਕ ਕਰਕੇ ਦੇਖ ਸਕਦੇ ਹੋਂ ।।

Wednesday, September 9, 2009

ਖਜੁਰਾਹੋ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਤੈਨੂੰ ਜੇ ਯਾਦ ਹੈ
ਨਾਲ ਸੀ ਤੂੰ ਵੀ

ਉਦੋਂ ਅਜੇ ਨਹੀਂ ਸੀ ਇੱਥੇ
ਬੰਦੇ ਦੀ ਇਹ ਕਲਾ
ਨਹੀਂ ਸੀ ਰੂਪ ਗੁਲਾਬੀ
ਪੱਥਰਾਂ ਦਾ ਇਹ

ਉਦੋਂ ਇੱਥੇ ਕੁਦਰਤ ਦੀ ਕਲਾ ਸੀ
ਰੁੱਖ ਤਲਾਅ
ਸ਼ੇਰ ਚੀਤੇ
ਮਸਤ ਹਾਥੀ

ਉਦੋਂ ਪਸ਼ੂਆਂ ਪੰਛੀਆਂ ਜਿਹੇ
ਨੰਗ ਮੁਨੰਗੇ ਸੀ ਆਪਾਂ

ਮੂਰਤੀਆਂ ਨੂੰ ਛੁੰਹਦਿਆਂ
ਮੰਦਰਾਂ ਨੂੰ ਤਕਦਿਆਂ
ਯਾਦ ਆਇਆ ਵਾਰ ਵਾਰ
ਮੈਂ ਇੱਥੇ ਪਹਿਲਾਂ ਵੀ ਆਇਆ ਹਾਂ

ਯਾਦ ਨਹੀ ਤੈਨੂੰ ?

ਹਾਂ
ਇਹ ਉਹੀ ਰਾਜਾ ਸੀ
ਜਿਸ ਦਾ ਨਾਂ
ਮੈਂ ਅੱਜ ਥਾਂ ਥਾਂ
ਖਜੁਰਾਹੋ ਦੇ ਇਤਿਹਾਸ 'ਚ ਪੜਿਆ ਹੈ

ਜੇ ਨਾ ਹੁੰਦਾ ਇਹ ਰਾਜਾ
ਤਾਂ ਕਲਾ ਮੇਰੀ ਇਹ
ਕਾਰੀਗਰੀ ਸ਼ਿਲਪ
ਮਰ ਜਾਣਾ ਸੀ ਨਾਲ ਮੇਰੇ

ਜੋ ਛੱਡ ਗਿਆਂ ਹਾਂ ਹੁਣ ਇਥੇ

ਇਹਨਾਂ ਮੰਦਰਾਂ ਦੇ
ਅੰਦਰ
ਬਾਹਰ

ਕੀ ਹੋਇਆ ਨਾਂ ਨਹੀਂ ਮੇਰਾ ਕਿਤੇ

ਦੇਖਦਾਂ ਮੁੜ
ਮੈਂ ਆਪਣੀ ਹੀ ਕਲਾ

ਯਾਦ ਆ ਰਿਹਾ ਹੈ ਸਭ ਕੁਝ

ਛੈਣੀ ਦਾ ਚਲਨਾ
ਅੰਗ ਅੰਗ ਦਾ ਘੜ੍ਹੇ ਜਾਣਾ

ਘੜ੍ਹੇ ਅੰਗਾਂ ਤੇ
ਆਪ ਹੀ ਮੋਹਿਤ ਹੋ ਜਾਣਾ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਉਦੋਂ ਭਰ ਗਿਆ ਸੀ
ਮੂੰਹ ਮੇਰਾ
ਦੁੱਧ ਦੇ ਸਵਾਦ ਨਾਲ

ਹੁਣ ਜਦ ਦੇਖ ਰਿਹਾਂ
ਤਾਂ ਭਰ ਗਿਆਂ
ਇਕ ਅਨੋਖੀ ਤਾਂਘ ਨਾਲ

ਮੈਂ ਇਥੇ ਪਹਿਲਾਂ ਵੀ ਆਇਆ ਹਾਂ

ਨਾਲ ਸੀ ਤੂੰ ਵੀ
ਯਾਦ ਹੈ ਤੈਨੂੰ ॥

ਦੋਸਤ

ਜ਼ਿੰਦਗੀ ਕਿੰਨੀ ਸਰਲ
ਦੋਸਤ ਇਕ
ਫੋਨ 'ਤੇ ਆਖਦਾ ਹੈ
ਹੱਸਦਾ ਹੈ
ਹੱਸੀ ਜਾਂਦਾ ਹੈ

ਕਿਹੜੀ ਖੇਡ ਖੇਡਦੈਂ
ਇਸ ਵੇਲੇ
ਪੁਛਦਾ ਹੈ ਦੋਸਤ
ਹੱਸਦਾ ਹੈ
ਹੱਸੀ ਜਾਂਦਾ ਹੈ

ਕੌਣ ਹੁੰਦਾ ਹੈ ਦੋਸਤ
ਸਵਾਲ ਕਰਦਾ ਹੈ ਦੋਸਤ
ਹੱਸਦਾ ਹੈ
ਹੱਸੀ ਜਾਂਦਾ ਹੈ

ਮੈਂ ਉਸਦੇ ਹਾਸੇ 'ਚ ਸ਼ਾਮਲ ਹੋ ਜਾਂਦਾ ਹਾਂ ॥

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ